ਸੁਣੋ ! ਵਣਜਾਰਿਆਂ ਦੀ ਦਾਸਤਾਨ.......... ਲੇਖ / ਰਣਜੀਤ ਸਿੰਘ ਦੂਲੇ


ਹਾਂ ਜੀ, ‘ਵਣਜਾਰੇ‘ ਮੇਰਾ ਕਹਿਣ ਦਾ ਭਾਵ ਹੈ, ਸ਼ਿਕਲੀਗਰ ਵਣਜਾਰੇ! ਜਾਣੀ ਕਿ ‘ਸ਼ਿਕਲ‘ ਕਰਨ ਵਾਲੇ, ਲੋਹੇ ਤੋਂ ਜੰਗ ਲਾਹੁਣ ਵਾਲੇ ਅਤੇ ਵਣਜ, ਜਾਣੀ ਵਪਾਰ ਕਰਨ ਵਾਲੇ, ਹੱਥੀਂ ਮਿਹਨਤ ਮੁਸ਼ੱਕਤ ਕਰਨ ਵਾਲੇ, ਰੁੱਖੀ- ਮਿੱਸੀ ਖਾ ਕੇ ਗੁਰੂ ਦਾ ਸ਼ੁਕਰਾਨਾਂ ਕਰਨ ਵਾਲੇ, ਗੁਰੂ ਦੇ ਸਿੱਖ, ਸ਼ਿਕਲੀਗਰ ਵਣਜਾਰੇ! ਜਿਹਨਾਂ ਨੇ ਆਪਣੀਆਂ ਜਾਨਾਂ ਸਿੱਖ ਪੰਥ ਤੋਂ ਵਾਰ ਦਿੱਤੀਆਂ, ਜਿਹਨਾਂ ਨੇ ਗੁਰੂ ਸਾਹਿਬਾਂ ਦੇ ਸਮੇਂ ਆਪਣੇ ਤਨ ਮਨ ਧਨ ਦੀ ਪ੍ਰਵਾਹ ਕੀਤੇ ਬਿਨਾਂ ਹਰ ਵਕਤ ਗੁਰੂ ਜੀ ਚਰਨਾਂ ‘ਤੇ ਹਾਂ ਪੱਖੀ ਫੁੱਲ ਨਿਸ਼ਾਵਰ ਕੀਤੇ! ਤੇ ਉਸ ਸਮੇਂ ਗੁਰੂਆਂ ਨੂੰ ਵਧੀਆ ਤੋ ਵਧੀਆ ਹਥਿਆਰ ਬਣਾ ਕੇ ਦਿੰਦੇ ਰਹੇ ਅਤੇ ਹਰ ਸਮੇਂ ਗੁਰੂਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੰਗਾਂ ਵੀ ਲੜਦੇ ਰਹੇ ਅਤੇ ਸ਼ਹੀਦੀਆਂ ਵੀ ਪਾਉਂਦੇ ਰਹੇ ! ਗੁਰੂਆਂ ਦੀ ਬਾਣੀ ਦਾ ਪ੍ਰਚਾਰ ਵੀ ਕਰਦੇ ਰਹੇ। ਕੋਈ ਸਮਾਂ ਸੀ, ਜਿਸ ਵੇਲੇ ਇਸ ਜਾਤੀ ਨੂੰ ਸਭ ਤੋਂ ਵੱਧ ਮਾਣ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਅੱਜ ਵੀ ਤੁਸੀਂ ਪਿੰਡਾਂ ਸ਼ਹਿਰਾਂ ‘ਚ ਆਮ ਹੀ ਦੇਖ ਸਕਦੇ ਹੋ, ਜੋ ਵਿਚਾਰੇ ਲੋਹੇ ਦਾ ਛੋਟਾ ਮੋਟਾ ਕਿੱਤਾ, ਜਿਸ ਵਿੱਚ ਰੰਬੇ, ਦਾਤੀਆਂ, ਤਵੇ, ਲੋਹੇ ਦੇ ਬੱਠਲ ਆਦਿ ਬਣਾ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ! ਕਿਉਂਕਿ ਅੱਜ ਦੇ ਮਸ਼ੀਨੀ ਯੁੱਗ ਦੇ ਨਾਲ ਉਹ ਹਮਸਫਰ ਨਹੀਂ ਹੋ ਸਕਦੇ! ਗਰੀਬ ਕਿਰਤੀ ਰੋਜ਼ ਦੀ ਦਿਹਾੜੀ-ਦੱਪਾ ਕਰਕੇ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਨੇ।
“ਜਿਸ ਘਰ ਗੁਰੂ ਦੀ ਪੂਜਾ - ਉਥੇ ਨਾਮ ਨਹੀਂ ਕੋਈ ਦੂਜਾ” ਦੇ ਕਥਨ ਅਨੁਸਾਰ ਇਹਨਾਂ ਵਿਚੋਂ ਹੀ ਲਾਹੌਰ ਦਾ ਵਣਜਾਰਾ ਮਨਸੁਖ ਲਾਲ, ਗੁਰੂ ਨਾਨਕ ਦੀ ਸਿੱਖਿਆ ਤੋਂ ਪ੍ਰਭਾਵਿਤ ਹੋਕੇ ਸਿੱਖ ਸਜਿਆ ਸੀ ਅਤੇ ਜਿਸਦੀ ਪ੍ਰੇਰਨਾਂ ਸਦਕਾ ਲੰਕਾ ਦਾ ਉਸ ਵੇਲੇ ਦਾ ਰਾਜਾ ਸ਼ਿਵਲਾਤ ਵੀ ਸਿੱਖ ਧਰਮ ਅਪਨਾ ਗਿਆ ਸੀ! ਭਾਈ ਮੱਖਣ ਸ਼ਾਹ ਲੁਬਾਣਾ ਵੀ ਇਸੇ ਸ਼੍ਰੇਣੀ ਦਾ ਹੀ ਸਿੱਖ ਸੀ, ਜਿਸ ਨੇ ਉਸ ਵੇਲੇ ਦੇ ਪਾਖੰਡੀਆਂ ਵੱਲੋਂ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਮੁਤੱਲਕ ਪਾਏ ਹੋਏ ਭੰਬਲਭੂਸੇ ਨੂੰ ਦੂਰ ਕੀਤਾ ਸੀ ਅਤੇ ਸੱਚੀ ਸ਼ਰਧਾ ਅਤੇ ਪ੍ਰੇਮ-ਭਾਵਨਾਂ ਨਾਲ ਅਸਲੀ ਗੁਰੂ ਦੀ ਪਹਿਚਾਣ ਕਰ ਲਈ ਅਤੇ "ਗੁਰ ਲਾਧੋ ਰੇ - ਗੁਰ ਲਾਧੋ ਰੇ" ਦਾ ਹੋਕਾ ਦਿੱਤਾ ਸੀ! ਮਸਤ ਹਾਥੀ ਦਾ ਮੂੰਹ ਭੁਆ ਦੇਣ ਵਾਲੇ ਭਾਈ ਬਚਿੱਤਰ ਸਿੰਘ ਦੀ ‘ਨਾਗਣੀ‘ ਬਾਰੇ ਅੱਜ ਵੀ ਸਾਡੇ ਢਾਡੀ, ਕਵੀਸ਼ਰ ਸੰਘ ਪਾੜ-ਪਾੜ ਕੇ ਗਾਉਂਦੇ ਨੀ ਥੱਕਦੇ, ਕਿ ਕਿਸ ਤਰ੍ਹਾਂ ਸੂਰਮੇਂ ਸਿੰਘ ਨੇ ਮੁਗਲਾਂ ਦੇ ਸ਼ਰਾਬੀ ਹਾਥੀਆਂ ਦੇ ਮੂੰਹ ਸੱਤ ਤਵੀਆਂ ਪਾੜ ਕੇ ਪੁੱਠੇ ਮੋੜੇ ਸੀ! ਇਤਿਹਾਸ ਨੂੰ ਜ਼ਰਾ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ, ਭਾਈ ਜਗਤ ਸਿੰਘ ਜੀ, ਜਿਹਨਾਂ ਦੀ ਪੁੱਠੀ ਖੱਲ ਲਾਹੀ ਗਈ ਸੀ, ਤਿੰਨੇ ਹੀ ਸਕੇ ਭਰਾ ਸਨ ਅਤੇ ਇਹਨਾਂ ਦੇ ਬਾਕੀ 7 ਭਰਾਵਾਂ ਨੇ ਵੀ ਸਿੱਖ ਧਰਮ ਲਈ ਹੀ ਅਦੁਤੀ ਸ਼ਹੀਦੀਆਂ ਦਿੱਤੀਆਂ ਸਨ! ਜੇ ਸਾਰਿਆਂ ਦੇ ਨਾਮ ਵਰਨਣ ਕਰਨ ਲੱਗਾਂ ਤਾਂ ਇਹ ਕਈ ਸੈਂਕੜਿਆ ਦੀ ਗਿਣਤੀ ਵਿਚ ਹਨ! ਭਾਈ ਲੱਖੀ ਸ਼ਾਹ ਵਣਜਾਰਾ, ਜਿਸ ਨੇ ਨੌਵੇਂ ਗੁਰੂ ਸਾਹਿਬ ਜੀ ਦਾ ਅੰਤਿਮ ਸਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਅਤੇ ਅੱਜ ਵੀ ਜੇ ਦਿੱਲੀ ਵਿੱਚ ਪੁਰਾਣਾ ਰਿਕਾਰਡ ਦੇਖੀਏ ਤਾਂ ਗੁਰਦੁਆਰਾ ਚਾਂਦਨੀ ਚੌਕ, ਰਕਾਬ ਗੰਜ, ਪਾਰਲੀਮੈਂਟ ਹਾਊਸ ਅਤੇ ਹੋਰ ਸਾਰੀ ਨੇੜੇ-ਤੇੜੇ ਦੀ ਮਲਕੀਅਤ ਲੱਖੀ ਸ਼ਾਹ ਵਣਜਾਰੇ ਦੇ ਨਾਂ ਹੀ ਬੋਲਦੀ ਹੈ! ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਉਸ ਸਮੇਂ ਵੀ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਅੱਜ ਵੀ ਇਹ 95% ਸਿੱਖ ਹਨ ਅਤੇ ਸਿੱਖ ਮਰਿਆਦਾ ਵਿੱਚ ਰਹਿ ਕੇ ਹੀ ਉਸ ਵਾਹਿਗੁਰੂ ਦਾ ਸ਼ੁਕਰਾਨਾ
ਗਾਇਨ ਕਰ ਰਹੇ ਹਨ।
ਪਰ ਅੱਜ ਸਾਡੇ ਧਰਮ ਦੇ ‘ਵਣਜਾਰੇ‘ ਕੀ ਕਰ ਰਹੇ ਨੇ? ਅੱਜ ਧਰਮ ਅਤੇ ਸਿਆਸਤ ਦੇ ‘ਵਣਜਾਰੇ‘, ਕੀ ਇਹਨਾਂ ਦਾ ਕੰਮ ਹੁਣ ਆਪਸ ਵਿੱਚੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਦਸਤਾਰਾਂ ਲਾਹੁੰਣੀਆਂ, ਜਾਂ ਆਪਸ ਵਿਚ ਸ਼੍ਰੀ ਸਾਹਿਬਾਂ ਚਲਾਉਣੀਆਂ ਹੀ ਰਹਿ ਗਿਆ ਹੈ? ਕਿਸੇ ਨੂੰ ‘ਤਲਬ‘ ਕਰ ਲਿਆ ਅਤੇ ਕਿਸੇ ਨੂੰ ਧਰਮ ‘ਚੋਂ ਛੇਕ ਦਿੱਤਾ? ਕੋਈ ਕਲੰਡਰ ਪਾੜ ਕੇ, ਚੋਲ੍ਹੇ ਨੂੰ ਪ੍ਰੈਸ ਕਰਾ-ਕਰਾ ਪਾ ਰਿਹੈ ਅਤੇ ਕੋਈ ਬਾਦਲ ਦੇ ਕਹਿਣ ‘ਤੇ “ਤੋਤਾ ਰਾਮ ਚੂਰੀ ਖਾਣੀ ਏ?” ਦੇ ਨਸ਼ੇ ਵਿਚ ਉਡਿਆ ਫਿਰਦੈ! ਕੋਈ ਦਸਮ ਗੰ੍ਰਥ ਦਾ ਅੜ੍ਹਾਟ ਪਾਈ ਜਾਂਦੈ! ਕਿਸੇ ‘ਤੇ ਕੋਈ ਅਦਾਲਤੀ ਕਾਰਵਾਈ ਕਰ ਰਿਹਾ ਹੈ ਅਤੇ ਕਿਸੇ ਤੇ ਕੋਈ...! ਕੀ ਇਹੀ ਲੜਨਾ-ਭਿੜਨਾ ਹੀ ਇਹਨਾਂ ਦੀ ਜ਼ਿੰਮੇਵਾਰੀ ਹੈ? ਇਕ ਦੂਜੇ ਨਾਲ ਪੱਗੋ-ਲੱਥੀ ਹੋਣਾ, ਕੀ ਇਹੀ ਸਿੱਖੀ ਦੀ ਪ੍ਰੰਪਰਾ ਹੈ? ਕੀ ਇਹ ਇਸ ਤਰ੍ਹਾਂ ਕੜ੍ਹੀ-ਕਲੇਸ਼ ਕਰਕੇ ਸਿੱਖ ਧਰਮ ਦੀ ‘ਸੇਵਾ‘ ਕਰ ਰਹੇ ਨੇ? ਇਸ ਤਰ੍ਹਾਂ ਦੇ ਬਹੁਤ ਸਾਰੇ
ਸਵਾਲਾਂ ਦਾ ਜਵਾਬ ਸਾਨੂੰ ਲੱਭਣਾ ਪਵੇਗਾ।
ਅੱਜ ਸਾਡੇ ਕੀਰਤਨੀਏਂ, ਕਥਾ ਵਾਚਕ, ਧਰਮ ਪ੍ਰਚਾਰਕ, ਬਾਹਰਲੀਆਂ ਸਟੇਜਾਂ ‘ਤੇ ਆ ਕੇ ਹੋਰ ਕੋਈ ਕੰਮ ਦੀ ਗੱਲ ਕਰਨ, ਚਾਹੇ ਨਾਂ ਕਰਨ, ਬੱਸ ਦੋ ਚਾਰ ਮਨਮਤਿ ਵਾਲੀਆਂ ਮਿਥਿਹਾਸਕ ਸਾਖੀਆਂ ਸੁਣਾਈਆਂ, ਦੋ ਚਾਰ ਕਿਸੇ ਵਧੀਆ ਜਿਹੀ ਤਰਜ਼ ‘ਤੇ ਸ਼ਬਦ ਪੜੇ, ਜਦੋਂ ਦੇਖਿਆ ਕਿ ਕਾਫੀ ਯੂਰੋ, ਪੌਂਡਾਂ, ਜਾਂ ਡਾਲਰਾਂ ਦੀ ਢੇਰੀ ਲੱਗ ਗਈ, ਆਖਰ ‘ਚ ਕਹਿਣਗੇ, "ਸੰਗਤਾਂ ਬੜੀਆਂ ਸ਼ਰਧਾਲੂ ਨੇ, ਬਾਹਰ ਆ ਕੇ ਵੀ ਆਪਣੀ ਮਿੱਟੀ, ਧਰਮ ਅਤੇ ਗੁਰੂਆਂ ਨੂੰ ਨਹੀਂ ਭੁੱਲੇ! .....ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਕੇਸ ਰੱਖੋ, ਸਿੱਖੀ ਸਰੂਪ ‘ਚ ਆਓ ਤੇ ਗੁਰੂ ਵਾਲੇ ਜਹਾਜੇ ਚੜ੍ਹ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ! ਗੁਰੂ ਮਹਾਰਾਜ ਦੇ ਚਰਨਾਂ ‘ਚ ਵੀ ਇਹੋ ਅਰਦਾਸ ਬੇਨਤੀ ਹੈ ਕਿ ਸੰਗਤਾਂ ‘ਤੇ ਕਿਰਪਾ ਕਰੋ, ਆਪਣੇ ਲੜ ਲਾਓ ਜੀ!"
ਮੈਂ ਇਹ ਨੀ ਕਹਿੰਦਾ ਕਿ ਸਾਡੇ ਧਰਮ ਪ੍ਰਚਾਰਕ ਜਾਂ ਕੀਰਤਨੀਏਂ ਇਹ ਸਭ ਕੁਝ ਕਿਉਂ ਕਰਦੇ ਜਾਂ ਕਹਿੰਦੇ ਹਨ! ਪਰ ਉੱਥੇ ਉਹਨਾਂ ਵਣਜਾਰਿਆਂ ਕੋਲੇ ਕੋਈ ਪ੍ਰਚਾਰਕ, ਢਾਡੀ, ਕੀਰਤਨੀਆਂ ਕਿਉਂ ਨਹੀਂ ਜਾਂਦਾ? ਕੀ ਉਹ ਗੁਰੂ ਦੇ ਸਿੱਖ ਨਹੀਂ? ਉਹਨਾਂ ਨੂੰ ਸੰਗਤ ਅਤੇ ਪੰਗਤ ਦੀ ਲੋੜ ਨਹੀਂ? ਕੀ ਵਣਜਾਰਿਆਂ ਦੇ ਬੱਚੇ ਸਿੱਖੀ ਦੇ ਵਾਰਿਸ ਨਹੀਂ? ਉਹਨਾਂ ਨੂੰ ਗੁਰਬਾਣੀ ਅਤੇ ਪ੍ਰਚਾਰ ਦੀ ਲੋੜ ਨਹੀਂ? ਜੇ ਤੁਸੀਂ ਸਿੱਖੀ ਦੀ ਇਤਨੀ ਹੀ ਸੇਵਾ ਕਰ ਰਹੇ ਹੋ, ਤਾਂ ਫਿਰ ਭੇਦ ਭਾਵ ਕਿਉਂ? ਗੁਰੂਆਂ ਨੇ ਤਾਂ ਇਹਨਾਂ ਚੀਜ਼ਾਂ ਦਾ ਪੁਰਜ਼ੋਰ ਖੰਡਨ ਕੀਤਾ ਸੀ! ਫਿਰ ਇਹ, ਕਿਸੇ ਨੂੰ ਬਦਾਮ ਅਤੇ ਕਿਸੇ ਨੂੰ ਫੁੱਲੀਆਂ ਵੀ ਨਹੀਂ, ਦਾ ਪਾਖੰਡ ਕਿਉਂ ਕਰਦੇ ਨੇ? ਪਤੈ, ਬਈ ਉਹਨਾਂ ਤੋਂ ਮਿਲਣਾ ਕਰਨਾ ਤੇ ਕੁਛ ਹੈ ਨਹੀਂ, ਫਿਰ ਸੰਘ ਅੱਡਣ ਦਾ ਕੀ ਫਾਇਦਾ? ਪਰ ਮੈਂ ਇਤਨਾ ਕੁ ਜ਼ਰੂਰ ਪੁੱਛਾਂਗਾ ਕਿ ਜਿਹੜੇ ਉੱਥੇ 34, 35000 ਸਿੱਖ ਸਿੱਖੀ ਸਰੂਪ ‘ਚ (ਵਣਜਾਰੇ) ਤਰਸ ਰਹੇ ਨੇ ਕਿ ਭਾਈ ਅਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲੇ ਹਾਂ, ਸਾਨੂੰ ਕੁਝ ਨਹੀਂ ਚਾਹੀਦਾ! ਬੱਸ, ਚਾਹੀਦਾ ਹੈ ਤਾਂ ਸਾਨੂੰ ਆਪਣੀ ਬੁੱਕਲ ‘ਚ ਲੈ ਕੇ ਇਨਾਂ ਹੀ ਕਹਿ ਦਿਓ ਕਿ ਤੁਸੀਂ ਵੀ ਸਾਡੇ ਭੈਣ-ਭਰਾ ਹੋ! ਅਤੇ ਤੁਸੀਂ ਵੀ ਸਾਡੇ ਵਾਂਗ ਗੁਰੂ ਨਾਨਕ ਦੇ ਹੀ ਸਿੱਖ ਹੋ, ਕੋਈ ਮਾੜੀ ਮੋਟੀ ਹਿੰਮਤ ਕਰ ਕੇ ਇਕ ਦੋ ਸਕੂਲਾਂ ਦਾ ਇੰਤਜ਼ਾਮ ਹੀ ਕਰ ਦਿਓ, ਕਿਉਕਿ ਉਹ ਕਮ-ਸੇ-ਕਮ ਪੰਜਾਬੀ ਨਾਲ ਤਾਂ ਜੁੜ ਸਕਣ! ਨਹੀਂ ਤੇ ਉਹ ਫਿਰ ਗੁਰਬਾਣੀ ਵੀ ਕਿਸੇ ਹੋਰ ਭਾਸ਼ਾ ‘ਚ ਹੀ ਪੜ੍ਹਨਗੇ ਅਤੇ ਹਰ ਭਾਸ਼ਾ ਆਪਣਾ ਅਸਰ ਤਾਂ ਛੱਡਦੀ ਹੀ ਹੈ, ਇਹ ਤਾਂ ਹਰ ਕੋਈ ਜਾਣਦੈ
ਸਿਆਸੀ ਅਤੇ ਧਾਰਮਿਕ ਬਾਬਿਓ...! ਕੋਈ ਫਰਕ ਨਹੀਂ ਪੈਣਾ, ਉਹ ਆ ਕੇ ਤੁਹਾਡੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜਨ ਲੱਗੇ! ਉਹ ਤਾਂ ਵਿਚਾਰੇ ਆਪਣਾ ਢਿੱਡ ਮਸੀਂ ਭਰਦੇ ਨੇ, ਫਿਰ ਤੁਹਾਡੇ ਕੋਲ ਤਾਂ ਅਰਬਾਂ ਦਾ ਬਜ਼ਟ ਹੈ! ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ? ਸੋ ਇੰਨਾ ਵੀ ਡਰਨ ਦੀ ਲੋੜ ਨਹੀਂ! ਉਨ੍ਹਾਂ ‘ਚ ਕਮੀਂ ਹੀ ਕੀ ਹੈ? ਕੀ ਉਹ ਕਿਰਤ ਨਹੀਂ ਕਰਦੇ? ਵੰਡ ਕੇ ਨਹੀਂ ਛਕਦੇ? ਨਾਂਮ ਨਹੀਂ ਜਪਦੇ? ਕਮੀਂ ਹੈ, ਤਾਂ ਸਿਰਫ ਇੰਨੀ ਕਿ ਉਹ ਤੁਹਾਡੇ ਵਰਗੇ ਧਾਰਮਿਕ ਅਤੇ ਸਿਆਸੀ ਲੀਡਰਾਂ ਦੀਆਂ ਸਿਆਸੀ ਚੱਕੀ ‘ਚ ਪਿਸਣ ਦੀ, ਜਾਂ ਗਰੀਬ ਹੋਣ ਦੀ ‘ਸਜ਼ਾ‘ ਭੁਗਤ ਰਹੇ ਨੇ! ਅਜੇ ਵੀ ਸਮਾਂ ਹੈ, ਸੰਭਲ ਜਾਓ! ਇਹਨਾਂ ਨੂੰ ਆਪਣੇ ਧਰਮ ਦੀ ਬੁੱਕਲ ‘ਚ ਲੈਣ ਦੀ ਕੋਸ਼ਿਸ਼ ਕਰੋ! ਇਹ ਵਿਚਾਰੇ ਮਜਲੂਮ ਸਦੀਆਂ ਤੋਂ ਮੱਥੇ ‘ਤੇ ਹੱਥ ਰੱਖ ਕੇ ਤੁਹਾਡੀਆਂ ਰਾਹਾਂ ਤੱਕ ਰਹੇ ਨੇ! ਫਿਰ ਦੋਸ਼ ਨਾ ਦੇਣਾ ਕਿ ਇਹਨਾਂ ਨੇ ਕੋਈ ਵੱਖਰਾ ‘ਗ੍ਰੰਥ‘ ਤਿਆਰ ਕਰ ਲਿਆ, ਜਾਂ ਫਿਰ ਕਿਸੇ ਡੇਰੇ ਦੀ ਸ਼ਰਨ ਚਲੇ ਗਏ! ਡੇਰੇ, ਜੋ ਅੱਜ ਕੱਲ੍ਹ ਤੁਹਾਡੀ ‘ਕ੍ਰਿਪਾ‘ ਨਾਲ ਬਥੇਰੇ ਨੇ, ਉਹਨਾਂ ਨੂੰ ਕੋਈ ਬਹੁਤੀ
ਦੂਰ ਨਹੀਂ ਜਾਣਾ ਪੈਣਾ।
ਬਾਕੀ ਰਹੀ ਸਾਡੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਗੱਲ, ਇਨ੍ਹਾਂ ਤੋਂ ਆਸ ਰੱਖਣਾ ਤਾਂ ਸਿਪਾਹੀ ਤੋਂ ਅਫੀਮ ਮੰਗਣ ਵਾਲੀ ਗੱਲ ਹੈ! ਥੋੜ੍ਹੀ ਜਿਹੀ ਬੇਨਤੀ ਮੈ ਬਲਵੰਤ ਸਿੰਘ ਰਾਮੂਵਾਲੀਏ ਨੂੰ ਜਰੂਰ ਕਰਾਂਗਾ ਕਿ ਵੋਟਾਂ ਤੋਂ ਬਾਅਦ ਆਲੇ ‘ਚ ਮੂੰਹ ਦੇ ਕੇ ਰੋਂਦਾ ਰਹਿੰਦੈ, ਇਹ ਵੀ ਇਕ ਸੇਵਾ ਹੀ ਹੈ, ਨਾਲੇ 35, 40 000 ਸਿੱਖਾਂ ਦੀਆਂ ਵੋਟਾਂ ਪੱਕੀਆਂ! ਦੋ-ਦੋ ਕੰਮ, ਨਾਲੇ ਵਿਸਾਖੀ ਤੇ ਨਾਲੇ ਵਗੜ ਦਾ ਸੌਦਾ! ਆਖਰ ‘ਚ ਇਹੀ ਕਹਿਣਾ ਚਾਹਾਂਗਾ ਕਿ ਉਹ ਗੱਲ ਨਾ ਕਰੋ, “ਅੰਨ੍ਹੀ ਕੋ ਬੋਲਾ ਘੜ੍ਹੀਸੈ-ਨ ਉਸ ਸੁਣੈ ਨ ਉਸ ਦੀਸੈ!” ਵਣਜਾਰੇ ਭਰਾਵਾਂ ਦੀ ਆਰਥਿਕ ਮੱਦਦ ਤੋਂ ਲੈ ਕੇ ਪੱਕੇ ਵਸੇਬੇ ਤੱਕ ਦਾ ਕੋਈ ਸਾਰਥਿਕ ਹੱਲ ਲੱਭੋ, ਉਹਨਾਂ ਦੇ ਮਾਸੂਮ ਬੱਚਿਆਂ ਦੀ ਪੜ੍ਹਾਈ ਲਈ ਸਕੂਲੀ ਪ੍ਰਬੰਧ ਚਲਾਏ ਜਾਣ ਅਤੇ ਉਹਨਾਂ ਨੂੰ ਮੁਫਤ ਵਿੱਦਿਆ ਮੁਹੱਈਆ ਕਰਵਾ ਕੇ ਵਣਜਾਰੇ ਭਰਾਵਾਂ ਦਾ ਜੱਸ ਖੱਟਿਆ ਜਾਵੇ, ਵਾਹਿਗੁਰੂ ਤੁਹਾਨੂੰ ਆਪ ਖੁਸ਼ੀਆਂ ਬਖਸ਼ਿਸ਼ ਕਰਨਗੇ! 


1 comment:

Dalvir Halwarvi said...

ਬਹੁਤ ਹੀ ਵਧੀਆਂ ਜਾਣਕਾਰੀ ਭਰਪੂਰ ਲੇਖ ਹੇ ਜੀ। ਬਾਕੀ ਵਣਜਾਰੇ ਸਿੱਖ ਸੰਸਥਾਵਾਂ ਵਲੋਂ ਵੀ ਕਾਫੀ ਕੁੱਝ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਜਿਆਦਾ ਹੋਰ ਵਿਸਥਾਰ ਵਿਚ ਕੁਲਵੰਤ ਸਿੰਘ ਢੇਸੀ ਦੇ ਸਕਦੇ ਹਨ। ਉਹਨ੍ਹਾਂ ਨਾਲ ਸਪੰਰਕ ਫੇਸਬੁਕ ਉਤੇ ਕੀਤਾ ਜਾ ਸਕਦਾ ਹੈ।