ਸਿਆਸੀ ਰੋਟੀਆਂ.......... ਨਜ਼ਮ/ਕਵਿਤਾ / ਬਾਵਾ ਬਲਦੇਵ

ਉਹ ਅਕਸਰ ਆਉਂਦੇ ਨੇ
ਇਨਸਾਨੀਅਤ ਦੇ ਘਾਣ
ਹੈਵਾਨੀਅਤ ਦੇ ਨੰਗੇ
ਨਾਚ ਮਗਰੋਂ
ਕੇਰਨ ਝੂਠੇ ਹੰਝੂ
ਮਨੁੱਖਤਾ ਦੇ ਨਾਂ 'ਤੇ
ਅੱਜ ਫਿਰ ਆਏ
ਮਗਰਮੱਛੀ ਹੰਝੂ ਵਹਾਏ
ਜੋਸ਼ੀਲੇ ਭਾਸ਼ਣ ਦੁਹਰਾਏ
ਇਹ ਕੁਰਬਾਨੀਆਂ
ਅਜਾਈਂ ਨਹੀਂ ਜਾਣਗੀਆਂ
ਦੱਸਿਆ ਕਿੰਝ ਕਰਨਗੀਆਂ
ਮਾਰਗ ਦਰਸ਼ਨ
ਨਵੀਂ ਪੀੜ੍ਹੀ ਦਾ
ਦੁੱਖ ਕੀਤਾ ਸਾਂਝਾ
ਪੀੜਤ ਪਰਿਵਾਰਾਂ ਨਾਲ
ਲਿਆ ਜੁੰਮਾ ਪੀੜਤਾਂ
ਦੇ ਭਵਿੱਖ ਦਾ
ਪਰ ਅੱਜ ਦੇ ਬਾਅਦ
ਕੀ ਕਿਸੇ ਨੇ ਪੁੱਛਣਾ
ਪੀੜਤ ਪਰਿਵਾਰਾਂ ਨੂੰ
ਅੰਨ ਦਾ ਦਾਣਾ ਨਸੀਬ
ਹੋਇਆ ਕਿ ਨਹੀਂ
ਕੀ ਬੀਤੀ ਉਹਨਾਂ ਨਾਲ
ਮੇਰੇ ਦੇਸ ਦੇ ਮੱਕਾਰ
ਲੀਡਰ ਤੇ ਧਰਮ ਦੇ
ਅਖੌਤੀ ਠੇਕੇਦਾਰ
ਸਿਵਿਆਂ ਦੀ ਬਲਦੀ
ਅੱਗ 'ਤੇ ਵੀ
ਆਪਣੀਆਂ ਸਿਆਸੀ
ਰੋਟੀਆਂ ਸੇਕ ਗਏ
ਉਹ ਚਲੇ ਗਏ
ਫਿਰ ਆਉਣਗੇ
ਫਿਰ ਕਿਸੇ
ਗੈਰ ਮਨੁੱਖੀ ਵਰਤਾਰੇ
ਤੋਂ ਬਾਅਦ...

****

No comments: