ਮਾਨਸਿਕ ਅਪਹਰਣ……… ਲੇਖ / ਮੇਜਰ ਮਾਂਗਟ

ਅਜੋਕੇ ਵਿਗਿਆਨਕ ਦੌਰ ਵਿੱਚ ਮਨੁੱਖ ਨੇ ਬੇਹੱਦ ਤਰੱਕੀ ਕੀਤੀ ਹੈ। ਜਿੰਨਾ ਉਸਦਾ ਬਾਹਰੀ ਵਿਅੱਕਤੀਤਵ ਫੈਲ ਕੇ ਕੇ ਸਪੇਸ ਅਤੇ ਚੰਦਰਮਾਂ ਤੱਕ ਜਾ ਪਹੁੰਚਿਆ ਹੈ ਉੱਥੇ ਉਹ ਅੰਦਰੂਨੀ ਤੌਰ ਤੇ ਬੇਹੱਦ ਸੁੰਗੜਿਆ ਵੀ ਹੈ। ਭਾਵੇਂ ਇਹ ਫੈਲਣਾ ਤੇ ਸੁੰਗੜਨਾ ਪ੍ਰਾਕਿਰਤੀ ਦਾ ਨਿਯਮ ਹੈ, ਪਰ ਉਸਦਾ ਕਲਿਆਣਕਾਰੀ ਨਾ ਰਹਿਣਾ ਅਫਸੋਸਜਨਕ ਵਰਤਾਰਾ ਹੈ। ਅੱਜ ਉਹ ਪਹਿਲਾਂ ਦੂਸਰਿਆਂ ਬਾਰੇ ਨਹੀਂ ਆਪਣੇ ਬਾਰੇ ਸੋਚਦਾ ਹੈ। ਉਸਦਾ ਨਿੱਜ ਹਰ ਖੇਤਰ ਵਿੱਚ ਹੀ ਭਾਰੂ ਹੈ। ਇਸ ਨੂੰ ਸੁਆਰਥ ਹੀ ਕਹਿ ਲਉ ਕਿ ਉਹ ਹਰ ਹੀਲੇ ਵਸੀਲੇ ਨਾਲ ਰਾਤੋਂ ਰਾਤ ਅਮੀਰ ਅਤੇ ਸੁਰੱਖਿਤ ਹੋਣਾ ਲੋਚਦਾ ਹੈ।

ਮਨੁੱਖ ਆਪਣੇ ਨਿੱਜੀ ਮੁਫਾਦ ਲਈ ਕੁੱਝ ਵੀ ਕਰ ਸਕਦਾ ਹੈ। ਅੱਜ ਦਾ ਜ਼ਮਾਨਾ ਕਿਸੇ ਨੂੰ ਨਿੱਜੀ ਰੂਪ ਵਿੱਚ ਗ਼ੁਲਾਮ ਬਣਾਕੇ ਕੰਮ ਕਰਵਾਉਣ ਦਾ ਨਹੀ ਬਲਕਿ ਉਸਦਾ ਦਿਮਾਗੀ ਸਟੀਰਿੰਗ ਹੱਥ ਵਿੱਚ ਪਕੜਨ ਦਾ ਹੈ। ਬਰਤਾਨਵੀ ਸਾਮਰਾਜ ਖਤਮ ਹੋਣ ਨਾਲ ਹੀ ਬਸਤੀਵਾਦ ਦਾ ਭਾਵੇਂ ਭੋਗ ਪੈ ਗਿਆ ਸੀ, ਪਰ ਹੁਣ ਪੂੰਜੀਵਾਦ ਸੋਚ ਦਾ ਨਵੀਨੀਕਰਨ ਹੀ ਮਨੁੱਖ ਨੂੰ ਜ਼ਿਹਨੀ ਤੌਰ ਤੇ ਗ਼ੁਲਾਮ ਬਣਾਉਣਾ ਹੈ। ਮਲਟੀਨੈਸ਼ਨਲ ਕੰਪਨੀਆਂ ਉਸਦੇ ਦਿਮਾਗ ਦਾ ਰਿਮੋਟ ਕੰਟਰੋਲ ਆਪਣੇ ਹੱਥ ਲੈ ਲੈਂਦੀਆ ਹਨ ਤੇ ਫੇਰ ਉਹ ਉਸ ਨੂੰ ਆਪਣੀ ਮਰਜੀ ਨਾਲ ਚਲਾਉਂਦੀਆਂ ਹਨ। ਤੇ ਇਸ ਪ੍ਰੋਸੈੱਸ ਵਿੱਚ ਮੀਡੀਆ ਬਹੁਤ ਵੱਡਾ ਯੋਗਦਾਨ ਪਾਉਂਦਾ ਸਰਮਾਏਦਾਰੀ ਦੇ ਹੱਕ ਵਿੱਚ ਭੁਗਤਦਾ ਹੈ। ਜਿਸ ਨੂੰ ਇਹ ਕੰਪਨੀਆਂ ਮਸ਼ਹੂਰੀਆਂ ਦੇ ਪੈਸਿਆਂ ਨਾਲ ਕਾਬੂ ਕਰ ਲੈਂਦੀਆਂ ਹਨ। ਉਹ ਉਹੀ ਕੁੱਝ ਬੋਲਦਾ ਹੈ ਜੋ ਕੰਪਨੀਆਂ ਦੇ ਮਾਲਿਕ ਬੁਲਵਾਉਣਾ ਚਾਹੁੰਦੇ ਨੇ।

ਅਸੁਰੱਖਿਤਾ ਦੇ ਡਰ ਕਾਰਨ ਅਸੀਂ ਨਿੱਜ ਨਾਲ ਨੱਕੋ ਨੱਕ ਭਰ ਗਏ ਹਾਂ ਤੇ ਮੇਰਾ ਘਰ,ਮੇਰੇ ਬੱਚੇ,ਮੇਰੀ ਕਾਰ,ਮੇਰਾ ਟੀ ਵੀ ਮੇਰੀ ਜਾਇਦਾਦ ਮੇਰਾ ਅਹੁਦਾ ਦਾ ਰਾਗ ਹਰ ਸਮੇਂ ਅਲਾਪਦੇ ਰਹਿੰਦੇ ਹਾਂ। ਸਾਨੂੰ ਡਰ ਹੈ ਕਿ ਕਿਸੇ ਨਾ ਕਿਸੇ ਦਿਨ ਸਾਨੂੰ ਨਿਗਲਿਆ ਹੀ ਜਾਣਾ ਹੈ ਤੇ ਨਿੱਗਲਣ ਵਾਲਾ ਕੋਈ ਵੀ ਹੋ ਸਕਦਾ ਹੈ। ਜਿਉਂ ਜਿਉਂ ਇਹ ਡਰ ਵਧਦਾ ਜਾਏਗਾ ਨਿੱਜ ਵੀ ਹੋਰ ਭਾਰੂ ਹੁੰਦਾ ਜਾਇਗਾ। ਕਈ ਵਾਰ ਅਸੀ ਇਸ ਨੂੰ ਅਸਤਿੱਤਵ ਨਾਲ ਪੁਕਾਰ ਕੇ ਅਪਣੇ ਮਨ ਨੂੰ ਬੋਝਲ ਸ਼ਬਦਾਂ ਦੇ ਠੁੱਮਣੇ ਵੀ ਦਿੰਦੇ ਹਾਂ।

ਜਿਵੇਂ ਕੋਈ ਸਾਡੀ ਮਾਨਸਿਕਤਾ ਨੂੰ ਡਰਾਈਵ ਕਰਦਾ ਹੈ ਅਸੀਂ ਦੂਸਰਿਆਂ ਦੀ ਮਾਨਸਿਕਤਾ ਡਰਾਈਵ ਕਰਕੇ ਸਕੂਨ ਭਾਲਦੇ ਹਾਂ। ਇਹ ਕਮਜੋਰ ਮਨੁੱਖ ਦੀ ਨਿਸ਼ਾਨੀ ਵੀ ਹੈ ਕਿ ਉਹ ਕਮਜੋਰ ਨਹੀ ਲੱਗਣਾ ਚਾਹੁੰਦਾ। ਉਹ ਹਮੇਸ਼ਾਂ ਦੂਸਰਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਕੇ ਉਸਦੇ ਬੌਣੇ ਹੋਣ ਦਾ ਕਿਸੇ ਨੂੰ ਪਤਾ ਨਾ ਲੱਗੇ। ਅਜਿਹੇ ਬੰਦੇ ਤੁਹਾਡੇ ਕਾਰ ਦੀ ਸੀਟ ਤੇ ਬੈਠਣ ਸਾਰ ਤੁਹਾਨੂੰ ਡਰਾਈਵ ਕਰਨਾ ਸ਼ੁਰੂ ਕਰ ਦੇਣਗੇ ਕਿ ਏਸ ਲਾਈਨ ਨਹੀਂ ਇਸ ‘ਚ ਚਲਾ। ਸਪੀਡ ਤੇਜ ਜਾਂ ਹੌਲੀ ਕਰ। ਏਧਰੋਂ ਨਹੀਂ ਓਧਰੋਂ ਚੱਲ ਤੇ ਇਉਂ ਨਹੀ ਇਉਂ ਕਰ। ਦੂਸਰੇ ਨੂੰ ਕੰਟਰੋਲ ਕਰਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ। ਉਹ ਪਾਰਟੀਆਂ ਤੇ ਜਾਣਗੇ ਤਾਂ ਆਪਣੀ ਪਸੰਦ ਠੋਕਣਗੇ ਕਿ ਆਹ ਹੀ ਮਿਊਜਿਕ ਚੱਲਣਾ ਚਾਹੀਦਾ। ਮੈਂ ਕਹਿਨਾ ਤਾਂ ਨੱਚੋ ਮੈਂ ਕਹਿਨਾ ਤਾਂ ਬੈਠ ਜਾਉ। ਉਹ ਕਿਸੇ ਨੂੰ ਵੀ ਨਹੀਂ ਸੁਣਦੇ ਸਿਰਫ ਆਪਣੀ ਸੁਣਾਉਂਦੇ ਹਨ। ਖੁਦਗਰਜ਼ੀ ਨਾਲ ਭਰੇ ਹੋਏ ਇਹ ਲੋਕ ਉਹ ਹੀ ਕੁੱਝ ਕਰ ਰਹੇ ਹਨ ਜੋ ਕੁੱਝ ਵੱਡੇ ਮਗਰਮੱਛ ਉਨ੍ਹਾਂ ਤੋਂ ਕਰਵਾ ਰਹੇ ਹਨ। ਅਜਿਹਾ ਸਾਡਾ ਕਿਰਦਾਰ ਕਿਉਂ ਬਣ ਗਿਆ? ਤੁਹਾਡੇ ਘਰਾਂ ਵਿੱਚ 52-52 ਇੰਚ ਐੱਚ ਡੀ ਟੀ ਵੀ ਕੌਣ ਲੈ ਕੇ ਆਇਆ ਤੁਹਾਨੂੰ ਤਾਂ ਟੀ ਵੀ ਵੇਖਣ ਦਾ ਹੀ ਟਾਈਮ ਨਹੀ। ਤੁਸੀਂ ਸਾਰੀਆਂ ਸੁੱਖ ਸਹੂਲਤਾਂ ਤੇ ਬਰੈਂਡ ਨੇਮ ਇਕੱਠੇ ਕਰ ਲਏ ਜਿਨਾਂ ਦੀ ਨਾ ਤਾਂ ਤੁਹਾਨੂੰ ਜਰੂਰਤ ਹੈ ਤੇ ਨਾਂ ਹੀ ਇਨ੍ਹਾਂ ਨੂੰ ਮਾਨਣ ਦਾ ਸਮਾਂ ਹੈ। ਤੁਹਾਡੇ ਕਰੈਡਿਟ ਕਾਰਡ ਭਰ ਚੁੱਕੇ ਨੇ। ਤੁਸੀਂ ਜਿੰਨਾ ਕਮਾਉਂਦੇ ਹੋ ਬਿੱਲਾਂ ਕਾਰਡਾਂ ਦੇ ਢਿੱਡ ‘ਚ ਜਾ ਵੜਦਾ ਹੈ। ਅਜਿਹਾ ਤੁਹਾਡੇ ਤੋਂ ਅਚੇਤ ਹੀ ਕੌਣ ਕਰਵਾ ਰਿਹਾ ਹੈ? ਕਦੇ ਸੋਚਿਆ ਹੈ?ਜਰੂਰ ਕੋਈ ਤਾਕਤ ਕਠਪੁਤਲੀਆਂ ਦਾ ਨਾਚ ਨਾਚ ਰਹੀ ਹੈ।

ਤੁਹਾਡੇ ਬੱਚੇ ਤੁਹਾਡੇ ਤੋਂ ਵੱਧ ਇਲੈਕਟ੍ਰਿਕ ਉਪਕਰਨਾਂ ਨਾਲ ਸਮਾਂ ਗੁਜਾਰਦੇ ਨੇ। ਉਨ੍ਹਾਂ ਦਾ ਤੁਹਾਡੇ ਨਾਲ ਰਿਸ਼ਤਾ ਲੋੜਾਂ ਪੂਰੀਆਂ ਕਰਨ ਤੱਕ ਰਹਿ ਗਿਆ ਹੈ। ਤੁਹਾਡੇ ਕੋਲ ਇਸ ਲਈ ਸਮਾਂ ਨਹੀਂ ਕਿ ਤੁਸੀਂ ਲੋੜਾਂ ਪੂਰੀਆਂ ਕਰਨ ਖਾਤਰ ਦਿਨ ਰਾਤ ਕੰਮਾਂ ਤੇ ਮਰਦੇ ਹੋ। ਬੱਚਿਆਂ ਨੂੰ ਇਸ ਲਈ ਸਮਾਂ ਨਹੀ ਕਿ ਉਨ੍ਹਾਂ ਟੀ ਵੀ ਦੇ ਮਸ਼ਹੂਰ ਸ਼ੋਅ ਦੇਖਣੇ ਹੁੰਦੇ ਨੇ। ਵੀਡੀਉ ਗੇਮਾਂ ਖੇਡਣੀਆਂ ਹੁੰਦੀਆਂ ਨੇ,ਫੋਨ ਜਾਂ ਕੰਮਪਿਊਟਰ ਤੇ ਰਹਿਣਾ ਹੁੰਦਾ। ਆਪਣੇ ਆਪ ਨੂੰ ਅੱਪਡੇਟ ਰੱਖਣਾ ਹੁੰਦਾ। ਇਹ ਸਾਰਾ ਕੁੱਝ ਨਵੀਆਂ ਨਵੀਆਂ ਗੇਮਾਂ,ਬਰੈਂਡ ਨੇਮ ਕੱਪੜੇ ਜਾਂ ਕਰੇਜ ਆਪਣੇ ਆਪ ਹੀ ਨਹੀਂ ਆ ਰਿਹਾ ਕੋਈ ਲਿਆ ਰਿਹਾ ਹੈ ਤੇ ਬੜੀ ਚਲਾਕੀ ਨਾਲ ਤੁਹਾਡੀ ਮਾਨਸਿਕਤਾ ਨੂੰ ਕਾਬੂ ਕਰਕੇ ਤੁਹਾਡੀ ਕਮਾਈ ਨਾਲ ਆਪਣੇ ਖਜਾਨੇ ਭਰ ਰਿਹਾ ਹੈ।

ਰੇਡੀਉ ਟੀ ਵੀ ਤੇ ਵਾਰ ਵਾਰ ਆ ਰਹੀ ਐਡਵਰਟਾਈਜਮੈਂਟ ਕਦੋਂ ਤੁਹਾਡੀ ਮਾਨਸਿਕਤਾ ਨੂੰ ਉਂਗਲ ਲਾ ਤੁਰਦੀ ਹੈ ਤੁਹਾਨੂੰ ਪਤਾ ਵੀ ਨਹੀ ਲੱਗਦਾ। ਤੁਸੀਂ ਕਿਵੇਂ ਰਹਿਣਾ ਹੈ ਕਿਵੇਂ ਖਾਣਾ ਹੈ, ਕੀ ਪਹਿਨਣਾ ਹੈ ਤੁਹਾਨੂੰ ਐਡਵਰਟਾਈਜਮੈਂਟ ਦੱਸਦੀ ਹੈ। ਅੱਜ ਕੱਲ ਮਨੁੱਖ ਤਾਂ ਆਪਣਾ ਦਿਮਾਗ ਕਦੇ ਘੱਟ ਹੀ ਵਰਤਦਾ ਹੈ। ਉਸਦਾ ਬਰੇਨਵਾਸ਼ ਇਕੱਲੀਆਂ ਮੁਨਾਫਖੋਰ ਕੰਪਨੀਆਂ ਹੀ ਨਹੀਂ ਕਰਦੀਆਂ ਬਲਕਿ ਧਾਰਮਿਕ ਅਦਾਰੇ,ਅਖੌਤੀ ਸੰਤ ਮਹਾਤਮਾਂ,ਹੱਥ ਵੇਖਣ ਵਾਲੇ,ਜੋਤਸ਼ੀ,ਸਿਹਤ ਦਾ ਡਰਾਵਾ ਦੇ ਕੇ ਦਵਾਈਆਂ ਵੇਚਣ ਵਾਲੇ,ਹਰਬਲ ਪ੍ਰੋਡਕਟ ਵੇਚਣ ਵਾਲੇ,ਕਾਮ ਸ਼ਕਤੀ ਵਧਾਉਣ ਤੇ ਗੁਪਤ ਰੋਗ ਹਟਾਉਣ ਵਾਲੇ ਸਭ ਉਸਨੂੰ ਬੇਫਕੂਫ ਬਣਾ ਰਹੇ ਹਨ। ਸਮਾਧੀਆਂ ਤੇ ਯੋਗਾ ਵੇਚਿਆ ਜਾ ਰਿਹਾ, ਤੰਦਰੁਸਤੀ ਵੇਚੀ ਜਾ ਰਹੀ ਹੈ, ਫੋਕਾ ਪਾਣੀ ਵੇਚਿਆ ਜਾ ਰਿਹਾ ਕਿਉਂਕਿ ਮਨੁੱਖ ਦੇ ਆਪਣੇ ਦਿਮਾਗ ਨੇ ਤਾਂ ਕੰਮ ਕਰਨਾ ਛੱਡ ਦਿੱਤਾ ਹੈ। ਹੁਣ ਉਸਦੇ ਦਿਮਾਗ ਨੂੰ ਘਰ ਘਰ ਵਿਛੀਆਂ ਕੇਬਲਾਂ (ਤਾਰਾਂ) ਚਲਾਉਂਦੀਆਂ ਹਨ। ਉਹ ਸਟੋਰਾਂ ਵਿੱਚ ਜਾ ਉਹ ਹੀ ਕੁੱਝ ਖਰੀਦਦਾ ਹੈ ਜੋ ਉਸ ਨੂੰ ਦੱਸਿਆ ਜਾਂਦਾ ਹੈ।

ਇਹ ਹੈਰੀ ਪੌਟਰ,ਬਾਰਵੀ ਡੌਲ,ਸੁਪਰਮੈਨ ,ਸਪਾਈਡਰਮੈਨ ਕਿਸ ਨੇ ਤੁਹਾਡੇ ਬੱਚਿਆਂ ਦੇ ਸਿਰ ਵਿੱਚ ਭਰ ਦਿੱਤੇ ਜੋ ਇਨ੍ਹਾਂ ਨੂੰ ਤਾਂ ਨਾਇਕ ਸਮਝਣ ਲੱਗ ਪਰ ਜ਼ਿੰਦਗੀ ਦੇ ਅਸਲ ਹੀਰੋ ਪਿੱਛੇ ਰਹਿ ਗਏ। ਉਹ ਤੁਹਾਡੀ ਬੋਲੀ ਸੱਭਿਆਚਾਰ ਸਭ ਕੁੱਝ ਛੱਡ ਛਡਾ ਕਿਸੇ ਹੋਰ ਹੀ ਦੁਨੀਆਂ ਵਿੱਚ ਗੁਆਚ ਗਏ ਜਿੱਥੋਂ ਪਰਤ ਕੇ ਆਉਣਾ ਬਹੁਤ ਮੁਸ਼ਕਲ ਹੈ। ਸਟੋਰਾਂ ‘ਚ ਉਹ ਤੁਹਾਡੀ ਗੱਲ ਨਹੀਂ ਸੁਣਨਗੇ ਬਲਕਿ ਜੋ ਉਨ੍ਹਾਂ ਦੇ ਦਿਮਾਗ ਵਿੱਚ ਟੀ ਵੀ ਚੈਨਲਾ ਨੇ ਭਰਿਆ ਹੈ ਉਸੇ ਦੀ ਮੰਗ ਕਰਨਗੇ। ਕੌਣ ਹੈ ਜੋ ਸਾਡੀ ਮੌਲਿਕਤਾ ਨੂੰ ਨਿਘਾਰ ਗਿਆ ਹੈ?

ਜਗੀਰਦਾਰੀ ਜੁੱਗ ਵਿੱਚ ਮਨੁੱਖ ਦਾ ਨਿੱਜ ਉਸਦੀ ਹਾਉਮੇ ਵਿੱਚ ਪ੍ਰਗਟ ਹੁੰਦਾ ਸੀ। ਉਦੋਂ ਉਹ ਕਬਜੇ ਦੀ ਭਾਵਨਾ ਅਧੀਨ ਮਨੁੱਖੀ ਰਿਸ਼ਤਿਆਂ ਨੂੰ ਡਰਾਈਵ ਕਰਦਾ ਸੀ। ਉਹ ਚਾਹੁੰਦਾ ਸੀ ਕਿ ਜੋ ਮੈਂ ਕਹਾਂ ਉਹ ਹੀ ਹੋਵੇ। ਮੇਰੀ ਪਤਨੀ,ਮੇਰੇ ਬੱਚੇ,ਮੇਰੀ ਭੈਣ,ਮੇਰੀ ਮਾਂ,ਮੇਰੀ ਧੀ ਸਭ ਮੇਰੇ ਅਨੁਸਾਰ ਮੇਰੇ ਹੁਕਮ ਵਚ ਚੱਲਣ। ਉਦੋਂ ਰਿਸ਼ਤਿਆਂ ਅਤੇ ਜਾਇਦਾਦ ਵਿੱਚ ਉਸ ਨੂੰ ਫਰਕ ਨਹੀਂ ਸੀ ਜਾਪਦਾ,ਉਹ ਦੋਹਾਂ ਤੇ ਕਬਜਾ ਰੱਖਣਾ ਚਾਹੁੰਦਾ ਸੀ। ਤੇ ਰਿਸ਼ਤਿਆਂ ਦਾ ਆਪਣੇ ਨਿੱਜ ਨੂੰ ਮਾਰਕੇ ਆਗਿਆਕਾਰੀ ਹੋਣਾ ਹੀ ਇਹਨਾਂ ਦੀ ਖੂਬਸੂਰਤੀ ਸੀ। ਪਰ ਇਹ ਦੌਰ ਖਤਮ ਹੋ ਗਿਆ ਹੈ।

ਹੁਣ ਮਨੁੱਖ ਦੀ ਕਮਾਂਡ ਪੂੰਜੀਵਾਦ ਦੇ ਹੱਥ ਆ ਗਈ ਹੈ। ਬੱਚੇ ਉਹ ਹੀ ਕਰਦੇ ਨੇ ਜੋ ਉਨ੍ਹਾਂ ਦੀ ਮਰਜੀ ਹੈ। ਮਰਜੀ ਦਾ ਪਹਿਨਣਾ,ਖਾਣਾ ਅਤੇ ਵਿਆਹ ਕਰਵਾਉਣੇ ਆਮ ਪ੍ਰਚੱਲਨ ਬਣ ਗਿਆ ਹੈ। ਔਰਤ ਮਰਦ ਦੇ ਪੈਰ ਦੀ ਜੁੱਤੀ ਨਹੀਂ ਰਹੀ ਉਹ ਵੀ ਬਰਾਬਰ ਦਾ ਕਮਾਉਂਦੀ ਹੈ। ਪੂੰਜੀਪਤੀ ਲਈ ਦੋਨੋ ਬਰਾਬਰ ਦੇ ਟੂਲ ਹਨ ਸੋ ਉਹ ਉਨ੍ਹਾਂ ਨੂੰ ਬਰਾਬਰ ਅਧਿਕਾਰ ਦਿੰਦਾ ਹੈ। ਰਿਸ਼ਤੇ ਪੂੰਜੀ ਤੇ ਅਧਾਰਤ ਹਨ ਤੇ ਇਹ ਰਿਸ਼ਤੇ ਵੀ ਪੂੰਜੀਪਤੀ ਹੀ ਪੈਦਾ ਕਰਦਾ ਹੈ ਜੋ ਪੂੰਜੀ ਨਾਲ ਹੀ ਨਾਪੇ ਤੋਲੇ ਜਾਂਦੇ ਹਨ। ਰਿਸ਼ਤਿਆਂ ਦੀ ਭੰਨ ਤੋੜ ਉਸ ਨੇ ਬੜੀ ਹੁਸ਼ਿਆਰੀ ਨਾਲ ਕੀਤੀ ਹੈ। ਪਿਉ ਧੀ,ਮਾਂ ਪੁੱਤ,ਭੈਣ ਭਰਾ ਦੁਆਲੇ ਅਜਿਹਾ ਜਾਲ ਬੁਣਿਆਂ ਕਿ ਉਨ੍ਹਾ ਨੂੰ ਨਾ ਰਿਸ਼ਤਿਆਂ ਦੀ ਪਹਿਚਾਣ ਰਹੀ ਤੇ ਨਾ ਕੋਈ ਸ਼ਰਮ ਹਿਯਾ ਰਹੀ। ਸਾਰੇ ਕਠਪੁਤਲੀਆਂ ਬਣ ਗਏ।

ਇੰਡਸਟਰੀ ਦੇ ਫੈਲਾਅ ਨਾਲ ਮਨੁੱਖਤਾ ਦਾ ਮਸ਼ੀਨੀਕਰਨ ਹੋ ਗਿਆ। ਪਰ ਮਨੁੱਖ ਰੂਪੀ ਮਸ਼ੀਨ ਨੂੰ ਚਲਾਉਣ ਵਾਲਾ ਅਪਰੇਟਰ ਕਿਸੇ ਨੂੰ ਨਜ਼ਰ ਨਹੀਂ ਆਂਉਦਾ। ਮਨੁੱਖ ਬਿਨਾ ਕਹੇ ਹੀ ਦੌੜ ਰਿਹਾ ਹੈ ਹਫ ਰਿਹਾ ਹੈ ਤੇ ਮੌਤ ਦੇ ਮੂੰਹ ਵਿੱਚ ਪੈ ਰਿਹਾ ਹੈ। ਉਨ੍ਹਾਂ ਨੇ ਤੁਹਾਡੇ ਦੁਆਲੇ ਦੁਨੀਆਂ ਹੀ ਅਜਿਹੀ ਸਿਰਜ ਦਿੱਤੀ ਹੈ। ਇਹ ਕਰੈਡਿਟ ਕਾਰਡ,ਬਿੱਲ,ਘਰਾਂ ਦੀ ਮਾਰਗੇਜ,ਕਿਸ਼ਤਾਂ,ਦਿਖਾਵਾ,ਪੈਦਾ ਕੀਤੀਆਂ ਗਈਆਂ ਵਾਧੂ ਲੋੜਾਂ ਤੁਹਾਨੂੰ ਟਿੱਕ ਕੇ ਬੈਠਣ ਹੀ ਨਹੀ ਦਿੰਦੀਆਂ।

ਮਾਂ ਬਾਪ ਤੇ ਬੱਚਿਆਂ ਦਾ ਦੁੱਖ ਸੁਣਨ ਲਈ ਅੱਜ ਦੇ ਮਨੁੱਖ ਕੋਲ ਵਿਹਲ ਹੀ ਕਿੱਥੇ ਹੈ। ਉਹ ਕੁਦਰਤ ਨਾਲੋਂ ਟੁੱਟ ਗਿਆ ਹੈ। ਉਸ ਦਾ ਰਹਿਣ ਸਹਿਣ,ਖਾਣ ਪਹਿਨਣ ਸਭ ਕੁੱਝ ਬਨਾਉਟੀ ਹੋ ਗਿਆ ਹੈ। ਮਣਾ ਮੂੰਹੀ ਜੰਕ ਫੂਡ ਰੋਜ ਉਸਦੇ ਮੂੰਹ ਵਿੱਚ ਤੁੰਨਿਆ ਜਾ ਰਿਹਾ ਹੈ। ਉਹ ਓਵਰ ਵੇਟ ਹੋਣ ਦੇ ਨਾਲ ਨਾਲ ਬਲੱਡ ਪ੍ਰੈਸ਼ਰ,ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ। ਨਹੀਂ ਹੋਵੇਗਾ ਤਾਂ ਡਰੱਗ ਮਾਫੀਆ ਆਪਣੀਆਂ ਦਵਾਈਆਂ ਕਿਸ ਨੂੰ ਵੇਚੇਗਾ। ਹਰ ਚਲਾਕ ਬੰਦਾ ਮਨੁੱਖਤਾ ਰੂਪੀ ਮੁਰਗ਼ੀ ਨੂੰ ਹਲਾਲ ਕਰਨ ਵਿੱਚ ਜੁੱਟਿਆਂ ਹੋਇਆ ਹੈ।

ਧਰਮ,ਅਰਥ,ਕਾਮ ਮੋਕਸ਼ ਮਨੁੱਖ ਦੀਆਂ ਅਹਿਮ ਕਮਜੋਰੀਆਂ ਨੇ। ਮੁਨਾਫਾਖੋਰ ਇੱਹ ਗੱਲ ਭਲੀ ਭਾਂਤ ਜਾਣਦੇ ਨੇ। ਥਾਂ ਥਾਂ ਸਮਾਧੀਆਂ ਵੇਚਣ ਵਾਲੇ,ਗੁਰੂ ਦੇ ਲੜ ਲਾਉੇਣ ਦਾ ਝਾਂਸਾ ਦੇਣ ਵਾਲੇ,ਯੋਗਾ ਵੇਚਣ ਵਾਲੇ,ਜੋਤਿਸ਼ ਨਾਲ ਸੁੱਖ ਅਰਾਮ ਦੇਣ ਵਾਲੇ ਤੇ ਦੁੱਖਾਂ ਤੋਂ ਮੁਕਤੀ ਦਵਾਉਣ ਵਾਲੇ,ਹਰਬਲ ਦਵਾਈਆਂ ਨਾਲ ਤੰਦਰੁਸਤੀ ਕਾਇਮ ਕਰਨ ਵਾਲੇ,ਕਾਮ ਸ਼ਕਤੀ ਵਧਾਉਣ ਤੇ ਗੁਪਤ ਰੋਗ ਹਟਾਉਣ ਵਾਲੇ,ਬਿਊਟੀ ਤੇ ਮਸਾਜ ਪਾਰਲਲ ਚਲਾਉਣ ਵਾਲੇ ਅਤੇ ਉੱਚੀਆਂ ਵਿਆਜ ਦਰਾਂ ਤੇ ਕਰਜੇ ਦੁਆ ਜੇਬਾਂ ਭਰਨ ਵਾਲੇ ਐਵੇਂ ਨਹੀਂ ਖੁੰਭਾ ਵਾਂਗੂੰ ਉੱਗ ਆਏ। ਇਸ ਮਨੀ ਮਾਫੀਏ ਨੇ ਪੂਰੇ ਸੰਸਾਰ ਵਿੱਚ ਆਪਣਾ ਤੰਦੂਆ ਜਾਲ਼ ਫੈਲਾ ਰੱਖਿਆਂ ਹੈ। ਡਾਂਸ ਬਾਰਾਂ,ਨਾਈਟ ਕਲੱਬਾਂ ਖੁੱਲੇ ਕਾਮ ਸਬੰਧ ਅਤੇ ਡਰੱਗ ਦਾ ਵਪਾਰ ਅੱਜ ਹਰ ਪਾਸੇ ਹੀ ਪੈਰ ਪਸਾਰ ਰਿਹਾ ਹੈ। ਇਸੇ ਤਰ੍ਹਾਂ ਜਿੱਮ ਤੇ ਯੋਗਾ ਕੇਂਦਰ ਵੀ ਫੈਲ ਰਹੇ ਹਨ। ਉਹ ਮਨੁੱਖ ਨੂੰ ਕਿਸੇ ਪਾਸਿਉਂ ਵੀ ਬਖਸ਼ਣਾ ਨਹੀਂ ਚਾਹੁੰਦੇ। ਆਖਿਰ ਜੀਊਂਦੇ ਇਨਸਾਨ ਦੀ ਕੋਈ ਤਾਂ ਕਮਜੋਰੀ ਹੋਵੇਗੀ ਹੀ ਜਿਸ ਦਾ ਫਾਇਦਾ ਉਠਾ ਉਸ ਦੀਆਂ ਜੁੱਤੀਆਂ ਉਸੇ ਦੇ ਸਿਰ ਮਾਰ ਕੇ ਉਸ ਨੂੰ ਲੁੱਟਿਆ ਜਾ ਸਕਦਾ ਹੈ।

ਏਹੋ ਜਿਹਾ ਮਾਨਸਿਕ ਅਪਹਰਣ ਰਾਜਨੀਤਿਕ ਲੋਕ ਵੀ ਕਰਦੇ ਹਨ ਜੋ ਜੰਤਾ ਨੂੰ ਝੂਠੇ ਲਾਰੇ ਦੇ ਦੇ ਲੁੱਟਦੇ ਹਨ। ਸਹੂਲਤਾਂ ਦਾ ਲੌਲੀਪੌਪ ਉਸਦੇ ਮੂੰਹ ਵਿੱਚ ਬੜੀ ਬੇਸ਼ਰਮੀ ਨਾਲ ਉਸਦੀ ਜੇਬ ਕੱਟੀ ਜਾਂਦੀ ਹੈ। ਸਕੂਲਾਂ ਹਸਪਤਾਲਾਂ ਤੇ ਸੜਕਾਂ ਦੇ ਟੈਂਡਰ ਵੇਚੇ ਜਾਂਦੇ ਨੇ,ਦਾਖਲੇ ਵੇਚੇ ਜਾਂਦੇ ਨੇ ਫੇਰ ਇੱਟਾਂ ਬਜਰੀ ਲੋਹਾ ਸੀਮਿੰਟ ਖਾਣ ਦੇ ਨਾਲ ਨਾਲ ਵੱਡੇ ਕਮਿਸ਼ਨ ਬਟੋਰੇ ਜਾਂਦੇ ਨੇ ਤੇ ਲੋਕਾਂ ਨੂੰ ਉੱਲੂ ਬਣਾਇਆ ਜਾਂਦਾ ਹੈ। ਏਹੋ ਜਿਹੇ ਘਪਲੇ,ਸਕੈਂਡਲ ਗੁਰੂ ਘਰਾਂ ਤੋਂ ਲੈ ਕੇ ਪਾਰਲੀਮੈਂਟ ਹਾਊਸਾਂ ਤੱਕ ਫੈਲੇ ਹੋਏ ਹਨ। ਆਪਣੇ ਆਪ ਨੂੰ ਸੇਵਾਦਾਰ ਕਹਾਉਣ ਵਾਲੇ ਅਸਲ ਵਿੱਚ ਝਾੜੂ ਫੇਰਨ ਵਾਲੇ ਨਹੀਂ ਹੂੰਝਾ ਫੇਰਨ ਵਾਲੇ ਹਨ।

ਹਰ ਸੇਵਾ ਜਾਂ ਚਾਪਲੂਸੀ ਪਿੱਛੇ ਕੋਈ ਨਾ ਕੋਈ ਮੁਫਾਦ ਛੁਪਿਆ ਹੋਇਆ ਹੈ। ਸਿਤਮ ਜਰੀਫੀ ਤਾਂ ਇਹ ਹੈ ਕਿ ਕਿ ਇਹ ਮੁਨਾਫਾਖੋਰ, ਭਾਵੇਂ ਵਕੀਲ ਹੋਣ, ਡਾਕਟਰ ਹੋਣ, ਨੇਤਾ ਜਾਂ ਅਭਿਨੇਤਾ ਹੋਣ, ਟੀ ਵੀ ਚੈਨਲਾ ਵਾਲੇ ਹੋਣ; ਪ੍ਰੋਗਰਾਮਾਂ ਦੇ ਸੰਚਾਲਕ ਹੋਣ ਜੋ ਕਦੇ ਪੈਸੇ ਬਿਨਾਂ ਡਿੰਘ ਵੀ ਨਹੀਂ ਪੁੱਟਦੇ ਬੜੀ ਬੇਸ਼ਰਮੀ ਨਾਲ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਦੱਸਦੇ ਹਨ, ਜਦੋਂ ਕਿ ਉਹ ਵਪਾਰ ਕਰ ਰਹੇ ਹੁੰਦੇ ਨੇ।ਅੱਜ ਕੱਲ ਲੱਚਰ ਗਾਉਣ ਵਾਲੇ, ਮਾਰਟਗੇਜਾਂ ਵੇਚਣ ਵਾਲੇ, ਇਮੀਗਰੇਸ਼ਸ਼ਨ ਕੰਨਸਲਟੈਂਟ, ਰੀਅਲ ਸਟੇਟ ਏਜੰਟ, ਕਨਸਟਰੱਕਸ਼ਨ ਕਰਨ ਵਾਲੇ ਜਾਂ ਮਕੈਨਿਕ ਵੀ ਆਪਣੇ ਆਪ ਨੂੰ ਜੰਤਾ ਦੇ ਸੇਵਾਦਾਰ ਦੱਸ ਰਹੇ ਨੇ। ਸੇਵਾ ਤਾਂ ਨਿਸ਼ਕਾਮ ਹੁੰਦੀ ਬਿਨਾ ਪੈਸਾ ਲਏ ਕਿਸੇ ਦੇ ਕੰਮ ਆ ਸਕਣਾ। ਪਰ ਜਿਨਾਂ ਦਾ ਧਰਮ ਹੀ ਪੈਸਾ ਹੈ ਉਹ ਸੇਵਾਦਾਰ ਕਿਵੇਂ ਹੋਏ?

ਮਾਨਸਿਕ ਅਪਹਰਣ ਅੱਜ ਕੱਲ ਟੈਲੀਵੀਯਨ ਸੀਰੀਅਲਾਂ ਰਾਹੀ ਵੀ ਕੀਤਾ ਜਾ ਰਿਹਾ ਹੈ। ਮਾਪੇ ਆਪਣੇ ਹੀ ਧੀਆਂ ਪੁੱਤਾਂ ਨੂੰਹਾਂ ‘ਚ ਲੜਾਈ ਪਾ ਅਨੰਦ ਲੈ ਰਹੇ ਹਨ। ਆਪਣੇ ਸੱਸ ਸਹੁਰੇ ਦਾ ਕਿਸੇ ਨੂੰ ਖਿਆਲ ਹੋਵੇ ਜਾ ਨਾ ਹੋਵੇ ਲੇਕਿਨ ਟੀ ਵੀ ਸੀਰੀਅਲ ਵਿੱਚਲੇ ਸੱਸ ਸਹੁਰੇ ਦਾ ਬੇਹੱਦ ਫਿਕਰ ਰਹਿੰਦਾ ਹੈ। ਔਰਤਾਂ ਫੋਨ ਦੇ ਇੱਕ ਦੂਜੇ ਨੂੰ ਪੁੱਛਦੀਆਂ ਨੇ ‘ਨੀ ਕਭੀ ਸਾਸ ਕਭੀ ਬਹੂ ਵਾਲੀ ਸੱਸ ਹੱਸਪਤਾਲੋਂ ਆ ਗੀ ਕਿ ਨਹੀ? ਮੇਰਾ ਤਾਂ ਰਾਤ ਮਿੱਸ ਹੋ ਗਿਆ ਹੋ ਗਿਆ ਭੈਣੇ ਸਾਰੀ ਰਾਤ ਨੀਂਦ ਨਹੀਂ ਆਈ’। ਕਈ ਧੀ ਜੁਆਈ ਵਿੱਚ ਫਰਕ ਪੁਆ ਧੀ ਤੋਂ ਆਪਣੇ ਕੰਮ ਕਢਵਾਉਂਦੇ ਰਹਿੰਦੇ ਹਨ। ਉਂਝ ਧੀਆਂ ਨੂੰ ਕੁੱਖ ਵਿੱਚ ਮਾਰਿਆ ਵੀ ਜਾ ਰਿਹਾ ਹੈ। ਕਨੇਡਾ ਜਾਣ ਲਈ ਪੌੜੀਆਂ ਵੀ ਬਣਾਈਆਂ ਜਾਂਦੀਆਂ ਨੇ।

ਹੋਰ ਤਾਂ ਹੋਰ ਚਿਮਟਿਆਂ ਵਾਲੇ ਬਾਬੇ ਤੇ ਅਖੌਤੀ ਪ੍ਰਚਾਰਕ ਮੁਕਤੀ ਦਾ ਝਾਂਸਾ ਦੇ ਮਨਘੜੰਤ ਝੂਠੀਆਂ ਕਰਮਾਤਾਂ ਭਰੀਆਂ ਕਹਾਣੀਆਂ ਸੁਣਾ ਸੁਣਾ ਲੋਕਾਂ ਦਾ ਬਰੇਨ ਵਾਸ਼ ਕਰਨ ਵਿੱਚ ਲੱਗੇ ਹੋਏ ਨੇ। ਉਨਾਂ ਨੂ ਪੁੱਛਣ ਵਾਲਾ ਵੀ ਕੋਈ ਨਹੀਂ ਜਿਨਾਂ ਹਿਸਟਰੀ ਦਾ ਸੱਤਿਆਨਾਸ ਕਰ ਛੱਡਿਆਂ ਹੈ। ਉੱਥੇ ਜਾਕੇ ਤਾਂ ਮੀਡੀਏ ਵਾਲੇ ਕਾਗ਼ਜੀ ਸ਼ੇਰ ਵੀ ਪੂਛ ਮਰੋੜ ਦੁਬਕ ਕੇ ਭਿੱਜੀ ਬਿੱਲੀ ਬਣ ਜਾਂਦੇ ਨੇ। ਤਾਂ ਹੀ ਇਹ ਬਾਬੇ ਰਾਜਿਆਂ ਮਹਾਰਾਜਿਆਂ ਵਾਂਗੂੰ ਸ਼ਾਨੋ ਸ਼ੌਕਤ ਨਾਲ ਰਹਿੰਦੇ ਨੇ।ਡੇਰਿਆਂ ਵਿੱਚ ਕਾਮ ਕ੍ਰੀੜਾ ਕਰਦੇ ਅਤੇ ਸਵਰਗ ਭੋਗਦੇ ਨੇ।

ਆਪਣੀ ਸਲਤਨਤ ਕਾਇਮ ਰੱਖਣ ਇਹ ਬਾਬੇ ਕਿਸੇ ਨੂੰ ਨੋਟਾਂ ਦੀ ਤੇ ਕਿਸੇ ਵੋਟਾਂ ਦੀ ਬੁਰਕੀ ਸੁੱਟਦੇ ਨੇ।ਜੋ ਲੋਕਾਂ ਨੂੰ ਮਾਇਆ ਨਾਗਣੀ,ਅਟੱਲ ਮੌਤ,ਤਿਆਗ ਤੇ ਸੇਵਾ ਦਾ ਸੰਦੇਸ਼ ਦਿੰਦੇ ਨੇ ਪਰ ਇਨ੍ਹਾਂ ਦੀਆਂ ਲਾਲਸਾਵਾਂ ਨਜਾਇਜ ਕਬਜੇ ਸਿਰ ਚੜਕੇ ਬੋਲਦੇ ਨੇ। ਬੰਦੂਕਾਂ ਦੀ ਛਤਰ ਛਾਇਆ ਹੇਠ ਰਹਿਣ ਵਾਲੇ ਮਾਇਆ ਨਾਲ ਭਰੀਆਂ ਗੋਲਕਾਂ ਤੇ ਸੱਪ ਬਣਕੇ ਮੇਹਲਦੇ ਰਹਿੰਦੇ ਨੇ। ਨਾ ਕਦੇ ਇਨ੍ਹਾ ਪੰਕਤ ਵਿੱਚ ਬੈਠ ਲੰਗਰ ਛਕਿਆ ਹੋਊ ਤੇ ਨਾ ਭਾਂਡੇ ਮਾਂਜੇ ਹੋਣਗੇ।ਕਹਿੰਦੇ ਨੇ ‘ਹਾਥੀ ਕੇ ਦਾਂਤ ਖਾਨੇ ਔਰ ਦਿਖਾਨੇ ਔਰ’। ਪਰ ਅਗਿਆਨ ਦੀ ਵਜਾ ਕਰਕੇ ਇਹ ਸਾਨੂੰ ਨਜ਼ਰ ਹੀ ਨਹੀਂ ਆਂਉਦੇ।

ਇਨ੍ਹਾਂ ਲੋਕਾਂ ਨੇ ਮਿਲ ਕੇ ਸਧਾਰਨ ਜੰਤਾ ਨੂੰ ਦਿਮਾਗੀ ਤੌਰ ਤੇ ਨਿਕਾਰਾ ਕਰ ਦਿੱਤਾ ਹੈ। ਸਾਡੀ ਸੋਚ ਗਿਰਵੀ ਪੈ ਗਈ ਹੈ ਤੇ ਇਨ੍ਹਾਂ ਅੰਧਵਿਸ਼ਵਾਸ਼ ਦਾ ਇੱਕ ਬਰੇਨ ਟਿਊਮਰ ਸਾਡੇ ਦਿਮਾਗ ਵਿੱਚ ਪੈਦਾ ਕਰ ਦਿੱਤਾ ਗਿਆ ਹੈ ਜੋ ਸਾਡੀ ਬਚੀ ਖੁਚੀ ਸੋਚ ਵੀ ਖਾਅ ਜਵੇਗਾ। ਏਥੋ ਤੱਕ ਕਿ ਅਸੀ ਆਪਣੇ ਘਰਾਂ ਦੇ ਮਹੂਰਤ,ਬੱਚਿਆਂ ਦੀ ਸ਼ਾਦੀ,ਬਿਜਨਸ ਤੇ ਹੋਰ ਸਭ ਕਾਸੇ ਲਈ ਜੇ ਬੱਚਾ ਨਾ ਹੋਵੇ ਤਾਂ ਵੀ ਬਾਬਿਆ ਤੇ ਨਿਰਭਰ ਹਾਂ ਕਿਉਂਕਿ ਸਾਡੀ ਆਪਣੀ ਤਾਂ ਸੋਚ ਹੀ ਕੋਈ ਹੈ ਨਹੀਂ।

ਅੱਤਵਾਦ ਅਤੇ ਧਾਰਮਿਕ ਕੱਟੜਵਾਦ ਪੂੰਜੀਵਾਦ ਦੇ ਪੁੜਾਂ ਵਿੱਚੋਂ ਬੁੜਕਿਆ ਹੋਇਆ ਕਚਰਾ ਹੀ ਹੈ,ਜੋ ਆਪਣੀ ਹੋਂਦ ਬਚਾਉਣ ਦੇ ਉਪਰਾਲੇ ਕਰ ਰਿਹਾ ਹੈ। ਪਰ ਏਸ ਪੂੰਜੀਵਾਦੀ ਅਜਗਰ ਨੇ ਨਿੱਘਲ ਤਾਂ ਓਸ ਨੂੰ ਵੀ ਜਾਣਾ ਹੈ।ਅੱਤਵਾਦੀ ਸਰਗਣੇ ਬੇਰੁਜਾਗਾਰ ਨੌਜਵਾਨਾ ਦਾ ਦਿਮਾਗ ਧੋਅ ਉਨ੍ਹਾਂ ਤੋਂ ਬੰਬ ਚਲਵਾ ਕਿਹੜੇ ਧਰਮ ਦੀ ਸੇਵਾ ਕਰਵਾ ਰਹੇ ਨੇ?ਸਮਝ ਨਹੀਂ ਆਂਉਦਾ। ਸਰਕਾਰੀ ਅੱਤਵਾਦ ਸਕੂਲੀ ਬੱਚਿਆਂ ਔਰਤਾਂ ਨੂੰ ਬੰਬਾਂ ਦੀ ਭੇਂਟ ਚੜਾ ਉਹ ਹੀ ਕੰਮ ਕਰ ਰਿਹਾ ਹੈ ਜੋ ਅੱਤਵਾਦੀ ਕਰਦੇ ਨੇ ਤੇ ਫੇਰ ਵੱਡੇ ਮੀਡੀਏ ਨੂੰ ਆਪਣੀ ਰਖੇਲ ਵਾਂਗੂੰ ਵਰਤ ਰਿਹਾ ਹੈ।

ਮੀਡੀਆ ਉਨ੍ਹਾਂ ਦੀ ਬੋਲੀ ਬੋਲਦਾ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਦਾ,ਦੋਹਰੇ ਮਾਪਦੰਡ ਨੂੰ ਅਪਣਾਉਦਾ ਲੋਕਾਂ ਬੇਵਕੂਫ ਬਣਾਈ ਜਾ ਰਿਹਾ ਹੈ ਤੇ ਲੋਕ ਸੱਤ ਬਚਨ ਕਹਿ ਕਹਿ ਮੰਨੀ ਜਾ ਰਹੇ ਹਨ।ਹਰ ਕੋਈ ਬੰਦਾ ਸਾਡੇ ਦਿਮਾਗ ਦਾ ਸਟੇਰਿੰਗ ਪਕੜਨਾ ਚਾਹੁੰਦਾ ਹੈ ਪਰ ਆਖਰ ਵੱਡੇ ਮਗਰਮੱਛ ਕਾਮਯਾਬ ਹੋ ਜਾਂਦੇ ਨੇ।
ਦੁਨੀਆਂ ਵਿੱਚ ਉਹ ਹੀ ਲੋਕ ਯਾਦ ਕੀਤੇ ਗਏ ਨੇ ਜੋ ਹਵਾਵਾਂ ਦੇ ਰੁੱਖ ਨਾਲ ਨਹੀਂ ਚੱਲੇ ਪਰ ਉਨ੍ਹਾਂ ਹਵਾਵਾਂ ਦੇ ਰੁੱਖ ਬਦਲ ਦਿੱਤੇ। ਮੌਲਿਕ ਸੋਚ ਦੇ ਧਾਰਨੀ ਹਮੇਸ਼ਾਂ ਸਥਾਪਤੀ ਦੀਆਂ ਅੱਖਾਂ ਵਿੱਚ ਰੜਕਦੇ ਰਹੇ ਨੇ,ਤੇ ਉਨ੍ਹਾਂ ਨੂੰ ਸਖਤ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਉਨਾਂ ਹਾਰ ਨਹੀਂ ਮੰਨੀ। ਨਿੱਗਰ ਵਿਚਾਰ ਅਤੇ ਉੱਚ ਪਾਏ ਦਾ ਸਾਹਿਤ ਮਾਨਸਿਕ ਧੁੰਦ ਦੂਰ ਕਰਨ ਵਿੱਚ ਬਹੁਤ ਸਹਾਈ ਹੁੰਦਾ ਹੈ। ਪਰ ਅਜਿਹੀ ਮੌਲਿਕ ਸੋਚ ਵਾਲੇ ਸਾਹਿਤਕਾਰ ਵੀ ਤੁਹਾਨੂੰ ਵਿਰਲੇ ਹੀ ਮਿਲਣਗੇ। ਪਰ ਜੋ ਵੀ ਹਨ ਉਨ੍ਹਾਂ ਨੂੰ ਸਲਾਮ ਜਿਨਾਂ ਅਜੇ ਤੱਕ ਆਪਣੇ ਦਿਮਾਗ ਦੀ ਵਾਗਡੋਰ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਫੜਾਈ।

ਦੁਨੀਆਂ ਦੀ ਏਸ ਮੰਡੀ ਵਿੱਚ ਅੱਜ ਗਲੋਬਲਾਈਜੇਸ਼ਮ ਦਾ ਰੌਲਾ ਹਰ ਪਾਸੇ ਹੈ। ਦੁਨੀਆਂ।ਇੱਕ ਨਿੱਕਾ ਜਿਹਾ ਪਿੰਡ ਬਣ ਗਈ ਹੈ। ਸਮਾਨ ਵੇਚਣ ਦੀ ਪਹੁੰਚ ਹੁਣ ਹਰ ਇੱਕ ਤੱਕ ਹੈ। ਉਹ ਹਰ ਘਰ ਦਾ ਨਹੀਂ ਹਰ ਦਿਮਾਗ ਦਾ ਬੂਹਾ ਖੜਕਾਉਣਾ ਚਾਹੁੰਦਾ ਹੈ। ਇਸੇ ਕਰਕੇ ਐਡਵਰਟਾਈਜਮੈਂਟ ਜਾ ਪ੍ਰਚਾਰ ਹੋ ਰਿਹਾ ਹੈ। ਜਿਸ ਸਦਕਾ ਮਨੁੱਖ ਲੁੱਟਿਆ ਜਾ ਰਿਹਾ ਹੈ।ਉਹ ਖੁਦ ਫੈਸਲੇ ਨਹੀਂ ਕਰ ਸਕਦਾ। ਉਸ ਦੀਆਂ ਲੋੜਾਂ ਬਣਾਈਆਂ ਜਾਂਦੀਆਂ ਹਨ। ਉਸ ਦੇ ਕੁਦਰਤੀ ਸਰੋਤ ਲੁੱਟੇ ਜਾ ਰਹੇ ਹਨ। ਜਿਨਾਂ ਵਿੱਚ ਉਸਦੇ ਸ਼ਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਦਿਮਾਗ ਵੀ ਹੈ। ਕਿਸੇ ਦੇ ਦਿਮਾਗ ਕਾਬੂ ਕਰ ਲਉ ਸਭ ਕੁੱਝ ਕਾਬੂ ਵਿੱਚ ਆ ਗਿਆ ਇਹ ਮੁਨਾਫਖੋਰ ਦੀ ਸੋਚ ਹੈ।ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਦਿਮਾਗੀ ਅਪਹਰਣ ਮਨੁੱਖ ਨੂੰ ਇੱਕ ਮਸ਼ੀਨ ਜਾਂ ਰੋਬੋਟ ਵਿੱਚ ਬਦਲ ਦੇਵੇਗਾ।

ਧਰਤੀ ਤੇ ਵਸੇ ਮਨੁੱਖੀ ਸਮਾਜ ਨੂੰ ਬਚਾਉਣ ਲਈ ਏਸ ਮਾਨਸਿਕ ਅਪਹਰਣ ਨੂੰ ਰੋਕਣ ਦੇ ਯਤਨ ਕਰਨੇ ਪੈਣਗੇ। ਨਹੀਂ ਤਾਂ ਮਨੁੱਖ ਵਿੱਚੋਂ ਪਿਆਰ ਸਤਿਕਾਰ, ਰਿਸ਼ਤੇ ਨਾਤੇ, ਤਰਸ ਹਮਦਰਦੀ, ਸੇਵਾ ਸੰਭਾਲ ਅਤੇ ਸਮਾਜਿਕ ਕਦਰਾਂ ਕੀਮਤਾਂ ਸਭ ਕੁੱਝ ਖਤਮ ਹੋ ਜਾਵੇਗਾ ਤੇ ਉਹ ਇੱਕ ਜੰਗਲੀ ਜਾਨਵਰ ਬਣਕੇ ਰਹਿ ਜਾਵੇਗਾ।ਇਸ ਤ੍ਰਾਸਦੀ ਤੋਂ ਬਚਣ ਲਈ ਅਸੀਂ ਆਪਣੇ ਆਪ ਨੂੰ ਬਚਾਈਏ ਆਪਣੀ ਮੌਲਿਕ ਸੋਚਣੀ ਨੂੰ ਬਚਾਈਏ ਤਾਂ ਹੀ ਸਮਾਜ ਬਚੇਗਾ।ਸਮਾਜ ਨੂੰ ਮਸ਼ੀਨਾਂ ਦੀ ਨਹੀਂ ਸੂਝਵਾਨ ਮਨੁੱਖਾਂ ਦੀ ਜਰੂਰਤ ਹੈ ਜੋ ਆਪਣੇ ਦਿਮਾਗ ਦੇ ਖੁਦ ਮਾਲਿਕ ਹੋਣ।

No comments: