ਮੇਰਾ ਚੰਬਾ.......... ਗੀਤ / ਦੀਪ ਜੀਰਵੀ

ਰੱਬਾ ਵੇ ਮੇਰਾ ਚੰਬਾ ਮੈਨੂੰ ਮੋੜ
ਮੇਰੇ ਲੂੰ ਲੂੰ ਐਪਰ ਹੈ ਨਾ ਮੇਰੇ ਕੋਲ
ਰੱਬਾ ਵੇ....

ਇਸ ਚੰਬੇ ਨੂੰ ਸਧਰਾਂ ਵਿਹੜੇ ਸਧਰਾਂ ਨਾਲ ਸੀ ਲਾਇਆ
ਵਕਤ ਨੇ ਸੂਤੀ ਸੰਘੀ ਐਸੀ ਇਸ਼ਕ ਗਿਆ ਨਾ ਗਾਇਆ

ਮੇਰਾ ਸੁਫਨਾ ਮੇਰੇ ਨੇਣੀ ਰੜਕੇ ਜੀਕਣ ਰੋੜ
ਰੱਬਾ ਵੇ....

ਇਸ ਚੰਬੇ ਨੇ ਜਾ ਕੇ ਖਵਰੇ ਕੌਣ।।।ਆਂਗਨ ਮਹਿਕਾਇਆ
ਇਸ ਚੰਬੇ ਦੇ ਜੜੀਂ ਅਸੀਂ ਸੀ ਆਪਣਾ ਸਬ ਕੁਝ ਪਾਇਆ
ਜਦ ਚੰਬਾ ਮੁਸਕਾਵਣ ਲੱਗਿਆ ਲੈ ਤੁਰਿਆ ਕੋਈ ਹੋਰ
ਰੱਬਾ ਵੇ....

ਮੈਂ ਗੌਤਮ ਸਿਧਾਰਥ ਬਣਿਆਂ ਬੁਧ ਨਾ ਮੈਂ ਹੋ ਪਾਇਆ
ਆਪਣਾ ਰਾਹੁਲ ਆਪਣੇ ਪਿਛੇ ਸੁੱਤਾ ਮੈਂ ਛੱਡ ਆਇਆ
ਅੱਗੇ ਗਇਆ ਨਾ ਲਭੀ ਮੈਨੂੰ ਨਾ ਕੋਈ ਪਿਛਲਾ ਮੋੜ
ਰੱਬਾ ਵੇ....

ਮੈ ਵਨਵਾਸੀ ਰਾਮ ਦੇ ਅੰਗ ਸੰਗ ਵਿੱਚ ਬਣਾਂ ਦੇ ਭੰਵਿਆਂ
ਮੈਂ ਸੀਤਾ ਦੀ ਵਿਥਿਆ ਦੇ ਵਿੱਚ ਕਣ ਕਣ , ਮਨ ਮਨ ਰਮਿਆ
ਦੀਪ ਜਗਾਈ ਬੈਠਾ ਮੈਂ ਤਾਂ ਉੱਡਨ ਨੂੰ ਹੈ ਭੌਰ
ਰੱਬਾ ਵੇ....

No comments: