ਤਾਰਿਆਂ ਦੀ ਲੋਏ ਲੋਏ
ਸਿੰਜੇ ਜਾਂਦੇ ਚੰਨਾ ਕੋਏ
ਹਾਲ ਸਾਡਾ ਪੁੱਛੇ ਕੋਈ ਨਾ
ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਂ
ਸਾਡੇ ਨਾਵੇਂ ਲਾ ਤੂੰ ਗਿਐਂ ਨੇਰ੍ਹੀਆਂ ਵੇ ਰਾਤਾਂ ਚੰਨਾ
ਦੱਸਿਆ ਨਾ ਸਾਡਾ ਵੇ ਕਸੂਰ ।
ਠੰਢੀਆਂ ਰਾਤਾਂ ਦੇ ਵਿਚ ਬਿਰਹੋਂ ਦੀ ਭੱਠੀ ਉੱਤੇ
ਭੁੱਜਦਾ ਏ ਮੁਖੜੇ ਦਾ ਨੂਰ ।
ਜੁ਼ਲਫਾਂ ਸੰਵਾਰੀਆਂ ਨੇ,
ਤੇਰੇ ਲਈ ਸਿ਼ੰਗਾਰੀਆ ਨੇ ,
ਤਾਹਨੇ ਦੇਣ ਦੱਸ ਕੀ ਕਰਾਂ,,,
ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਂ.....
ਤੇਰੇ ਲਾਰਿਆਂ ਨਾਲ਼ ਕਿੰਨਾ ਦਿਲ ਸਮਝਾਵਾਂ ਭੈੜਾ
ਰਾਹਾਂ ਵੱਲੀਂ ਤੱਕਦਾ ਰਹੇ ।
ਗ਼ਮਾਂ ਦੇ ਅੰਗਾਰਿਆਂ ਤੋਂ ਡਰਦਾ ਬੜਾ ਏ ਸਾਨੂੰ
ਬੋਲ ਤੇ ਕੁਬੋਲ ਕਹੇ ।
ਮੇਰੇ ਨੈਣਾਂ ਵਿਚ ‘ਡੀਕਾਂ ,
ਕੰਧਾਂ ਉੱਤੇ ਮਾਰਾਂ ਲੀਕਾਂ,
ਕੋਠੇ ਤੋਂ ਉਡਾਵਾਂ ਕਦੇ ਕਾਂ,,,
ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਂ......
ਤੇਰੇ ਬਿਨਾਂ ਚੰਦਿਆਣੀ ਪਿੰਡ ‘ਚ ‘ਅਸ਼ੋਕ’ ਕਿਸੇ
ਪੌਣ ਨਾਲ਼ ਠੰਢ ਨਾ ਪਵੇ ।
ਛੇੜ ਛੇੜ ਲੰਘਦੀ ਏ ਪੁਰੇ ਦੀ ਹਵਾ ਵੇ ਜਿਵੇਂ
ਭੈੜੀ ਕੋਈ ਬਦਲਾ ਲਵੇ ।
ਬੜੇ ਹੀ ਸਤਾਏ ਆਂ ਵੇ ,
ਦਿਨਾਂ ਦੇ ਹਰਾਏ ਆਂ ਵੇ ,
ਆ ਜਾ ਜਿੰਦ ਰਾਹਾਂ ‘ਚ ਧਰਾਂ,,,
ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਂ……
No comments:
Post a Comment