ਇੰਡੀਆ ‘ਚ ਕੀ ਰੱਖਿਆ?.......... ਲੇਖ / ਨਿੰਦਰ ਘੁਗਿਆਣਵੀ

ਪਰਵਾਸੀ ਅੰਕਲਾਂ-ਅੰਟੀਆਂ ਤੇ ਮਿੱਤਰਾਂ-ਬੇਲੀਆਂ ਦੇ ਦੇਸ ਆਉਣ ਦੀ ਰੁੱਤ ਹੈ। ਕਈ ਅਪ੍ਰੈਲ-ਮਈ ਵਿੱਚ ਵਾਪਸੀ ਕਰਨਗੇ ਪਰਦੇਸ ਨੂੰ। ਕੁਝ ਦਸੰਬਰ ਮਹੀਨੇ ਆਏ ਹਨ, ਕੁਝ ਉਸ ਤੋਂ ਪਹਿਲਾਂ ਦੇ ਪਧਾਰੇ ਹੋਏ ਹਨ। ਕੁਝ ਆ ਰਹੇ ਹਨ। ਕੁਝ ਜਾ ਰਹੇ ਹਨ। ਇਹ ਰੁੱਤ ਉਹਨਾਂ ਨੂੰ ਮਸੀਂ ਆਉਂਦੀ ਹੈ।  ਅਕਸਰ ਹੀ ਅਜਿਹੇ ਮੇਲੀਆਂ-ਗੇਲੀਆਂ ਤੇ ਬੇਲੀਆਂ ਨਾਲ ਏਧਰ ਵੀ ਤੇ ਓਧਰ ਵੀ ਮੇਲ-ਗੇਲ  ਤੇ ਵਿਚਾਰ-ਚਰਚਾ ਹੁੰਦੀ ਹੀ ਰਹਿੰਦੀ ਹੈ। ਬਹੁਤ ਘੱਟ ਅਜਿਹੇ ਭਾਗਸ਼ਾਲੀ ਮਿਲੇ ਹਨ...ਜੋ ਆਪਣਾ ਦੇਸ ਛੱਡ ਕੇ ਪ੍ਰਸੰਨ ਦਿਸੇ ਹਨ ਪਰ ਬਹੁਤੇ ਝੂਰਦੇ ਹੀ ਦੇਖੇ ਹਨ। ਇੱਕ ਪਲ ਕੋਈ ਕਹਿੰਦਾ ਹੈ, “ ਛੱਡ ਯਾਰ, ਇੰਡੀਆ ਵਿੱਚ ਕੀ ਪਿਐ? ਮਰਗੇ ਸੀ ਭੁੱਖ ਤੇ ਕੰਗਾਲੀ ਨਾਲ...ਚੰਗੇ ਰਹਿਗੇ ਆਂ ਇੰਡੀਆ ਛੱਡ ਆਏ ਆਂ।” ਪਰ ਦੂਜੇ ਪਲ ਹੀ ਹਉਕਾ ਜਿਹਾ ਲੈਂਦਾ ਹੈ ਤੇ ਕਹਿੰਦਾ ਹੈ, “ ਪਰ ਯਾਰ, ਸੱਚੀ ਗੱਲ ਤਾਂ ਇਹ ਆ ਬਈ ਆਪਣਾ ਦੇਸ ਤਾਂ ਆਪਣਾ ਈ ਹੁੰਦੈ...ਓਹ ਗੱਲ ਨ੍ਹੀ ਲਭਦੀ ਏਥੇ ਜਿਹੜੀ  ਉਥੇ ਆ।”
ਮੈਂ ਦੇਖਿਆ ਹੈ ਕਿ ਜਦ ਉਹ ਆਪਣੇ ਵਤਨ ਵੱਲ ਆਉਂਦੇ ਨੇ ਤਾਂ ਬੜੇ ਭਰੇ-ਪੀਤੇ ਹੁੰਦੇ ਨੇ। ਉਹਨਾਂ ਦੇ ਮਨਾਂ ਅੰਦਰੀਂ ਕਈ-ਕਈ ਮਹੀਨਿਆਂ ਤੇ ਵਰ੍ਹਿਆਂ ਦਾ ਗੁੱਭ੍ਹ-ਗੁਭਾਟ ਭਰਿਆ ਪਿਆ ਹੁੰਦੈ। ਕਿਸਨੂੰ ਦੁੱਖ ਸੁਣਾਉਣ ਪਰਦੇਸਾਂ ਵਿੱਚ ਬੈਠੇ? ਕਿਸ ਕੋਲ ਵਿਹਲ ਹੈ ਉਹਨਾਂ ਨੂੰ ਸੁਣਨ ਦੀ ਜਾਂ ਸਮਝਣ ਦੀ ? ਸਭ ਆਪਣੇ-ਆਪਣੇ ਧੰਦੇ ਲੱਗੇ ਹੋਏ ਨੇ...ਧੀ ਹੈ ਚਾਹੇ ਪੁੱਤ ਹੈ...ਮਸ਼ੀਨ ਨਾਲ ਮਸ਼ੀਨ ਹੋਇਆ ਮਨੁੱਖ ਹੈ। ਘੜੀ ਦੀ ਟਿਕ-ਟਿਕ ਨਾਲ ਧੜਕਦੀ ਦਿਲ ਦੀ ਧੜਕਨ। ਵੱਡੇ ਸਾਰੇ ਫਰੀਜ਼ਰ ਦੀ ਬੇਰੋਕ ਘੀਂ-ਘੀਂ...। ਮੋਟਰ ਵੇਅ ‘ਤੇ ਦੌੜਦੀ ਤੇਜ਼ ਰਫ਼ਤਾਰ ਜਿ਼ੰਦਗੀ ਦੀ ਛੂਕਰ। ਕਿਸਨੂੰ ਦੁੱਖ ਦੱਸਣ ਅੰਕਲ-ਅੰਟੀਆਂ? ਦਰੱਖਤਾਂ ਨੂੰ? ਸੁੰਨੇ ਘਰਾਂ ਦੀਆਂ ਚਿੱਟੀਆਂ ਕੰਧਾਂ ਨੂੰ? ਵੰਨ-ਸੁਵੰਨੇ ਦੁੱਖਾਂ ਦੇ ਲਿਤਾੜੇ ਲੋਕ ਕੋਈ ਥੰਮ੍ਹਣਾਂ ਭਾਲਦੇ ਹਨ, ਜਿਹਦੇ ਗਲ ਲਗ ਕੇ ਰੋ ਲੈਣ...ਦੁੱਖ ਦੱਸ ਕੇ ਹੌਲੇ ਹੋ ਲੈਣ। ਕਹਿੰਦੇ ਹਨ, “ਅਸੀਂ ਏਥੇ ਵੀ ਪਰਦੇਸੀ ਤੇ ਅਸੀਂ ਉਥੇ ਵੀ ਪਰਦੇਸੀ...ਨਾ ਸਾਡਾ ਇੰਡੀਆ ਦੇਸ ਬਣਿਆ...ਨਾ ਏਹ ਬਣਿਆ।”
ਮੈਨੂੰ ਅਕਸਰ ਹੀ ਅਜਿਹੇ ਲੋਕਾਂ ਦੇ ਦੁੱਖੜੇ ਹਲੂਣ ਜਾਂਦੇ ਹਨ। ਫਿਰ ਮੈਂ ਕਈ-ਕਈ ਦਿਨ ਬੇਚੈਨ ਰਹਿੰਨਾ ਤੇ ਸੋਚਦਾ ਹਾਂ ਕਿ ਇੰਨ੍ਹਾਂ ਨੇ ਜਿ਼ੰਦਗੀ ਵਿੱਚ ਕੀ ਪਾਇਆ ਤੇ ਕੀ ਗੁਵਾਇਆ? ਜਾਂ ਗੁਵਾਇਆ ਹੀ ਗੁਵਾਇਆ? ਕੁਝ ਪਾਇਆ ਵੀ ਜਾਂ ਨਹੀਂ? ਨਾ ਏਹ ਉਥੇ ਸੰਤੁਸ਼ਟ ਨੇ, ਨਾ ਏਥੇ। ਇੰਡੀਆ ਆਉਂਦੇ ਨੇ ਵਲੈਤ ਨੂੰ ਝੂਰੀ ਜਾਂਦੇ ਨੇ ...ਵਲੈਤ ਬੈਠੇ ਹੁੰਦੇ ਨੇ ਤਾਂ ਇੰਡੀਆ ਦੀ ਯਾਦ ਖਹਿੜਾ ਨਹੀਂ ਛੱਡਦੀ। ਪਹਿਲਾਂ ਸਮੇਤ ਸਾਰੇ ਟੱਬਰ ਦੇ ਬਾਹਰ ਜਾਣ ਦੀ ਲਲ੍ਹਕ ਸੀ...ਉਹ ਪੂਰੀ ਹੋ ਗਈ ਪਰ ਫਿਰ ਵੀ ਅਧੂਰੇ ਦੇ ਅਧੂਰੇ। ਖਾਲੀ-ਖਾਲੀ।  ਭੈਅ ਦਾ ਸਾਇਆ ਨਾਲ-ਨਾਲ। ਉਥੇ ਬੈਠਿਆਂ ਨੂੰ ਏਧਰਲੀ ਜਾਇਦਾਦ ਦੱਬ ਜਾਣ ਦਾ ਫਿ਼ਕਰ। ਜਿੰਦਰੇ ਮਾਰੀ ਕੋਠੀ ਨੂੰ ਪੂੰਝਣ-ਝਾੜਨ ਲਈ ਵਾਰ-ਵਾਰ ਗੁਆਂਢੀਆਂ ਨੂੰ ਫੋਨ ਕਰਨ ਦਾ ਪੰਗਾ।  ਰਿਸ਼ਤੇਦਾਰਾਂ ਦੇ ਨਾ ਮੁੱਕਣ ਵਾਲੇ ਝਮੇਲੇ ਤੇ ਵੰਗਾਰਾਂ ਤੇ ਫਿਰ ਖੂਨੀ ਰਿਸ਼ਤਿਆਂ ਦੀ ਟੁੱਟ-ਭੱਜ। ਮੁਕੱਦਮੇ ਤੇ ਦੁਸ਼ਮਣੀਆਂ। ਆਪਣਿਆਂ ਵਿੱਚ ਬੈਠੇ ਹੋਏ ਵੀ ਓਪਰੇਪਣ ਦਾ ਅਹਿਸਾਸ। ਕਦੋਂ ਸੈੱਟ ਹੋਣਗੇ ਦੇਸ ਵਿੱਚ ਬਾਕੀ ਰਹਿ ਗਏ ਧੀਆਂ-ਪੁੱਤ? ਅਨੇਕ ਤਰਾਂ ਦੇ ਮੁੱਦੇ  ਤੇ ਮੁਸੀਬਤਾਂ ਹਨ ਹਰ ਇੱਕ ਦੇ। ਅਜਿਹੇ ਦੁੱਖ ਦੱਸਣ ਵਾਲੇ ਲੋਕ ਮੈਨੂੰ ‘ਆਪਣੇ-ਆਪਣੇ’ ਲੱਗਣ ਲਗਦੇ ਹਨ। ਅਜੀਬ ਜਿ਼ੰਦਗੀ ਹੈ ਇਹਨਾਂ ਲੋਕਾਂ ਦੀ, ਉਧਰੋਂ ਆਉਣ ਲੱਗੇ ਵੀ ਰੋਂਦੇ ਆਉਂਦੇ ਨੇ ਤੇ ਇੱਧਰੋਂ ਜਾਂਦੇ ਵੀ ਰੋਂਦੇ ਨੇ। ਦੋਵੇਂ ਦੇਸਾਂ ਦੇ ਦੁੱਖ। ਆਪਣੇ ਵਤਨ ਮਨ ਹੌਲਾ ਕਰਨ ਆਏ ਸਾਂ। ਆਪਣਿਆਂ ਨੂੰ ਗਲੇ ਮਿਲਣ ਪਰਤੇ ਸਾਂ ਪਰ ਆਪਣਿਆਂ ਤੋ ਧੱਕੇ ਖਾ ਕੇ ਜਾ ਰਹੇ ਹਾਂ। ਉਧਰੋਂ ਆਇਆਂ ਨਾਲ ਜਿਹੜਾ ਵਿਵਹਾਰ ਏਧਰਲੇ ਬੈਠੇ ਉਹਨਾਂ ਦੇ (ਆਪਣੇ ਸੱਕੇ) ਕਰਦੇ ਹਨ...ਇਹ ਵੀ ਇੱਕ ਦਿਲਚਸਪ ਪ੍ਰੰਤੂ ਗੰਭੀਰ ਵਿਸ਼ਾ ਹੈ, ਜਿਸ ‘ਤੇ ਗੱਲ ਕਰਨੀ ਸੌਖਾ ਕੰਮ ਨਹੀਂ। ਆਏ ਓ, ਤਾਂ ਕੀ ਲੈ ਕੇ ਆਏ ਓ? ਚੱਲੇ ਓ, ਤਾਂ ਕੀ ਦੇ ਕੇ ਚੱਲੇ ਓ? ਸਾਡੇ ਵੀ ਕਿਸੇ ਦਾ ਸਾਕ ਕਰਵਾ ਦਿਓ ਓਧਰ? ਬੜਾ ਚਿਰ ਹੋ ਗਿਆ ਐ ਲਾਰੇ ਲਾਉਂਦਿਆਂ ਨੂੰ...ਆਪਣਾ ਸਾਰਾ ਟੱਬਰ ਤਾਂ ਲੈ ਗਏ ਓ...ਸਾਡੀ ਕਿਸਮਤ ਕਦੋਂ ਖੁੱਲੂ...ਅਜਿਹੇ ਰਿਸ਼ਤੇਦਾਰਾਂ ਦਾ ਕੀ ਅਚਾਰ ਪਾਉਣਾ ਐਂ?  ਕੈਨੇਡਾ ਤੋਂ ਲਿਆਂਦੇ ਡਾਲਰ ਤਾਂ ਕੀ ਦੇਣੇ ਸੀ...ਉਲਟਾ ਪੈਲੀ ਦਾ ਠੇਕਾ ਮੰਗਣ ਡਹਿ ਪਏ ਜੇ ਆਣ ਕੇ? ਟੂਰਨਾਂਮੈਂਟ ਕਰਵਾ ਲਿਆ ਆਣਕੇ...ਅਖੰਡ ਪਾਠ ਕਰਵਾਈ ਜਾਂਦੇ ਓ...ਪਾਰਟੀਆਂ ਕਰੀ ਜਾਂਦੇ ਓ ਸਾਡਾ ਹਿੱਸਾ-ਪੱਤੀ ਕਿੱਥੇ ਆ? ਸਾਡਾ ਕਰਜ਼ਾ ਕੌਣ ਲਾਹੂ? ਖਾ ਗਏ ਬੈਂਕਾਂ ਵਾਲੇ ਤੋੜ-ਤੋੜ ਕੇ!
ਅੰਕਲ ਜਵੰਧਾ ਸਿੰਓ ਤਾਂ ਓਸ ਦਿਨ ਫੁੱਟ-ਫੁੱਟ ਕੇ ਰੋਇਆ ਸੀ। ਤਿੰਨ ਪੈੱਗ ਅੰਕਲ ਦੇ ਅੰਦਰ ਗਏ ਤਾਂ ਦਿਲ ਦੀ ਗੱਲ ਝੱਟ ਬਾਹਰ ਆ ਗਈ ਸੀ। ਕਹਿੰਦਾ ਰਿਹਾ ਸੀ, “ਆਪਣਾ ਦੇਸ ਛੱਡ ਦਿੱਤਾ ਏ ਪੁੱਤਰ ਤੇ ਓਸ ਮੁਲਕ ਨੂੰ ਅਸੀਂ ਆਪਣਾ ਸਮਝਿਆ ਨਹੀਂ ਏਂ...ਸਿਰਫ਼ ਤੇ ਸਿਰਫ ਡਾਲਰਾਂ ਦਾ ਰਿਸ਼ਤਾ ਏ ਓਸ ਮੁਲਕ ਨਾਲ ਸਾਡਾ...ਅਸੀਂ ਭਾਵਨਾਤਮਿਕ ਤੌਰ ਤੇ ਜੁੜ ਈ ਨਹੀਂ ਸਕੇ ਆਂ ਓਸ ਮੁਲਕ ਨਾਲ...ਜੇਕਰ ਅਸੀਂ ਓਸ ਮੁਲਕ ਨੂੰ ਆਪਣੀ ਮਾਂ ਨਹੀਂ ਸਮਝਣਾ ਏਂ...( ਜਿੱਥੇ ਅਸੀਂ ਵੱਸ ਗਏ ਆਂ ਪੱਕੇ ਤੌਰ ‘ਤੇ) ਤਾਂ ਘੱਟੋ-ਘੱਟ ਅਸੀਂ ਉਸਨੂੰ ਆਪਣੀ ਮਾਸੀ ਈ ਸਮਝ ਲੈਂਦੇ ਪੁੱਤਰਾ...ਅਸੀਂ ਤੇ ਸੈਲਫਿਸ਼ ਹੋਏ ਪੁੱਤਰਾ।”
ਕਈ ਦਿਨ ਮੈਂ ਜਵੰਧਾ ਸਿੰਘ ਅੰਕਲ ਦੀ ਕਹੀਆਂ ਇਹਨਾਂ ਗੱਲਾਂ ਬਾਰੇ ਸੋਚਦਾ ਰਿਹਾ ਸਾਂ। ਅੱਜ ਦਾ ਕਾਲਮ ਲਿਖਦਿਆਂ ਜਵੰਧੇ ਅੰਕਲ ਦੇ ਨਾਲ-ਨਾਲ ਇੱਕ ਬੇਬੇ ਵੀ ਚੇਤੇ ਆ ਗਈ ਹੈ। ਪਿਛਲੇ ਤੋਂ ਪਿਛਲੇ ਸਾਲ ਜਦ ਲੰਡਨ ਦੀ ਯਾਤਰਾ ‘ਤੇ ਜਾਣ ਲਈ ਅੰਮ੍ਰਿਤਸਰੋਂ ਜਹਾਜੇ਼ ਬੈਠਾ ਸਾਂ (ਤਾਂ ਜਲੰਧਰ ਕੋਲ ਆਦਮਪੁਰ ਦੀ ਬੇਬੇ ਸਾਊਥਾਲ ਆਪਣੇ ਆਪਣੇ ਪੁੱਤਰ ਕੋਲ ਜਾ ਰਹੀ ਸੀ), ਉਸਨੂੰ ਮੇਰੇ ਨਾਲ ਸੀਟ ਅਲਾਟ ਹੋ ਗਈ ਸੀ। ਰੱਬ ਨੂੰ ਬਾਹਲਾ ਮੰਨਣ ਵਾਲੀ ਬੇਬੇ ਜਹਾਜ਼ ਚੜ੍ਹਨ ਦੇ ਚਾਅ ਤੇ ਆਪਣੇ ਪੁੱਤ ਦੇ ਪਰਿਵਾਰ ਵਿੱਚ ਜਾ ਰਹੀ ਹੋਣ ਕਾਰਨ ਅੱਖਾਂ ਮੁੰਦ ਕੇ, ਦੋਵੇਂ ਹੱਥ ਜੋੜੀ, ਰੱਬ ਦਾ ਸ਼ੁਕਰਾਨਾ ਕਰਦੀ ਵਾਰ-ਵਾਰ ਗਾਉਂਦੀ ਰਹੀ ਸੀ:
                           ਕਈ ਤਰਗੇ ਕਈਆਂ ਨੇ ਤਰ ਜਾਣਾ      
                           ਜਿੰਨ੍ਹਾਂ ਨੇ ਤੇਰਾ ਨਾਮ ਜਪਿਆ...
ਬੈਠੇ-ਬੈਠੇ ਬੇਬੇ ਦੇ ਗਾਏ ਇਸ ਭਜਨ ਦੇ ਬੋਲ ਆਪ ਮੁਹਾਰੇ ਹੀ ਇੰਝ ਤਬਦੀਲ ਹੋ ਗਏ ਸਨ, ਤੇ ਮੇਰਾ ਦਿਲ ਕਰਦਾ ਸੀ ਕਿ ਬੇਬੇ ਚੁੱਪ ਹੋਵੇ ਤੇ ਮੈਂ ਇਹ ਗਾਵਾਂ:
                       ਕਈ ਤੁਰਗੇ ਕਈਆਂ ਨੇ ਤੁਰ ਜਾਣਾ
                        ਇੰਡੀਆ ‘ਚ ਕੀ ਰੱਖਿਆ?
                                     
****

Post a Comment