ਚਰਖੇ ਦਾ ਰੋਮਾਂਚ.......... ਲੇਖ / ਗੁਰਦੀਪ ਸਿੰਘ ਢੁੱਡੀ

ਪੰਜਾਬ ਦੇ ਲੋਕਾਂ ਦਾ ਜੀਵਨ ਬੜਾ ਖੁੱਲ੍ਹਾ ਡੁੱਲ੍ਹਾ ਅਤੇ ਜੀਵਨਸ਼ੈਲੀ ਵਿੱਚ ਬੜੀ ਸਾਦਗੀ ਸੀ। ਮਸ਼ੀਨੀਕਰਨ ਦਾ ਅਜੇ ਕੋਈ ਪ੍ਰਭਾਵ ਨਹੀਂ ਪਿਆ ਸੀ। ਹੱਥੀਂ ਪੈਦਾ ਕੀਤਾ ਅਨਾਜ ਹੀ ਲੋਕਾਂ ਦਾ ਢਿੱਡ ਭਰਨ ਲਈ ਕਾਫੀ ਹੋਇਆ ਕਰਦਾ ਸੀ ਅਤੇ ਕੱਪੜਾ ਵੀ ਹੱਥੀਂ ਬੁਣਿਆ ਪਾਇਆ ਜਾਂਦਾ ਸੀ। ਕੱਪੜਾ ਬਣਾਉਣ ਲਈ ਕਪਾਹ ਪੈਦਾ ਕੀਤੀ ਜਾਂਦੀ ਸੀ, ਕਪਾਹ ਵੇਲ ਕੇ ਵੜੇਵੇਂ ਅਤੇ ਰੂੰ ਅਲੱਗ ਅਲੱਗ ਕੀਤੀ ਜਾਂਦੇ ਸਨ। ਰੂੰ ਨੂੰ ਚਰਖੇ ਤੇ ਕੱਤ ਕੇ ਸੂਤ ਬਣਾਇਆ ਜਾਂਦਾ ਸੀ ਅਤੇ ਸੂਤ ਨੂੰ ਤਾਣੀ ਤੇ ਪਾ ਕੇ ਕੱਪੜਾ ਬਣਾਇਆ ਜਾਂਦਾ ਸੀ। ਭਾਵੇਂ ਕਪਾਹ ਬੀਜਣ ਤੋਂ ਲੈ ਕੇ ਸੂਤ ਕੱਤਣ ਤੱਕ ਪੂਰਾ ਰੋਮਾਂਚ ਬਣਿਆ ਰਹਿੰਦਾ ਸੀ ਪਰੰਤੂ ਇਸ ਵਿੱਚ ਸੂਤ ਕੱਤਣ ਸਮੇਂ ਚਰਖਾ ਚਲਾਉਣ ਨਾਲ ਵਿਭਿੰਨ ਰੋਮਾਂਚਕਾਰੀ ਕਥਾਵਾਂ ਅਤੇ ਗੀਤ ਪ੍ਰਚੱਲਤ ਹੋਏ ਹਨ। ਬਹੁਤ ਵਾਰੀ ਤਾਂ ਰੂੰ, ਸੂਤ, ਅਤੇ ਕੱਪੜਾ ਪਿੱਛੇ ਰਹਿ ਜਾਂਦੇ ਹਨ ਅਤੇ ਚਰਖਾ ਪ੍ਰਮੁੱਖ ਹੋ ਜਾਂਦਾ ਹੈ। ਰਹਿੰਦੀ ਕਸਰ ਪੰਜਾਬੀ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਅਤੇ ਦੂਸਰੇ ਸੂਫ਼ੀ ਕਵੀਆਂ ਨੇ ਚਰਖੇ ਨੂੰ ਮਨੁੱਖੀ ਸਰੀਰ ਨਾਲ ਉਪਮਾ ਕੇ ਪੂਰੀ ਕਰ ਦਿੱਤੀ ਹੈ। ਵਿਗਿਆਨਕ ਪ੍ਰਗਤੀ ਅਤੇ ਆਧੁਨਿਕਤਾ ਦੇ ਪ੍ਰਵੇਸ਼ ਨਾਲ ਚਰਖੇ ਦੀ ਘੂਕਰ ਭਾਵੇਂ ਮੱਧਮ ਪੈ ਗਈ ਹੈ ਪਰੰਤੂ ਲੋਕ ਮਨਾਂ ਵਿੱਚੋਂ ਇਸ ਨੂੰ ਮਨਫੀ ਕੀਤਾ ਜਾਣਾ ਮੁਮਕਿਨ ਨਹੀਂ ਹੈ। ਅੱਜ ਚਰਖਾ ਭਾਵੇਂ ਯੂਨੀਵਰਸਿਟੀਆਂ ਕਾਲਜਾਂ ਵਿੱਚ ਪੇਸ਼ ਕੀਤੇ ਜਾਂਦੇ ‘ਸੱਭਿਆਚਾਰਕ ਪ੍ਰੋਗਰਾਮਾਂ’, ਨੁਮਾਇਸ਼ਾਂ, ਅਜਾਇਬ ਘਰਾਂ ਜੋਗਾ ਬਣ ਕੇ ਰਹਿ ਗਿਆ ਹੈ ਫਿਰ ਵੀ ਲੋਕ ਮਨਾਂ ਵਿੱਚ ਮਿਲੀ ਹੋਈ ਇਸ ਦੀ ਥਾਂ ਸਮਾਪਤ ਨਹੀਂ ਹੋ ਸਕਦੀ।

ਚਰਖਾ ਭਾਵੇਂ ਸੂਤ ਕੱਤਣ ਦੇ ਕੰਮ ਆਉਂਦਾ ਸੀ ਪਰੰਤੂ ਇਸ ਨਾਲ ਜਿੰਨਾ ਰੋਮਾਂਚ ਜੁੜਿਆ ਹੋਇਆ ਹੈ ਓਨਾ ਸ਼ਾਇਦ ਹੀ ਕਿਸੇ ਹੱਥੀਂ ਕਿਰਤ ਕਰਨ ਵਾਲੀ ਵਸਤੂ ਨਾਲ ਜੁੜਿਆ ਹੋਇਆ ਹੋਵੇ। ਚਰਖਾ ਕੱਤਣ ਲਈ ਤ੍ਰਿੰਞਣ ਜੁੜਿਆ ਕਰਦੀ ਸੀ। ਕੁਆਰੀਆਂ, ਵਿਆਹੀਆਂ, ਅੱਧਖੜ, ਬਜ਼ੁਰਗ ਔਰਤਾਂ, ਪੇਕੇ ਆਈਆਂ ਜਾਂ ਫਿਰ ਨਵ-ਵਿਆਹੀਆਂ ਪਰੰਤੂ ਸਹੁਰੇ ਘਰ ਹੁੰਦੀਆਂ ਇਸ ਤ੍ਰਿੰਞਣ ਵਿੱਚ ਆਪਣਾ ਆਪਣਾ ਦੁੱਖ-ਸੁਖ ਫਰੋਲ ਲੈਂਦੀਆਂ ਸਨ। ਇਸ ਥਾਂ ਨੂੰ ਤੀਆਂ ਵਾਲੀ ਥਾਂ ਨਾਲ ਤੁਲਨਾਇਆ ਜਾ ਸਕਦਾ ਹੈ। ਫਰਕ ਸਿਰਫ ਏਨਾ ਹੈ ਕਿ ਤੀਆਂ ਵਿੱਚ ਕੇਵਲ ਜਵਾਨੀ ਧੜਕਦੀ ਹੁੰਦੀ ‘ਸੀ’ ਜਦੋਂ ਕਿ ਤ੍ਰਿੰਞਣ ਵਿੱਚ ਪੂਰੀ ਜ਼ਿੰਦਗੀ ਦਾ ਤਵਾਜ਼ਨ ਬਣਿਆ ਹੋਇਆ ਹੁੰਦਾ ਸੀ। ਇੱਥੇ ‘ਕੱਤਣੀ ਫਰਾਟੇ ਵੀ ਮਾਰਦੀ’ ਹੁੰਦੀ ਸੀ ਅਤੇ ਦੁੱਖ-ਸੁਖ ਵੀ ਸਾਂਝੇ ਹੁੰਦੇ ਸਨ। ਇੱਥੇ ਜੇਕਰ ‘ਪਹਾੜੋਂ ਜੋਗੀ ਉੱਤਰ ਆਉਂਦਾ’ ਸੀ ਤਾਂ ਉਮਰ ਹੰਢਾਏ ਹੋਣ ਕਰਕੇ ਮੱਤ-ਬੁੱਧ ਵੀ ਦਿੱਤੀ ਜਾਂਦੀ ਸੀ। ਕੁੜੀਆਂ ਕੱਤਰੀਆਂ ਚਰਖੇ ਦੀ ਘੂਕਰ ਵਿੱਚੋਂ ਹੀ ਆਪਣੇ ਮਨ ਦੀਆਂ ਰੀਝਾਂ ਦੀ ਉਧੇੜ ਬੁਣ ਕਰ ਲੈਂਦੀਆਂ ਸਨ ਪਰੰਤੂ ਬਜ਼ੁਰਗ ਔਰਤਾਂ ਉਨ੍ਹਾਂ ਨੂੰ ‘ਸਿਆਣੀਆਂ’ ਬਣਨ ਦਾ ਉਪਦੇਸ਼ ਵੀ ਦੇ ਦਿੰਦੀਆਂ ਸਨ।

ਸਿਖਰ ਦਾ ਰੋਮਾਂਚ ਤਾਂ ਇਹ ਹੈ ਕਿ ਹਾਰੀ ਸਾਰੀ ਕੁੜੀ, ਔਰਤ ਚਰਖੇ ਨੂੰ ਚਲਾ ਨਹੀਂ ਸਕਦੀ ਹੁੰਦੀ ਸੀ। ਇੱਥੇ ਬਾਹਵਾਂ ਦਾ ਬਲ ਵੀ ਲੱਗਿਆ ਕਰਦਾ ਸੀ ਅਤੇ ਸੂਤ ਕੱਤਣ ਲਈ ਸ਼ਿਲਪ ਦੀ ਜਰੂਰਤ ਵੀ ਪੈਂਦੀ ਸੀ। ਪੂਰੇ ਗਲੋਟੇ ਦਾ ਇੱਕੋ ਜਿਹਾ ਸੂਤ, ਨਾ ਕਿਤੋਂ ਮੋਟਾ ਅਤੇ ਨਾ ਕਿਤੋਂ ਪਤਲਾ ਹੋਣਾ ਚਰਖਾ ਚਲਾਉਣ ਵਾਲੀ ਦੇ ਸ਼ਿਲਪ ਦੀ ਨਿਸ਼ਾਨੀ ਹੋਇਆ ਕਰਦਾ ਸੀ। ਧਾਗੇ ਦਾ ਵਾਰ ਵਾਰ ਟੁੱਟਣਾ ਕਿਤੇ ਸ਼ਿਲਪ ਵਿਹੂਣੀ ਔਰਤ ਦੀ ਗੱਲ ਕਰਦਾ ਸੀ ਅਤੇ ਕਿਤੇ ਵਿਯੋਗ ਦੀ ਬਾਤ ਵੀ ਪਾ ਜਾਂਦਾ ਸੀ। ‘ਚਰਖਾ ਮੇਰਾ ਰੰਗਲਾ ਵਿੱਚ ਸੇਨੇ ਦੀਆਂ ਮੇਖਾਂ’ ਕਹਿੰਦਿਆਂ ਵਿਯੋਗਣ ਆਪਣੇ ਪਿਆਰੇ ਨੂੰ ਚਰਖਾ ਕੱਤਣ ਵਿੱਚੋਂ ਹੀ ਮਹਿਸੂਸ ਕਰ ਲੈਂਦੀ ਹੈ। ‘ ਪੂਣੀਆਂ ਮੈਂ ਚਾਰ ਕੱਤੀਆਂ ਟੁੱਟ ਪੈਣੇ ਦਾ ਪੰਦਰਵਾਂ ਗੇੜਾ’ ਵਾਲੇ ਗੀਤ ਵਿੱਚ ਮੁਹੱਬਤ ਵਿਚਲੀ ਤੜਫ ਵਰਗਾ ਸ਼ਾਇਦ ਕੋਈ ਹੋਰ ਤੱਥ ਹੋ ਹੀ ਨਹੀਂ ਸਕਦਾ ਹੈ। ‘ਮੇਰੇ ਚਰਖੇ ਦੀ ਟੁੱਟ ਗਈ ਮਾਲ ਵੇ ਚੰਨ ਕੱਤਾਂ ਕਿ ਨਾ’ ਕਹਿੰਦਿਆਂ ਵਿਯੋਗਣ ਦੀ ਵਸਲ ਦੀ ਤਾਂਘ ਡੁੱਲ੍ਹ ਡੁੱਲ੍ਹ ਪੈਂਦੀ ਹੈ। ਅਸਲ ਵਿੱਚ ਚਰਖੇ ਦੀ ਹੱਥੀ, ਤੱਕਲ਼ਾ, ਬੈੜ, ਮਾਲ, ਤੰਦ ਦਾ ਲੰਮਾ ਹੋਣਾ, ਟੁੱਟ ਜਾਣਾ, ਛਿੱਕੂ ਵਿੱਚ ਪਈਆਂ ਪੂਣੀਆਂ ਦਾ ਸੱਪ ਬਣ ਜਾਣਾ, ਸ਼ੀਸ਼ਿਆਂ ਜੜਿਆ ਚਕਰਾ, ਲੱਠ, ਚਰਖੇ ਵਿਚਲੀਆਂ ਮੇਖਾਂ ਸਾਰੇ ਹੀ ਚਰਖੇ ਦੇ ਰੋਮਾਂਚ ਦੀ ਬਾਤ ਪਾਉਂਦੇ ਰਹਿੰਦੇ ਹਨ।

ਚਰਖੇ ਨਾਲ ਜੁੜੀ ਹੋਈ ਅੰਤਾਂ ਦੀ ਸੂਖਮਤਾ ਵੇਖਣ ਵਾਲੀ ਹੈ :

ਬਾਜ਼ਾਰ ਵਿਕੇਂਦੀ ਬਰਫ਼ੀ
ਮੈਨੂੰ ਲੈ ਦੇ ਨਿੱਕੀ ਜਿਹੀ ਚਰਖੀ
ਦੁੱਖਾਂ ਦੀਆਂ ਪੂਣੀਆਂ ਕੱਤਾਂ।

ਸੂਫ਼ੀਆਂ ਦੇ ‘ਘੁੰਮ ਚਰਖੜਿਆ ਵੇ ਤੈਨੂੰ ਕੱਤਣ ਵਾਲੀ ਜੀਵੇ, ਨਲੀਆਂ ਵੱਟਣ ਵਾਲੀ ਜੀਵੇ ’ ਵਾਲੀ ਹੂਕ ਰੂਹਾਨੀਅਤ ਅਤੇ ਲੋਕਾਈ ਨੂੰ ਮੇਲਦੀ, ਚਰਖਾ ਕੱਤਦੀ ਪੰਜਾਬਣ ਦੇ ਵਸਲ , ਵਿਯੋਗ ਵਿੱਚੋਂ ਮਿਲਦੀ ਹੈ :

ਲੱਠ ਚਰਖੇ ਦੀ ਹਿੱਲਦੀ ਜੁਲਦੀ, ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਹੇਲੀਆਂ ਭਰ ਲਏ ਛਿੱਕੂ, ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ, ਮੇਰਾ ਚਿੱਤ ਪੁੰਨੂੰ ਵੱਲ ਜਾਵੇ।

ਚਰਖਾ ਸੂਫ਼ੀਆਂ ਵਾਲੇ ਇਸ਼ਕ ਦੀ ਬਾਤ ਵੀ ਪਾਉਂਦਾ ਹੈ ਅਤੇ ਇਹ ਇਸ਼ਕ ਹਕੀਕੀ ਤੋਂ ਅੱਗੇ ਇਸ਼ਕ ਮਜਾਜੀ ਤੱਕ ਵੀ ਚਲਾ ਜਾਂਦਾ ਹੈ :

ਕੱਚੀ ਟੁੱਟ ਗਈ ਜਿੰਨ੍ਹਾਂ ਦੀ ਯਾਰੀ , ਤਿੰਞਣਾਂ ’ਚ ਬੈਠ ਰੋਂਦੀਆਂ। ਜਾਂ ਫਿਰ
ਚਰਖੇ ਦੇ ਹਰ ਗੇੜੇ , ਯਾਦ ਆਵੇਂ ਤੂੰ ਮਿੱਤਰਾ । ਜਾਂ ਫਿਰ
ਮੇਰਾ ਚਿੱਤ ਨਾ ਤ੍ਰਿੰਞਣਾਂ ’ਚ ਲੱਗਦਾ, ਮਾਹੀਆ ਬਿਮਾਰ ਪਿਆ। ਜਾਂ ਫਿਰ
ਕੱਚੇ ਯਾਰ ਨੇ ਖਿੱਲਾਂ ਦੀ ਮੁੱਠ ਮਾਰੀ, ਤ੍ਰਿੰਞਣਾਂ ’ਚ ਕੱਤਦੀ ਦੇ।

ਹੇਠ ਲਿਖੀ ਗਿੱਧੇ ਦੀ ਬੋਲੀ ਵਿੱਚ ਚਰਖੇ ਦੇ ਪੂਰੇ ਢਾਂਚੇ ਦਾ ਵੀ ਬਿਆਨ ਕੀਤਾ ਹੈ, ਇਹ ਸਾਰੇ ਅੰਤਾਂ ਦੇ ਰੋਮਾਂਚ ਵੀ ਪੈਦਾ ਕਰਦੇ ਹਨ ਅਤੇ ਅੰਤ ਤੇ ਤੋੜਾ ਝਾੜਦਿਆਂ ਇਸ਼ਕ ਦੇ ਪੂਰੇ ਕਰਨ ਦੀ ਸੱਦ ਵੀ ਦਿੱਤੀ ਗਈ ਹੈ :

ਕਾਰੀਗਰ ਨੂੰ ਦੇਹ ਨੀ ਵਧਾਈ, ਜੀਹਨੇ ਰੰਗਲਾ ਚਰਖਾ ਬਣਾਇਆ
ਵਿੱਚ ਵਿੱਚ ਮੇਖਾਂ ਲਾਈਆਂ ਸੁਨਹਿਰੀ, ਹੀਰਿਆਂ ਜੜਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ, ਤਕਲਾ ਫਿਰੇ ਸਵਾਇਆ
ਕੱਤ ਲੈ ਹੀਰੇ ਨੀ, ਤੇਰਾ ਵਿਆਹ ਭਾਦੋਂ ਦਾ ਆਇਆ।

ਚਰਖਾ ਅਸਲ ਵਿੱਚ ਪੂਰੇ ਮਾਨਵੀ ਰਿਸ਼ਤਿਆਂ ਵਿੱਚ ਪਨਪੀਆਂ ਅਤੇ ਵਿਕਸਤ ਹੋਈਆਂ ਮੋਹ ਦੀਆਂ ਤੰਦਾਂ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਇੱਕ ਪੇਟ ਤੋਂ ਜੰਮੇ ਜਾਏ ਭੈਣ ਭਰਾਵਾਂ ਦਾ ਆਪਸੀ ਮੋਹ ਅੰਤਾਂ ਦਾ ਹੁੰਦਾ ਹੈ। ਭੈਣ ਆਪਣੇ ਭਰਾ ਨੂੰ ਅੱਖਾਂ ਤੋਂ ਓਹਲੇ ਹੋਇਆ ਨਹੀਂ ਜਰਦੀ। ਚਰਖਾ ਭੈਣ ਭਰਾ ਦੇ ਮੋਹ ਦੀ ਬਾਤ ਵੀ ਪਾਉਂਦਾ ਸੀ। ਵਿਆਹ ਉਪਰੰਤ ਸਹੁਰੇ ਘਰ ਬੈਠੀ ਭੈਣ ਨੂੰ ਉਸ ਦਾ ਭਰਾ ਸੌਗਾਤ ਵਜੋਂ , ਆਪਣੇ ਮੋਹ ਦੀ ਨਿਸ਼ਾਨੀ ਚਾਵਾਂ ਰੀਝ ਨਾਲ ਬਣਾਇਆ ਚਰਖਾ ਭੇਜਦਾ ਹੈ ਤਾਂ ਭੈਣ ਆਖਦੀ ਹੈ :

ਵੀਰ ਮੇਰੇ ਨੇ ਚਰਖਾ ਭੇਜਿਆ, ਵਿੱਚ ਲੁਆਈਆਂ ਮੇਖਾਂ
ਮੇਖਾਂ ਤਾਂ ਮੈਂ ਪੱਟ ਪੱਟ ਸੁਟਦੀ , ਵੀਰਨ ਦਾ ਮੂੰਹ ਵੇਖਾ।

ਲੜਕੀ ਦਾ ਵਿਆਹ ਹੋਣ, ਸਹੁਰੇ ਘਰ ਜਾਣਾ ਸਧਾਰਨ ਸਮਾਜਕ ਪ੍ਰਕਿਰਿਆ ਵੀ ਹੈ ਅਤੇ ਇਸ ਵਿੱਚ ਅੰਤਾਂ ਦੀ ਅਸਧਾਰਨਤਾ ਵੀ ਪਾਈ ਜਾਂਦੀ ਹੈ। ਪੰਜਾਬੀ ਸੂਫ਼ੀ ਕਵੀਆਂ ਨੇ ਇਸ ਪ੍ਰਕਿਰਿਆ ਨੂੰ ਮਨੁੱਖ ਦੇ ਇਸ ਸੰਸਾਰ ਵਿੱਚ ਆਉਣ ਅਤੇ ਫਿਰ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਤੁਲਨਾਇਆ ਹੈ। ਚਰਖੇ ਨਾਲ ਜੁੜੀ ਹੋਈ ਇਸ ਸਬੰਧੀ ਵਸਲ ਵਾਲੀ ਬੜੀ ਸੂਖਮ ਹੂਕ ਮਿਲਦੀ ਹੈ :

ਜਿਸ ਪੱਤਣੋਂ ਅੱਜ ਪਾਣੀ ਲੰਘਦਾ, ਫੇਰ ਨਾ ਲੰਘਣਾ ਭਲਕੇ
ਬੇੜੀ ਦਾ ਪੂਰ ਤ੍ਰਿੰਞਣ ਦੀਆਂ ਸਖ਼ੀਆਂ, ਫੇਰ ਨਾ ਬਹਿਣਾ ਰਲ਼ਕੇ।

ਇਹ ਕਿਹਾ ਜਾ ਸਕਦਾ ਹੈ ਕਿ ਚਰਖਾ ਸੰਵੇਦਨਾਵਾਂ ਨਾਲ ਭਰਪੂਰ ਅਤੇ ਇਸ ਵਿੱਚ ਅੰਤਾ ਦੀ ਸੂਖਮਤਾ ਹੋਣ ਕਰਕੇ ਹੀ ਸ਼ਾਇਦ ਸੂਫ਼ੀ ਕਵੀਆਂ ਨੇ ਇਸ ਨੂੰ ਇਸ਼ਕ ਹਕੀਕੀ ਦਾ ਜ਼ਰ੍ਹੀਆ ਬਣਾਇਆ ਹੈ। ਇਹ ਮਾਨਵੀ ਰਿਸ਼ਤਿਆਂ ਵਿਚਲੇ ਅੰਤਾਂ ਦੇ ਰੋਮਾਂਚ ਦੀ ਬਾਤ ਪਾਉਂਦਾ ਹੈ। ਪੰਜਾਬੀ ਲੋਕ ਮਾਨਸਿਕਤਾ ਵਿੱਚ ਇਸ ਦੇ ਹਰੇਕ ਹਿੱਸੇ ਨੂੰ ਰੋਮਾਂਟਿਕਤਾ ਦਾ ਅੰਗ ਮੰਨਿਆ ਹੈ।

ਅੱਜ ਚਰਖਾ ਵੀ ਅਲੋਪ ਹੋ ਰਿਹਾ ਹੈ, ਤ੍ਰਿੰਞਣਾਂ ਵੀ ਸਮਾਪਤ ਹੋ ਗਈਆਂ ਹਨ ਅਤੇ ਚਰਖੇ ਨਾਲ ਜੁੜੀਆਂ ਮੂਖਮਤਾਵਾਂ ਅਤੇ ਸੰਵੇਦਨਾਵਾਂ ਦੀ ਥਾਂ ਪਦਾਰਥਿਕਤਾ ਨੇ ਮੱਲ ਲਈ ਹੈ। ਨਿਰਸੰਦੇਹ ਵਿਗਿਆਨਕ ਪ੍ਰਗਤੀ ਕਾਰਨ ਚਰਖੇ ਦੀ ਸਾਰਥਿਕਤਾ ਖ਼ਤਮ ਹੋ ਗਈ ਹੈ ਪਰੰਤੂ ਇਹ ਮਨੁੱਖੀ ਭਾਵਨਾਵਾਂ ਵੀ ਆਪਣੇ ਨਾਲ ਹੀ ਵਹਾਅ ਕੇ ਲੈ ਗਈ ਹੈ।

No comments: