ਜਾਗੋ ਸਾਡੇ ਪੰਜਾਬੀ ਸਭਿੱਆਚਾਰ ਦਾ ਇੱਕ ਮਜਬੂਤ ਅੰਗ ਹੈ,ਜੋ ਸਦੀਆਂ ਤੋਂ ਸੁਰੂ ਹੋਈ ਅੱਜ ਤੱਕ ਤੁਰੀ ਆ ਰਹੀ ਹੈ।ਉਸ ਦਾ ਰੂਪ ਅਤੇ ਭਾਵਨਾ ਬਦਲ ਗਈ ਹੈ।ਭਾਵੇਂ ਰਸਮ ਰੂਪ ਵਿੱਚ ਹੀ ਹੈ,ਪਰ ਅੱਜ ਵੀ ਇਹ ਸਾਡੇ ਦਿਲਾਂ ਵਿੱਚ ਵਸਦੀ ਹੈ ਅਤੇ ਇਸ ਤੋਂ ਬਿਨਾਂ ਕੋਈ ਵਿਆਹ ਸੰਪੂਰਨ ਨਹੀਂ ਮੰਨਿਆ ਜਾ ਸਕਦਾ।ਪਹਿਲਾਂ ਇਹ ਸਿਰਫ਼ ਮੁੰਡੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੱਢੀ ਜਾਂਦੀ ਸੀ ਅਤੇ ਸਿਰਫ਼ ਔਰਤਾਂ ਹੀ ਜਾਗੋ ਕੱਢਦੀਆਂ ਸਨ,ਪਰ ਹੁਣ ਇਹ ਕੁੜੀਆਂ ਦੇ ਵਿਆਹ ਵਿੱਚ ਵੀ ਕੱਢੀ ਜਾਣ ਲੱਗੀ ਹੈ ਅਤੇ ਗੱਭਰੂ ਵੀ ਇਸ ਵਿੱਚ ਸਾਮਿਲ ਹੁੰਦੇ ਹਨ।
ਇਕੱਠੇ ਹੋਏ ਰਿਸ਼ਤੇਦਾਰ ਦੇਰ ਬਾਅਦ ਮਿਲੇ ਹੁੰਦੇ ਹਨ।ਆਪਸ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਹਨ।ਪਹਿਲੇ ਸਮਿਆਂ ਵਿੱਚ ਵਿਆਹ ਦੇ ਬਹੁਤੇ ਕੰਮ ਅਤੇ ਤਿਆਰੀ ਆਪ ਹੀ ਕੀਤੀ ਜਾਂਦੀ ਸੀ।ਮਰਦਾਂ ਨੇ ਬਾਹਰਲੇ ਕੰਮ ਕਰਨੇ ਹੁੰਦੇ ਸਨ ਅਤੇ ਔਰਤਾਂ ਨੇ ਅੰਦਰੂਨੀ।ਕੁਝ ਕੰਮ ਹਲਵਾਈ ਸੰਭਾਲ ਲੈਂਦਾ ਸੀ ਜੋ ਵਿਆਹ ਤੋਂ 2-3 ਦਿਨ ਪਹਿਲਾਂ ਕੜਾਹੀ ਚੜ੍ਹਨ ਵੇਲੇ ਤੋਂ ਬੈਠਾ ਹੁੰਦਾ ਸੀ।ਸ਼ਾਮ ਨੂੰ ਕੰਮ ਦੀ ਥਕਾਵਟ ਲਾਹੁਣ ਲਈ ਵੀ ਅਤੇ ਸਾਰੇ ਪਿੰਡ ਨੂੰ ਵਿਆਹ ਬਾਰੇ ਦੱਸਣ ਲਈ ਵੀ ਜਾਗੋ ਕੱਢੀ ਜਾਂਦੀ ਸੀ..
ਇੱਕ ਘੜੇ ਦੇ ਮੂੰਹ ਤੇ ਕੁਝ ਆਟੇ ਦੇ ਦੀਵੇ ਰੱਖੇ ਜਾਂਦੇ ਹਨ।ਇਸ ਜਗਦੇ ਦੀਵਿਆਂ ਵਾਲੇ ਖੂਬਸੂਰਤ ਘੜੇ ਦਾ ਨਾਂ ਹੀ ਜਾਗੋ ਹੈ,ਇਹ ਵਿਆਹ ਵਾਲੇ ਮੁੰਡੇ ਦੀ ਮਾਮੀ ਦੇ ਸਿਰ ਤੇ ਰੱਖੀ ਹੁੰਦੀ ਹੈ ।ਇਸਦੇ ਨਾਲ ਘੁੰਗਰੂ ਬੰਨ੍ਹਿਆਂ ਸੋਟਾ ਵੀ ਹੁੰਦਾ ਹੈ ਜਿਸ ਤੇ ਸ਼ਗਨਾਂ ਦਾ ਲਾਲ ਕੱਪੜਾ ਬੰਨ੍ਹ ਲਿਆ ਜਾਂਦਾ ਹੈ।ਇਸ ਨੂੰ ਧਰਤੀ ਤੇ ਬਾਰ ਬਾਰ ਪਟਕਾਉਂਦੇ ਰਹਿਣ ਨਾਲ ਇਹ ਗਿੱਧੇ ਦੀਆਂ ਬੋਲੀਆਂ ਅਤੇ ਤਾਲ ਨਾਲ,ਅੱਡੀਆਂ ਦੀ ਧਮਾਲ ਨਾਲ ਇੱਕ ਬੱਝਵਾਂ ਸੰਗੀਤ ਪੈਦਾ ਕਰਦਾ ਹੈ।ਬੋਲੀਆਂ ਤੇ ਗਿੱਧੇ ਦੀ ਧਮਾਲ ਨਾਲ ਜਾਗੋ ਵਿਆਹ ਵਾਲੇ ਘਰੋਂ ਪਿੰਡ ਵੱਲ ਚਲ ਪੈਂਦੀ ਹੈ।



















