ਚਿੰਤਾ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ


ਦੁਨੀਆਂ ਭਰ ਵਿੱਚ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਪ੍ਰਤੀ 'ਚਿੰਤਤ' ਇੱਕ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਉੱਚ ਸਰਕਾਰੀ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਸੰਸਥਾ ਦੇ ਪ੍ਰਬੰਧਕਾਂ ਦੀ ਇਸ ਪਹਿਲ ਲਈ ਭਰਪੂਰ ਸ਼ਲਾਘਾ ਹੋਈ। ਸਮਾਗਮ ਵਿੱਚਲੇ ਖਾਣਪੀਣ ਦੇ ਪ੍ਰਬੰਧਾਂ ਨੇ ਪ੍ਰਬੰਧਕਾਂ ਦੀ ਖੂਬ ਬੱਲੇ ਬੱਲੇ ਕਰਵਾਈ। ਅਗਲੇ ਦਿਨ ਦੇ ਅਖ਼ਬਾਰਾਂ ਵਿੱਚ ਇਸ ਸਮਾਗਮ ਬਾਰੇ ਮੋਟੀਆਂ ਸੁਰਖੀਆਂ ਵਿੱਚ ਖ਼ਬਰਾਂ ਸਨ, ਅਹੁਦੇਦਾਰ ਇੱਕ ਦੂਜੇ ਨੂੰ ਸਮਾਗਮ ਦੀ ਸਫ਼ਲਤਾ ਦੀਆਂ ਵਧਾਈਆਂ ਦੇ ਰਹੇ ਸਨ। ..... ਅਤੇ ਸਮਾਗਮ ਵਾਲੀ ਥਾਂ ਖਿਲਰੇ ਪਲਾਸਟਿਕ ਦੇ ਗਲਾਸ ਤੇ ਪਲੇਟਾਂ ਚਿੰਤਤ ਸੰਸਥਾ ਦੀ 'ਚਿੰਤਾ' ਤੇ ਸੁਹਿਰਦਤਾ ਪ੍ਰਤੀ ਪ੍ਰਸ਼ਨਚਿੰਨ੍ਹ ਖੜ੍ਹੇ ਕਰ ਰਹੇ ਸਨ। 

Post a Comment