ਅਣਜੰਮੀ ਧੀ ਦੇ ਮਾਂ ਨਾਲ ਸਵਾਲ-ਜਵਾਬ......... ਗੀਤ / ਚਰਨਜੀਤ ਕੌਰ ਧਾਲੀਵਾਲ ਸੈਦੋਕੇ


ਧੀ: ਬ੍ਰਿਹੋ ਹੀ ਸਾਡੇ ਹਿੱਸੇ ਆਈ,        
ਦਿੱਤਾ ਕੀ ਅਸਾਂ ਨੂੰ ਮਾਂਵਾ ਨੇ?
ਜੰਮਣ ਤੋਂ ਮੈਨੂੰ ਤੂੰ ਵੀ ਡਰ ਗਈ,
ਦਿੱਤੀਆਂ ਸਖ਼ਤ ਸਜ਼ਾਵਾਂ ਨੇ
ਪੁੱਛਾਂ ਤੈਨੂੰ, ਦੱਸ ਨੀ ਮਾਏ
ਕਿਓਂ ਧੀਆਂ ਬੁਰੀ ਬਲਾਵਾਂ ਨੇ...?
ਕੀਹਦੇ ਡਰੋਂ ਸਾਨੂੰ ਜਨਮ ਨਾ ਦਿੱਤਾ,    
ਜਨਮ ਨਹੀਂ ਦਿੱਤਾ ਮਾਂਵਾਂ ਨੇ...?                

ਮਾਂ: ਦਾਜ ਦੀ ਨਿੱਤ ਬਲੀ ਚੜ੍ਹਦੀਆਂ          
ਲਾਲਚੀ ਲੋਚਣ ਪੈਸੇ ਨੂੰ                      
ਅੰਮੜੀ ਦਾ ਦਿਲ ਕੰਬ ਗਿਆ ਧੀਏ
ਦੇਖ ਜ਼ਮਾਨੇ ਐਸੇ ਨੂੰ

ਘਰ-ਘਰ ਧੀਆਂ ਸਾੜੀ ਜਾਂਦੇ
ਅਸਰ ਨਾ ਹੋਇਆ ਧਾਹਾਂ ਦਾ...
ਮੇਰਾ ਦੱਸ ਕੀ ਦੋਸ ਨੀ ਧੀਏ,
ਦੋਸ਼ੀ ਕੌਣ ਗੁਨਾਂਹਾਂ ਦਾ...?

ਧੀ: ਤੇਰੀ ਹੀ ਮਾਂ ਆਂਦਰ ਬਣ ਕੇ
ਜੇ ਮੈਂ ਵੀ ਇਕ ਮਾਂ ਬਣ ਜਾਂਦੀ
ਰਹਿੰਦੀ ਦੁਨੀਆ ਨਾ ਰਹਿ ਜਾਂਦਾ
ਕੋਈ ਐਸਾ ਯੋਧਾ ਜਣ ਜਾਂਦੀ
ਪਰ ਮੇਰੇ ਲਈ ਤਾਂ ਮੇਰੇ ਮਾਪਿਆਂ
ਰੋਕ ਦਿੱਤੀਆ ਰਾਹਵਾਂ ਨੇ...
ਕੀਹਦੇ ਡਰੋਂ ਸਾਨੂੰ ਜਨਮ ਨਾ ਦਿੱਤਾ,
ਜਨਮ ਨਾ ਦਿੱਤਾ ਮਾਂਵਾਂ ਨੇ...?

ਮਾਂ: ਲੱਖ ਲਾਹਣਤ ਉਨ੍ਹਾਂ ਕੁਰੀਤੀਆ ਨੂੰ
ਜੀਹਨੇ ਮੇਰਾ ਦਿਲ ਡਰਾ ਦਿੱਤਾ
ਵੱਟਾਂ ਤੇ ਘਾਹ ਚੁਗਦੀ ਦੇ
ਕਿਸੇ ਮੱਥੇ ਕਾਲਖ ਲਾ ਦਿੱਤਾ
ਰਾਹ ਵਿਚ ਇੱਜ਼ਤ ਲੁੱਟ ਲੈਂਦੇ
ਜੋ ਪਹਿਰਾ ਦੇਦੇ ਰਾਹਾਂ ਦਾ...
ਮੇਰਾ ਦੱਸ ਕੀ ਦੋਸ ਨੀ ਧੀਏ,
ਦੋਸੀ ਕੌਣ ਗੁਨਾਹਾ ਦਾ...

ਧੀ: ਹੋ ਸਕਦਾ ਏ ਬਾਪ ਦੀ ਪਗੜੀ
ਮੈਂ ਵੀ ਉਚੀ ਕਰ ਜਾਂਦੀ
ਕਿਸੇ ਦੇ ਦਿਲ ਦੀਆਂ ਖਾਲੀ ਸਧਰਾਂ
ਹੋ ਸਕਦਾ ਏ ਭਰ ਜਾਂਦੀ
ਧੁੱਪੇ ਹੀ ਸਾਡੀ ਚਮੜੀ ਸੜ ਗਈ
ਕੱਟੀਆ ਰੁੱਖਾਂ ਦੀਆ ਛਾਂਵਾਂ ਨੇ...
ਕੀਹਦੇ ਡਰੋ ਸਾਨੂੰ ਜਨਮ ਨਾ ਦਿੱਤਾ,
ਜਨਮ ਨਾ ਦਿੱਤਾ ਮਾਂਵਾਂ ਨੇ...?
                                                
ਮਾਂ: ਲਾਲ ਪੋਟਲੀ ਵਿਚ ਲਪੇਟੀ
ਕਿਸੇ ਦੀ ਜਾ ਦਹਿਲੀਜ ਚੜ੍ਹੀ
ਜੀਹਦੇ ਲੜ ਸੀ ਲਾਇਆ ਧੀਏ      
ਉਸ ਦੇ ਘਰ ਹੀ ਜਾ ਸੜੀ
ਸੂਟ ਸ਼ਗਨ ਦਾ ਕੱਫ਼ਣ ਬਣ ਗਿਆ
ਸਾਥੀ ਨਾ ਕੋਈ ਸਾਹਾਂ ਦਾ...
ਮੇਰਾ ਦੱਸ ਕੀ ਦੋਸ ਨੀ ਧੀਏ,
ਦੋਸੀ ਕੌਣ ਗੁਨਾਂਹਾਂ ਦਾ...?

ਧੀ: ਕੀ ਹੋਣਾ ਏ ਦੁਨੀਆ ਦਾ
ਜੇ ਘਰ-ਘਰ ਇਹੋ ਹਾਲ ਰਿਹਾ?
ਰੱਬ ਦੀ ਮਹਿਮਾਂ ਕੋਈ ਨਾ ਜਾਣੇ
ਪੱਥਰਾਂ ਵਿਚ ਵੀ ਪਾਲ਼ ਰਿਹਾ
ਕਿਓਂ ਕੁੱਖਾ ਵਿਚ ਥਾਂ ਨਹੀ ਮਿਲਦੀ,
ਖੋਂਹਦੇ ਧੀ ਦੀਆ ਚਾਵਾਂ ਨੇ...
ਕੀਹਦੇ ਡਰੋ ਸਾਨੂੰ ਜਨਮ ਨਾ ਦਿੱਤਾ
ਜਨਮ ਨਾ ਦਿਤਾ ਮਾਂਵਾਂ ਨੇ...?

ਦੋਨੋ:ਲਾਹਨਤ ਦੀ ਜੜ੍ਹ ਪੱਟੋ ਵੇ ਕੋਈ
ਧੀਆਂ ਨੂੰ ਵੀ ਜੱਗ ਦਿਖਾਓ
ਨੰਨ੍ਹੀ-ਮੁੰਨੀ ਇਹ ਦੁਨੀਆਂ ਵੇਖੇ
ਕੁੱਖਾਂ ਵਿਚ ਨਾ ਮਾਰ ਮੁਕਾਓ
ਧੀ ਹੀ ਮਾਂ ਹੈ, ਮਾਂ ਹੀ ਧੀ ਹੈ
ਰਿਸ਼ਤਿਆ ਨੂੰ ਵੀ ਲਾਜ ਨਾ ਲਾਓ
ਉਠੋ ਰਲ਼ ਕੇ ਹੰਭਲਾ ਮਾਰੋ
ਇਹ ਪੁੰਨ ਸਾਨੂੰ ਕਰਨਾ ਪੈਣਾ...
"ਧਾਲੀਵਾਲ" ਕੋਈ ਕਰਮ ਕਮਾ ਲੈ,
"ਸੈਦੋ" ਪਿੰਡ ਵਿਚ ਸਦਾ ਨੀ ਰਹਿਣਾ...

****

No comments: