ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?.......... ਲੇਖ / ਰਿਸ਼ੀ ਗੁਲਾਟੀ

ਉਂਝ ਤਾਂ ਪਾਠਕ ਵੀਰੋ ਤੁਸੀਂ ਸਭਨਾਂ ਨੇ ਇਹ ਗੱਲ ਸੁਣੀ ਹੀ ਹੋਵੇਗੀ । ਚਲੋ ਕੋਈ ਨਾ, ਅੱਜ ਦੋਬਾਰਾ ਸਾਂਝੀ ਕਰਦੇ ਹਾਂ । ਕਿਸੇ ਹੋਰ ਕੌਮ ਦੀ ਕੁੜੀ ਦਾ ਕਿਸੇ ਮਾੜੇ ਜੱਟ ਦੇ ਮੁੰਡੇ ਨਾਲ ਵਿਆਹ ਹੋ ਗਿਆ । ਜੇਕਰ ਘਰ ਮਾੜੇ ਜੱਟ ਦਾ ਹੈ ਤਾਂ ਘਰ ਦੀ ਕੇਹੀ ਹਾਲਤ ਹੋਵੇਗੀ, ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ । “ਪਾਣੀ ਵਾਰਨੇ” ਤੇ ਉਸ ਸੱਜ ਵਿਆਹੀ ਮੁਟਿਆਰ ਨੂੰ ਅਜੀਬ ਜਿਹੇ ਮੁਸ਼ਕ ਦਾ ਅਹਿਸਾਸ ਹੋਇਆ ਪਰ ਮਾਰੇ ਸ਼ਰਮ ਦੇ ਕਿਸੇ ਨੂੰ ਕੁਝ ਕਹਿ ਨਾ ਸਕੀ । ਮੂੰਹ ਦਿਖਾਈ ਤੇ ਹੋਰ ਰਸਮਾਂ-ਰਿਵਾਜਾਂ ਤੋਂ ਬਾਅਦ ਰਤਾ ਹਨੇਰਾ ਹੋਣ ਤੇ ਉਸ ਮੁਟਿਆਰ ਨੂੰ ਚਾਰ ਹੋਰ ਕੁੜੀਆਂ ਚੁੰਨੀ ਦਾ ਪੱਲਾ ਮੂੰਹ ‘ਚ ਦੇ ਕੇ ਦੰਦੀਆਂ ਕੱਢਦੀਆਂ “ਸੁਹਾਗ ਕਮਰੇ” ‘ਚ ਛੱਡ ਗਈਆਂ । “ਸੁਹਾਗ ਕਮਰਾ” ਡੰਗਰਾਂ ਦੇ ਵਰਾਂਡੇ ਦੇ ਨਾਲ਼ ਸੀ, ਜਿਸਦੇ ਅੱਗੇ ਪੱਲੀਆਂ ਟੰਗੀਆਂ ਹੁੰਦੀਆਂ ਨੇ, ਉਹ ਵੀ ਕੇਵਲ ਸਰਦੀਆਂ ‘ਚ । ਕੁੜੀਆਂ ਜਦ ਚਲੀਆਂ ਗਈਆਂ ਤਾਂ ਪਹਿਲਾਂ ਤਾਂ ਸੱਜ ਵਿਆਹੀ ਨੇ ਆਪਣਾ ਘੁੰਡ ਆਪ ਹੀ ਚੁੱਕ ਕੇ ਨੱਕ ਅੱਗੇ ਹਵਾ ਕੀਤੀ, ਮਤੇ ਮੁਸ਼ਕ ਨੂੰ ਕੋਈ ਫ਼ਰਕ ਪੈ ਜਾਵੇ । ਜਦ ਕੋਈ ਫ਼ਰਕ ਨਾ ਪਿਆ ਤਾਂ ਉਸ ਬੈੱਡ ਦੇ ਥੱਲੇ ਪਈ ਘਰ ਵਾਲੇ ਦੀ ਪੁਰਾਣੀ ਜੁੱਤੀ ਪੈਰਾਂ ‘ਚ ਅੜਾਈ ਤੇ ਕਮਰੇ ‘ਚ ਪਏ ਸੰਦੂਕਾਂ ਮਗਰ ਤੱਕਿਆ, ਕਿ ਕਮਰੇ ‘ਚ ਹੀ ਕੋਈ ਚੂਹਾ ਆਦਿ ਨਾ ਮਰਿਆ ਪਿਆ ਹੋਵੇ । ਏਨੇ ਨੂੰ ਲਾੜਾ ਸਾਹਿਬ ਵੀ ਅੰਦਰ ਆਏ ਤੇ ਕਮਰੇ ਦੀ ਕੁੰਡੀ ਚੜ੍ਹਾ ਕੇ ਦਿਲ ‘ਚ ਅਣਗਿਣਤ ਅਰਮਾਨ ‘ਕੱਠੇ ਕਰਕੇ ਬੈੱਡ ਵੱਲ ਨਿਗ੍ਹਾ ਮਾਰੀ, ਪਰ ਉੱਥੇ ਕੀਹਨੇ ਹੋਣਾ ਸੀ ।
“ਚੰਨੀਏ, ਨੀ ਚੰਨੀਏ.... ਕਿੱਥੇ ਐਂ ?” ਲਾੜਾ ਸਾਹਿਬ ਨੇ ਪੁੱਛਿਆ ।
ਕੋਈ ਜੁਆਬ ਨਾ ਮਿਲਣ ਤੇ ਉਹ ਹੈਰਾਨ ਪ੍ਰੇਸ਼ਾਨ ਹੋ ਕੇ ਬਾਹਰ ਨਿੱਕਲਿਆ ਤੇ “ਚੰਨੀ” ਨੂੰ ਏਧਰ ਓਧਰ ਤੱਕਿਆ ਤੇ ਨਜ਼ਰ ਨਾ ਆਉਣ ਤੇ ਘਰ ਦਿਆਂ ਨੂੰ ਦੱਸਿਆ । ਸਾਰਾ ਟੱਬਰ ਲੱਭ ਲਭਾ ਕੇ ਮੁੜ “ਸੁਹਾਗ ਕਮਰੇ” ‘ਚ ਆਇਆ ਤਾਂ ਨਜ਼ਰ ਪਈ ਕਿ “ਚੰਨੀ” ਤਾਂ ਪੇਟੀਆਂ ਮਗਰ ਝਾਤੀਆਂ ਮਾਰ ਰਹੀ ਸੀ ।
“ਚੰਨੀਏ... ਮੇਰਾ ਮਤਲਬ ਗੁਰਨਾਮੋ... ਏਥੇ ਕੀ ਕਰਨ ਡਹੀਂ ਹੈ ?” ਲਾੜਾ ਸਾਹਿਬ ਨੇ ਪੁੱਛਿਆ ।
“ਉਹ ਜੀ... ਉਹ ਜੀ... ਮੇਰਾ ਮਤਬਲ... ਉਹ ਜੀ...” ਨਵ ਵਿਆਹੀ ਛਾਪਾ ਪੈਣ ਤੇ ਇੱਕ ਦਮ ਘਬਰਾ ਗਈ ।
“ਕੋਈ ਨਾ ਪੁੱਤ, ਕਰੋ ‘ਰਾਮ ਤੁਸੀਂ । ਨੂੰਹ ਰਾਣੀ ਥੱਕੀ ਹੋਣੀ ਐ ।” ਕਿਸੇ ਸਿਆਣੀ ਜ਼ਨਾਨੀ ਨੇ ਗੱਲ ਸੰਭਾਲੀ ਤੇ ਸਭ ਨੂੰ ਬਾਹਰ ਲੈ ਤੁਰੀ । ਪਰ ਲਾੜਾ ਸਾਹਿਬ ਨੂੰ ਚੈਨ ਕਿੱਥੇ ? ਘੁੰਡ ਤਾਂ ਪਹਿਲਾਂ ਹੀ ਚੁੱਕਿਆ ਗਿਆ ਸੀ, ਮੁੜ ਉਹੀ ਗੱਲ ਲੈ ਬੈਠੇ ।
“ਉਹ ਜੀ... ਗੱਲ ਇਹ ਸੀ... ਤੁਸੀਂ ਗੁੱਸਾ ਤਾਂ ਨਹੀਂ ਕਰਦੇ ?”
“ਨਾ ਹੁਣ ਕੁਸ਼ ਦੱਸੇਂਗੀ ਵੀ ਕਿ...”
“ਗੱਲ ਇਉਂ ਸੀ ਜੀ ਕਿ ਜਦੋਂ ਦੀ ਮੈਂ ਘਰੇ ਆਈ ਆਂ, ਅਜੀਬ ਜਿਹਾ ਮੁਸ਼ਕ ਮੇਰੇ ਡਮਾਕ ਨੂੰ ਚੜੀ ਜਾਂਦੈ, ਮੈਂ ਦੇਖਦੀ ਸੀ ਕਿਤੇ ਕੋਈ ਚੂਹਾ-ਚਾਹਾ ਤਾਂ ਨਹੀਂ ਮਰਿਆ ਪਿਆ ।”
“ਮੈਨੂੰ ਤਾਂ ਕੋਈ ਮੁਸ਼ਕ ਨਹੀਂ ਆਇਆ ।” ਲਾੜਾ ਸਾਹਿਬ ਨੇ ਡੂੰਘਾ ਸਾਹ ਭਰ ਕੇ ਕਿਹਾ ।
“ਪਤਾ ਨਹੀਂ ਜੀ... ਮੈਨੂੰ ਤਾਂ ਸਾਹ ਲੈਣਾ ਔਖਾ ਹੋਇਆ ਪਿਐ ।”
“ਚੱਲ ਕੋਈ ਨਾ, ਤੜਕੇ ਦੇਖਾਂਗੇ ਫੇਰ ।”
ਨੂੰਹ ਰਾਣੀ ਨੇ ਰਾਤ ਬੜੀ ਔਖੀ ਕੱਟੀ ਤੇ ਰਾਤ ਨੂੰ “ਬਾਹਰ” ਜਾਣ ਦੇ ਪੱਜ ਦੇਖ ਆਈ ਕਿ ਮੁਸ਼ਕ ਤਾਂ ਡੰਗਰਾਂ ਵਾਲੇ ਵਰਾਂਡੇ ‘ਚੋਂ ਆ ਰਿਹਾ ਸੀ । ਅਗਲੀ ਸਵੇਰ ਬਹੁਕਰ ਤੇ ਪਾਣੀ ਦੀ ਬਾਲਟੀ ਚੁੱਕੀ ਤੇ ਡੰਗਰਾਂ ਵਾਲੇ ਵਰਾਂਡੇ ‘ਚ ਜਾ ਖੜੀ ਹੋਈ । ਵਰਾਂਡੇ ਦੇ ਫ਼ਰਸ਼ ‘ਤੇ “ਦੇ ਰਗੜੇ ਤੇ ਰਗੜਾ”, “ਦੇ ਰਗੜੇ ਤੇ ਰਗੜਾ” । ਅਵਾਜ਼ ਸੁਣ ਸਾਰਾ ਟੱਬਰ ਉੱਠ ਖੜਾ ਹੋਇਆ ।
“ਧੀਏ, ਇਹ ਕੀ ਕਰਨ ਲੱਗੀਂ ਏਂ ? ਅਜੇ ਸੁੱਖ ਨਾਲ਼ ਕੱਲ ਤਾਂ ਆਈਂ ਏ ਤੇ ਬਹੁਕਰ ਵੀ ਫੜ ਲਈ ।”
“ਬੇਬੇ ਜੀ, ਸਾਰੀ ਰਾਤ ਮੁਸ਼ਕ ਆਉਂਦਾ ਰਿਹਾ, ਫਰਸ਼ ਧੋ ਕੇ ਮੁਸ਼ਕ ਤੋਂ ਤਾਂ ਬਚ ਜਾਵਾਂਗੀ । ਮੁਸ਼ਕ ਤਾਂ ਮੈਂ ਮੁਕਾ ਹੀ ਦੇਣੀ ਐ ।” ਨੂੰਹ ਰਾਣੀ ਨੇ ਬੇਬੇ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ ।
“ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇ, ਦੁੱਧੀ-ਪੁੱਤੀਂ ਫਲੇਂ !!! ਕੋਈ ਨਾ ਪੁੱਤ, ਸਾਰੀ ਉਮਰ ਪਈ ਏ ਕੰਮ ਕਰਨ ਲਈ, ਫ਼ਰਸ਼ ਅਸੀਂ ਧੋ ਦਿਆਂਗੀਆਂ ।” ਬੇਬੇ ਨੇ ਅਸੀਸਾਂ ਦੀ ਝੜੀ ਲਗਾ ਦਿੱਤੀ ।
ਬੇਬੇ ਨੇ ਬਹੁਕਰ ਫੜ ਲਈ ਪਰ ਨੂੰਹ ਰਾਣੀ ਕਿਹੜਾ ਘੱਟ ਸੀ, ਨਿੱਤ ਤੜਕੇ ਉੱਠ ਸਭ ਤੋਂ ਪਹਿਲਾ ਕੰਮ ਇਹੀ ਫੜ ਲਿਆ । ਪਾਣੀ ਦੀ ਬਾਲਟੀ ਤੇ ਬਹੁਕਰ ਲੈ ਕੇ ਫ਼ਰਸ਼ ਰਗੜਨਾ । ਕੁਝ ਦਿਨਾਂ ‘ਚ ਉਸਦਾ ਨੱਕ ਮਰ ਗਿਆ ਤੇ ਮੁਸ਼ਕ ਆਉਣੀ ਬੰਦ ਹੋ ਗਈ ।
“ਵੇਖਿਆ ਬੇਬੇ ਜੀ, ਮੈਂ ਕਹਿੰਦੀ ਸੀ ਨਾ, ਪਈ ਮੁਸ਼ਕ ਨੂੰ ਆਉਣੋਂ ਹਟਾ ਦੇਣਾ, ਹੁਣ ਆਉਂਦੀ ਐ ਕਿਤੇ ਮੁਸ਼ਕ ?” ਉਹ ਆਪਣੀ ਪ੍ਰਾਪਤੀ ਤੇ ਬੜੀ ਖੁਸ਼ ਹੁੰਦੀ ।
“ਹਾਂ ਪੁੱਤ” ਕਹਿ ਕੇ ਬੇਬੇ ਮੁਸ਼ਕੜੀਏਂ ਹੱਸ ਪੈਂਦੀ, ਕਿਉਂ ਜੋ ਉਹ ਸਮਝ ਗਈ ਸੀ ਕਿ ਨੂੰਹ ਦਾ ਨੱਕ ਮੁਸ਼ਕ ਤੋਂ ਮਰ ਗਿਆ ਹੈ । ਪਰ ਆਸਟ੍ਰੇਲੀਆ ‘ਚ ਛੇ ਮਹੀਨੇ ਬੀਤਣ ਦੇ ਬਾਵਜੂਦ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਵੱਲੋਂ ਆਪਣੇ ਭਰਾਵਾਂ ਲਈ ਵਰਤੇ ਜਾਂਦੇ “ਦੇਸੀ” ਸ਼ਬਦ ਤੋਂ ਮੇਰਾ ਨੱਕ ਨਹੀਂ ਮਰ ਰਿਹਾ । ਇਸ ਸ਼ਬਦ ਦੇ “ਇਤਿਹਾਸ” ਬਾਰੇ ਕਈ ਇੱਥੇ ਵਸਦੇ ਕਈ ਪੁਰਾਣੇ ਪੰਜਾਬੀਆਂ ਤੋਂ ਪਤਾ ਕਰਨ ਦੀ ਕੋਸਿ਼ਸ਼ ਕੀਤੀ ਪਰ ਨਾਕਾਮ ਰਿਹਾ । ਭਾਰਤ ਵਿੱਚ ਅੰਗਰੇਜ਼ਾਂ ਦੇ ਟਾਇਮ “ਸਵਦੇਸ਼ੀ” ਸ਼ਬਦ ਦੀ ਬੜੀ ਵਰਤੋਂ ਕੀਤੀ ਜਾਂਦੀ ਸੀ, ਜਿਸਦਾ ਮਤਲਬ ਸੀ ਕਿ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ । ਉਦੋਂ ਵਿਦੇਸ਼ੀ ਵਸਤੂਆਂ ਨੂੰ ਜਲਾਇਆ ਵੀ ਜਾਂਦਾ ਸੀ ਤੇ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ ਦੀ ਵਰਤੋਂ ਕਰਨ ਦਾ ਪ੍ਰਚਾਰ ਕੀਤਾ ਜਾਂਦਾ ਸੀ । ਹੋ ਸਕਦਾ ਹੈ ਕਿ ਇਹ ਸ਼ਬਦ ਉੱਥੋਂ ਨਾ ਆਇਆ ਹੋਵੇ, ਇਸ ਦਾ ਮਤਲਬ ਇਹ ਕੱਢਿਆ ਗਿਆ ਹੋਵੇ ਕਿ ਆਪਣਾ ਭਾਈਬੰਦ, ਆਪਣੇ ਦੇਸ਼ ਦਾ ਬੰਦਾ ਜਾਂ ਆਪਣਾ “ਦੇਸ਼ੀ ਭਰਾ” ਪਰ ਦੇਸ਼ੀ ਤੇ ਦੇਸੀ ਦੇ ਫ਼ਰਕ ਨੇ ਮੁੜ ਭੰਬਲਭੂਸੇ ‘ਚ ਪਾ ਦਿੱਤਾ । ਦੂਜਾ ਪੱਖ ਹੈ, ਕਿਸੇ ਨੂੰ ਵਿਅੰਗ ਨਾਲ਼ ਜਾਂ ਗੱਲਾਂ ਹੀ ਗੱਲਾਂ ‘ਚ ਭੁੰਜੇ ਲਾਹੁਣ ਲਈ ਦੇਸੀ ਕਹਿਣਾ । ਉਦਾਹਰਣ ਦੇ ਤੌਰ ਤੇ ਜੇ ਕਿਸੇ ਨੇ ਅਜਿਹਾ ਕੰਮ ਕਰ ਦਿੱਤਾ ਜੋ ਦੂਜੇ ਨੂੰ ਪਸੰਦ ਨਹੀਂ ਤਾਂ ਇਹ ਵੀ ਕਹਿੰਦੇ ਸੁਣਿਆ ਜਾ ਸਕਦਾ ਹੈ “ਚੱਲ ਸਾਲਾ ਦੇਸੀ ਜਿਹਾ ਨਾ ਹੋਵੇ ਤਾਂ ।” ਕੀ ਇਹ ਇੱਕ ਅਜਿਹਾ ਸ਼ਬਦ ਹੈ ਜਿਸ ਨਾਲ਼ ਸਾਡੀ ਇੱਜ਼ਤ ਜਾਂ ਸ਼ਾਨ ‘ਚ ਵਾਧਾ ਹੁੰਦਾ ਹੈ ? ਜੇਕਰ ਨਹੀਂ ਤਾਂ ਮੁੜ ਅਜਿਹੇ ਸ਼ਬਦ ਦੀ ਵਰਤੋਂ ਕਿਉਂ ? ਕੀ ਸਾਡੀ ਆਪਣੀ ਕੋਈ ਇੱਜ਼ਤ ਨਹੀਂ ਹੈ ? ਪੰਜਾਬ ‘ਚ ਰਹਿੰਦਿਆਂ ਜੇਕਰ ਕੋਈ ਉਂਗਲ ਵੀ ਕਰ ਦਿੰਦਾ ਸੀ ਤਾਂ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਇੱਥੇ ਆ ਕੇ ਕਿਉਂ ਆਪਣੀ ਇੱਜ਼ਤ ਦਾ ਫਲੂਦਾ ਕਰਨ ਤੇ ਤੁਲੇ ਹੋਏ ਹਾਂ ? ਅਸੀਂ “ਦੇਸੀ” ਕਿੱਥੋਂ ਹੋ ਗਏ, ਜਦ ਕਿ ਅਸੀਂ ਆਪਣੀ ਕਾਬਲੀਅਤ ਸਿੱਧ ਕਰ, ਦੂਜੇ ਮੁਲਕ ‘ਚ ਪੜ੍ਹਨ ਲਈ ਆਏ ਹੋਏ ਹਾਂ । ਯਾਰੋ, ਦੂਸਰੇ ਮੁਲਕਾਂ ਦੀਆਂ ਪਾਰਲੀਮੈਂਟਾਂ ਸਾਡੇ ਪੰਜਾਬੀ ਭਰਾ ਬੈਠੇ ਹੋਏ ਨੇ, ਅਸੀਂ ਪੰਜਾਬੀਆਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਬੜੀਆਂ ਮੱਲਾਂ ਮਾਰੀਆਂ ਨੇ । ਬੇਗਾਨੇ ਮੁਲਕਾਂ ‘ਚ ਸਾਡੇ ਨਾਲੋਂ ਕਈ ਗੁਣਾ ਵੱਧ ਰਫ਼ਤਾਰ ਨਾਲ਼ ਚੱਲ ਰਹੇ ਜ਼ਮਾਨੇ ਦੇ ਮੋਢੇ ਨਾਲ਼ ਮੋਢਾ ਮਿਲਾ ਕੇ ਚੱਲ ਰਹੇ ਹਾਂ । ਅਸੀਂ ਪੰਜਾਬ ‘ਚ ਵੀ ਬੜੀ ਤਰੱਕੀ ਕੀਤੀ ਹੈ । ਕਿਸਾਨ ਦਾ ਪੁੱਤ ਕੇਵਲ “ਪਰਾਣੀ” ਨਾਲ਼ ਬਲ਼ਦ ਹੱਕਣ ਜੋਗਾ ਨਹੀਂ ਰਿਹਾ, ਸਗੋਂ ਬਥੇਰੇ ਨੌਜਵਾਨ ਆਧੁਨਿਕ ਖੇਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਨੇ । ਸਾਨੂੰ ਤਾਂ ਆਪਣੀਆਂ ਪ੍ਰਾਪਤੀਆਂ ਤੇ ਮਾਣ ਹੋਣਾ ਚਾਹੀਦਾ ਹੈ, ਕੇਵਲ ਇੱਕ ਸ਼ਬਦ ਵਰਤ ਕੇ ਕਿਸੇ ਹੋਰ ਦੀ ਨਹੀਂ, ਸਗੋਂ ਆਪਣੀ ਖ਼ੁਦ ਦੀ ਹੀ “ਲੱਸੀ” ਕਰ ਰਹੇ ਹਾਂ !!!
ਇਹ ਵੀ ਸੱਚ ਹੈ ਕਿ ਕਈ ਸਾਡੇ ਵੀਰ ਇੱਥੇ ਆ ਕੇ ਹਰਕਤਾਂ ਤਾਂ ਅਜਿਹੀਆਂ ਕਰਦੇ ਹਨ ਕਿ ਵਾਕਿਆ ਹੀ “ਦੇਸੀ” ਜਾਪਦੇ ਹਨ । ਮੇਰੇ ਮਿੱਤਰ ਸ੍ਰ. ਹਰਵਿੰਦਰ ਸਿੰਘ ਗਰਚਾ, ਜੋ ਕਿ ਰਿਵਰਲੈਂਡ ਰੇਡੀਓ ਤੋਂ ਹਰ ਬੁੱਧਵਾਰ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ, ਨਾਲ਼ ਇਸ ਸ਼ਬਦ ਦੀ ਵਰਤੋਂ ਬਾਰੇ ਚਰਚਾ ਹੋਈ । ਉਹਨਾਂ ਨੇ ਕੁਝ “ਦੇਸੀ” ਘਟਨਾਵਾਂ ਦਾ ਜਿ਼ਕਰ ਕੀਤਾ, ਜੋ ਆਪ ਜੀ ਨਾਲ ਵੀ ਸਾਂਝੀਆਂ ਕਰਨੀਆਂ ਚਾਹਾਂਗਾ । ਨਿਊਜ਼ੀਲੈਂਡ ‘ਚ ਕੀਵੀ ਫਲ ਉਗਾਇਆ ਜਾਂਦਾ ਹੈ । ਇਹ ਫਲ ਬਾਰਿਸ਼ ਹੋਣ ਤੇ ਨਹੀਂ ਤੋੜਿਆ ਜਾਂਦਾ ਤੇ ਕਾਮੇ ਅਕਸਰ ਹੀ ਖੇਤ ਦੇ ਮਾਲਕ ਨੂੰ ਪੁੱਛ ਜਾਂਦੇ ਹਨ ਕਿ ਕੱਲ ਮੌਸਮ ਕਿੱਦਾਂ ਦਾ ਰਹੇਗਾ, ਕਿਉਂ ਜੋ ਇਹਨਾਂ ਦੇਸ਼ਾਂ ‘ਚ ਆਉਣ ਵਾਲੇ ਕੁਝ ਦਿਨਾਂ ਦੇ ਮੌਸਮ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ । ਇੱਕ ਪੰਜਾਬੀ ਵੀਰ ਨਿਊਜ਼ੀਲੈਂਡ ਨਵਾਂ-ਨਵਾਂ ਆਇਆ ਸੀ, ਨੇ ਸ਼ਾਮ ਨੂੰ ਖੇਤ ਦੇ ਮਾਲਕ ਨੂੰ ਅਗਲੇ ਦਿਨ ਦੇ ਮੌਸਮ ਬਾਰੇ ਪਤਾ ਕਰਨਾ ਸੀ । ਰੌਲਾ ਇਹ ਪੈ ਗਿਆ ਕਿ ਪੁੱਛੇ ਤਾਂ ਕਿੰਝ, ਕਿਉਂ ਜੋ ਅੰਗ੍ਰੇਜ਼ੀ ਵੱਲੋਂ ਉਸਦਾ ਹੱਥ ਕੁਝ ਤੰਗ ਸੀ । ਉਸਨੇ ਇੱਕ “ਦੇਸੀ” ਸਕੀਮ ਲੜਾਈ । ਖੇਤ ਦੇ ਗੋਰੇ ਮਾਲਕ ਨੂੰ ਪਾਣੀ ਕੋਲ ਲੈ ਗਿਆ । ਪਾਣੀ ਦਾ ਬੁੱਕ ਭਰ ਕੇ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪਾਣੀ ਵੱਲ ਇਸ਼ਾਰਾ ਕਰਕੇ ਪੁੱਛਦਾ “ਟੁਮਾਰੋ” ? ਦੋਬਾਰਾ ਫੇਰ ਪਾਣੀ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪੁੱਛਿਆ “ਟੁਮਾਰੋ” ? ਨਹੀਂ ਸਮਝੇ ਪਾਠਕ ਵੀਰੋ ? ਗੱਲ ਇੱਦਾਂ ਹੈ ਕਿ ਜਦ ਪਾਣੀ ਉੱਪਰ ਉਛਾਲਿਆ ਤਾਂ ਉਹ ਥੱਲੇ ਕਣੀਆਂ ਵਾਂਗ ਡਿੱਗਿਆ । ਗੋਰੇ ਨੂੰ ਪੁੱਛਦਾ ਕਿ ਕੀ ਕੱਲ ਮੀਂਹ ਆਵੇਗਾ ਜਾਂ ਨਹੀਂ ।
ਸ੍ਰ. ਗਰਚਾ ਨੇ ਇੱਕ ਮਜ਼ੇਦਾਰ ਘਟਨਾ ਹੋਰ ਦੱਸੀ ਕਿ ਕਿਸੇ ਖੇਤ ‘ਚ ਕਾਮਿਆਂ ਨੇ ਰੋਟੀਆਂ ਵਾਲਾ ਪੌਣਾ ਦਰਖਤ ਦੇ ਥੱਲੇ ਰੱਖ ਦਿੱਤਾ । ਹੁਣ ਰੋਟੀਆਂ ਗਿਣ ਕੇ ਨਹੀਂ ਚਿਣ ਕੇ ਪਕਾਈਆਂ ਹੋਈਆਂ ਸਨ, ਕਿ ਡੇਢ ਗਿੱਠ ਜਾਂ ਦੋ ਗਿੱਠ ਰੋਟੀਆਂ ਹੋ ਗਈਆਂ, ਚੱਲੋ ਬੜੀਆਂ ਨੇ । ਗੋਰੇ ਮਾਲਕ ਦਾ ਕੁੱਤਾ ਆਇਆ ਤੇ ਉਸਨੇ ਜਦ ਰੋਟੀਆਂ ਦਾ “ਟਾਵਰ” ਦੇਖਿਆ ਤਾਂ ਉਸਨੂੰ ਵੀ ਕੋਈ ਭੁਲੇਖਾ ਪੈ ਗਿਆ ਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕੁੱਤਾ “ਹੌਲਾ” ਹੋਣ ਤੋਂ ਪਹਿਲਾਂ ਉਸ ਥਾਂ ਨੂੰ ਸੁੰਘਦਾ ਹੈ । ਕੁੱਤੇ ਨੇ ਰੋਟੀਆਂ ਵਾਲਾ ਪੌਣਾ ਸੁੰਘਿਆ ਹੀ ਸੀ ਕਿ ਕਿਸੇ ਕਾਮੇ ਦੀ ਨਿਗ੍ਹਾ ਪੈ ਗਈ । ਉਸ “ਹੁਰਰਰਰ... ਹੁਰਰਰਰਰ...” ਕਹਿਕੇ ਤੇ ਡਲਾ ਚਲਾ ਕੇ ਕੁੱਤਾ ਤਾਂ ਭਜਾ ਦਿੱਤਾ ਪਰ ਉਸਨੂੰ ਗੁੱਸਾ ਆ ਗਿਆ । ਲੋਹਾ ਲਾਖ਼ਾ ਹੋਇਆ ਗੋਰੇ ਕੋਲ ਜਾ ਪੁੱਜਾ ਤੇ ਕੁੱਤੇ ਦੀ ਸਿ਼ਕਾਇਤ ਲਾਉਣ ਲੱਗਾ
“ਯੂ ਡੌਗ, ਈਟ ਮਾਈ ਲੰਚ ।”
ਗੋਰਾ ਚੱਕਰਾਂ ‘ਚ ਪੈ ਗਿਆ, ਇਹ ਬਾਈ ਕਹੀ ਕੀ ਜਾਂਦਾ ਹੈ ? ਉਸ ਪਾਰਡਨ ਕਿਹਾ ।
ਕਾਮਾ ਵੀਰ ਕੁੱਤੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ “ਯੂ ਡੌਗ, ਈਟ ਮਾਈ ਲੰਚ ।”
ਗੋਰੇ ਨੂੰ ਗੁੱਸਾ ਤਾਂ ਬੜਾ ਆਇਆ ਕਿ ਮੈਨੂੰ ਹੀ ਡੌਗ ਕਹੀ ਜਾਂਦਾ ਹੈ, ਪਰ ਜਲਦੀ ਠੰਢਾ ਵੀ ਹੋ ਗਿਆ ਕਿਉਂ ਜੋ ਉਹ ਸਮਝ ਗਿਆ ਸੀ ਕਿ ਸਾਹਮਣੇ ਗੱਲ ਕਰਨ ਵਾਲਾ “ਪਿਉਰ ਦੇਸੀ” ਹੈ । ਜਦ ਗੋਰੇ ਨੇ ਕਿਹਾ ਕਿ ਬਾਈ ਯਾਰ, ਬਾਕੀ ਤਾਂ ਸਾਰੀ ਗੱਲ ਤੇਰੀ ਸਹੀ ਹੈ ਪਰ “ਯੂ ਡੌਗ” ਕਿਉਂ ਕਹੀ ਜਾਂਦਾ ਹੈਂ, “ਯੂਅਰ ਡੌਗ” ਤਾਂ ਕਹਿ ਲੈ, ਤਾਂ ਕਾਮੇ ਨੂੰ ਏਧਰ ਓਧਰ ਝਾਕਣ ਤੋਂ ਇਲਾਵਾ ਕੁਝ ਨਾ ਸੁੱਝਿਆ ।
ਅੱਜ ਕੱਲ ਅਜਿਹੇ ਨੌਜਵਾਨ ਆਪਣੀਆਂ ਘਰ ਵਾਲੀਆਂ ਨੂੰ ਪੜ੍ਹਾਈ ਕਰਵਾਉਣ ਦੇ ਬਹਾਨੇ ਆਸਟ੍ਰੇਲੀਆ ਆ ਰਹੇ ਨੇ, ਜਿਹੜੇ ਕਦੀ “ਬਠਿੰਡੇ” ਦੀ ਹੱਦ ਨਹੀਂ ਟੱਪੇ ਹੁੰਦੇ । ਦੂਸਰੇ ਮੁਲਕ ‘ਚ ਆ ਕੇ ਅੰਤਰ-ਰਾਸ਼ਟਰੀ ਪੱਧਰ ਦੇ “ਮੈਨਰਜ਼” ਉਹਨਾਂ ਨੂੰ ਕਿੱਥੋਂ ਪਤਾ ਲੱਗ ਜਾਣਗੇ । ਉਹ ਤਾਂ ਇੰਝ ਹੀ ਵਰਤਾਓ ਕਰਦੇ ਨੇ ਜਿੱਦਾਂ “ਗੋਲੇਵਾਲੇ” ਬੈਠੇ ਹੋਣ । “ਸ਼ੁੱਧ ਦੇਸੀ ਵਰਤਾਓ” । ਅਜਿਹੀਆਂ ਹਰਕਤਾਂ ਕਿ ਨਾਲ਼ ਦਿਆਂ ਨੂੰ ਵੀ ਆਪਣੀ ਹੱਤਕ ਮਹਿਸੂਸ ਹੋਵੇ । ਕਿਸੇ ਹੋਰ ਦੀ ਸ਼ਾਨ ਦੇ ਖਿਲਾਫ ਬੋਲਣਾ ਆਪਣੀ ਸ਼ਾਨ ਸਮਝਿਆ ਜਾਂਦਾ ਹੈ । ਚੱਤੋ-ਪਹਿਰ ਗਾਲ੍ਹਾਂ ਦੇ “ਤੜਕੇ” ਲਗਾਏ ਜਾਂਦੇ ਨੇ । ਕਈਆਂ ਦੀ ਸਵੇਰ ਦੀ ਸ਼ੁਰੂਆਤ ਨਾਲ਼ ਸੁੱਤੇ ਪਏ ਨੂੰ ਉਠਾਉਣ ਨਾਲ ਹੁੰਦੀ ਹੈ ।
“ਉੱਠ ਪੈ ਭੈਣ ਦਿਆ......, ਛੇ ਵੱਜ ਗਏ ।”
ਇੱਕ ਪੁਰਾਣੀ ਘਟਨਾ ਯਾਦ ਆ ਗਈ । ਜਦ ਮੈਂ ਕੋਟਕਪੂਰੇ ਦੇ ਮਸ਼ਹੂਰ ਸਟੂਡੀਓ ਤੇ ਫੋਟੋਗ੍ਰਾਫ਼ੀ ਸਿੱਖ ਰਿਹਾ ਸੀ ਤੇ ਅਕਸਰ ਹੀ ਵਿਆਹਾਂ ਤੇ ਫੋਟੋਗ੍ਰਾਫ਼ੀ ਕਰਨ ਜਾਇਆ ਕਰਦੇ ਸੀ । ਇੱਕ ਦਫ਼ਾ ਸਟੂਡੀਓ ਵਾਲਿਆਂ ਦੇ “ਘਰ ਜਵਾਈ” ਨਾਲ਼ ਇੱਕ ਰਾਤ ਦੇ ਵਿਆਹ ਤੇ ਗਿਆ । ਵੱਡੇ ਤੜਕੇ ਸੌਂ ਗਏ ਤੇ ਜਦ ਡੋਲੀ ਦਾ ਟਾਈਮ ਹੋਇਆ...
“ਤੜਾਕ”
ਇੱਕ ਕਰਾਰਾ ਥੱਪੜ ਮੇਰੀ ਸੱਜੀ ਗੱਲ੍ਹ ਤੇ ਪਿਆ । ਹੜਬੜਾ ਕੇ ਉੱਠਿਆ । “ਜਵਾਈ ਰਾਜਾ” ਨੇ ਸਿਗਰਟ ਦਾ ਕਸ਼ ਲਗਾ ਕੇ ਬੜੇ ਆਰਾਮ ਨਾਲ ਕਿਹਾ ।
“ਉੱਠ ਜਾ ਬਈ, ਡੋਲੀ ਦਾ ਟਾਈਮ ਹੋ ਗਿਆ ।”
ਅੱਜ ਤੱਕ ਸੁੱਤੇ ਨੂੰ ਉਠਾਉਣ ਦਾ ਇਹ ਤਰੀਕਾ ਬੜਾ ਘਟੀਆ ਲੱਗਦਾ ਸੀ ਪਰ ਇੱਥੇ ਆ ਕੇ ਉਠਾਉਣ ਦੇ ਤਰੀਕੇ ਦੇਖ ਕੇ ਵੀਹ ਸਾਲ ਪੁਰਾਣਾ ਰੋਸ ਘਟ ਗਿਆ ।
ਸਾਡੇ ਭਾਈਚਾਰੇ ਦੀ ਇੱਕ ਹੋਰ ਸਿ਼ਕਾਇਤ ਜਿਸਤੋਂ ਤਕਰੀਬਨ ਸਾਰੇ ਹੀ ਦੁੱਖੀ ਹਨ, ਮੋਬਾਇਲ ਸੰਬੰਧੀ ਹੈ । ਅਕਸਰ ਹੀ ਬੱਸਾਂ ‘ਚ “ਚਮਕੀਲੇ” ਹੋਰੀਂ ਸਾਡੇ ਸੱਭਿਆਚਾਰ ਦੀ ਮਿੱਟੀ ਪਲੀਦ ਕਰਦੇ ਨਜ਼ਰ ਆਉਂਦੇ ਹਨ । ਦੁੱਖ ਦੀ ਗੱਲ ਤਾਂ ਇਹ ਹੈ ਕਿ ਕੁਝ ਕੁ ਨੌਜਵਾਨ ਗੋਰੀਆਂ ਵੇਖ ਕੇ ਘੱਟ ਮੱਛਰਦੇ ਹਨ ਤੇ ਪੰਜਾਬੀ ਕੁੜੀ ਦੇਖ ਕੇ ਜਿ਼ਆਦਾ । ਉਹ ਕੁੜੀਆਂ ਵੀ ਕੀ ਕਰਨ ? ਕੋਈ ਬਾਹਰਲਾ ਤਾਂ ਪ੍ਰੇਸ਼ਾਨ ਨਹੀਂ ਕਰ ਰਿਹਾ । ਮੇਰੇ ਮਿੱਤਰ ਕੁਲਦੀਪ ਨੇ ਦੱਸਿਆ ਕਿ ਬੱਸ ‘ਚ ਇੱਕ ਵੀਰ ਮੋਬਾਇਲ ‘ਤੇ ਉੱਚੀ-ਉੱਚੀ “ਬੇਸ਼ਰਮ ਟਾਈਪ” ਦੇ ਗਾਣੇ ਚਲਾਈ ਜਾਂਦਾ ਸੀ । ਕੋਲ ਬੈਠੀ ਪੰਜਾਬੀ ਕੁੜੀ ਨੇ ਕੁਲਦੀਪ ਹੋਰਾਂ ਨੂੰ ਕਿਹਾ ਕਿ ਗਾਣੇ ਸੁਣਕੇ ਸ਼ਰਮ ਆਉਂਦੀ ਹੈ, ਬੰਦ ਕਰਵਾ ਦਿਓ । ਉਸਨੂੰ ਟੋਕਿਆ, ਪਰ ਕਿੱਥੇ ? ਜੇ ਇੱਕ ਵਾਰੀ ਕਹੀ ਗੱਲ ਸਮਝ ਆ ਗਈ ਤਾਂ ਗੱਲ ਹੀ ਕੀ ਹੋਈ ? ਅਜਿਹੇ ਲੋਕ ਬੇਫਜ਼ੂਲ ਬਹਿਸਬਾਜ਼ੀ ਤੇ ਝੂਠੇ ਹੰਕਾਰ ‘ਚ ਤਾਂ ਨੰਬਰ ਇੱਕ ਹਨ । ਕੁਝ ਦਿਨ ਹੋਏ ਅਸੋ਼ਕ ਐਸ. ਭੌਰਾ ਵੀਰ ਦੇ ਲੇਖ ਦੀਆਂ ਇਹ ਪੰਕਤੀਆਂ ਪੜ੍ਹ ਰਿਹਾ ਸਾਂ ਕਿ “ਚਮਕੀਲੇ” ਨੂੰ ਕਿਹਾ ਗਿਆ ਸੀ “ਤੇਰੇ ਗੀਤਾਂ ਦਾ ਸੈਂਸਰ ਤੇਰੀ ਭੈਣ ਹੈ, ਪਹਿਲਾਂ ਉਸਨੂੰ ਸੁਣਾ ਕੇ ਮੁੜਕੇ ਗਾਇਆ ਕਰ ।” ਪਰ ਅਜਿਹਿਆਂ ਨੂੰ ਕੌਣ ਕੀ ਕਹੇ, ਕਿਵੇਂ ਸਮਝਾਈਏ ? ਇਹ ਵੀ ਆਪਣਾ ਹੀ ਫ਼ਰਜ਼ ਹੈ ਪਾੜ੍ਹਿਓ ਕਿ ਅਜਿਹੇ ਨੌਜਵਾਨਾਂ ਨੂੰ ਸਾਡੇ ਸੱਭਿਆਚਾਰ, ਸਾਡੇ ਵਿਰਸੇ ਤੇ ਸਾਡੀਆਂ ਧੀਆਂ-ਭੈਣਾਂ ਨੂੰ ਸ਼ਰਮਿੰਦਾ ਕਰਨ ਤੋਂ ਵਰਜੀਏ । ਅੱਜ ਤੁਸੀਂ ਬੇਸ਼ੱਕ ਔਖੇ ਹੋ, ਪ੍ਰੇਸ਼ਾਨ ਹੋ ਪਰ ਤੁਹਾਡੀ ਪੀੜ੍ਹੀ ਦੇ ਡਾਕਟਰ ਤੇ ਇੰਜੀਨੀਅਰ ਕਿਤੇ ਉੱਤੋਂ ਡਿੱਗ ਪੈਣੇ ਨੇ ? ਨਹੀਂ ਛੋਟੇ ਵੀਰੋ ! ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਤੁਹਾਡੇ ‘ਚ ਹੀ ਡਾਕਟਰ ਤੇ ਇੰਜੀਨੀਅਰ ਵੱਸਦੇ ਨੇ, ਬੱਸ ਜ਼ਰੂਰਤ ਹੈ ਉਹਨਾਂ ਨੂੰ ਜਾਗ੍ਰਿਤ ਕਰਨ ਦੀ । ਤੁਹਾਡੇ ਮਾਪਿਆਂ ਦੀ ਆਸਾਂ-ਉਮੀਦਾਂ ਸਿਰਫ਼ ਤੁਹਾਡੇ ਤੇ ਹਨ । ਆਪਣੇ ਆਪ ਨੂੰ ਨਮੋਸ਼ੀ ਤੋਂ ਬਚਾਉਣ ਦੀ ਜਿੰਮੇਵਾਰੀ ਤੁਹਾਡੇ ਆਪਣੇ ਮੋਢਿਆਂ ਤੇ ਹੀ ਹੈ । ਮੇਰੇ ਸੋਹਣੇ ਪੰਜਾਬ ਦੀ ਰੂਹ ਤੁਹਾਡੇ ‘ਚ ਵੱਸਦੀ ਹੈ, ਇਸ ਨੂੰ ਨਜ਼ਰਾਂ ਝੁਕਾਉਣ ਤੋਂ ਬਚਾਓ । ਤੁਸੀਂ ਸਾਡੇ ਵਤਨ ਦਾ ਭਵਿੱਖ ਹੋ । ਆਪਣੇ ਆਪ ਨੂੰ ਸਿਰਫ਼ “ਦੇਸੀ” ਸਮਝ ਕੇ ਆਪਣੀ ਇੱਜ਼ਤ, ਆਪਣੇ ਭਵਿੱਖ ਨਾਲ਼ ਨਾ ਖੇਡੋ । “ਪਹਿਲਾਂ ਤੋਲੋ ਫਿਰ ਬੋਲੋ” ਫਾਰਮੂਲਾ ਅਜ਼ਮਾ ਕੇ ਦੇਖੋ । ਦੂਜੀ ਗੱਲ ਇਹ ਹੈ ਬਾਈ ਜੀ, ਜੇਕਰ ਗੋਰੀਆਂ ਨੂੰ ਦੇਖ ਕੇ ਮੋਬਾਇਲ ਤੇ ਗਾਣੇ ਉੱਚੀ ਆਵਾਜ਼ ‘ਚ ਚਲਾਉਣੇ ਹਨ ਤਾਂ ਪਹਿਲਾਂ ਤਾਂ ਉਹਨਾਂ ਨੂੰ “ੳ-ਊਠ, ਅ-ਅਨਾਰ, ੲ-ਇੰਜਣ” ਪੜ੍ਹਾਓ । ਕੀ ਐ, ਰੱਬ ਸੁਣ ਲਵੇ ਤੇ ਦੋ-ਚਹੁੰ ਸਾਲਾਂ ਨੂੰ ਉਹ ਸਮਝ ਲੈਣ ਕਿ “ਚੱਕ ਦੇ ਘੜੇ ਤੋਂ ਕੌਲਾ” ਦਾ ਮਤਲਬ ਕੀ ਹੁੰਦਾ ਹੈ । ਇਹ ਵੀ ਨਾ ਹੋਵੇ ਕਿ ਆਪਣੀ ਹੋਣ ਵਾਲੀ ਨਣਦ ਤੋਂ ਹੀ ਗੋਰੀ ਪੁੱਛਦੀ ਫਿਰੇ “ਬੈਨ ਜੀ... ਏਹ ਚੱਕ ਡੇ ਗੜੇ ਟੋਂ ਕੋਲਾ ਕੀ ਹੋਂਦਾ ਹੈ ?”
ਇੱਕ ਔਰਤ ਨੇ ਦੱਸਿਆ ਕਿ ਕੁਝ ਨੌਜਵਾਨ ਸੁਪਰ ਸਟੋਰ ‘ਚੋਂ ਸੁੱਕੇ ਮੇਵੇ ਚੁੱਕ ਕੇ ਖਾ ਰਹੇ ਸਨ । ਉਸਨੇ ਟੋਕਿਆ ਕਿ ਅਜਿਹੀਆਂ ਹਰਕਤਾਂ ਨਾ ਕਰੋ ਕਿਉਂ ਜੋ ਗੋਰੇ ਪੁਲਿਸ ਬੜੀ ਜਲਦੀ ਬੁਲਾ ਲੈਂਦੇ ਨੇ ਤੇ ਮੁੜ ਇੱਥੇ ਵਸਦੇ ਸਾਰੇ ਪੰਜਾਬੀ ਸਮਾਜ ਨੂੰ ਨਮੋਸ਼ੀ ਝੱਲਣੀ ਪਵੇਗੀ ।
“ਪਹਿਲਾਂ ਕਿਹੜੇ ਝੰਡੇ ਝੂਲਦੇ ਨੇ ?” ਜੁਆਬ ਮਿਲਿਆ ।
ਸੁਪਰ ਸਟੋਰਾਂ ‘ਚ ਜਗ੍ਹਾ-ਜਗ੍ਹਾ ਕੈਮਰੇ ਲੱਗੇ ਹੁੰਦੇ ਨੇ । ਅੱਜ-ਕੱਲ ਜਦ ਕਿ “ਇੰਡੀਅਨਾਂ” ਦੀ ਢਿਬਰੀ ਟਾਈਟ ਕੀਤੀ ਜਾ ਰਹੀ ਹੈ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ । ਜੇਕਰ ਇੱਕ ਵੀ ਫੜਿਆ ਗਿਆ ਤਾਂ ਸਾਰਿਆਂ ਤੇ ਉਂਗਲ ਉੱਠੇਗੀ । ਕੁਝ ਵੀ ਹੋਵੇ ਇਹ ਤਾਂ ਮੰਨਣਾ ਹੀ ਪਵੇਗਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ 4-5% ਪਿੱਛੇ ਬਾਕੀ 94-95% ਵੀ ਰਗੜੇ ‘ਚ ਆ ਹੀ ਜਾਂਦੇ ਨੇ । ਜਿੰਨੇ ਵੀ ਪੁਰਾਣੇ ਲੋਕਾਂ ਨਾਲ਼ ਅਜਿਹੇ ਵਿਸਿ਼ਆਂ ਤੇ ਗੱਲ-ਬਾਤ ਹੋਈ, ਇੱਕ ਵੀ ਬੰਦਾ ਅਜਿਹੀਆਂ ਹਰਕਤਾਂ ਨੂੰ ਸਲ੍ਹਾਉਂਦਾ ਨਾ ਮਿਲਿਆ ।
ਪੰਜਾਬ ‘ਚ ਪ੍ਰਵਾਸੀ ਮਜ਼ਦੂਰਾਂ ਨੂੰ “ਭਈਆ” ਕਹਿ ਕੇ ਪੁਕਾਰਿਆ ਜਾਂਦਾ ਹੈ । ਹੁਣ ਤਾਂ ਉਹ ਵੀ ਕਹਿਣ ਲੱਗ ਪਏ ਨੇ “ਸ਼ਰਦਾਰ ਜੀ, ਹਮਕਾ ਬਈਆ ਕਹ ਕਰ ਮਤ ਪੁਕਾਰੋ, ਹਮਰਾ ਨਾਮ ਰਾਮੂ ਹੈ ।” ਜਾਪਦਾ ਹੈ ਉਹ ਦਿਨ ਵੀ ਦੂਰ ਨਹੀਂ ਜਦੋਂ ਗੋਰੇ ਕਹਿਣਗੇ “ਮਿਸਟਰ ਡੇਸੀ, ਕਮ ਹੀਅਰ ।” ਮੁੜਕੇ ਜੋ ਕਹਿੰਦੇ ਫਿਰਾਂਗੇ “ਗੋਰਾ ਸਾਹਿਬ, ਮੇਰਾ ਨਾਮ ਫਲਾਣਾ ਸਿੰਘ ਹੈ, ਦੇਸੀ ਨਹੀਂ” ਤੇ ਦੇਸੀ ਕਹਿਣ ਦੀ ਸ਼ੁਰੂਆਤ ਕਰਨ ਵਾਲਿਆਂ ਦੀ ਐਸੀ ਦੀ ਤੈਸੀ ਫੇਰਾਂਗੇ । ਹੁਣ ਟਾਈਮ ਰਹਿੰਦਿਆਂ ਹੀ ਕਿਉਂ ਨਾ ਸੰਭਲ ਜਾਈਏ ?
ਬਾਕੀ ਮੁੱਕਦੀ ਗੱਲ ਇਹ ਕਿ ਜੇਕਰ ਅਸੀਂ ਆਪਣੀ ਚੰਗੀ ਪਹਿਚਾਣ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਜਿੱਥੇ ਰਹਿਣਾ ਹੈ, ਉੱਥੋਂ ਦੇ ਰਹਿਣ-ਸਹਿਣ ਤੇ ਸੱਭਿਆਚਾਰ ਬਾਰੇ ਪੂਰਨ ਜਾਣਕਾਰੀ ਹਾਸਲ ਕਰਨਾ ਆਪਣੇ ਹੀ ਭਲੇ ‘ਚ ਹੋਵੇਗਾ । ਆਖਿਰ ਕਦ ਤੱਕ ਅਸੀਂ “ਦੇਸੀ” ਹਰਕਤਾਂ ਕਰਕੇ ਆਪਣੇ ਹੀ ਚਾਰ ਯਾਰਾਂ ਦੋਸਤਾਂ ‘ਚ ਝੂਠੀ ਸ਼ਾਨ ਬਣਾਈ ਰੱਖਾਂਗੇ ? ਕਦ ਤੱਕ ਗਰੁੱਪ ਬਣਾ ਕੇ ਸਾਰੀ ਫੁੱਟਪਾਥ ਘੇਰ, ਲੰਘਣ ਵਾਲਿਆਂ ਨੂੰ ਪ੍ਰੇਸ਼ਾਨ ਕਰੀ ਰੱਖਾਂਗੇ ? ਕਦ ਤੱਕ ਸੁਪਰ ਸਟੋਰ ‘ਚ ਦੁੱਧ ਦੀ ਇੱਕ ਕੈਨੀ ਲੈਣ ਲਈ ਪੰਜ ਜਣੇ ਜਾਂਦੇ ਰਹਾਂਗੇ ਤੇ ਮੁੜ ਬਰੈੱਡ ਦਾ ਇੱਕ ਪੈਕਟ ਲੈਣ ਲਈ ਗਏ ਹੋਰ ਪੰਜਾਂ ਨਾਲ਼ ਵਾਰੀ-ਵਾਰੀ ਸਭ ਆਪੋ ਵਿੱਚ ਹੱਥ ਮਿਲਾਵਾਂਗੇ ਤੇ ਕੋਈ “ਦੇਸੀ” ਗੱਲ ਸੁਣਾ ਕੇ ਉੱਚੀ-ਉੱਚੀ ਹੱਸ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਾਂਗੇ ? ਸਾਡੀ ਮਾਂ-ਬੋਲੀ ਪੰਜਾਬੀ ਬੜੀ ਮਿੱਠੀ ਹੈ, ਪਰ ਉਦੋਂ ਤੱਕ ਹੀ ਜਦ ਤੱਕ ਅਸੀਂ ਉਸਦੀ ਮਿਠਾਸ ਨੂੰ ਖੁਦ ਕਾਇਮ ਰੱਖਣ ‘ਚ ਸਫ਼ਲ ਰਹਿੰਦੇ ਹਾਂ । ਪਰ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇੱਥੇ ਵਿਚਰਨ ਸਮੇਂ ਸਥਾਨਕ ਵਸਨੀਕਾਂ ਨਾਲ਼ ਉਸੇ ਲਹਿਜ਼ੇ ਤੇ ਭਾਸ਼ਾ ‘ਚ ਹੀ ਗੱਲਬਾਤ ਕਰਨੀ ਪਵੇਗੀ, ਜਿਸ ‘ਚ ਉਹ ਸਮਝਦੇ ਹਨ । ਇੱਥੇ “ਥੈਂਕਯੂ”, “ਸੌਰੀ”, “ਪਲੀਜ਼” ਦੀ ਵਰਤੋਂ ਦੇ ਨਾਲ਼-ਨਾਲ਼ ਚਿਹਰੇ ਦੇ ਭਾਵਾਂ ਤੇ ਮੁਸਕਰਾਹਟ ਦਾ ਵੀ ਬੜਾ ਮਹੱਤਵ ਹੈ । ਯਾਦ ਕਰਨ ਦੀ ਕੋਸਿ਼ਸ਼ ਕਰੋ ਕਿ ਪੰਜਾਬ ‘ਚ ਰਹਿੰਦਿਆਂ ਪਿਛਲੀ ਵਾਰੀ “ਮੁਆਫ਼ ਕਰਨਾ ਜਾਂ ਧੰਨਵਾਦ” ਸ਼ਬਦ ਦੀ ਵਰਤੋਂ ਕਦੋਂ ਕੀਤੀ ਸੀ ? ਦੋਸਤੋ, ਤੁਹਾਡੇ ਨਾਲ਼ “ਧੰਨਵਾਦ” ਸ਼ਬਦ ਦੀ ਗੱਲ ਕਰਦਿਆਂ ਹੀ ਅਚਾਨਕ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ । ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਰਦੀਆਂ ‘ਚ ਕਿੰਨੀ ਵਾਰ ਮੇਰੀ ਮਾਂ ਨੇ ਰੋਟੀ ਖਾਂਦਿਆਂ, ਮੇਰੇ ਲਈ ਦੁੱਧ ਗਰਮ ਕੀਤਾ ਹੋਵੇਗਾ ਤੇ ਮੈਨੂੰ ਸੁਆ ਕੇ ਖ਼ੁਦ ਠੰਢੀ ਰੋਟੀ ਖਾਧੀ ਹੋਵੇਗੀ । ਕਿੰਨੀ ਵਾਰ ਖੁਦ ਗਿੱਲੇ ਬਿਸਤਰ ਤੇ ਸੌਂ ਕੇ ਮੈਨੂੰ ਸੁੱਕੇ ਸੁਆਇਆ ਹੋਵੇਗਾ । ਜਦ ਮੈਂ ਪਹਿਲਾਂ ਸਕੂਲ ਤੇ ਮੁੜ ਕੰਮ ਤੋਂ ਲੇਟ ਹੋ ਜਾਂਦਾ ਸੀ, ਮੇਰੀ ਇੰਤਜ਼ਾਰ ‘ਚ ਭੁੱਖੀ ਬੈਠੀ ਰਹਿੰਦੀ ਸੀ । ਕੀ ਉਸਦਾ ਕਦੀ ਧੰਨਵਾਦ ਕੀਤਾ ? ਪਰ ਹੁਣ ਤਾਂ ਮਾਂ ਦੀਆਂ ਕੁਰਬਾਨੀਆਂ ਦੇ ਸਾਹਮਣੇ “ਧੰਨਵਾਦ” ਸ਼ਬਦ ਹੀ ਬੜਾ ਛੋਟਾ ਲੱਗ ਰਿਹਾ ਹੈ । ਚਲੋ ਛੱਡੋ ਯਾਰ, ਬਾਕੀ ਗੱਲਾਂ ਫੇਰ ਕਦੇ ਕਰਾਂਗੇ, ਮਨ ਉਦਾਸ ਹੋ ਗਿਆ......
****

No comments: