ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ.......... ਸਾਹਿਤਕ ਮਿਲਣੀ / ਬੂਟਾ ਸਿੰਘ ਵਾਕਫ਼

ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਨੌਜਵਾਨ ਗ਼ਜ਼ਲਗੋ ਸ੍ਰੀ ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਈ ਗਈ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਲੋਕ ਨਾਥ, ਜਗਵੰਤ ਨਿਰਮੋਹੀ ਅਤੇ ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਸੁਨੀਲ ਚੰਦਿਆਨਵੀ ਨੂੰ ਖੂਬਸੂਰਤ ਕਲਮ ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਜਗਵੰਤ ਨਿਰਮੋਹੀ ਨੇ ਸੁਨੀਲ ਚੰਦਿਆਨਵੀ ਦੀ ਹਾਜ਼ਰੀਨ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨਾਂ ਨੂੰ ਸਾਊ ਮਨੁੱਖ, ਵਧੀਆ ਮਿੱਤਰ ਅਤੇ ਉਚ-ਕੋਟੀ ਦਾ ਗ਼ਜ਼ਲਗੋ ਕਿਹਾ। ਡਾ. ਢੀਂਗਰਾ ਨੇ ਆਖਿਆ ਕਿ ਚੰਦਿਆਨਵੀ ਇੱਕ ਨਵੀਂ ਭਾਸ਼ਾ ਸਿਰਜ ਰਿਹਾ ਹੈ। ਇਸ ਦੀ ਗ਼ਜ਼ਲ ਹਾਸ਼ੀਏ ਵੱਲ ਧੱਕੇ ਲੋਕਾਂ ਪ੍ਰਤੀ ਪ੍ਰਤੀਬੱਧ ਨਜ਼ਰ ਆਉਂਦੀ ਹੈ ਅਤੇ ਪਾਠਕ ਨੂੰ ਚੇਤਨਾ ਪ੍ਰਦਾਨ ਕਰਦੀ ਹੈ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ ਸ੍ਰੀ ਸੁਨੀਲ ਚੰਦਿਆਨਵੀ ਨੇ ਆਖਿਆ ਕਿ ਹੋਰਨਾਂ ਵਿਧਾਵਾਂ ਤੇ ਕਾਫੀ ਸਮਾਂ ਕੰਮ ਕਰਨ ਉਪਰੰਤ ਉਨਾਂ ਨੇ ਸੁਚੇਤ ਰੂਪ ਵਿਚ ਗ਼ਜ਼ਲ ਵਿਧਾ ਨੂੰ ਅਪਣਾਇਆ ਹੈ ਕਿਉਂਕਿ ਗ਼ਜ਼ਲ ਉਨਾਂ ਦੇ ਸੁਭਾਅ ਦੇ ਬਿਲਕੁਲ ਅਨੁਕੂਲ ਹੈ। ਉਨਾਂ ਆਖਿਆ ਕਿ ਕਵਿਤਾ ਉਨਾਂ ਲਈ ਇਲਹਾਮ ਨਹੀਂ ਬਲਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਉਨਾਂ ਨੂੰ ਗ਼ਜ਼ਲ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਉਨਾਂ ਆਪਣੀਆਂ ਚੋਣਵੀਂਆਂ ਗ਼ਜ਼ਲਾਂ ਹਾਜ਼ਾਰੀਨ ਨਾਲ ਸਾਂਝੀਆਂ ਕੀਤੀਆਂ ਜਿਨਾਂ ਨੂੰ ਹਾਜ਼ਰ ਸਰੋਤਿਆਂ ਵੱਲੋਂ ਬੇਹੱਦ ਸਰਾਹਿਆ ਗਿਆ।

ਸਮਾਗਮ ਦੇ ਦੂਸਰੇ ਦੌਰ ਵਿਚ ਸ੍ਰੀ ਸਤੀਸ਼ ਬੇਦਾਗ, ਦਰਸ਼ਨ ਸਿੰਘ ਰਾਹੀਂ, ਪ੍ਰੋ. ਲੋਕ ਨਾਥ, ਤਿਲਕ ਰਾਜ ਕਾਹਲ, ਸੰਦੀਪ ਝਾਂਬ, ਦਿਆਲ ਸਿੰਘ ਪਿਆਸਾ, ਡਾ. ਸਮਸ਼ੇਰ ਗਾਫ਼ਿਲ, ਹਰਦੀਪ ਸਿੰਘ ਐਡਵੋਕੇਟ, ਹਰਦਰਸ਼ਨ ਨੈਬੀ, ਮੁਰਲੀ ਮਨੋਹਰ ਐਮ. ਸੀ, ਪ੍ਰਿੰ. ਅਮੀ ਚੰਦ, ਗੁਰਮੇਲ ਸਿੰਘ, ਪ੍ਰਿੰ। ਕਰਤਾਰ ਸਿੰਘ ਬੇਰੀ, ਗੁਰਜੰਟ ਸਿੰਘ ਸੰਧੂ, ਗੁਰਪ੍ਰੀਤ ਸਿੰਘ ਪੁਰਬਾ, ਸੰਪੂਰਨ ਸਿੰਘ ਦੀਵਾਨਾ, ਮਹਿੰਦਰ ਵਰਮਾ, ਹਰਪਿੰਦਰ ਰਾਣਾ, ਐਡਵੋਕੇਟ ਸਤਵਿੰਦਰ ਧਨੋਆ, ਗੁਰਸੇਵਕ ਸਿੰਘ ਪ੍ਰੀਤ, ਹਰਿੰਦਰ ਪਾਲ ਸਿੰਘ ਬੇਦੀ, ਬੋਹੜ ਸਿੰਘ ਮੱਲਣ, ਜਗਵੰਤ ਸਿੰਘ ਨਿਰਮੋਹੀ, ਬਲਦੇਵ ਸਿੰਘ ਆਜ਼ਾਦ, ਦਾਤਾਰ ਸਿੰਘ, ਬੂਟਾ ਸਿੰਘ ਵਾਕਫ਼, ਮੀਨਾਕਸ਼ੀ ਮਨਹਰ, ਬੀਰਬਾਲਾ ਸੱਦੀ ਤੇ ਰੋਹਿਤ ਸੋਨੀ ਨੇ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਸਮਾਗਮ ਦੇ ਅੰਤ ਵਿਚ ਪ੍ਰੋ. ਲੋਕ ਨਾਥ ਨੇ ਸਭ ਹਾਜ਼ਰ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਭਵਿੱਖ ਵਿਚ ਅਜਿਹੇ ਸਾਰਥਕ ਸਮਾਗਮ ਕਰਵਾ ਕੇ ਸੱਚ ਦੀ ਆਵਾਜ਼ ਨੂੰ ਜਨ-ਜਨ ਤੱਕ ਪੁਜਦਾ ਕੀਤਾ ਜਾਂਦਾ ਰਹੇਗਾ।
****
ਧੰਨਵਾਦ ਸਹਿਤ www.loksahit.wordpress.com ਤੋਂ

No comments: