ਸ਼ਹਾਦਤ ਦੇ ਸੁਪਨੇ ਦਾ ਸੱਚ : ਸ਼ਹੀਦ-ਇ-ਆਜ਼ਮ ਭਗਤ ਸਿੰਘ.......... ਲੇਖ / ਕੇਹਰ ਸ਼ਰੀਫ਼

ਭਾਰਤ ਦੀ ਅਜਾਦੀ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ    
ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਕਰਨ ਵਾਲਾ ਦਿਹਾੜਾ ਸਾਰੀ ਦੁਨੀਆਂ ਦੇ ਮਿਹਨਤਕਸ਼ਾਂ ਅਤੇ ਵਿਚਾਰਵਾਨ ਲੋਕਾਂ ਨਾਲ ਸਾਂਝਾ ਕਰਨ ਦਾ ਜਤਨ ਕਰ ਰਹੇ ਹਾਂ। ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਹੋਰ ਹਜਾਰਾਂ ਹੀ ਨੌਜਵਾਨਾਂ ਨੇ ਜਿਨ੍ਹਾਂ ਆਪਣੀ ਜੁਆਨੀ ਦੇਸ਼ ਵਿਚ ਚੱਲਦੀ ਅਜਾਦੀ ਲਹਿਰ ਦੇ ਲੇਖੇ ਲਾਈ। ਆਪਣਾ ਹਰ ਸੁਪਨਾ, ਆਪਣੀ ਹਰ ਖਾਹਿਸ਼, ਹੋਸ਼ ਸੰਭਾਲਣ ਤੋਂ ਬਾਅਦ ਆਪਣੀ ਜਿ਼ੰਦਗੀ ਦਾ ਹਰ ਪਲ ਆਪਣੇ ਵਤਨ ਅਤੇ ਆਪਣੇ ਲੋਕਾਂ ਤੋਂ ਕੁਰਬਾਨ ਕਰ ਦਿੱਤਾ। ਸਿਰ ਦਿੱਤੇ ਪਰ ਸਿਦਕ ਨਾ ਹਾਰਿਆ। ਅਜਾਦੀ ਦੀ ਲਹਿਰ ਨੂੰ ਹੋਸ਼ ਦਿੱਤਾ ਅਤੇ ਜੋਸ਼ ਦਿੱਤਾ, ਲੋਕਾਂ ਦੇ ਮਨਾਂ ਅੰਦਰ ਗੁਲਾਮੀ ਪ੍ਰਤੀ ਨਫਰਤ ਪੈਦਾ ਕਰਨ ਵਾਸਤੇ ਆਪਣੀ ਤਰਕਸ਼ੀਲ ਸੋਚ, ਆਪਣੇ ਦਲੀਲਾਂ ਭਰਪੂਰ ਤਿੱਖੇ ਵਿਚਾਰਾਂ ਦਾ ਪ੍ਰਯੋਗ ਕੀਤਾ। ਅਜਾਦੀ ਲਹਿਰ ਵਾਸਤੇ ਚੱਲਦੀ ਲਹਿਰ ਦੀ ਤੋਰ ਤੇ ਧੜਕਣ ਦੋਹਾਂ ਨੂੰ ਤਿੱਖਿਆਂ ਕਰ ਦਿੱਤਾ। ਲੋਕ ਮਨਾਂ ਅੰਦਰ ਅਜਾਦੀ ਵਾਸਤੇ ਆਸ ਪੈਦਾ ਕਰਨ ਵਿੱਚ ਸਹਾਈ ਹੋਏ।
        
 ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਬੰਗਾ ਜਿਲਾ ਲਾਇਲਪੁਰ ਵਿਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆ ਵਤੀ ਦੇ ਘਰ ਹੋਇਆ। ਦੇਸ਼ ਭਗਤ ਬਾਬੇ ਅਰਜਨ ਸਿੰਘ ਨੇ ਨਵ ਜੰਮੇ ਬਾਲਕ ਦਾ ਨਾਂ ਭਗਤ ਸਿੰਘ ਰੱਖਿਆ। ਭਗਤ ਸਿੰਘ ਦੇ ਬਾਬਾ ਜੀ ਅਰਜਣ ਸਿੰਘ ਸੂਝਵਾਨ ਮਨੁੱਖ ਸਨ, ਜੋ ਆਰੀਆ ਸਮਾਜ ਦੇ ਪ੍ਰਭਾਵ ਹੇਠ ਅੰਧਵਿਸ਼ਵਾਸ, ਅਤੇ ਛੂਤ-ਛਾਤ ਤੋਂ ਮੁਕਤ ਹੋ ਗਏ ਸਨ।
        
ਤੇਈ ਮਾਰਚ ਨੂੰ ਹਿੰਦੁਸਤਾਨ ਦੇ ਵਾਸੀ ਸੂਰਮਤਾਈ ਦੇ ਦਿਹਾੜੇ ਵਜੋਂ ਮਨਾਉਂਦੇ ਹਨ। ਜਦੋਂ ਭਾਰਤ ਦੇ ਸੂਰਮੇ ਸਪੂਤਾਂ  ਨੇ ਆਪਣੇ ਜੋਸ਼ ਨੂੰ ਹੋਸ਼ ਨਾਲ ਰਲਾ ਕੇ ਮੁਲਕ ਦੇ ਪੈਰੀਂ ਪਈਆਂ ਗੁਲਾਮੀ ਦਆਂ ਜੰਜੀਰਾਂ ਕੱਟਣ ਲਈ ਆਪਣੇ ਜੀਵਨ ਨੂੰ ਕੌਮੀ ਅਣਖ ਦੀ ਰਾਖੀ ਕਰਦਿਆਂ ਨਿਸ਼ਾਵਰ ਕਰ ਦਿੱਤਾ ਸੀ।
         
 ਅਸੰਬਲੀ ਹਾਲ ’ਚ ਅਪਰੈਲ 1929 ਨੂੰ ਅਸੰਬਲੀ ਹਾਲ ਵਿਚ ਬੰਬ ਸੁੱਟਣ ਵੇਲੇ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਨਾਅਰਾ ਲਾਇਆ ਸੀ “ਇਨਕਲਾਬ- ਜਿ਼ੰਦਾਬਾਦ” ਤੇ ਇਸਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਸੀ “ਇਨਕਲਾਬ ਤੋਂ ਸਾਡਾ ਭਾਵ ਮੌਜੂਦਾ ਪ੍ਰਬੰਧ ਤੇ ਸਮਾਜ ਨੂੰ ਜੜੋਂ ਉਖਾੜ ਸੁੱਟਣਾ ਹੈ। ਇਸ ਕਰਕੇ ਰਾਜ ਸ਼ਕਤੀ ਉੱਤੇ ਕਬਜ਼ਾ ਕਰਨਾ ਜ਼ਰੂਰੀ ਹੈ। ਇਸ ਵੇਲੇ ਰਾਜ ਪ੍ਰਬੰਧ ਦੀ ਮਸ਼ੀਨ ਵਿਸ਼ੇਸ਼ ਹਿਤਾਂ ਦੇ ਹੱਥ ਵਿਚ ਹੈ। ਜਨਤਾ ਦੇ ਹਿਤਾਂ ਦੀ ਰੱਖਿਆ ਵਾਸਤੇ ਅਰਥਾਤ ਸਮਾਜ ਨੂੰ ਨਵੇਂ ਸਿਰੇ ਤੋਂ ਕਾਰਲ ਮਾਰਕਸ ਦੇ ਸਿਧਾਂਤਾਂ ਅਨੁਸਾਰ ਜਥੇਬੰਦ ਕਰਨ ਲਈ ਸਾਨੂੰ ਸਰਕਾਰ ਦੀ ਮਸ਼ੀਨ ਨੂੰ ਆਪਣੇ ਹੱਥਾਂ ਵਿਚ ਲੈਣਾ ਪਵੇਗਾ। ਅਸੀਂ ਇਸ ਉਦੇਸ਼ ਵਾਸਤੇ ਲੜ ਰਹੇ ਹਾਂ।” ਉਹ ਆਪਣੇ ਸੱਚੇ-ਸੁੱਚੇ ਭਾਵਾਂ ਨੂੰ ਪ੍ਰਚਾਰਦੇ ਹੋਏ ਆਖਦੇ ਕਿ “ ਇਨਕਲਾਬ ਤੋਂ ਸਾਡਾ ਭਾਵ ਸਿਰਫ ਇਹ ਹੈ ਕਿ ਮੌਜੂਦਾ ਨਿਜ਼ਾਮ ਜਿਹੜਾ ਅਸਲੋਂ ਹੀ ਬੇਇਨਸਾਫੀ ਤੇ ਅਧਾਰਤ ਹੈ ਨੂੰ ਬਦਲ ਦਿੱਤਾ ਜਾਵੇ, ਲੁੱਟ-ਖਸੁੱਟ ਖਤਮ ਕਰ ਦਿੱਤੀ ਜਾਵੇ, ਕਾਸ਼ਤਕਾਰ ਤੇ ਮਜ਼ਦੂਰ ਭੁੱਖੇ ਨਾ ਮਰਨ ....... ਇਨ੍ਹਾਂ ਖਰਾਬੀਆਂ ਕਾਰਨ ਹੀ ਇਨਸਾਨੀਅਤ ਤਬਾਹ ਹੋ ਰਹੀ ਹੈ ਇਨ੍ਹਾਂ ਨੂੰ ਖਤਮ ਕਰਨਾ ਹਰ ਇਨਸਾਨ ਦਾ ਫ਼ਰਜ਼ ਹੈ। ਇਨਕਲਾਬ ਦਾ ਮਤਲਬ ਇਹ ਹੈ ਕਿ ਸੁਸਾਇਟੀ ਦੇ ਪ੍ਰਬੰਧ ਨੂੰ ਇਸ ਮਜਬੂਤੀ ਨਾਲ ਕਾਇਮ ਕਰੀਏ ਕਿ ਇਸ ਵਿਚ ਸਭ ਕਿਸਮ ਦੇ ਵਿਤਕਰੇ ਖਤਮ ਹੋ ਜਾਣ ਅਤੇ ਹਰ ਕਿਸੇ ਨੂੰ ਪੂਰੀ ਅਜਾਦੀ ਤੇ ਲੋੜ ਅਨੁਸਾਰ ਚੀਜ਼ ਮਿਲੇ, ਇਹ ਸਾਡਾ ਰਾਹ ਹੈ।”
          
ਕਲਕੱਤਾ ਤੋਂ ਛਪਦੇ ‘ਮਾਡਰਨ ਰੀਵੀਊ’ ਦੇ ਐਡੀਟਰ ਰਾਮਾਨੰਦ ਚੈਟਰਜੀ ਨੇ ਦਸੰਦਰ 1929 ਦੇ ਪਰਚੇ ਵਿਚ “ਇਨਕਲਾਬ-ਜਿ਼ੰਦਾਬਾਦ” ਦੇ ਨਾਅਰੇ ਦਾ ਮਖੌਲ ਉਡਾਂਦਿਆਂ ਇਸ ਨੂੰ ਅਰਥਹੀਣ ਕਿਹਾ ਅਤੇ ਇਨਕਲਾਬੀਆਂ ਨੂੰ ਉਸਨੇ ਸਿਰਫਿਰੇ ਬੰਬ ਬਾਜ਼ ਆਖਿਆ ਸੀ। ਫੇਰ 22 ਦਸੰਬਰ ਨੂੰ ਭਗਤ ਸਿੰਘ ਅਤੇ ਦੱਤ ਨੇ “ਮਾਡਰਨ ਰੀਵੀਊ” ਦੇ ਨਾਂ ਖ਼ਤ ਲਿਖ ਕੇ  ਉਹਦੇ ਇਤਰਾਜਾਂ  ਦਾ ਜਵਾਬ ਦਿੱਤਾ ਸੀ। ਉਨ੍ਹਾਂ ਲਿਖਿਆ “ਬੰਬ ਕੇਸ ਵਿਚ ਸਾਡਾ ਬਿਆਨ ਪੜ੍ਹੋ ਤੇ ਫੇਰ ਵੇਖੋ ਅਸੀਂ ਕੀ ਆਖਿਆ ਸੀ। ਅਸੀਂ ਇਨਕਲਾਬ ਨੂੰ ਹਰ ਮੌਕੇ ਹਥਿਆਰਬੰਦ ਇਨਕਲਾਬ ਦੇ ਅਰਥਾਂ ਨਾਲ ਨਹੀਂ ਜੋੜਦੇ। ਇਨਕਲਾਬ ਸਿਰਫ ਬੰਬਾਂ ਤੇ ਪਸਤੌਲਾਂ ਨਾਲ ਪਿਆਰ ਰੱਖਣਾ ਨਹੀਂ, ਸਗੋਂ ਬੰਬ ਤੇ ਪਸਤੌਲ ਕਦੀ ਕਦਾਈਂ ਇਸ ਦੇ ਵੱਖੋ ਵੱਖ ਪੜਾਵਾਂ ’ਤੇ ਪਹੁੰਚਣ ਦਾ ਵਸੀਲਾ ਬਣ ਜਾਂਦੇ ਹਨ, ਪਰ ਇਹ ਆਪ ਇਨਕਲਾਬ ਨਹੀਂ ਅਖਵਾ ਸਕਦੇ”।
          
ਭਗਤ ਸਿੰਘ ਦਾ ਸਾਰਾ ਪਰਿਵਾਰ ਹੀ ਦੇਸ਼ ਭਗਤ ਸੀ। ਉਹਦਾ ਪਿਤਾ ਸ੍ਰ: ਕਿਸ਼ਨ ਸਿੰਘ ਅਜਾਦੀ ਘੁਲਾਟੀਆਂ ਸੀ। ਉਹਦਾ ਚਾਚਾ ਸ੍ਰ: ਅਜੀਤ ਸਿੰਘ 1906-07 ਦੀ ਕਿਸਾਨ ਲਹਿਰ ਦੇ ਆਗੂਆਂ ਵਿਚੋਂ ਸੀ। ਜਿਹੜੀ ਲਹਿਰ ਨੇ ਕਲੋਨੀ (ਕਲੋਨਾਈਜੇਸ਼ਨ) ਐਕਟ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ ਸੀ। ਇਹ ਐਕਟ ਅਬਾਦਕਾਰ ਕਿਸਾਨਾਂ ਦੇ ਵਿਰੁੱਧ ਬੇਹੂਦਾ ਕਿਸਮ ਦੀਆਂ ਪਾਬੰਦੀਆਂ ਲਾਉਂਦਾ ਸੀ। ਇਸੇ ਲਹਿਰ ਅਧੀਨ ਕਿਸਾਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ ਸੀ। ਪਗੜੀ ਸੰਭਾਲ ਜੱਟਾ....... ਦੀ ਲਹਿਰ ਨੇ ਸਾਰੇ ਦੇਸ਼ ’ਚ ਤਰਥੱਲੀ ਮਚਾ ਦਿੱਤੀ ਸੀ। ਜਿਸ ਦੇ ਕਾਰਨ ਸ੍ਰ: ਅਜੀਤ ਸਿੰਘ ਨੂੰ ਹੋਰ ਆਗੂਆਂ ਦੇ ਨਾਲ ਜਲਾਵਤਨ ਕਰਕੇ ਮਾਂਡਲੇ ਭੇਜ ਦਿੱਤਾ ਗਿਆ ਸੀ। ਭਗਤ ਸਿੰਘ ਆਪਣੇ ਚਾਚੇ ਦੀ ਆਪਾ ਵਾਰੂ ਕੁਰਬਾਨੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਉਹਦੇ ਵਾਸਤੇ ਡੂੰਘੇ ਦਿਲੋਂ ਸਨੇਹ ਰੱਖਦਾ ਸੀ। ਉਹ ਬਚਪਨ ਤੋਂ ਹੀ ਬਾਗੀ ਸੁਭਾਅ ਕਬੂ਼ਲ ਕਰ ਗਿਆ ਸੀ। ਇਸੇ ਲਗਨ ਨੂੰ ਉਸਨੇ ਆਪਣੀ ਛੋਟੀ ਜਹੀ ਜਿ਼ੰਦਗੀ  ਦੇ ਵੱਡੇ ਕਾਰਨਾਮਿਆਂ ਵਿਚ ਬਦਲਿਆ ਤੇ ਆਪਣੇ ਦੁਆਲੇ ਦੇ ਲੋਕਾਂ ਦੀ ਸੁਸਤ ਜਿ਼ੰਦਗੀ ’ਚ ਚਮਕ ਤੇ ਲਿਸ਼ਕ ਪੈਦਾ ਕਰ ਦਿੱਤੀ ਸੀ। ਉਸਨੇ ਆਪਣੇ ਪਰਿਵਾਰਕ ਵਿਰਸੇ ਵਿਚੋਂ ਦੇਸ਼ ਭਗਤੀ ਦਾ ਜਾਮ ਪੀਤਾ। ਇਸ ਕਰਕੇ ਹੀ ਭਗਤ ਸਿੰਘ ਨੇ ਆਪਣੇ ਪਿਤਾ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਬਾਰੇ ਲਿਖਿਆ ਸੀ “ਉਨ੍ਹਾਂ ਦੀਆਂ ਸਿਖਿਆਵਾਂ ਕਰਕੇ ਹੀ ਮੈਂ ਆਪਣੀ ਜਿ਼ੰਦਗੀ ਆਜਾਦੀ ਦੇ ਆਦਰਸ਼ ਨੂੰ ਅਰਪਣ ਕੀਤੀ”
          
ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਅੰਗਰੇਜ ਸਾਮਰਾਜੀ ਤੇ ਉਨ੍ਹਾਂ ਦੇ ਜੋਟੀਦਾਰ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ ਬਦਨਾਮ ਕਰਨ ਦਾ ਜਤਨ ਕਰਦੇ ਸਨ। ਜਿਵੇਂ ਕਿ ਇਹ ਗੱਲ ਮਸ਼ਹੂਰ ਹੈ ਕਿ ਅੰਗਰੇਜ ਭਗਤ ਸਿੰਘ ਬਾਰੇ ਹੀ ਨਹੀਂ ਉਸਤੋਂ ਪਹਿਲਾਂ ਵਾਲੇ ਦੇਸ਼ ਭਗਤਾਂ ਬਾਰੇ ਵੀ ਇੰਜ ਹੀ ਕਹਿੰਦੇ ਸਨ। ਇੱਥੇ ਯਾਦ ਕਰਨਾ ਚਾਹੀਦਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀਹਦੇ ਬਾਰੇ ਭਗਤ ਸਿੰਘ ਅਕਸਰ ਕਹਿੰਦਾ ਹੁੰਦਾ ਸੀ ਕਿ “ਉਹ ਇਨਕਲਾਬ ਵਾਸਤੇ ਜੀਵਿਆ ਅਤੇ ਇਸੇ ਵਾਸਤੇ ਮਰਿਆ।” ਪਰ ਅੰਗਰੇਜ਼ ਜੱਜ ਨੇ ਕਰਤਾਰ ਸਿੰਘ ਸਰਾਭਾ ਦੇ ਕੇਸ ਦੌਰਾਨ ਉਹਦੇ ਬਾਰੇ ਟਿੱਪਣੀ ਕਰਦਿਆਂ ਉਹਦੇ ਵਾਸਤੇ “ਪੂਰੀ ਤਰ੍ਹਾਂ ਬੇਕਿਰਕ ਬਦਮਾਸ਼” ਦੇ ਸ਼ਬਦ ਵਰਤੇ ਸਨ। ਦੇਸ਼ ਭਗਤਾਂ ਨੂੰ ਬਦਨਾਮ ਕਰਨ ਦਾ ਗੋਰੀ ਸਰਕਾਰ ਦਾ ਇਹ ਵੀ ਇਕ ਤਰੀਕਾ ਸੀ। ਇਸੇ ਤਰਜ਼ ’ਤੇ ਭਗਤ ਸਿੰਘ  ਨੂੰ ਦਹਿਸ਼ਤ ਪਸੰਦ ਆਖਿਆ ਜਾਂਦਾ ਸੀ। ਜਿਸ ਦਾ ਖੂਨ-ਖਰਾਬੇ ਵਿਚ ਹੀ ਯਕੀਨ ਹੋਵੇ। ਭਗਤ ਸਿੰਘ ਨੇ ਇਸ ਇਲਜ਼ਾਮ ਦਾ ਜਵਾਬ ਦਿੰਦਿਆਂ ਕਿਹਾ “ਇਹ ਗੱਲ ਪ੍ਰਸਿੱਧ ਹੈ ਕਿ ਮੈਂ ਦਹਿਸ਼ਤਪਸੰਦ ਰਿਹਾਂ, ਪਰ ਮੈਂ ਦਹਿਸ਼ਤਪਸੰਦ ਨਹੀਂ ਹਾਂ। ਮੈਂ ਇਕ ਇਨਕਲਾਬੀ ਹਾਂ ਜਿਸ ਦੇ ਕੁੱਝ ਨਿਸਚਤ ਵਿਚਾਰ ਤੇ ਆਦਰਸ਼ ਹਨ ਅਤੇ ਜਿਸ ਦੇ ਸਾਹਮਣੇ ਲੰਬਾ ਪ੍ਰੋਗਰਾਮ ਹੈ ............. ਮੇਰਾ ਪੱਕਾ ਵਿਸ਼ਵਾਸ ਹੈ ਕਿ ਅਸੀਂ ਬੰਬਾਂ ਤੇ ਪਸਤੌਲਾਂ ਨਾਲ ਲਾਭ ਪ੍ਰਾਪਤ ਨਹੀਂ ਕਰਾਂਗੇ। ਇਹ ਗੱਲ ਹਿੰਦੁਸਤਾਨ ਰੀਪਬਲਿਕ ਆਰਮੀ ਦੇ ਇਤਿਹਾਸ ਤੋਂ ਸਪਸ਼ਟ ਹੈ। ਨਿਰਾ ਬੰਬ ਸੁੱਟਣਾ ਨਾ ਸਿਰਫ ਬੇ ਫਾਇਦਾ ਹੈ ਸਗੋਂ ਕਈ ਵਾਰ ਨੁਕਸਾਨਦੇਹ ਵੀ ਹੈ। ਇਸਦੀ ਜ਼ਰੂਰਤ ਕਿਸੇ ਖਾਸ ਹਾਲਤ ਵਿੱਚ ਪੈ ਸਕਦੀ ਹੈ ਤੇ ਸਾਡਾ ਮੁੱਖ ਮਕਸਦ ਮਜਦੂਰਾਂ ਤੇ ਕਿਸਾਨਾਂ ਨੂੰ ਜਥੇਬੰਦ ਕਰਨਾ ਹੋਣਾ ਚਾਹੀਦਾ ਹੈ.......।
          
ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਕਦੇ ਵੀ ਗੈਰਜ਼ਰੂਰੀ ਸਾਧਨ ਨਹੀਂ ਵਰਤੇ । ਉਨ੍ਹਾਂ ਨੇ ਜਰੂਰ ਹੀ ਕਾਰਲ ਮਾਰਕਸ ਦੇ ਵਿਚਾਰਾਂ ਨੂੰ ਆਪਣਾ ਅਗਵਾਨੂੰ ਮੰਨਿਆਂ ਹੋਵੇਗਾ, ਮਾਰਕਸ ਨੇ ਲਿਖਿਆ ਸੀ “ਜਿਸ ਉਦੇਸ਼ ਵਾਸਤੇ ਅਣਉਚਿੱਤ ਸਾਧਨਾਂ ਦੀ ਲੋੜ ਹੈ ਉਹ ਉਚਿੱਤ ਉਦੇਸ਼ ਨਹੀਂ”।
          
ਭਗਤ ਸਿੰਘ ਤੇ ਉਸਦੇ ਸਾਥੀ ਜਿ਼ੰਦਗੀ ਨੂੰ ਪਿਆਰ ਕਰਨ ਵਾਲੇ ਸਨ। ਉਹ ਤਾਂ ਦੇਸ਼ਵਾਸੀਆਂ ਨੂੰ ਗਲਵੱਕੜੀ ਪਾ ਕੇ ਹੱਸਦਾ ਖੇਡਦਾ ਦੇਖਣਾ ਚਾਹੁੰਦੇ ਸਨ। ਪਰ ਸਾਮਰਾਜੀ ਸ਼ੈਤਾਨ ਭਾਰਤ ਦੇ ਲੋਕਾਂ ਦੇ ਹਾੱਸੇ, ਖੇੜੇ ਤੇ ਖੁਸ਼ੀਆਂ ਸਮੁੰਦਰੋਂ ਪਾਰ ਲੈ ਜਾਂਦਾ ਸੀ। ਅੰਗਰੇਜ਼ ਭਾਰਤ ਦੇ ਲੋਕਾਂ ਦੀ ਕਿਸੇ ਗੱਲ ਨੂੰ ਸੁਣਨ ਤੋਂ ਇਨਕਾਰੀ ਸਨ। ਜਦੋਂ ਇਸ ਦੈਂਤਸ਼ਾਹੀ ਨੇ ਕੁੱਝ ਹੋਰ ਦਬਾਊ ਕਦਮਾਂ ਨੂੰ ਅੱਗੇ ਵਧਾਉਣ ਲਈ ਪਬਲਿਕ ਸੇਫਟੀ ਬਿੱਲ ਅਤੇ ਉਦਯੋਗਿਕ ਵਿਵਾਦ ਬਿੱਲ (ਟਰੇਡ ਡਿਸਪਿਊਟਸ ਬਿੱਲ) ਅਸੰਬਲੀ ਵਿਚੱ ਲਿਆਉਣ ਦਾ ਜਤਨ ਆਰੰਭਿਆ ਤਾਂ 8 ਅਪਰੈਲ 1929 ਵਿਚ ਭਗਤ ਸਿੰਘ ਅਤੇ ਬੁਕਟੇਸ਼ਵਰ ਦੱਤ ਨੇ ਪਹਿਲਾਂ ਹੀ ਬਣਾਏ ਪ੍ਰੋਗਰਾਮ ਅਨੁਸਾਰ ਸੈਂਟਰਲ ਅਸੰਬਲੀ ਵਿਚ  ਬੰਬ ਸੁੱਟਿਆ। ਉਨ੍ਹਾਂ ਨੇ ਕਿਹਾ ‘ਬੋਲ਼ੇ ਨੂੰ ਸੁਣਾਉਣ ਵਾਸਤੇ ਉੱਚੀ ਅਵਾਜ਼ ਦੀ ਲੋੜ ਪੈਂਦੀ ਹੈ।’ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਇਹ ਗੁਰ ਫਰਾਂਸੀਸੀ ਇਨਕਲਾਬੀਆਂਬਾਰੇ ਪੜ੍ਹਦਿਆਂ ਉਨ੍ਹਾਂ ਤੋਂ ਸਿੱਖਿਆ ਸੀ। ਬੰਬ ਸੁੱਟਦੇ ਸਮੇਂ ਵੀ ਜਿੱਥੇ ਉਨ੍ਹਾਂ ਨੇ “ਇਨਕਲਾਬ –ਜਿ਼ੰਦਾਬਾਦ”,  “ਸਾਮਰਾਜ- ਮੁਰਦਾਬਾਦ” ਦੇ ਨਾਅਰੇ ਲਾਏ ਨਾਲ ਹੀ ਉੱਥੇ ਸੁੱਟੇ ਗਏ ਪੈਂਫਲਿਟਾਂ ਵਿਚ ਕਿਹਾ “ਅਸੀਂ ਮਨੁੱਖੀ ਜਿ਼ੰਦਗੀ ਨੂੰ ਬਹੁਤ ਪਵਿੱਤਰ ਸਮਝਦੇ ਹਾਂ। ਅਸੀਂ ਅਜਿਹੇ ਸੁਨਿਹਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ ਜਿਸ ਵਿਚ ਮਨੁੱਖ ਪੂਰੇ ਤੌਰ ’ਤੇ ਅਮਨ ਅਤੇ ਅਸਲੋਂ ਅਜਾਦੀ ਮਾਣ ਰਿਹਾ ਹੋਵਗਾ..... ”
          
ਭਗਤ ਸਿੰਘ ਅਮਨ ਦਾ ਆਸ਼ਕ ਸੀ ਉਹ ਤੇ ਉਸਦੇ ਸਾਥੀ ਜਾਣਦੇ ਸਨ ਕਿ ਅਮਨ ਤੋਂ ਬਿਨਾਂ ਜਿ਼ੰਦਗੀ ਦਾ ਵਿਕਾਸ ਬਹੁਤ ਔਖਾ ਹੈ। ਜੰਗ ਬਹੁਤ ਹੀ ਤਬਾਹਕੁੰਨ ਹੁੰਦੀ ਹੈ। ਭਗਤ ਸਿੰਘ ਦੀਆਂ ਲਿਖਤਾਂ ਵਿੱਚੋਂ ਇਹ ਕੁੱਝ ਪੜ੍ਹਿਆ ਜਾ ਸਕਦਾ ਹੈ। ਤਰਕਸ਼ੀਲ ਹੋਣ ਕਰਕੇ ਉਸਦੀ ਹਰ ਲਿਖਤ ਦਲੀਲ ਨਾਲ ਮਸਲਿਆਂ ਨੂੰ ਵਿਚਾਰਦੀ ਹੈ।
          
ਭਗਤ ਸਿੰਘ ਨੇ ਦੂਸਰੀ ਸੰਸਾਰ ਜੰਗ ਤੋਂ ਬਹੁਤ ਪਹਿਲਾਂ ਆਪਣੇ ਦੋਸਤ ਲਾਲਾ ਰਾਮ ਸਰਨ ਦਾਸ ਦੀ ਕਿਤਾਬ ‘ਡਰੀਮਲੈਂਡ’ (ਸੁਪਨਦੇਸ਼) ਦੀ ਭੁਮਿਕਾ ਵਿੱਚ  ਲਿਖਿਆ ਸੀ ‘ਕਮਿਊਸਿਟ ਸਮਾਜ ਵਿਚ ਸੰਸਥਾਈ ਰੂਪ ਵਾਲੀ ਜੰਗ ਦੀ ਥਾਂ ਵਿਸ਼ਵਕੋਸ਼ ਦੇ ਕੁੱਝ ਪੰਨਿਆਂ ਵਿਚ ਹੀ ਰਹਿ ਜਾਵੇਗੀ ਅਤੇ ਉਦੋਂ ਜੰਗੀ ਸਮਾਨ ਅਜਾਇਬਘਰਾਂ ਦੀ ਸ਼ਾਨ ਹੋਵੇਗਾ ਕਿਉਂਕਿ ਉਸ ਸਮਾਜ ਵਿਚ ਵਿਰੋਧੀ ਜਾਂ ਟਕਰਾਵੇਂ ਹਿੱਤ ਹੋਣਗੇ ਹੀ ਨਹੀਂ ਜਿਹੜੇ ਕਿ ਜੰਗ ਦੀ ਬੁਨਿਆਦ ਹੁੰਦੇ ਹਨ।”
          
ਹੁਣ ਸਾਨੂੰ ਵਰਤਮਾਨ ਅਵਸਥਾ ਵੱਲ ਭਗਤ ਸਿੰਘ ਤੇ ਉਹਦੇ ਸਾਥੀਆਂ ਦੇ ਵਿਚਾਰਾਂ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਕਈ ਵਾਰ ਧਰਮ ਨੂੰ ਵਿਕਾਸ ਤੇ ਦਲੀਲ ਦੇ ਰਾਹ ਵਿਚ ਰੋੜਾ ਬਣਾ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਸ ਸਬੰਧੀ ਭਗਤ ਸਿੰਘ ਨੇ ਆਪਣੇ ਵਿਚਾਰ ਬਹੁਤ ਹੀ ਸਪਸ਼ਟ ਰੂਪ ਵਿਚ ‘ਮੈਂ ਨਾਸਤਿਕ ਕਿਉਂ ਹਾਂ?’ ਨਾਂ ਦੇ ਛੋਟੇ ਜਹੇ ਪੈਂਫਲਿਟ ਵਿਚ ਲਿਖੇ ਹਨ। ਬੜੀ ਦੇਰ ਪਹਿਲਾਂ ਦੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ ਨੇ ਵੀ ਲਿਖਿਆ ਸੀ। “ਧਰਮ ਪੀੜਤ ਜੀਵ ਦਾ ਹਓਕਾ ਹੈ, ਬੇਦਿਲ ਦੁਨੀਆ ਦਾ ਦਿਲ ਹੈ ਜਿਵੇਂ ਕਿ ਇਹ ਬੇਜਾਨ ਹਾਲਤ ਦੀ ਜਾਨ ਵੀ ਹੁੰਦਾ ਹੈ.......... ” ਤੇ ਅੱਗੇ ਕਿਹਾ ‘ਧਾਰਮਕ ਫਲਸਫਾ ਮਨੁੱਖੀ ਕਮਜ਼ੋਰੀ ਜਾਂ ਸੀਮਤ ਗਿਆਨ ਦਾ ਸਿੱਟਾ ਹੈ’  ਧਰਮ ਅਤੇ ਧਰਮ ਦੇ ਅਮਲ ਬਾਰੇ ਭਗਤ ਸਿੰਘ ਨੇ ਲਿਖਿਆ ਸੀ ਕਿ ‘ਹੁਣ ਤੱਕ ਸਾਰੇ ਧਰਮਾਂ ਨੇ ਮਨੁੱਖਾਂ ਨੂੰ ਇੱਕ-ਦੂਜੇ ਕੋਲੋਂ ਜੁਦਾ ਕੀਤਾ ਤੇ ਲੜਾਇਆ ਹੈ। ਦੁਨੀਆਂ ਵਿਚ ਜਿੰਨਾ ਖੂਨ-ਖਰਾਬਾ ਧਰਮ ਦੇ ਠੇਕੇਦਾਰਾਂ ਨੇ ਕੀਤਾ ਹੈ ਸ਼ਾਇਦ ਹੀ ਹੋਰ ਕਿਸੇ ਨੇ ਕੀਤਾ ਹੋਵੇ। ਸੱਚਾਈ ਤਾਂ ਇਹ ਹੈ ਕਿ ਧਰਤੀ ਦੇ ਸਵਰਗ ਨੂੰ ਧਰਮ ਦੀ ਓਟ ਲੈ ਕੇ ਉਜਾੜਿਆ ਗਿਆ ਹੈ। ਜਿਹੜਾ ਧਰਮ ਮਨੁੱਖ ਤੋਂ ਮਨੁੱਖ ਨੂੰ ਜੁਦਾ ਕਰੇ , ਮੁਹੱਬਤ ਦੀ ਥਾਂ ਨਫਰਤ ਵਧਾਵੇ, ਅੰਧ ਵਿਸ਼ਵਾਸ ਦਾ ਹੌਸਲਾ ਵਧਾ ਕੇ ਬੌਧਿਕ ਵਿਕਾਸ ਵਿਚ ਰੁਕਾਵਟ ਬਣੇ, ਦਿਮਾਗਾਂ ਨੂੰ ਖੁੰਢ੍ਹਾ ਕਰ ਦੇਵੇ, ਉਹ ਮੇਰਾ ਧਰਮ ਕਦੀਂ ਵੀ ਨਹੀਂ ਹੋ ਸਕਦਾ। ਹਰ ਉਹ ਕਦਮ ਜੋ ਮਨੁੱਖਤਾ ਨੂੰ ਸੁਖਦਾਈ ਬਣਾ ਸਕੇ, ਬਰਾਬਰੀ, ਭਾਈਚਾਰੇ  ਦੇ ਰਾਹ ’ਤੇ ਇਕ ਪੁਲਾਂਘ ਹੋਰ  ਪੁੱਟ ਸਕੇ,  ਮੇਰਾ ਧਰਮ ਹੈ। ਮੇਰੇ ਲਈ ਇਹ ਧਰਤੀ ਮੇਰਾ ਭਾਰਤ ਮੇਰੇ ਲਈ ਸਵਰਗ ਹੈ ......... ਮੇਰੇ ਸਵਰਗ ਨੂੰ ਨਰਕ ਬਣਾਉਣ ਵਾਲੀ ਹਰ ਤਾਕਤ ਦਾ ਸਫਾਇਆ ਕਰਕੇ  ਮਨੁੱਖ ਨੂੰ ਜਮਾਤ ਰਹਿਤ ਸਮਾਜ ਵੱਲ ਵਧਾਉਣ ਵਾਲਾ ਹਰ ਕਦਮ ਮੇਰਾ ਧਰਮ ਹੈ। ਭਗਤ ਸਿੰਘ ਨੇ ਨਾਸਤਿਕਤਾ ਦੇ ਸਵਾਲ ਨੂੰ ਦਲੀਲ ਨਾਲ ਪੇਸ਼ ਕੀਤਾ “ਮੈਂ ਨਾਸਤਿਕ ਕਿਉਂ ਹਾਂ?” ਵਾਲੇ ਪੈਂਫਲਿਟ ਦਾ ਆਪਣਾ ਪਿਛੋਕੜ ਹੈ ਇਸ ਨੂੰ ਲਿਖਣ ਲਈ ਕਿਸੇ ਜੇਲ ਸਾਥੀ ਨੇ ਹੀ ਉਕਸਾਇਆ ਸੀ। ਜਦੋਂ ਗਦਰ ਪਾਰਟੀ ਵਲੋਂ ਜੇਲ ਭੁਗਤਦਿਆਂ ਉਨ੍ਹਾਂ ਭਗਤ ਸਿੰਘ ਨੂੰ ਇਸ ਕਰਕੇ ਮਿਲਣ ਤੋਂ ਨਾਂਹ ਕਰ ਦਿੱਤੀ ਸੀ ਕਿ ਉਸਨੇ ਕੇਸ ਕੱਟੇ ਹੋਏ ਹਨ ਪਰ ਬਾਅਦ ਵਿਚ ਇਹ ਮੁਲਾਕਾਤ ਹੋ ਗਈ ਇਸ ਮੁਲਾਕਾਤ ਤੋਂ ਬਾਅਦ ਭਗਤ ਸਿੰਘ ਨੇ ‘ਮੈਂ ਨਾਸਤਿਕ ਕਿਉਂ ਹਾਂ’ ਨਾਂ ਦਾ ਪੈਂਫਲਿਟ ਲਿਖਿਆ ਸੀ। ਇਸ ਤਰਾਂ ਦੇ ਵਿਚਾਰ ਵੱਲ ਵਧਣ ਵਾਸਤੇ ਉਹਨੂੰ ਬਾਕੂਨਿਨ ਦੀ ਕਿਤਾਬ ਗੌਡ ਐਂਡ ਸਟੇਟ (ਰੱਬ ਤੇ ਰਿਆਸਤ) ਅਤੇ ਨਿਰਲੰਭ ਸਵਾਮੀ ਦੀ ਪੁਸਤਕ ਦ ਕੌਮਨ ਸੈਂਸ (ਸਾਧਾਰਨ ਗਿਆਨ) ਨੇ ਵੀ ਪ੍ਰਭਾਵਿਤ ਕੀਤਾ।
          
ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਆਪਣੇ ਲੋਕਾਂ ਖਾਤਰ ਬੇਗਰਜੀ ਨਾਲ ਸੌੜੀਆਂ ਸੋਚਾਂ ਤੋਂ ਉੱਪਰ ਉੱਠ ਕੇ ਜਮਾਤਾਂ ਅਤੇ ਪਾੜਿਆ ਵਾਲੇ ਲੁੱਟ-ਖਸੁੱਟ ਤੇ ਅਧਾਰਤ ਰਾਜ ਨੂੰ ਖਤਮ ਕਰਕੇ ਜਮਾਤ ਰਹਿਤ ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਸੁਪਨਾ ਲਿਆ ਸੀ। ਭਗਤ ਸਿੰਘ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ਇਹ ਵੀ ਚੇਤੇ ਰੱਖਣਾ ਪਵੇਗਾ ਕਿ ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਸੀ “ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਕਾਰਖਾਨਿਆਂ ਵਿਚ ਕੰਮ ਕਰਦੇ ਲੱਖਾਂ ਮਜਦੂਰਾਂ ਕੋਲ ਝੁੱਗੀਆਂ ਤੇ ਪੇਂਡੂ ਝੌਂਪੜੀਆਂ ਵਿਚ ਅਥਵਾ ਦੇਸ਼ ਦੇ ਕੋਨੇ ਕੋਨੇ ਵਿਚ ਪਹੁੰਚਾਉਣਾ ਹੈ। ਇਹ ਇਨਕਲਾਬ ਅਜਾਦੀ ਲਿਆਵੇਗਾ। ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ  ਅਸੰਭਵ ਬਣਾ ਦੇਵੇਗਾ।”
          
ਸ਼ਹੀਦੇ ਆਜ਼ਮ ਤੇ ਉਸਦੇ ਸਾਥੀਆਂ ਨੇ ਗੋਰਾ ਸ਼ਾਹੀ ਵਲੋਂ ਹਿੰਦ ਦੀ ਅਣਖ ਨੂੰ ਪਾਈ ਭਾਜੀ ਕਬੂਲ ਕੀਤੀ ਸੀ। ਤਦ ਹੀ ਤਾਂ ਉਨ੍ਹਾਂ ਨੇ ਸਾਂਡਰਸ ਨੂੰ ਉਹਦੇ ਘੁਰਨੇ ਤੇ ਜਾ ਕੇ ਮਾਰਿਆ ਸੀ। ਭਾਵੇਂ ਕਿ ਪੁਆੜੇ ਦੀ ਅਸਲੀ ਜੜ੍ਹ ਪੁਲਿਸ ਅਫਸਰ ਸਕਾਟ ਸੀ, ਪਰ ਅੰਦਰੋਂ ਬਾਹਰ ਸਾਂਡਰਸ ਆਇਆ ਤੇ ਮਾਰਿਆ ਗਿਆ।
          
ਜਦੋਂ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਮੌਤ ਦੀਆਂ ਸਜਾਵਾਂ ਹੋਈਆਂ ਤਾਂ ਮੁਲਕ ਅੰਦਰ ਫਿਕਰ ਤੇ ਚਿੰਤਾ ਦੀ ਲਹਿਰ ਦੌੜ ਗਈ। ਇਹ ਇਨਕਲਾਬੀ ਆਪਣੇ ਕੰਮਾਂ ਕਰਕੇ ਲੋਕਾਂ ਦੇ ਦਿਲਾਂ ਵਿਚ ਘਰ ਕਰ ਗਏ ਸਨ। ਉਹ ਕਾਂਗਰਸ ਤੇ ਉਸਦੀ ਸਮਝੌਤਾਵਾਦੀ ਨੀਤੀ ਦੇ ਵਿਰੋਧੀ ਸਨ । ਇਹ ਵੀ ਇਕ ਇਤਿਹਾਸਕ ਸਚਾਈ ਹੈ ਕਿ ਮਹਾਤਮਾਂ ਗਾਂਧੀ ਇਨਕਲਾਬੀਆਂ ਦਾ ਵਿਰੋਧੀ ਸੀ। ਇਸ ਕਰਕੇ ਹੀ ਉਸਨੇ ਇਨ੍ਹਾਂ ਇਨਕਲਾਬੀਆਂ ਦੀਆਂ ਜਾਨਾਂ ਬਚਾਉਣ ਦਾ ਕੋਈ ਹੀਲਾ ਨਾ ਕੀਤਾ। ਸੋਹਣ ਸਿੰਘ ਜੋਸ਼ ਨੇ ਆਪਣੀ ਪੁਸਤਕ ‘ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ’ ਵਿਚ ਲਿਖਿਆ ਹੈ ਕਿ “ਇਹ ਆਸ ਸੀ ਕਿ ਮਹਾਤਮਾਂ ਗਾਂਧੀ ਉਨ੍ਹਾਂ ਦੀਆਂ ਮੌਤ ਦੀਆਂ ਸਜਾਵਾਂ ਨੂੰ ਘਟਾਉਣ ਬਾਰੇ ਇਰਵਨ ਨਾਲ ਗੱਲ-ਬਾਤ ਕਰਨਗੇ, ਪਰ ਗਾਂਧੀ-ਇਰਵਨ ਗੱਲਬਾਤ ਵਿਚ ਮਹਾਤਮਾਂ ਗਾਂਧੀ ਨੇ ਇਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਇੱਕ ਲਫ਼ਜ਼ ਤੱਕ ਵੀ ਮੂੰਹੋਂ ਨਾ ਕੱਢਿਆ” ਇਸੇ ਤਰ੍ਹਾਂ ਦੇ ਵਿਚਾਰ ਭਗਤ ਸਿੰਘ ਨੇ ਆਪਣੇ ਪਿਤਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਗਾਂਧੀ ਦਾ ਅਹਿੰਸਕ ਢੰਗ ਅਜਾਦੀ ਪ੍ਰਾਪਤੀ ਲਈ ਕਾਰਜ ਨਾ ਕਰਨ ਦਾ ਇਕ ਬਹਾਨਾ ਮਾਤਰ ਹੈ, ਇਹ ਕਾਇਰਤਾ ਨੂੰ ਲੁਕਾਉਣ ਦਾ ਇਕ ਮਖੌਟਾ ਹੈ”। ਇਹ ਸੀ ਸ਼ਹੀਦਾ ਪ੍ਰਤੀ ਕਾਂਗਰਸ ਦੇ ਮੁਖੀ ਲੀਡਰਾਂ ਦਾ ਵਤੀਰਾ।
          
ਹਰ ਸਾਲ ਵਾਂਗ ਹੀ ਅਸੀਂ ਫੇਰ ਭਗਤ ਸਿੰਘ ਨੂੰ ਯਾਦ ਕਰ ਰਹੇ ਹਾਂ। ਉਹਦੀ ਤੇ ਉਹਦੇ ਸਾਥੀਆਂ ਦੀ ਸ਼ਹਾਦਤ ਨੂੰ ਅੱਠ ਦਹਾਕਿਆਂ ਤੋਂ ਵੱਧ ਸਾਲ ਬੀਤ ਗਏ ਹਨ ਪਰ ਸੋਚਣ-ਵਿਚਾਰਨ ਦੀ ਗੱਲ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਲੈ ਕੇ ਕਿੱਥੇ ਕੁ ਪਹੁੰਚੇ ਹਾਂ। ਕੀ ਅਸੀਂ ਪੌਣੀ ਸਦੀ ਤੋਂ ਵੀ ਵੱਧ ਸਾਲਾਂ ਦੀ ਵਾਟ ਵਿਚ ਉਹ ਰਾਹ, ਉਹ ਸਮਾਜਿਕ ਆਰਥਿਕ ਪ੍ਰਬੰਧ ਕਾਇਮ ਕਰ ਸਕੇ ਜਿਸ ਖਾਤਰ ਸਾਡੇ ਸੂਰਬੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ ਸਨ। ਦੁਨੀਆਂ ਐਟਮ ਦੇ ਢੇਰ ’ਤੇ ਬੈਠੀ ਹੈ। ਜਿ਼ੰਦਗੀ ਦਾਅ ਤੇ ਲੱਗੀ ਪਈ ਐ। ਸਾਮਰਾਜੀ ਲੁਟੇਰੇ ਆਪਣੇ ਹੱਥਠੋਕੇ ਪੈਦਾ ਕਰਕੇ ਆਪਣੀ ਤੂਤੀ ਬੁਲਵਾਈ ਚਾਹੁੰਦੇ ਹਨ। ਅੱਜ ਵਿਸ਼ਵੀਕਰਨ ਦੇ ਨਾਂ ਹੇਠ ਨਵ-ਬਸਤੀਵਾਦ ਉਨ੍ਹਾਂ ਦੀ ਨੀਤੀ ਦਾ ਅਸਲ ਹੈ। ਕੌਮਾਂਤਰੀ ਸਰਮਾਇਆ ਇਕੱਠਾ ਹੋ ਕੇ ਗਰੀਬ, ਅਣਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਹਰ ਪੱਖੋਂ ਲੁੱਟ ਕਰ ਰਹੇ ਹਨ। ਇਹ ਵਰਤਾਰਾ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ। ਗਰੀਬ ਤੇ ਸਾਧਨਹੀਣ ਮਨੁੱਖ ਇਸ ਵਿਚ ਨਪੀੜਿਆ ਜਾ ਰਿਹਾ ਹੈ। ਮਨੁੱਖ ਦੀ ਹੋਂਦ ਤੇ ਹੋਣੀ ਵਾਸਤੇ ਖਤਰੇ ਪੈਦਾ ਕੀਤੇ ਜਾ ਰਹੇ ਹਨ। ਮਨੁੱਖਤਾ ਵੰਡੀ ਜਾ ਰਹੀ ਹੈ।
          
ਭਾਰਤ ਅੱਜ ਵੀ ਅਜਿਹੀ ਸਥਿਤੀ ਵਿਚੋਂ ਲੰਘ ਰਿਹਾ ਹੈ ਜਿੱਥੇ ਧਾਰਮਿਕ ਨਵ-ਸੁਰਜੀਤੀ ਦੀਆਂ ਲਹਿਰਾਂ ਮਿਹਨਤੀ ਲੋਕਾਂ ਨੂੰ ਇਕਮੁੱਠ ਹੋਣ ਵਿਚ ਰੋੜਾਂ ਅਟਕਾ ਦਿੰਦੀਆਂ ਹਨ। ਬਹੁਤ ਸਾਰੀਆਂ ਸ਼ਹੀਦੀਆਂ ਨਾਲ ਮਿਲੀ ਅਜਾਦੀ ਦੀਆਂ ਬਰਕਤਾਂ ਵੱਡਿਆਂ ਦੇ ਹਿੱਸੇ ਹੀ ਆਈਆਂ ਹਨ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਠੀਕ ਹੀ ਕਿਹਾ ਸੀ ਕਿ ‘ਲਾਰਡ ਹਾਰਡਿੰਗ ਜਾਂ ਇਰਵਨ ਦੀ ਥਾਂ ਤੇਜ ਬਹਾਦਰ ਜਾਂ ਪ੍ਰਸ਼ੋਤਮ ਦਾਸ ਦੇ ਹੱਥ ਰਾਜ ਆ ਜਾਣ ਨਾਲ ਕੋਈ ਫਰਕ ਨਹੀਂ ਪਵੇਗਾ।’ ਬਹੁਤ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਇਹ ਭਵਿੱਖਬਾਣੀ ਹੋਰ ਵੀ ਘਿਨਾਉਣੀ ਸ਼ਕਲ ਧਾਰਨ ਕਰ ਗਈ ਹੈ। ਇਨ੍ਹਾਂ ਦੇਸੀ ‘ਤੇਜ ਬਹਾਦਰਾਂ ਦੇ ਲਾਣੇ’ ਨੇ ਮੁਲਕ ਦੇ ਲੋਕਾਂ ਨੂੰ ਨੂੜ ਕੇ ਮੁਲਕ ਦੇ ਸਰਮਾਏਦਾਰਾਂ ਮੂਹਰੇ ਸੁੱਟ ਦਿੱਤਾ ਹੈ। ਇਸ ਪ੍ਰਬੰਧ ਨੇ ਸਰਮਾਏਦਾਰਾਂ ਵਲੋਂ ਮਿਹਨਤਕਸ਼ਾਂ ਨੂੰ ਹਲਾਲ ਕਰਨ ਜਾਂ ਝਟਕਾਉਣ ਦੇ ਕਾਨੂਮਨੀ ਹੱਕ ਦਿੱਤੇ ਹੋਏ ਹਨ।

ਮਜ਼ਦੂਰਾਂ, ਕਿਰਤੀ ਕਾਮਿਆਂ ਦੀਆਂ ਜਥੇਬੰਦਕ ਲਹਿਰਾਂ ਨੇ ਜਦੋਂ ਵੀ ਕੀਤੀਆ ਜਾਂਦੀਆਂ ਬੇਇਨਸਾਫੀਆਂ ਦਾ ਵਿਰੋਧ ਕੀਤਾ ਤਾਂ ਸਰਕਾਰੀ ਤੰਤਰ ਨੇ ਗੋਲੀ, ਲਾਠੀ ਦੀ ਜਬਰੀ ਵਰਤੋਂ ਕੀਤੀ ਅਤੇ ਹਰ ਘਿਨਾਉਣਾ ਹੀਲਾ ਵਰਤਿਆ। ਲੋਕਾਂ ਨੂੰ ਦਿੱਤੇ ਸੰਵਿਧਾਨਕ ਹੱਕਾਂ ਦੇ ਚੀਥੜੇ ਉਡਾਏ ਗਏ। ‘ਦੇਸੀ ਤੇਜ ਬਹਾਦਰਾਂ’ ਦੇ ਲਾਣੇ ਵਲੋਂ ਸੰੜਿਧਾਨ ਨੂੰ ਹਮੇਸ਼ਾਂ ਹੀ ਟਿੱਚ ਜਾਣਿਆ ਗਿਆ। ਹਾਕਮ ਜਮਾਤ ਵਲੋਂ ਗਰੀਬਾਂ ਦੇ ਢਾਰਿਆਂ ਨੂੰ ਢਾਹੁਣ ਤੇ ਅਮੀਰਾਂ ਦੇ ਮਹਿਲਾਂ ਨੂੰ ਲਿਸ਼ਕਾਉਣ ਦਾ ਹੀ ਸਦਾ ਕੰਮ ਕੀਤਾ ਗਿਆ। ਅਜਾਦੀ ਤੋਂ ਬਾਅਦ ਲੁੱਟ ਵਾਲੇ ਕਾਇਮ ਹੋਏ ਢਾਚੇ ਤੇ ਸੱਟ ਨਾ ਵੱਜੀ। ਲੋਕ ਅਜਾਦ ਹੁੰਦਿਆਂ ਵੀ ਭਗਤ ਸਿੰਘ ਤੇ ਹੋਰ ਇਨਕਲਾਬੀਆਂ ਦੀ ਸੋਚ ਵਾਲੀ ਅਜਾਦੀ ਦਾ ਪੂਰਾ ਨਿੱਘ ਨਾ ਮਾਣ ਸਕੇ, ਲੋਕ ਸੁੱਖ ਦਾ ਸਾਹ ਨਾ ਲੈ ਸਕੇ। ਰਾਜ ਕਰਨ ਵਾਲਿਆਂ ਦੀ ਚਮੜੀ ਹੀ ਬਦਲੀ ਮਾਨਸਿਕਤਾ ਉਹੋ ਹੀ ਰਹੀ, ਜਿਸ ਤੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਪਹਿਲਾਂ ਹੀ ਤਾੜਨਾ ਕੀਤੀ ਸੀ।
         
 ਇਹ ਦੇਸੀ ਸਰਕਾਰ ਹੀ ਹੈ ਜਿਸਨੇ ਮੁਲਕ ਦੇ ਅਸਲੀ ਨਿਰਮਾਤਾਵਾਂ ਨੂੰ ਭੁੱਖ, ਕੰਗਾਲੀ ਅਤੇ ਭਿਆਨਕਤਾ ਨਾਲ ਜਿ਼ੰਦਗੀ ਬਸਰ ਕਰਨ ਲਈ ਮਜਬੂਰ ਕੀਤਾ। ਅਜਾਦੀ ਖਾਤਰ ਆਪਾ ਵਾਰਨ ਵਾਲੇ, ਜੇਲਾਂ, ਕਾਲਕੋਠੜੀਆਂ ਤੇ ਜਲਾਵਤਨੀਆਂ ਦੇ ਤਸੀਹੇ  ਝੱਲਣ ਵਾਲੇ ਵੇਖਦੇ ਹੀ ਰਹਿ ਗਏ ਕਿ ਕਿੰਨੇ ਹੀ ਮੁਲਕ ਨਾਲ ਗੱਦਾਰੀਆਂ ਕਰਨ ਵਾਲੇ, ਅੰਗਰੇਜ਼ਾਂ ਦੇ ਬੂਟ ਚੱਟਣ ਵਾਲੇ, ਦੇਸ਼ ਭਗਤਾਂ ਨੂੰ ਫਾਹੇ ਲੁਆਉਣ ਵਾਲੇ, ਅਜਾਦੀ ਤੋਂ ਫੌਰਨ ਬਾਅਦ ‘ਦੇਸ਼ ਭਗਤੀ ਦੇ ਤੁਰਲੇ’ ਛੱਡਕੇ ਰਾਜ ਗੱਦੀਆਂ ’ਤੇ ਬਿਰਾਜਮਾਨ ਹੋ ਗਏ। ਅੱਜ ਦੇ ਹਾਕਮਾਂ ਵੱਲ ਨਿਗਾਹ ਮਾਰਨੀ ਚਾਹੀਦੀ ਹੈ ਕਿ ਕਿੰਨਿਆਂ ਕੁ ਦਾ ਵਾਹ ਪਿਆ ਸੀ ਅਜਾਦੀ ਦੀ ਲਹਿਰ ਨਾਲ? ਕਿੰਨਿਆਂ ਦੇ ਬਾਪ-ਦਾਦੇ ਲਾਲਚ ਵੱਸ ਦੇਸ਼ ਭਗਤਾਂ ਦੇ ਵੈਰੀ ਸਨ। ਇਨ੍ਹਾਂ ਦੀ ਲਾਲਚੀ ਬਿਰਤੀ ਨਾ ਬਦਲੀ ਜਿਸ ਨਾਲ ਘਾਟਾ ਮੁਲਕ ਨੂੰ ਪਿਆ। ਅਜਾਦੀ ਖਾਤਰ ਲੜਨ ਵਾਲਿਆਂ ਨੂੰ ਬਹੁਤ ਸ਼ਹੀਦੀਆਂ ਦੇਣੀਆਂ ਪਈਆਂ।
          
ਜਿਹੜੇ ਵੀ ਸੂਰਬੀਰ ਲੋਕ ਅਜਾਦੀ ਦੇ ਘੋਲ ਵਿਚ ਸ਼ਾਮਲ ਹੋਏ ਹਰ ਕਿਸੇ ਨੇ ਹੀ ਸਿਰ ਤਲੀ ਤੇ ਧਰਕੇ ਮੈਦਾਨੇ ਪੈਰ ਧਰਿਆ, ਇਕ ਮਿਸਾਲ ਹੈ ਦੇਸ਼ ਭਗਤ ਰਾਮ ਪ੍ਰਸਾਦ ਬਿਸਮਿਲ ਦੀ  ਜਦੋਂ ਉਹਨੂੰ ਫਾਂਸੀ ਦੇ ਤਖਤੇ ਵੱਲ ਲੈ ਕੇ ਗਏ ਤਾਂ ਉਸਨੇ ‘ਬੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ ਅਤੇ ਫਾਂਸੀ ਦੇ ਤਖਤੇ ਤੇ ਖੜ੍ਹ ਕੇ ਆਪ ਨੇ ਕਿਹਾ :


“I wish the down fall of the British Empire”

“ਮੈਂ ਬ੍ਰਿਟਿਸ਼ ਸਾਮਰਾਜ ਦੇ ਤਬਾਹ ਹੋਣ ਦੀ ਖਾਹਸ਼ ਕਰਦਾ ਹਾਂ।”
ਫੇਰ ਇਕ ਸ਼ੇਅਰ ਪੜ੍ਹਿਆ :

ਅਬ ਨਾ ਅਗਲੇ ਵਲਵਲੇ ਹੈ
       ਔਰ ਨਾ ਅਰਮਾਨੋਂ ਕੀ ਭੀੜ
ਏਕ ਮਿਟ ਜਾਨੇ ਕੀ ਹਸਰਤ
        ਅਬ ਦਿਲੇ ਬਿਸਮਿਲ ਮੇਂ ਹੈ।

ਭਗਤ ਸਿੰਘ ਵਿਚਾਰਵਾਨ ਮਨੁੱਖ ਸੀ ਆਪਣੇ ਵਿਦਿਆਰਥੀ ਜੀਵਨ ਵਿਚ ਉਹਨੇ ਪੰਜਾਬ ਦੀ ਭਾਸ਼ਾ ਅਤੇ ਲਿੱਪੀ ਸਬੰਧੀ ਮਸਲੇ ਬਾਰੇ ਮਜਮੂਨ ਲਿਖਦਿਆਂ ਲਿਖਿਆ ਸੀ “ਕਿਸੇ ਸਮਾਜ ਤੇ ਦੇਸ਼ ਨੂੰ ਪਹਿਚਾਨਣ ਦੇ ਲਈ ਉਸ ਸਮਾਜ ਜਾਂ ਦੇਸ਼ ਦੇ ਸਾਹਿਤ ਨਾਲ ਜਾਣ ਪਛਾਣ ਹੋਣ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਕਿਉਂਕਿ ਸਮਾਜ ਦੇ ਪ੍ਰਾਣਾਂ ਦੀ ਚੇਤਨਾ ਉਸ ਸਮਾਜ ਦੇ ਸਾਹਿਤ ਵਿਚ ਹੀ ਜ਼ਾਹਿਰ ਹੋਇਆ ਕਰਦੀ ਹੈ”। ਕਿਤਾਬਾਂ ਪੜ੍ਹਨ ਦਾ ਉਸਨੂੰ ਬਹੁਤ ਸ਼ੌਕ ਸੀ।  ਭਗਤ ਸਿੰਘ ਨੇ ਆਪਣੇ ਜੇਲ ਜੀਵਨ ਸਮੇਂ “ ਭਾਰਤ ਵਿੱਚ ਇਨਕਲਾਬੀ ਲਹਿਰ ਦਾ ਇਤਿਹਾਸ”, “ਸਮਾਜਵਾਦ ਦਾ ਆਦਰਸ਼” , “ਆਤਮ ਕਥਾ” ਤੇ “ਮੌਤ ਦੇ ਬੂਹੇ ’ਤੇ’ ਚਾਰ ਪੁਸਤਕਾਂ ਵੀ ਲਿਖੀਆਂ। ਇਸ ਤੋਂ ਬਿਨਾਂ ਜੇਲ ਵਿਚ ਲਿਖੀ ਡਾਇਰੀ ਵੀ ਹੈ। ਭਗਤ ਸਿੰਘ ਦੀ ਇਹ ਜੇਲ ਡਾਇਰੀ ਇੰਟਰਨੈਟ ’ਤੇ ਅੰਗਰੇਜ਼ੀ ਤੇ ਪੰਜਾਬੀ ਵਿਚ ਪੜ੍ਹੀ ਜਾ ਸਕਦੀ ਹੈ।
           
ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਬਹਾਦਰ ਲੋਕ ਸਦਾ ਹੀ ਦਿਲ ਵਿਚ ਜਾਨਾਂ ਵਾਰਨ ਦੀ ਤਾਂਘ ਰੱਖਦੇ ਸਨ। ਇਸਦਾ ਇਕ ਸਬੂਤ ਹੈ ਕਿ ਜੇਲ ਵਿਚ ਆਖਰੀ ਵਾਰ ਜਦੋਂ ਬੀ. ਕੇ. ਦੱਤ ਭਗਤ ਸਿੰਘ ਨੂੰ ਮਿਲਿਆ ਤਾਂ ਕਹਿਣ ਲੱਗਾ “ਅੱਜ ਮੇਰੇ ਲਈ ਮੰਦਭਾਗਾ ਦਿਨ ਹੈ ਜਦ ਕਿ ਭਾਰਤ ਮਾਤਾ ਦੀਆਂ ਜੰਜ਼ੀਰਾਂ ਤੋੜਨ ਅਰਥਾਤ ਆਪਣੇ ਦੇਸ਼ ਨੂੰ ਅਜਾਦ ਕਰਵਾਉਣ ਦੇ ਜੁਰਮ ਵਿੱਚ  ਭਗਤ ਸਿੰਘ ਨੂੰ ਤਾਂ ਫਾਂਸੀ ਦਾ ਹੁਕਮ ਮਿਲ ਗਿਆ, ਪਰ ਮੈਨੂੰ ਉਮਰ ਕੈਦ ਹੀ ਕੀਤੀ ਗਈ” ਇਹ ਜਜ਼ਬਾ ਦੇਸ਼ ਭਗਤੀ ਨਾਲ ਰੰਗੇ ਹੋਏ ਦਿਲਾਂ ਵਿਚ ਹੀ ਹੋ ਸਕਦਾ ਹੈ। ਆਪਣੀ ਜਾਨ ਨਾਲੋਂ ਵੱਧ ਆਪਣੇ ਦੇਸ਼ ਅਤੇ ਆਪਣੇ ਲੋਕਾਂ ਨਾਲ ਪਿਆਰ ਕਰਨ ਵਾਲਿਆਂ ਦੇ ਦਰਦ ਭਰੇ ਦਿਲ ਵਿੱਚ ਹੀ ਪੈਦਾ ਹੋ ਸਕਦਾ ਹੈ।
 
ਬੀ. ਕੇ. ਦੱਤ ਦੀ ਇਹ ਗੱਲ ਸੁਣ ਕੇ ਭਗਤ ਸਿੰਘ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਉਹ ਬੋਲਿਆ,  “ਮੈਨੂੰ ਇਸ ਗੱਲ ਦਾ ਉੱਕਾ ਹੀ ਡਰ ਨਹੀਂ ਕਿ ਹੁਣ ਮੈਂ ਜੀਊਂਦਾ ਨਹੀਂ ਰਹਾਂਗਾ, ਪਰ ਮੈਨੂੰ ਮਾਣ ਪ੍ਰਪਤ ਹੈ ਕਿ ਮੈਂ ਵੀ ਉਸ ਦੇਸ਼ ਦੀ ਖਾਤਰ ਫਾਂਸੀ ’ਤੇ ਲਟਕਾਂਗਾ ਜਿਸ ਦੇਸ਼ (ਹਿੰਦੁਸਤਾਨ) ਦੀ ਖਾਤਰ 1907 ਵਿਚ ਖੁਦੀ ਰਾਮ ਬੋਸ, 1914-15 ਵਿਚ ਗਦਰ ਪਾਰਟੀ ਦੇ ਹੀਰੋ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਹੋਰ ਸਾਥੀ, 1926 ਵਿਚ ਬਬਰ ਅਕਾਲੀ ਵੀਰ ਅਤੇ 1929 ਵਿਚ ਕਾਕੋਰੀ ਕੇਸ ਦੇ ਸ਼ਹੀਦ ਰਾਮ ਪ੍ਰਸਾਦ ਬਿਸਮਿਲ, ਠਾਕਰ ਰੌਸ਼ਨ ਸਿੰਘ, ਅਸ਼ਫਾਕ ਉੱਲਾ ਤੇ ਰਾਜਿੰਦਰ ਲਹਿਰੀ ਜਿਹੇ ਫਾਂਸੀ ਦੇ ਤਖਤੇ ’ਤੇ ਝੂਲ ਗਏ ....”
          
ਇਹ ਸਾਰੀ ਵਿੱਥਿਆ ਪੜ੍ਹਨ ਲਈ ਕਾਮਰੇਡ ਅਰਜਨ ਸਿੰਘ ਗੜਗੱਜ ਦੀ ਪੁਸਤਕ ‘ਮੇਰੀ ਸਮੁੱਚੀ ਰਚਨਾ’ ਪੜ੍ਹਨੀ ਪਵੇਗੀ। ਜੋ ਉਸ ਸਮੇਂ ਜੇਲ ਵਿਚ ਸਨ ਅਤੇ ਭਗਤ ਸਿੰਘ ਦੇ ਸੱਦੇ ਤੇ ਉਸਨੂੰ ਜਾ ਕੇ ਮਿਲੇ।
          
23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਲਾ ਦਿੱਤੀ ਗਈ। “ਇਨਕਲਾਬ ਜਿ਼ੰਦਾਬਾਦ” ਦਾ ਅਮਰ ਪੈਗਾਮ ਛਡਦੇ ਹੋਏ ਆਪਣੀਆਂ ਜੁਆਨੀਆਂ ਲੋਕਾਂ ਦੇ ਲੇਖੇ ਲਾ ਗਏ । ਉਦੋਂ ਅੰਗਰੇਜ਼ ਸ਼ਾਹੀ ਦੇ ਖਿਲਾਫ ਲੋਕਾਂ ਦੇ ਮਨਾਂ ਵਿਚ ਗੁੱਸਾ ਤੇ ਨਫਰਤ ਆਪਣੀ ਸਿਖਰ ਵੱਲ ਵਧਿਆ ਸੀ। ਲੋਕਾਂ ਦੇ ਜਜ਼ਬਾਤ ਭੜਕ ਪਏ ਸਨ। ਇਨ੍ਹਾਂ ਜਜ਼ਬਾਤਾਂ ਦੀ ਤਰਜ਼ਮਾਨੀ ਦੇਖਣ ਲਈ ਉਸ ਬਿਆਨ ’ਤੇ ਗੌਰ ਕਰਨਾ ਚਾਹੀਦਾ ਹੈ ਜੋ ਮੇਰਠ ਸਾਜਿਸ਼ ਦੇ ਕੈਦੀਆਂ ਵਲੋਂ ਕਾਮਰੇਡ ਸੋਹਣ ਸਿੰਘ ਜੋਸ਼ ਨੇ 24 ਮਾਰਚ 1931 ਨੂੰ ਦਿੱਤਾ ਸੀ :
         
ਮੇਰਠ ਸਾਜਿਸ਼ ਦੇ ਕੈਦੀਆਂ ਨੇ ਇਹ ਹਿਰਦੇਵੇਦਕ ਖਬਰ ਪੜ੍ਹੀ, (ਸੋਹਣ ਸਿੰਘ ਜੋਸ਼ ਦੀ ਕਿਤਾਬ ‘ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ’ ਵਿਚ ਇਹ ਦਰਜ ਹੈ) ਮੈਂ ਉਨ੍ਹਾਂ ਸਭਨਾਂ ਵੱਲੋਂ 24 ਮਾਰਚ 1931 ਨੂੰ ਅਦਾਲਤ ਵਿੱਚ ਖੜ੍ਹਾ ਹੋਇਆ ਅਤੇ ਉਨ੍ਹਾਂ ਨੂੰ ਫਾਂਸੀ ਲਾਏ ਜਾਣ ਦੀ ਨਿਖੇਧੀ ਕੀਤੀ। ਭਾਵੇਂ ਜੱਜ ਮੈਨੂੰ ਧਮਕੀਆਂ ਦਿੰਦਾ ਰਿਹਾ ਕਿ ਮੇਰੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਮੈਂ ਉੱਥੇ ਇਹ ਬਿਆਨ ਦਿੱਤਾ :                                                                                                                                                                                        

“ਅਸੀਂ ਅੱਜ ਵਹਿਸ਼ੀਆਨਾ ਫਾਂਸੀ ਦੇ ਸੋਗੀ ਪ੍ਰਛਾਵੇਂ ਹੇਠ ਅਦਾਲਤ ਵਿਚ ਹਾਜ਼ਰ ਹੋਏ ਹਾਂ – ਸਾਥੀ ਭਗਤ ਸਿੰਘ, ਸਾਥੀ ਰਾਜਗੁਰੂ ਅਤੇ ਸਾਥੀ ਸੁਖਦੇਵ ਨੂੰ ਫਾਂਸੀ ਅਸਲ ਵਿਚ ਬੇਰਹਿਮੀ ਨਾਲ ਕੀਤਾ ਗਿਆ ਕਤਲ ਹੈ। ਇਹ ਸਾਮਰਾਜਵਾਦੀ ਇਨਸਾਫ ਦਾ ਇਕ ਅਤਿਅੰਤ ਵਹਿਸ਼ੀਆਨਾ ਨਮੂਨਾ ਹੈ। ਇਹ ਚਿੱਟੀ ਦਹਿਸ਼ਤ ਦੀ ਇਕ ਬੁਜ਼ਦਿਲਾਨਾ ਕਾਰਵਾਈ ਹੈ ਜੀਹਦੇ ਵਿਰੁੱਧ ਬਗਾਵਤ ਕਰਨ ਦਾ ਇਨ੍ਹਾਂ ਨੇ ਜੇਰਾ ਤੇ ਹੌਸਲਾ ਵਿਖਾਇਆ।
“ਅਸੀਂ ਉਨ੍ਹਾਂ ਦਾ ਭਾਰਤ ਦੇ ਕੌਮੀ ਇਨਕਲਾਬ ਦੇ ਕਾਜ਼ ਦੇ ਸ਼ਹੀਦਾਂ ਵਜੋਂ ਸਤਿਕਾਰ ਕਰਦੇ ਹਾਂ”
“ਅਸੀਂ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਦੀ ਸ਼ਲਾਘਾ ਕਰਦੇ ਹਾਂ।”

ਉਪਰੋਕਤ ਸ਼ਰਧਾਂਜਲੀ ਸ਼ਹੀਦਾਂ ਅਤੇ ਉਨ੍ਹਾਂ ਦੇ ਸਿਰੜ ਨੂੰ ਪ੍ਰਣਾਮ ਸੀ। ਅੱਜ ਲੋੜ ਹੈ ਸ਼ਹੀਦਾਂ ਦੇ ਵਿਚਾਰਾਂ ਨੂੰ ਘਰ ਘਰ ਪਹੁੰਚਾਇਆ ਜਾਵੇ। ਕੁੱਝ ਵਿਕੇ ਹੋਏ ਇਖਲਾਕ ਵਿਹੂਣੇ ਸਿਆਸੀ ਲੀਡਰ ਚੌਧਰ ਦੀ ਭਾਲ਼ ’ਚ ਸਾਡੇ ਸ਼ਹੀਦਾਂ ਵਲੋਂ ਸਿਰਜੇ ਲੋਕਾਂ ਦੇ ਏਕੇ ਨੂੰ ਤੋੜਨਾ ਚਾਹੁੰਦੇ ਹਨ। ਉਹ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੀ ਸਾਂਝ ਤੋੜਨ ਦੇ ਜਤਨ ਕਰਦੇ ਹਨ। ਹੱਕ ਮੰਗਦੇ ਲੋਕਾਂ ਤੇ ਗੋਲੀਆਂ ਦਾਗ ਕੇ ਸ਼ਹੀਦਾਂ ਦਾ ਨਿੱਤ ਦਿਨ ਅਪਮਾਨ ਕਰਦੇ ਹਨ। ਅੱਜ ਵਿਚਾਰਧਾਰਕ ਤੇ ਜਨਤਕ ਘੋਲਾਂ ਦੀ ਲੋੜ ਹੈ। ਸਾਂਝ ਤੋੜਨ ਦੀਆਂ ਸਾਜਿਸ਼ਾਂ ਕਰਨ ਵਾਲੇ ਗੱਦਾਰਾਂ ਨੂੰ ਨੰਗਿਆਂ ਕਰਨਾ, ਉਨ੍ਹਾਂ ਦੇ ਝੂਠ ਨੂੰ ਵੰਗਾਰਨਾ, ਸਦਾ ਹੀ ਸੱਚ ਤੇ ਪਹਿਰਾ ਦੇਣਾ ਭਗਤ ਸਿੰਘ ਅਤੇ ਹੋਰ ਦੇਸ਼ ਭਗਤਾਂ ਦੇ ਵਾਰਸਾਂ ਦਾ ਕੰਮ ਹੈ। ਇਹਦੇ ਵਾਸਤੇ ਆਪਣਾ ਕਾਰਜ ਖੇਤਰ ਮੱਲ ਕੇ ਡਟਣਾ, ਅਤੇ ਆਪਣੇ ਲੋਕਾਂ ਨੂੰ ਜਾਗ੍ਰਤਿ ਕਰਨਾ ਲੋਕਾਂ ਨੂੰ ਜਥੇਬੰਦ ਕਰਕੇ ਸੰਘਰਸ਼ਾਂ ਰਾਹੀ ਸਮਾਜਵਾਦੀ ਸਮਾਜ ਵੱਲ ਵਧਣਾ ਸਾਡਾ ਨਿਸ਼ਾਨਾ ਹੈ। ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਵਾਰਸ ਮਨੁੱਖਵਾਦ ਦੇ ਝੰਡੇ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਹੋਏ ਬਦੀ ਨੂੰ ਹਾਰ ਦੇਣਗੇ। ਜਦੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਏ , ਕਿਰਤ ਅਤੇ ਕਿਰਤੀ ਦੀ ਸਰਦਾਰੀ ਹੋਈ- ਫੇਰ ਸਭ ਪਾੜੇ ਤੇ ਵੰਡੀਆਂ ਮੁੱਕ ਜਾਣਗੀਆਂ। ਨੇਰ੍ਹਿਆਂ ਨੂੰ ਹਾਰ ਦੇਣੀ ਪਵੇਗੀ ਫੇਰ ਹਰ ਪਾਸੇ ਚਾਨਣ ਹੋਵੇਗਾ। ਇਸ ਚਾਨਣ ਦੀ ਪ੍ਰਾਪਤੀ ਤੱਕ ਲੜਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਤਾਂ ਹੀ ਅਸੀਂ ਕਹਿਣ ਦੇ ਯੋਗ ਹੋਵਾਂਗੇ, --  ਇਨਕਲਾਬ-ਜਿ਼ੰਦਾਬਾਦ।

****
Post a Comment