ਕੋਲੰਬਸ ਤੋਂ ਪਹਿਲਾਂ ਧਰਤੀ ਥਾਲ ਸਮਝੀ ਜਾਂਦੀ ਸੀ। ਕੋਲੰਬਸ ਨੇ ਅਮਰੀਕਾ ਲੱਭ ਕੇ ਇਹ ਧਾਰਨਾ ਬਦਲ ਦਿੱਤੀ ਅਤੇ ਦੁਨੀਆਂ ਗੋਲ ਹੈ, ਛੋਟੀ ਹੈ, ਇਹ ਸਮਝ ਆਇਆ। ਰਾਈਟ ਭਰਾਵਾਂ ਨੇ ਹਵਾਈ ਜਹਾਜ਼ ਬਣਾ ਕੇ ਦੁਨੀਆਂ ਹੋਰ ਛੋਟੀ ਕਰ ਦਿੱਤੀ। ਗੈਲੀਲਿਓ ਨੇ ਟੈਲੀਸਕੋਪ ਦੀ ਕਾਢ ਕੱਢ ਕੇ ਧਰਤੀ ਦੀ ਔਕਾਤ ਬ੍ਰਹਿਮੰਡ ਸਾਹਮਣੇ ਬਿੰਦੂ ਜਿੰਨੀ ਕਰ ਦਿੱਤੀ। ਅੱਜ ਦੀ ਗੱਲ ਕਰੀਏ ਤਾਂ ਪੱਛਮ ਬ੍ਰਹਿਮੰਡ ਦੀ ਵੀ ਗਿਣਤੀ-ਮਿਣਤੀ ਦੱਸ ਰਿਹਾ ਹੈ। ਪਰ ਪ੍ਰਸ਼ਨ ਇਹ ਹੈ ਕਿ ਅਸੀਂ ਕਿੱਥੇ ਖੜੇ ਹਾਂ?
ਪਿੱਛੇ ਜਿਹੇ ਮੈਂ ਇੱਕ ਅੰਗਰੇਜੀ ਫਿਲਮ ਅਲੈਂਗਜੈਂਡਰ ਦੇਖ ਰਿਹਾ ਸੀ, ਜਿਸ ਵਿੱਚ ਇੱਕ ਯੂਰਪੀ ਗੁਰੂ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ ਕਿ ਆਪਾਂ ਏਸ਼ੀਆ ਦੇ ਲੋਕਾਂ ਨਾਲੋਂ, ਭਾਰਤੀਆਂ ਨਾਲੋਂ ਵਧੀਆ ਹਾਂ, ਕਿਉਂਕਿ ਉਹ ਆਪਣੀਆਂ ਇੱਛਾਵਾਂ ਅਤੇ ਭਾਵਨਾਵਾਂ ‘ਤੇ ਕੰਟਰੋਲ ਕਰਨਾ ਨਹੀਂ ਜਾਣਦੇ । ਕਾਰਨ ਇਹ ਹੈ ਕਿ ਉਹਨਾਂ ਦੇ ਮਨ ਵੱਸ ਵਿੱਚ ਨਹੀਂ ਬਲਕਿ ਉਹ ਆਪਣੇ ਮਨ ਦੇ ਵੱਸ ਵਿੱਚ ਹਨ। ਮੈਨੂੰ ਲੱਗਿਆ ਸ਼ਾਇਦ ਆਪਣੇ ਨਾਲੋਂ ਜਿਆਦਾ ਆਪਾਂ ਨੂੰ ਦੂਸਰੇ ਜਾਣਦੇ ਹਨ ਅਤੇ ਇਸ ਲਈ ਉਹ ਆਪਣੇ ‘ਤੇ ਰਾਜ ਕਰ ਜਾਂਦੇ ਹਨ। ਉਸ ਯੂਰਪੀ ਗੁਰੂ ਦੀ ਗੱਲ ਮੇਰੇ ਅਨੁਸਾਰ ਹਰ ਭਾਰਤੀ ‘ਤੇ ਲਾਗੂ ਹੁੰਦੀ ਹੈ। ਆਪਾਂ ਕੰਮ ਕਰਕੇ ਰਾਜੀ ਨਹੀਂ ਹਾਂ। ਆਪਾਂ ਕੰਮ ਨਾ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਹਾਂ। ਮੈਂ ਬਹੁਤਿਆਂ ਤੋਂ ਸੁਣਿਆ ਹੈ ਕਿ ਪੱਛਮ ਸਾਡੇ ਦੇਸ਼ ਨੂੰ ਖ਼ਰਾਬ ਕਰ ਰਿਹਾ ਹੈ। ਇਹ ਕਿਵੇਂ ਹੋ ਸਕਦਾ ਹੈ? ਕੋਈ ਕਿਸੇ ਨੂੰ ਕਿਵੇਂ ਖਰਾਬ ਕਰ ਸਕਦਾ ਹੈ, ਜਿਨ੍ਹਾਂ ਚਿਰ ਵਿੱਚ ਉਸਦੀ ਆਪਣੀ ਇੱਛਾ ਨਾ ਹੋਵੇ। ਲੋਕ ਆਪ ਹੀ ਕੁਝ ਨਹੀਂ ਕਰਦੇ ਅਤੇ ਨਾਮ ਪੱਛਮ ਦਾ ਲਾ ਦਿੰਦੇ ਹਨ।



















