ਇਕ ਕਲੀ ਜੋ ਖਿੜਨ ਤੋਂ ਪਹਿਲਾਂ ਮਸਲ ਦਿੱਤੀ ਗਈ.......... ਲੇਖ਼ / ਗੁਰਦਿਆਲ ਭੱਟੀ

ਕਾਲ਼ਜੇ ‘ਚੋਂ ਰੱਗ ਭਰਿਆ ਗਿਆ ਜਦੋਂ ਵੀਰ ਅਸ਼ੋਕ ਦੀ ਮੌਤ ਦੀ ਖ਼ਬਰ ਸੁਣੀ। ਅਸੋ਼ਕ ਭਾਵੇਂ ਡੀ.ਟੀ.ਐਫ. ਅਤੇ ਡੀ.ਈ.ਐਫ. ਦੇ ਸਰਗਰਮ ਵਰਕਰ ਅਤੇ ਕਵੀ ਸੁਨੀਲ ਚੰਦਿਆਣਵੀ ਦੇ ਛੋਟੇ ਵੀਰ ਸਨ । ਪਰ ਆਪਣੇ ਸੁਭਾਅ ਸਦਕਾ ਉਹ ਸੁਨੀਲ ਨਾਲੋ਼ ਵੀ ਵੱਧ ਆਪਣਾ ਲੱਗਦਾ ਸੀ। ਅਤਿਅੰਤ ਪਛੜੇ ਇਲਾਕੇ ਅਤੇ ਸਾਧਾਰਨ ਪਰਿਵਾਰ ਵਿਚੋਂ ਪੈਦਾ ਹੋ ਕੇ ਅਸ਼ੋਕ ਨੇ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੀ ਬਲਾਚੌਰ ਤਹਿਸੀਲ ਦੇ ਪਿੰਡ ਚੰਦਿਆਣੀ ਕਲਾਂ ਵਿਖੇ ਰਿਟਾਇਰਡ ਸੂਬੇਦਾਰ ਸ਼੍ਰੀ ਆਤਮਾ ਰਾਮ ਦੇ ਘਰ ਮਾਤਾ ਪਰਕਾਸ਼ ਦੇਵੀ ਦੀ ਕੁੱਖੋਂ 27.01.1977 ਨੂੰ ਜਨਮ ਲਿਆ। ਅਸ਼ੋਕ ਚਾਰ ਭੈਣਾਂ ਭਰਾਵਾਂ ਵਿਚੋਂ ਸੱਭ ਤੋਂ ਛੋਟਾ ਸੀ। ਉਸਨੇ ਪ੍ਰਾਇਮਰੀ ਤੱਕ ਵਿੱਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ । +2 ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ਼ ਤੋਂ ਅਤੇ ਬੀ.ਐਸ.ਸੀ. ਸਾਇੰਸ ਕਾਲਜ ਜਗਰਾਓਂ ਤੋਂ ਪ੍ਰਾਪਤ ਕੀਤੀ। ਉਸ ਨੇ ਐਮ.ਐਸ.ਸੀ. ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਤੋਂ ਕੀਤੀ । ਇਸ ਤੋਂ ਬਾਦ ਅਸ਼ੋਕ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਪੀ.ਐਚ.ਡੀ (ਬਾਇਓ ਫਿਜਿ਼ਕਸ) ਕੀਤੀ। ਆਪਣੀ ਪੀ.ਐਚ.ਡੀ. ਦੌਰਾਨ ਕਲਕੱਤੇ ਦੀ ਇਕ ਸੁਹਿਰਦ ਲੜਕੀ ਸ਼ਾਉਲੀ ਨਾਲ ਜਿ਼ੰਦਗੀ ਦੀ ਸਾਂਝ ਸਥਾਪਤ ਕਰਨ ਦਾ ਫੈਸਲਾ ਕਰ ਲਿਆ। ਅਸ਼ੋਕ ਅਤੇ ਸ਼ਾਉਲੀ ਦਾ ਇਹ ਫੈਸਲਾ ਅਪਣੇ ਆਪ ਵਿਚ ਇਕ ਇਨਕਲਾਬੀ ਕਦਮ ਹੈ। ਆਪਣੀਆਂ ਸਾਰੀਆਂ ਗੈਰ ਵਿਗਿਆਨਕ ਅਤੇ ਗੈ਼ਰ ਸਮਾਜਿਕ ਸੀਮਾਵਾਂ ਨੂੰ ਤੋੜਦੇ ਹੋਏ ਸਿਰਫ ਆਪਸੀ ਸਮਝ ਦੇ ਆਧਾਰ ‘ਤੇ ਹੋਏ ਇਸ ਫੈਸਲੇ ਨੂੰ ਇਨਕਲਾਬੀ ਹੀ ਆਖਿਆ ਜਾ ਸਕਦਾ ਹੈ। ਸ਼ਾਉਲੀ ਇਕ ਗਜ਼ਟਿਡ ਅਫ਼ਸਰ ਦੀ ਧੀ ਹੋਣ ਦੇ ਬਾਵਜੂਦ ਅਸ਼ੋਕ ਵਰਗੇ ਸੁਹਿਰਦ ਅਤੇ ਈਮਾਨਦਾਰ ਮਨੁੱਖ ਦੀ ਜੀਵਨ ਸਾਥਣ ਬਣ ਗਈ ।
ਪਰ ਦਿਲ ਉਦੋਂ ਸੁੰਨ ਹੋ ਗਿਆ ਜਦੋ ਇਸ ਜੋੜੇ ਦੀ ਜਿ਼ੰਦਗੀ ਨੂੰ ਇਸ ਜ਼ਾਲਿਮ ਵਿਵਸਥਾ ਨੇ ਪੂਰ ਨਾ ਚੜ੍ਹਨ ਦਿੱਤਾ। 9 ਅਗਸਤ ਦੀ ਸ਼ਾਮ ਨੂੰ ਅਸ਼ੋਕ ਬਲਾਚੌਰ ਤੋਂ ਵਾਪਿਸ ਪਿੰਡ ਆ ਰਿਹਾ ਸੀ ਤਾਂ ਟਾਟਾ ਸੂਮੋ ‘ਤੇ ਸਵਾਰ ਤਿੰਨ ਦਰਿੰਦਿਆਂ ਨੇ ਸਾਡਾ ਇਹ ਹੀਰਾ ਦਰੜ ਦਿੱਤਾ । ਇਹ ਦਰਿੰਦੇ ਸਾਰੇ ਦਿਨ ਦੇ ਸ਼ਰਾਬੀ ਫਿਰਦੇ ਸਨ ਅਤੇ ਪਹਿਲਾਂ ਵੀ ਕਈਆਂ ਨਾਲ਼ ਐਕਸੀਡੈਂਟ ਹੁੰਦੇ ਹੁੰਦੇ ਬਚਿਆ ਸੀ। ਮੌਕਾ ਦੇਖਣ ਤੇ ਪਤਾ ਲੱਗਦਾ ਹੈ ਕਿ ਅਸ਼ੋਕ ਬਿਲਕੁਲ ਖੱਬੇ ਜਾ ਕੇ ਸੜਕ ਤੋਂ ਥੱਲੇ ਉਤਰ ਗਿਆ ਪਰ ਇਨ੍ਹਾਂ ਆਦਮਖੋਰਾਂ ਨੇ ਉਥੇ ਜਾ ਕੇ ਵੀ ਉਸਨੂੰ ਨਾ ਬਖਸਿ਼ਆ। ਇਸ ਮਨਹੂਸ ਖ਼ਬਰ ਨੇ ਸਾਰੇ ਇਲਾਕੇ ਨੂੰ ਸੁੰਨ ਕਰ ਦਿੱਤਾ । ਪਰਿਵਾਰ ਦੀਆਂ ਆਸਾਂ ਦਾ ਬੂਟਾ ਕੁਚਲ ਦਿੱਤਾ। ਸੁਨੀਲ ਚੰਦਿਆਣਵੀ ਜਿਸਨੇ ਅਸ਼ੋਕ ਨੂੰ ਅਪਣੀ ਜਿ਼ੰਦਗੀ ਦਾ ਉਦੇਸ਼ ਹੀ ਬਣਾ ਲਿਆ ਸੀ, ਦੀ ਜਿ਼ੰਦਗੀ ਉਦੇਸ਼ ਰਹਿਤ ਬਣ ਗਈ। ਅਸ਼ੋਕ ਸਾਰੇ ਭੈਣਾਂ ਭਰਾਵਾਂ, ਦੋਸਤਾਂ-ਮਿੱਤਰਾਂ ਨੂੰ ਦੁੱਖ ਦੇ ਡੂੰਘੇ ਸਮੁੰਦਰ ਵਿਚ ਸੁੱਟ ਗਿਆ। ਸ਼ਾਉਲੀ ਦੀਆਂ ਉਮੀਦਾਂ ਦਾ ਮਹਿਲ ਖੰਡਰ ਬਣ ਗਿਆ। ਸ਼ਾਉਲੀ ਨੂੰ ਆਪਣੀ ਜਿ਼ੰਦਗੀ ਨੂੰ ਦੁਬਾਰਾ ਸੁ਼ਰੂ ਕਰਨ ਲਈ ਉਸ ਹੌਸਲੇ ਦੀ ਲੋੜ ਪਵੇਗੀ ਜਿਸ ਹੌਸਲੇ ਨਾਲ਼ ਉਨ੍ਹਾਂ ਇਕੱਠੇ ਰਹਿਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਸੁਪਨਿਆਂ ਲਈ ਜਿਉਣਾ ਪਏਗਾ ਜੋ ਇਕੱਠਿਆਂ ਨੇ ਲਏ ਸਨ ।
18 ਅਗਸਤ ਨੂੰ ਅਸ਼ੋਕ ਦੀ ਅੰਤਿਮ ਅਰਦਾਸ ਵਿਚ ਹਜ਼ਾਰਾਂ ਮਨੁੱਖਾਂ ਦਾ ਇਕੱਠ ਉਸਦੇ ਇਕ ਸਮਾਜਿਕ ਮਨੁੱਖ ਹੋਣ ਦੀ ਸ਼ਾਹਦੀ ਭਰਦਾ ਸੀ। ਉਸਦੀ ਅੰਤਿਮ ਅਰਦਾਸ ਵਿਚ ਅੰਤਰ-ਰਾਸ਼ਟਰੀ ਭੰਗੜਾ ਕੋਚ ਸ. ਗੁਰਚਰਨ ਸਿੰਘ (ਫ਼ਰੀਦਕੋੇਟ) ਨੇ ਦੱਸਿਆ ਕਿ ਅਸ਼ੋਕ ਵਿਚ ਬੰਦੇ ਨੂੰ ਮੋਹ ਲੈਣ ਦੀ ਅਥਾਹ ਸਮਰਥਾ ਸੀ। ਉਨ੍ਹਾਂ ਦੱਸਿਆ ਕਿ ਅਸ਼ੋਕ ਨੇ ਕੰਢੀ ਏਰੀਏ ਦੇ ਗਰੀਬ ਬੱਚਿਆਂ ਲਈ ਇਕ ਵਿਦਿਅਕ ਸੁਸਾਇਟੀ ਬਣਾਈ ਸੀ। ਅਸ਼ੋਕ ਨੇ ਇਕ ਖੂਨਦਾਨ ਸੁਸਾਇਟੀ ਵੀ ਬਣਾਈ ਸੀ ਜਿਥੇ ਹਰ ਵਰਗ ਦੇ ਖੁਨ ਮਿਲਣ ਦੀ ਵਿਵਸਥਾ ਕਰ ਰਿਹਾ ਸੀ। ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਸਾਥੀ ਭੁਪਿੰਦਰ ਸਿੰਘ ਵੜੈਚ ਨੇ ਅਸ਼ੋਕ ਨੂੰ ਸ਼ਰਧਾਂਜਲੀ ਅਰਪਨ ਕਰਦੇ ਹੋਏ ਦੱਸਿਆ ਕਿ ਅਸ਼ੋਕ ਸਾਡਾ ‘ਆਪਣਾ’ ਹੋਣ ਕਰਕੇ ਅਸੀਂ ਦੁੱਖ ਦੇ ਸਮੁੰਦਰ ਵਿਚ ਡੁੱਬੇ ਹੋਏ ਹਾਂ । ਪਰ ਸੈਂਕੜੇ ਅਜਿਹੇ ਹੀਰੋ ਇਹ ਜ਼ਾਲਿਮ ਢਾਂਚਾ ਸਾਥੋਂ ਰੋਜ਼ਾਨਾ ਖੋਹ ਰਿਹਾ ਹੈ। ਇਥੇ ਹਰ ਰੋਜ਼ ਹਜ਼ਾਰਾਂ ਦਰਿੰਦੇ ਬਿਨਾਂ ਲੋੜ ਤੋਂ ਸਿਰਫ਼ ਐਸ਼ ਪ੍ਰਸਤੀ ਲਈ ਮੋਟਰ ਕਾਰਾਂ ਭਜਾਈ ਫਿਰਦੇ ਹਨ। ਉਨ੍ਹਾਂ ਅਸ਼ੋਕ ਦੇ ਕਾਤਲਾਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਥੋਂ ਦੀ ਪੁਲਿਸ ਦੋਸੀ਼ਆਂ ਨੂੰ ਫੜਨ ਵਿਚ ਆਨਾਕਾਨੀ ਕਰ ਰਹੀ ਹੈ। ਇੱਥੋਂ ਦੇ ਭ੍ਰਿਸ਼ਟ ਰਾਜਨੀਤਕ ਆਗੂ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਅਸ਼ੋਕ ਦੇ ਕਾਤਲਾਂ ਵਾਂਗ ਹੀ ਹਰ ਥਾਂ ਕਾਤਲਾਂ ਦੀ ਮੱਦਦ ਕਰਦੇ ਹਨ। ਸਾਥੀ ਵੜੈਚ ਨੇ ਕਿਹਾ ਕਿ ਅਸ਼ੋਕ ਦੀ ਮੌਤ ਨੂੰ ਸਿਰਫ਼ ਭਾਣਾ ਜਾਂ ਸਵਾਸਾਂ ਦੀ ਪੂੰਜੀ ਨਹੀਂ ਮੰਨਿਆ ਜਾ ਸਕਦਾ। ਇਹ ਸਾਧਾਰਨ ਮੌਤ ਨਹੀਂ ਸਗੋਂ ਲੁਟੇਰੇ ਢਾਂਚੇ ਵਲੋਂ ਕੀਤਾ ਗਿਆ ਇਕ ‘ਕਤਲ’ ਹੈ। ਸਾਥੀ ਵੜੈਚ ਨੈ ਦੱਸਿਆ ਕਿ 12 ਸਤੰਬਰ ਨੂੰ ਅਸ਼ੋਕ ਨੇ ਜਰਮਨੀ ਜਾਣਾ ਸੀ ਜਿਥੇ ਉਸਨੇ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਸਬੰਧੀ ਕਾਨਫਰੰਸ ‘ਤੇ ਉਸਨੇ ਆਪਣਾ ਖੋਜ ਪੱਤਰ ਪੜ੍ਹਨਾ ਸੀ। ਅਸ਼ੋਕ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਉਸਨੂੰ ਯੂ.ਐਸ. ਤੋਂ ਅਜਿਹਾ ਹੀ ਇਕ ਬੁਲਾਵਾ ਆਇਆ ਸੀ। ਉਨ੍ਹਾਂ ਸੱਦਾ ਦਿੱਤਾ ਕਿ ਅਸ਼ੋਕ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਆਉ ਇਕੱਠੇ ਹੋਈਏ ਅਤੇ ਇਸ ਜ਼ਾਲਿਮ ਢਾਂਚੇ ਨੂੰ ਬਦਲੀਏ।No comments: