ਮਾਪਿਆਂ ਦਾ ਵਿਛੋੜਾ.......... ਨਜ਼ਮ/ਕਵਿਤਾ / ਚਰਨਜੀਤ ਕੌਰ ਧਾਲੀਵਾਲ (ਸੈਦੋਕੇ)

ਜਦੋ ਪੰਜਾਬ ਤੋ ਆਇਆ ਸੀ,
ਆਪਣੇ ਮਾਪਿਆ ਨੂੰ ਛੱਡ ਕੇ
ਏਹੀ ਕਹਿ ਕੇ ਆਇਆ ਸੀ,
ਉਹਨਾਂ ਦੇ ਗਲ ਲੱਗ ਕੇ
"ਮਾਂ ਤੂੰ ਫਿ਼ਕਰ ਨਾ ਕਰ,
ਮੈ ਛੇਤੀ ਵਾਪਸ ਆਵਾਂਗਾ,
ਕਰਜ਼ੇ ਦੀ ਪੰਡ ਲਾਹ ਕੇ,
ਬਾਪੂ ਦਾ ਬੋਝ ਘਟਾਵਾਂਗਾ
ਗਹਿਣੇ ਪਈ ਛੁਡਾ ਕੇ ਵੀ,
ਲਾਹ ਦਿਊਂ ਗਲੋਂ ਗਰੀਬੀ ਨੂੰ
ਕਿਰਸਾਨਾ ਦੇ ਬਾਦ ਪਈ ਜੋ,
ਬਦਲ ਦਿਊਂ ਬਦਨਸੀਬੀ ਨੂੰ!"
ਦੇਖੋ, ਵਿਚ ਪ੍ਰਦੇਸਾਂ ਪਹੁੰਚ ਗਿਆ,
ਏਥੇ ਆ ਕੇ ਕੀ ਮੈਨੂੰ ਹੋ ਗਿਆ ਏ?
ਇਸ ਮਤਲਬਖ਼ੋਰੀ ਦੁਨੀਆਂ ਵਿਚ,
ਮੇਰਾ ਆਪਣਾਪਣ ਵੀ ਖੋ ਗਿਆ ਏ!
ਘਰ ਛੱਡ ਕੇ 'ਕੱਲੇ ਮਾਪਿਆਂ ਨੂੰ,
(ਪਰ) ਦਿਲੋਂ ਕਦੇ ਨਹੀ ਭੁੱਲਿਆ ਮੈਂ!
ਦਰ-ਦਰ 'ਤੇ ਧੱਕੇ ਖਾਂਦਾ ਰਿਹਾ,
ਲੋਕਾਂ ਦੇ ਪੈਰੀਂ ਰੁਲਿ਼ਆ ਮੈਂ
ਨਾ ਰੋਜ਼ੀ-ਰੋਟੀ ਭਲੀ ਮਿਲੀ,
ਨਾ ਲੱਭਿਆ ਕੋਈ ਟਿਕਾਣਾ ਹੈ,
ਆਪੇ ਨੂੰ ਖ਼ੁਦ ਦੀ ਸੋਚ ਨਹੀਂ,
ਮਾਪੇ ਨੂੰ ਕੀ ਸਮਝਾਣਾ ਹੈ?
ਸੇਵਾ ਲਈ ਦਿਲ ਤਾਂਘ ਵਿਚ ਰਹਿੰਦਾ
ਬੇਬੇ ਬਾਪੂ ਦਾ ਚਾਅ ਹੁੰਦਾ,
ਕਰਜ਼ਾ ਵੀ ਅੱਧਿਓਂ ਡੂੜ੍ਹ ਹੋਇਆ
ਰਾਹ ਪਿੰਡ ਦਾ ਹੁਣ ਨਹੀਂ ਡਾਹ ਦਿੰਦਾ
ਅੱਜ ਸਹੀ, ਬੱਸ ਕੱਲ੍ਹ ਸਹੀ...
ਲੰਘ ਗਏ ਨੇ ਕਿੰਨੇ ਸਾਲ ਦੇਖਲੈ
ਮਾੜੇ ਕਰਮਾਂ ਨੂੰ, ਬਾਪੂ ਗੁਜਰ ਗਿਆ,
ਮਾਂ ਹੋ ਗਈ ਹਾਲੋਂ-ਬੇਹਾਲ ਦੇਖਲੈ
ਦੋ ਅੱਖਰ ਪਾਉਣ ਨਾ ਜਾਣੇਂ ਮਾਂ,
ਦੱਸ ਕੀਹਨੂੰ ਹਾਲ ਸੁਣਾਵੇ ਉਹ?
ਤੋਰ ਪੁੱਤ ਨੂੰ ਵਿਚ ਪ੍ਰਦੇਸਾਂ ਦੇ,
ਹੁਣ 'ਕੱਲੀ ਬਹਿ ਪਛਤਾਵੇ ਉਹ
ਔਸੀਆਂ ਪਾ ਕੇ ਮੰਜੇ ਬੈਠ ਗਈ,
ਦਿਲ ਦਾ ਦੁਖੜਾ ਕੀਹਨੂੰ ਦੱਸੇ ਮਾਂ?
ਘਰ ਨੂੰਹ ਦਾ ਡੋਲਾ ਆਉਣਾ ਸੀ,
ਕਦੇ ਵਿਚ ਖਿ਼ਆਲਾਂ ਹੱਸੇ ਮਾਂ!
ਰਹੀ ਰਾਹ ਤੱਕਦੀ ਅੰਤ ਸਾਸ ਤੀਕਰ,
ਨਾ ਮਾਂ ਦੇ ਦਰਸ਼ਣ ਕਰ ਸਕਿਆ,
ਜਦੋ ਦੋਸਤਾਂ ਆ ਕੇ ਦੱਸਿਆ ਸੀ,
ਨਹੀਂ ਮਾਂ ਦੀ ਬ੍ਰਿਹਾ ਜਰ ਸਕਿਆ
ਮੇਰੇ ਹੋਸ਼-ਹਵਾਸ ਸੀ ਗੁੰਮ ਹੋਏ
ਯਾਰਾਂ ਮਿੱਤਰਾਂ ਨੇ ਸਾਂਭ ਲਿਆ,
ਪੱਥਰ ਦਾ ਦਿਲ ਕਰ ਫਿਰਦਾ ਰਿਹਾ
ਹਾਉਕਾ ਲੈ-ਲੈ ਕੇ ਡਾਂਗ ਜਿਹਾ
ਮਾਂ ਦੇ ਸਿ਼ਕਵੇ ਗਲ਼-ਗਲ਼ ਮੇਰੇ
ਮੇਰੇ ਦਿਲ 'ਤੇ ਗੋਲ਼ਾ ਬੱਝ ਗਿਆ
'ਸਰਵਣ' ਬਣ ਕੇ ਸੇਵਾ ਕਰਦਾ,
ਮੈਂ ਇੱਥੇ ਕੀ ਲੱਭ ਲਿਆ?
"ਧਾਲੀਵਾਲ" ਮੈਥੋ ਭੁੱਲ ਨਹੀ ਹੋਣੇ
ਉਹ ਅੰਮੜੀ ਦੇ ਬੋਲ ਕਹੇ
"ਸੈਦੋਕੇ" ਮਾਂ ਕਰੂ ਉਡੀਕਾਂ,
ਭਾਵੇ ਪੁੱਤਰ ਕਿਤੇ ਰਹੇ!
Post a Comment