ਆਮ ਲੋਕਾਂ ਦੀ ਪਸੰਦ ਦਾ ਮੈਂਬਰ ਪਾਰਲੀਮੈਂਟ – ਵਰਿੰਦਰ ਸ਼ਰਮਾਂ ........ ਲੇਖ / ਕੇ. ਸੀ. ਮੋਹਨ

ਅਜੋਕੇ ਸਮਿਆਂ ਵਿੱਚ ਇਹ ਕਹਿਣਾ-ਸੁਣਨਾ ਕਿ ਫਲਾਣਾ ਭਾਰਤੀ ਫਲਾਣੇ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਹੈ ਜਾਂ ਕਿਸ ਹੋਰ ਵੱਡੀ ਪਦਵੀ ‘ਤੇ ਪੁੱਜ ਗਿਆ ਹੈ, ਕੋਈ ਅਚੰਭੇ ਵਾਲੀ ਗੱਲ ਨਹੀਂ ਲੱਗਦੀ। ਬਹੁਤ ਸਾਰੇ ਭਾਰਤੀ ਖਾਸ ਕਰਕੇ ਪੰਜਾਬੀ ਲਗਾਤਾਰ ਵਿਦੇਸ਼ਾਂ ਦੀਆਂ ਸਰਕਾਰਾਂ ਵਿੱਚ ਤਾਕਤਵਰ ਅਤੇ ਕਾਬਲੇ ਗੌਰ ਪੁਜ਼ੀਸ਼ਨਾਂ ਹਾਸਲ ਕਰ ਰਹੇ ਹਨ, ਪਰ ਜਿਨ੍ਹਾਂ ਪ੍ਰਸਥਿਤੀਆਂ ਅਤੇ ਚੈਲਿੰਜਾਂ ਦੀ ਹੋਂਦ ਵਿੱਚ ਜਲੰਧਰ ਵਸਦੇ ਮਰਹੂਮ ਕਾਂਗਰਸੀ ਨੇਤਾ ਅਤੇ ਆਜ਼ਾਦੀ ਘੁਲਾਟੀਏ ਡਾ: ਲੇਖ ਰਾਜ ਸ਼ਰਮਾ ਦਾ ਬੇਟਾ ਵਰਿੰਦਰ ਸ਼ਰਮਾ ਬਰਤਾਨੀਆ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ, ਉਸ ਦਾ ਜ਼ਿਕਰ ਅੱਜ ਤੱਕ ਵੀ ਤਰੋਤਾਜ਼ਾ ਹੈ।
ਪਹਿਲੋਂ ਈਲਿੰਗ ਸਾਊਥਾਲ ਦੇ ਐੱਮ. ਪੀ ਪਿਆਰਾ ਸਿੰਘ ਖਾਬੜਾ ਦੀ ਮੌਤ ਕਰਕੇ ਹੋਈ ਜ਼ਿਮਨੀ ਚੋਣ ਵਿੱਚ (ਜੁਲਾਈ 07) ਜਿੱਤਣ ਅਤੇ ਫੇਰ ਮਈ 2010 ਦੀਆਂ ਕੌਮੀ ਚੋਣਾਂ ਵਿੱਚ ਤਾਬੜਤੋੜ ਜਿੱਤ ਹਾਸਲ ਕਰਕੇ ਵਰਿੰਦਰ ਸ਼ਰਮਾ ਦੀ ਚੋਣ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਵਰਿੰਦਰ ਦੀ ਚੋਣ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਸਿਰਫ ਇੱਕ ਧਰਮ ਦੀ ਆੜ ਲੈਣ ਵਾਲੇ ਅਨਸਰਾਂ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਪੰਜਾਬੀ ਭਾਈਚਾਰੇ ਨੂੰ ਗੁੰਮਰਾਹ ਕਰ ਸਕਦੇ ਹਨ। ਪੰਜਾਬ ਸਮੱਸਿਆ ਦੇ ਦੌਰਾਨ ਕੁਝ ਅਨਸਰਾਂ ਨੂੰ ਇਹ ਭੁਲੇਖਾ ਹੋ ਗਿਆ ਸੀ ਕਿ ਭਾਰਤ ਤੋਂ ਬਾਹਰ ਵਸਦਾ ਸਾਰਾ ਸਿੱਖ ਭਾਈਚਾਰਾ ਖਾਲਿਸਤਾਨ, ਫਿਰਕਾਪ੍ਰਸਤੀ ਅਤੇ ਵੱਖਵਾਦ ਦੀ ਗੱਡੀ ‘ਤੇ ਸਵਾਰ ਹੋ ਗਿਆ ਹੈ ਪਰ ਵਰਿੰਦਰ ਦੀ ਚੋਣ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਧਰਮ ਨਿਰਪੱਖਤਾ ਅਤੇ ਭਾਈਚਾਰਕ ਸਾਂਝ ਵਿੱਚ ਯਕੀਨ ਰੱਖਦੀ ਹੈ ਅਤੇ ਇਸ ਗੱਲ ਦਾ ਨਿਤਾਰਾ ਵੀ ਕਰਦੀ ਹੈ ਕਿ ਚਿਰਾਂ ਤੋˆ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਆਪਣੇ ਸਾਂਝੇ ਮਸਲਿਆਂ ਅਤੇ ਵਿਦੇਸ਼ੀ ਕੌਮੀ ਧਾਰਾ ਨੂੰ ਮੂਹਰੇ ਰੱਖ ਕੇ ਕੰਮ ਕਰਨਾ ਚਾਹੀਦਾ ਹੈ, ਨਾ ਕਿ ਧਰਮਾਂ ਅਤੇ ਜਾਤਾਂ ਦੀ ਸੌੜੀ ਸਿਆਸਤ ਦੇ ਹੱਥਕੰਡੇ ਵਰਤਣੇ ਚਾਹੀਦੇ ਹਨ।

ਵਰਿੰਦਰ ਦਾ ਐੱਮ. ਪੀ ਬਣਨਾ ਇਸ ਕਰਕੇ ਵੀ ਮਹੱਤਵਪੂਰਨ ਗਿਣਿਆ ਜਾ ਰਿਹਾ ਹੈ ਕਿ ਉਹ ਇਸ ਹਲਕੇ ਵਿੱਚੋˆ ਹੁਣ ਤੱਕ ਪਾਰਲੀਮੈਂਟ ਵਿੱਚ ਗਏ ਐੱਮ. ਪੀਆਂ ਵਿੱਚੋˆ ਪਹਿਲਾ ਐੱਮ. ਪੀ ਹੈ, ਜਿਸ ਨੇ ਆਪਣਾ ਮੁਕੰਮਲ ਦਫਤਰ ਸਾਊਥਾਲ ਵਿੱਚ ਖੋਲ੍ਹ ਕੇ ਜਨ ਸਾਧਾਰਨ ਦੇ ਕੰਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪਿਛਲੇ ਚਾਰ-ਪੰਜ ਦਹਾਕਿਆਂ ਵਿੱਚ ਇੱਥੋਂ ਚੁਣੇ ਗਏ ਐੱਮ. ਪੀਆਂ, ਨਾ ਤਾਂ ਸਿਡਨੀ ਬਿਡਵੈਲ ਤੇ ਨਾ ਹੀ ਪਿਆਰਾ ਖਾਬੜਾ ਨੇ ਕੋਈ ਅਜਿਹਾ ਦਫਤਰ ਖੋਲ੍ਹਣ ਦੀ ਪਰਵਾਹ ਕੀਤੀ ਸੀ, ਵਰਿੰਦਰ ਦੀ ਲੋਕ ਸੇਵਾ ਕਰਨ ਦੇ ਢੰਗ ਨੇ ਉਸ ਦੀ ਚੋਣ ਦੀ ਸਾਰਥਕਤਾ ਅਤੇ ਕਾਰਕਰਦਗੀ ਨੂੰ ਲੋਕਾਂ ਸਾਹਮਣ ਪੇਸ਼ ਕੀਤਾ ਹੈ।

ਸਾਊਥਾਲ ਦੀ ਗਰੀਨ ਉੱਪਰ ਵਾਕਿਆ ਵਰਿੰਦਰ ਦੇ ਦਫਤਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਚਿੱਠੀਆਂ ਜਨ-ਸਾਧਾਰਨ ਦੇ ਕੰਮਾਂ ਸੰਬੰਧੀ ਲਿਖੀਆਂ ਜਾਂਦੀਆਂ ਹਨ। ਵਰਿੰਦਰ ਦਫਤਰ ਵਿੱਚ ਨਾ ਵੀ ਹੋਵੇ, ਮਸਲਨ ਕਿਸੇ ਮੀਟਿੰਗ ਵਿੱਚ ਜਾਂ ਪਾਰਲੀਮੈਂਟ ਵਿੱਚ ਹੋਵੇ, ਉਸ ਦੇ ਸਹਿਯੋਗੀ ਕਾਮੇ ਹਰ ਇੱਕ ਨੂੰ ਗਹੁ ਨਾਲ ਸੁਣਦੇ ਨੇ ਅਤੇ ਲੋੜ ਗੋਚਰਾ ਐਕਸ਼ਨ ਲੈਂਦੇ ਹਨ।

ਵਰਿੰਦਰ ਆਪਣੇ ਹਲਕੇ ਦੇ ਲੇਬਰ ਕੌਂਸਲਰਾਂ ਅਤੇ ਪਾਰਟੀ ਕਾਰਕੁਨਾਂ, ਸਾਰੇ ਪਾਰਟੀ ਐਕਟੀਵਿਸਟਾਂ ਨੂੰ ਆਪਣੇ ਨਾਲ ਰੱਖਦਾ ਹੈ ਅਤੇ ਮਾਣ-ਸਤਿਕਾਰ ਦਿਲਵਾੳਂੁਦਾ ਹੈ। ਕੋਈ ਸਮਾਜਕ ਫੰਕਸ਼ਨ ਹੋਵੇ ਜਾਂ ਕੋਈ ਪੁਲੀਟੀਕਲ, ਵਰਿੰਦਰ ਆਪਣੇ ਲੇਬਰ ਪਾਰਟੀ ਸਹਿਯੋਗੀਆਂ ਨੂੰ ਅਣਗੌਲਿਆਂ ਨਹੀਂ ਕਰਦਾ। ਜਿਸ ਤਰੀਕੇ ਉਹ ਚੋਣਾਂ ਜਿੱਤਣ ਤੋਂ ਪਹਿਲਾਂ ਲੋਕ ਸੇਵਾ ਲਈ ਤਤਪਰ ਸੀ ਹੁਣ ਉਸ ਤੋਂ ਵੀ ਵੱਧ ਸਰਗਰਮ ਹੋ ਗਿਆ ਹੈ, ਹੁਣ ਲੇਬਰ ਪਾਰਟੀ ਵਰਿੰਦਰ ਦੀ ਰਹਿਨੁਮਾਈ ਵਿੱਚ ਇੱਕਮੁੱਠ ਹੋ ਕੇ ਮਜ਼ਬੂਤ ਤਰੀਕੇ ਨਾਲ ਕੰਮ ਕਰ ਰਹੀ ਹੈ। ਪਹਿਲੋਂ ਇਹ ਸੀ ਕਿ ਕੁੱਝ ਸਵਾਰਥੀ ਅਤੇ ਧਰਮ ਦਾ ਨਾਜਾਇਜ਼ ਪੱਤਾ ਖੇਡਣ ਵਾਲੇ ਅਨਸਰਾਂ ਦੀ ਵਜ੍ਹਾ ਕਰਕੇ ਪਾਰਟੀ ਵਾਲੇ ਏਸ਼ੀਅਨ ਕੌਂਸਲਰਾਂ ਦੀ ਘਰ ਖਿੱਚੋਤਾਣ ਦਾ ਫਾਇਦਾ ਉਠਾਉਂਦੇ ਸਨ। ਹੁਣ ਕਿਉਂਕਿ ਈਲਿੰਗ ਕੌਂਸਲ ਦਾ ਕਬਜ਼ਾ ਵੀ ਲੇਬਰ ਪਾਰਟੀ ਕੋਲ ਹੈ, ਸਾਊਥਾਲ ਦੀ ਸਾਰ ਲਈ ਜਾ ਰਹੀ ਹੈ, ਨਹੀਂ ਤਾਂ ਹੁਣ ਤੱਕ ਦੇ ਪ੍ਰਬੰਧਕਾਂ ਨੇ ਸਾਊਥਾਲ ਨੂੰ ਅਣਗੌਲਿਆਂ ਕਰੀ ਰੱਖਿਆ ਸੀ। ਏਸ਼ੀਅਨ ਭਾਈਚਾਰੇ ਦਾ ਹਰ ਵਰਗ ਵਰਿੰਦਰ ਨਾਲ ਹੈ। ਵਰਿੰਦਰ ਸਾਰਾ-ਸਾਰਾ ਦਿਨ ਪੈਦਲ ਤੁਰ ਸਕਦਾ ਹੈ। ਉਹ ਬੰਦਿਆਂ ਨਾਲ ਬਹੁਤ ਹਲੀਮੀ, ਨਿਮਰਤਾ ਅਤੇ ਆਦਰ ਨਾਲ ਪੇਸ਼ ਆਉਂਦਾ ਹੈ।

ਸ਼ਰਾਬ-ਸਿਗਰਟ ਮੂੰਹ ਨੂੰ ਨਹੀਂ ਲਗਾਉਂਦਾ ਪਰ ਦੋਸਤਾਂ-ਮਿੱਤਰਾਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੰਦਾ। ਵਰਿੰਦਰ ਵਿੱਚ ਕਮਾਲ ਦੀ ਸੈਨਸ ਆਫ ਹਿਊਮਰ ਹੈ। ਉਹ ਲੋਕਾਂ ਵਿਚੋਂ ਹੈ ਲੋਕਾਂ ਦਾ ਸੀ ਅਤੇ ਹੈ। ਵਰਿੰਦਰ ਸੈਕੂਲਰ ਸੋਚ,  ਧਰਮ ਨਿਰਪੱਖਤਾ ਵਿੱਚ ਯਕੀਨ ਰੱਖਦਾ ਹੈ ਅਤੇ ਇਸ ਫਿਲਾਸਫੀ ਨੂੰ ਅਮਲੀ ਜਾਮਾ ਵੀ ਪਹਿਨਾਉਂਦਾ ਹੈ, ਇਸ ਸੋਚ ‘ਤੇ ਪਹਿਰਾ ਵੀ ਦਿੰਦਾ ਹੈ। ਲੇਬਰ ਪਾਰਟੀ ਵਿੱਚ ਧਰਮ, ਜਾਤ-ਪਾਤ, ਇਲਾਕਾਬਾਜ਼ੀ ਜਿਹੇ ਤੱਤਾਂ ਲਈ ਕੋਈ ਥਾਂ ਨਹੀਂ। ਸਭ ਧਰਮਾਂ ਵਾਲੇ ਅਤੇ ਸਭ ਭਾਈਚਾਰਿਆਂ ਦੇ ਲੋਕ ਵਰਿੰਦਰ ਦਾ ਸਤਿਕਾਰ ਕਰਦੇ ਹਨ। ਲੇਬਰ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਰਕੇ ਦਲ-ਬਦਲੀ ਕਰਕੇ ਟੋਰੀਆਂ ‘ਚ ਰਾਤੋ-ਰਾਤ ਜਾ ਰਹੇ ਉਹਦੇ ਵਿਰੋਧੀਆਂ ਦੀ ਇਹ ਦੁਹਾਈ ਕਿਸੇ ਪੰਜਾਬੀ ਨੇ ਨਾ ਸੁਣੀ ਕਿ ਪਾਰਲੀਮੈਂਟ ਵਿੱਚ ਸਿਰਫ ਇੱਕ ਪੱਗ ਵਾਲਾ ਹੀ ਜਾਣਾ ਚਾਹੀਦਾ ਹੈ ਸਗੋਂ ਇਹ ਗੱਲ ਉਨ੍ਹਾਂ ਨੂੰ ਪੁੱਠੀ ਪੈ ਗਈ। ਸਾਰਾ ਏਸ਼ੀਅਨ ਭਾਈਚਾਰਾ, ਗੁਰਦੁਆਰੇ, ਮੰਦਰ ਅਤੇ ਮਸਜਿਦਾਂ ਇਸ ਗੱਲ ‘ਤੇ ਖੜੋ ਗਈਆਂ ਕਿ ਲੇਬਰ ਪਾਰਟੀ ਵਿੱਚ ਫਿਰਕਾਪ੍ਰਸਤੀ ਵਾਲੀਆਂ ਸੋਚਾਂ ਲਈ ਕੋਈ ਥਾਂ ਨਹੀਂ।

ਵਰਿੰਦਰ ਦੀ ਸਮੁੱਚੀ ਸੋਚ ਅਤੇ ਵਿਅਕਤੀਤਵ ਪਿੱਛੇ ਉਸ ਦਾ ਪਿਛੋਕੜ ਅਤੇ ਪਰਵਰਿਸ਼ ਹੈ। ਉਸ ਦਾ ਜਨਮ ਹੱਲਿਆਂ ਤੋਂ ਕੁਝ ਮਹੀਨੇ ਪਹਿਲਾਂ ਫਗਵਾੜੇ ਦੇ ਨੇੜੇ ਪੈਂਦੇ ਪਿੰਡ ਮੰਡਾਲੀ ਵਿੱਚ ਹੋਇਆ। ਉਸ ਨੂੰ ਗੁੜ੍ਹਤੀ ਭੂਆ ਦੀ ਧੀ ਭੈਣ ਸ਼ਾਂਤੀ ਨੇ ਦਿੱਤੀ ਜੋ ਹੁਣ ਐਡਮੰਟਨ-ਕੈਨਡਾ ਰਹਿੰਦੀ ਹੈ। ਵਰਿੰਦਰ ਦੇ ਪਿਤਾ ਡਾ: ਲੇਖ ਰਾਜ ਸ਼ਰਮਾ ਦੀ ਗੁਰਾਇਆ ਵਿੱਚ ਛੋਟੀ ਜਿਹੀ ਡੈਂਟਿਸਟ ਦੀ ਦੁਕਾਨ ਸੀ। ਉਹ ਅਜ਼ਾਦੀ ਦੀ ਲਹਿਰ ਦੇ ਘੁਲਾਟੀਏ ਸਨ ਅਤ ਕਾਂਗਰਸ ਪਾਰਟੀ ਵਿੱਚ ਸਰਗਰਮ ਸਨ। ਘਰ ਦੀ ਮਾਲੀ ਹਾਲਤ ਦਰਮਿਆਨੀ ਸੀ। ਵਰਿੰਦਰ ਦੀਆਂ ਚਾਰ ਭੈਣਾਂ ਅਤੇ ਚਾਰ ਭਰਾ ਸਨ। ਵਰਿੰਦਰ ਪੰਜਵੇਂ ਨੰਬਰ ‘ਤੇ ਸੀ।

ਵਰਿੰਦਰ ਦੀ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹੋਈ। ਅਗਲੀ ਪੜ੍ਹਾਈ ਸ੍ਰੀ ਗੁਰੂ ਹਰਰਾਇ ਖਾਲਸਾ ਹਾਈ ਸਕੂਲ ਦੁਸਾਂਝ ਕਲਾਂ ਅਤੇ ਆਰੀਆ ਸਕੂਲ ਫਗਵਾੜਾ ਵਿੱਚ ਹੋਈ। ਅਗਲੀ ਪੜ੍ਹਾਈ ਬੀ. ਐਮ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਕੀਤੀ।

ਡਾ: ਲੇਖ ਰਾਜ ਦੁਆਬੇ ਦੀ ਸਿਆਸਤ ਵਿੱਚ ਸਰਗਰਮ ਸਨ। ਜਦ ਵਰਿੰਦਰ ਪ੍ਰਾਇਮਰੀ ਸਕੂਲ ਵਿੱਚ ਸੀ ਪਿਤਾ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਦਰ ਸਨ। ਵਰਿੰਦਰ  ਨੂੰ ਯਾਦ ਹੈ ਕਿ ਉਸ ਦੇ ਘਰ ਵਿੱਚ ਹੀ ਸਿਆਸੀ ਮੀਟਿੰਗਾਂ ਹੁੰਦੀਆਂ ਸਨ। ਭਾਰਤ ਦੇ ਵਿਦੇਸ਼ ਮੰਤਰੀ ਸਵਰਨ ਸਿੰਘ, ਕਰਮ ਸਿੰਘ ਕਿਰਤੀ, ਕੈਰੋਂ ਸਾਹਿਬ ਜਿਹੇ ਨੇਤਾ ਘਰ ਆਉਂਦੇ ਸਨ। ਡਾ: ਲੇਖ ਰਾਜ ਦਾ ਪ੍ਰਭਾਵ ਅਤੇ ਅਸਰ-ਰਸੂਖ ਬਹੁਤ ਸੀ। ਉਨ੍ਹਾ ਦੇ ਪ੍ਰਭਾਵ ਸਦਕਾ ਹੀ ਇਲਾਕੇ ਵਿੱਚ ਬਹੁਤ ਸਾਰਾ ਵਿਕਾਸ ਹੋਇਆ, ਸੜਕਾਂ ਬਣੀਆਂ ਤੇ ਬਿਜਲੀ ਆਈ।

ਵਰਿੰਦਰ ਦੇ ਮਾਤਾ ਜੀ ਸਿਆਸੀ ਉੱਕਾ ਹੀ ਨਹੀਂ ਸਨ ਪਰ ਉਹ ਇੱਕ ਬਹੁਤ ਦੂਰਦਰਸ਼ੀ ਔਰਤ ਸੀ। ਉਹ ਅਨਪੜ੍ਹ ਸੀ ਪਰ ਉਨ੍ਹਾ  ਆਪਣੀਆਂ ਬੇਟੀਆਂ ਨੂੰ ਪੜ੍ਹਾਇਆ। ਪਿੰਡ ਵਿੱਚ ਕੋਈ ਸਕੂਲ ਨਹੀਂ ਸੀ। ਵਰਿੰਦਰ ਦੇ ਦਾਦਾ ਅਤੇ ਮਾਤਾ ਜੀ ਦੇ ਜਤਨਾਂ ਕਰਕੇ ਪ੍ਰਾਇਮਰੀ ਸਕੂਲ ਖੁਲ੍ਹਿਆ। ਵਰਿੰਦਰ ਦੀ ਵੱਡੀ ਭੈਣ  ਪਿੰਡ ਦੀ ਪਹਿਲੀ ਕੁੜੀ ਸੀ, ਜਿਸ ਨੇ ਪੰਜਵੀਂ ਪਾਸ ਕੀਤੀ। ਵਰਿੰਦਰ ਦੇ ਮਾਤਾ ਜਾਤ-ਪਾਤ ਦੇ ਬਹੁਤ ਵਿਰੋਧੀ ਸਨ। ਉਹ ਬਹੁਤ ਧਾਰਮਿਕ ਵੀ ਨਹੀਂ ਸੀ। ਉਨ੍ਹਾ ਦੀ ਧਾਰਮਿਕਤਾ ਕਰਵਾ ਚੌਥ ਤੋਂ ਅੱਗੇ ਨਹੀਂ ਸੀ। ਇੱਥੋਂ ਤੱਕ ਕਿ ਉਹ ਕੋਈ ਦੀਵਾਲੀ ਪੂਜਾ ਵੀ ਨਹੀਂ ਸਨ ਕਰਦੇ।  ਉਹ ਕੁੜੀਆਂ ਨੂੰ ਤਾਲੀਮ ਦਿਵਾਉਣ ਦੇ ਬਹੁਤ ਹੱਕ  ਵਿੱਚ ਸੀ।

ਵਰਿੰਦਰ ਆਪਣੇ ਪਿਤਾ ਡਾ: ਲੇਖ ਰਾਜ ਦੇ ਸਿਆਸੀ ਸਫਰ ਬਾਰੇ ਦੱਸਦੇ ਹਨ ਕਿ ਉਨ੍ਹਾ ਕਾਂਗਰਸ 1936 ਵਿੱਚ ਜੁਆਇੰਨ ਕੀਤੀ ਸੀ। 1942 ਵਿੱਚ ਉਨ੍ਹਾ ‘ਭਾਰਤ ਛੱਡੋ‘ ਅੰਦੋਲਨ ਵਿੱਚ ਭਾਗ ਲਿਆ। ਕਾਮਰੇਡ ਚੈਨ ਸਿੰਘ ਚੈਨ ਨੇ ਕਿਰਤੀ ਪਾਰਟੀ ਦਾ ਇਤਿਹਾਸ ਲਿਖਦਿਆਂ ਬਿਆਨ ਕੀਤਾ ਹੈ ਕਿ ਆਜ਼ਾਦੀ ਤੋਂ ਪਹਿਲੋਂ ਦੁਆਬੇ ਵਿੱਚ ਸਿਆਸੀ ਲੀਡਰਾਂ ਲਈ ਲੁਕਣ ਲਈ ਇੱਕੋ-ਇੱਕ ਮਹਿਫੂਜ਼ ਥਾਂ ਸੀ ਡਾ: ਲੇਖ ਰਾਜ ਦੀ ਗੁਰਾਇਆ ਵਾਲੀ ਦੁਕਾਨ। ਡਾ: ਲੇਖ ਰਾਜ ਸੈਕੂਲਰ ਅਤੇ ਪ੍ਰੋਗਰੈਸਿਵ  ਵਿਚਾਰਾਂ ਦੇ ਧਾਰਨੀ ਸਨ। ਉਹ ਬਰਾਬਰੀ ਅਤੇ ਪੜ੍ਹਾਈ ਦੇ ਪਸਾਰ ਵਿੱਚ ਵੀ ਬਰਾਬਰ ਦਾ ਯਕੀਨ ਰੱਖਦੇ ਸਨ।

ਬਰਤਾਨੀਆ ਵਿੱਚ ਆਪਣੇ ਜੀਵਨ ਦੀ ਸ਼ੁਰੂਆਤ ਬਾਰੇ ਵਰਿੰਦਰ ਦੱਸਦਾ ਹੈ ਕਿ ਉਹ ਇੱਥੇ ਜੁਲਾਈ 1968 ਵਿੱਚ ਲਾੜਾ ਬਣ ਕੇ ਆਇਆ ਸੀ। ਦੋ ਸਾਲ ਬੱਸ ਕੰਡਕਟਰੀ ਕੀਤੀ ਫਿਰ ਬੁੱਕਿੰਗ ਕਲਰਕ ਬਣਿਆ। ਕਮਿਊਨਿਟੀ ਰੀਲੇਸ਼ਨਜ਼ ਅਫਸਰ ਵੀ ਰਿਹਾ। ਲਾਅ ਸੈਂਟਰ ਐਡਵਾਈਜ਼ਰ ਵੀ ਰਿਹਾ ਅਤੇ ਲੇਬਰ ਪਾਰਟੀ ਦਾ ਨੈਸ਼ਨਲ ਅਫਸਰ ਵੀ ਰਿਹਾ।
1974 ਵਿੱਚ ਵਰਿੰਦਰ ਨੇ ਲੇਬਰ ਪਾਰਟੀ ਦੀ ਮੈਂਬਰਸ਼ਿੱਪ ਲਈ। ਵਰਿੰਦਰ ਨੇ ਬਰਤਾਨੀਆ ਵਿੱਚ ਸਿੱਧੇ ਤੌਰ ‘ਤੇ ਕੋਈ ਨਸਲੀ ਵਿਤਕਰਾ ਨਹੀਂ ਝੱਲਿਆ ਪਰ ਉਸ ਨੂੰ ਹਮੇਸ਼ਾ ਖਬਰ ਸੀ ਕਿ ਨਸਲੀ ਵਿਤਕਰਾ ਕਈ ਇੱਕ ਰੂਪਾਂ ਵਿੱਚ ਹੁੰਦਾ ਸੀ। ਵਰਿੰਦਰ ਪਹਿਲੀ ਵਾਰ ਸੰਨ 1982 ਵਿੱਚ ਕੌˆਸਲਰ ਬਣਿਆ। ਇਸ ਤੋਂ ਮਗਰਲੇ ਸਾਲਾਂ ਵਿੱਚ ਉਹ ਲਗਾਤਾਰ ਕੌਂਸਲਰ ਰਿਹਾ ਅਤੇ ਮਹੱਤਵਪੂਰਣ ਅਹੁਦਿਆਂ ‘ਤੇ ਬਿਰਾਜਮਾਨ ਰਿਹਾ। 1986 ਵਿੱਚ ਹਾਊਸਿੰਗ ਤੇ 1988 ਵਿੱਚ ਰੇਸ ਕਮੇਟੀ ਦਾ ਚੇਅਰਮੈਨ ਰਿਹਾ। 1994 ਵਿੱਚ ਈਲਿੰਗ ਦਾ ਮੇਅਰ ਬਣਿਆ। 1995 ‘ਚ ਪਰਸਨਲ ਕਮੇਟੀ ਦਾ ਮੁਖੀ ਰਿਹਾ।
 
ਵਰਿੰਦਰ ਆਪਣੇ ਮੁੱਢਲੇ ਤਜਰਬੇ ਯਾਦ ਕਰਦਿਆਂ ਦੱਸਦਾ ਹੈ ਕਿ ਲੇਬਰ ਪਾਰਟੀ ਦੇ ਕੁੱਝ ਪੁਰਾਣੇ ਨੇਤਾ ਨਵੇਂ ਬੰਦਿਆਂ ਨੂੰ ਪਾਰਟੀ ਨੇੜੇ ਨਹੀਂ ਸਨ ਢੁੱਕਣ ਦਿੰਦੇ। ਬਸ ਨਵੇਂ ਬੰਦੇ ਨੂੰ ਘੁਮਾਈ ਰੱਖਦੇ ਸਨ। ਇਨਵੌਲਵ ਨਹੀਂ ਸਨ ਕਰਦੇ ਸਗੋਂ ਭੰਬਲਭੂਸਿਆਂ ਵਿੱਚ ਪਾਈ ਰੱਖਦੇ ਸਨ। 1970 ਵਿੱਚ ਬਲੈਕ ਟਰੇਡ ਯੂਨੀਅਨ ਸੋਲੀਡੈਰਿਟੀ ਮੂਵਮੈਂਟ ਸਰਗਰਮ ਸੀ ਜਿਸ ਵਿੱਚ ਬਰਨੀਗਰਾਂਟ ਅਤੇ ਡਾਇਆਨਾ ਐਬਡ ਜਿਹੇ ਵਿਅਕਤੀ ਅੱਗੇ ਸਨ। ਤਕਰੀਬਨ ਉਦੋਂ ਹੀ ਇੱਕ ਬਲੈਕ ਸੈਕਸ਼ਨ ਦਾ ਪਰੈਸ਼ਰ ਗਰੁੱਪ ਅੱਗੇ ਆਉਣ ਵਿੱਚ ਪਾਲ ਬੋਟਿੰਗ ਅਤੇ ਲੀਥਵਾਜ਼ ਜਿਹੇ ਲੇਬਰ ਨੇਤਾ ਸਰਗਰਮ ਸਨ। ਸੱਤਰਵਿਆਂ ਦੇ ਆਖਰ ਵਿੱਚ ਏਸ਼ੀਅਨ ਅਤੇ ਕਾਲੇ ਵੀ ਇਨ੍ਹਾਂ ਦੋਵਾਂ ਗਰੁੱਪਾਂ ਵਿੱਚ ਸ਼ਾਮਲ ਹੋਣ ਲੱਗੇ। ‘ਕੰਪੇਨ ਫਾਰ ਪੁਲੀਟੀਕਲ ਰੀਪਰੀਜ਼ੈਂਟਸ਼ਨ ਐਂਡ ਜੌਬਜ਼‘ ਦੀ ਲਹਿਰ ਵੀ ਜ਼ੋਰ ਪਕੜ ਰਹੀ ਸੀ। ਵਰਿੰਦਰ ਨੇ ਇਸ ਲਹਿਰ ਦਾ ਹਿੱਸਾ ਬਣਨ ਦੀ ਧਾਰ ਲਈ। ਵਰਿੰਦਰ ਇਸ ਕੰਪੇਨ ਦੇ ਨਰਮ ਗਰੁੱਪ ਵਿੱਚ ਸ਼ਾਮਲ ਹੋ ਗਿਆ। ਇਸ ਧੜੇ ਦੀ ਧਾਰਨਾ ਇਹ ਸੀ ਕਿ ਏਸ਼ੀਅਨ ਅਤੇ ਕਾਲੇ ਲੋਕਾਂ ਨੂੰ ਉਨ੍ਹਾਂ ਦੀ ਬਣਦੀ-ਸਰਦੀ ਪ੍ਰਤੀਨਿਧਤਾ ਦੇਣ ਲਈ ਵਿਚਾਰ-ਵਟਾਂਦਰੇ ਅਤੇ ਇੱਕ ਪ੍ਰੋਸੈੱਸ ਵਾਲਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ ਨਾ ਕਿ ਸਾਨੂੰ ਤਾਂ ‘ਹੁਣ ਦਿਓ‘ ਵਾਲਾ। ਇਸ ਦੌਰਾਨ ਇਸ ਪ੍ਰੋਸੈੱਸ ਦੇ ਤਹਿਤ ਲੇਬਰ ਪਾਰਟੀ ਨੇ ਪਾਰਟੀ ਹੈੱਡਕਵਾਟਰ ਵਿੱਚ ਇੱਕ ਪੋਸਟ ਬਣਾਈ ਕਿ ਕਾਲੇ ਅਤੇ ਏਸ਼ੀਅਨਾਂ ਦੀ ਪ੍ਰਤੀਨਿਧਤਾ ਵਧਾਉਣ ਲਈ ਮਸਲਿਆਂ ਦੀ ਛਾਣਬੀਣ ਕੀਤੀ ਜਾਵੇ। ਇਹ ਪਹਿਲੀ ਪੋਸਟ ਐਥਨਕ ਮਾਈਨੌਰਿਟੀ ਅਫਸਰ ਵਰਿੰਦਰ ਦੇ ਹਿੱਸੇ ਆਈ।

ਵਰਿੰਦਰ ਸ਼ਰਮਾ ਦੇ ਕੰਮ ਅਤੇ ਉਸ ਦੀ ਘੱਟ ਗਿਣਤੀ ਐੱਮ. ਪੀਆਂ ਨੂੰ ਅੱਗੇ ਆਉਣ ਲਈ ਹੱਲਾਸ਼ਰੀ ਦੇਣ ਸਦਕਾ 1987 ਵਿੱਚ ਘੱਟ ਗਿਣਤੀਆਂ ਦੇ ਚਾਰ ਐੱਮ ਪੀ ਪਾਰਲੀਮੈਂਟ ਵਿੱਚ ਪੁੱਜ ਗਏ। ਇਸ ਮਗਰੋਂ ਹੀ ਸਾਊਥਾਲ ਦੇ ਪੁਰਾਣੇ ਚਲੇ ਆ ਰਹੇ ਐੱਮ. ਪੀ ਸਿਡਨੀ ਬਿੱਡਵੈੱਲ ਨੂੰ ਚੈਲਿੰਜ ਸ਼ੁਰੂ ਹੋ ਗਿਆ। ਖਾਬੜਾ ਉਦੋਂ ਲੇਬਰ ਪਾਰਟੀ ਤੋਂ ਬਾਹਰ ਸੋਸ਼ਲ ਡੈਮੋਕਰਟਾਂ ਵੱਲੋਂ ਐੱਮ. ਪੀ ਬਣਨ ਦੇ ਉਪਰਾਲੇ ਕਰ ਰਿਹਾ ਸੀ, ਉਨ੍ਹਾਂ ਉਸ ਨੂੰ ਟਿਕਟ ਨਾ ਦਿੱਤੀ। ਫਿਰ ਇਹ ਚਰਚਾ ਮਘ ਚੁੱਕੀ ਸੀ ਕਿ ਸਾਊਥਾਲ ਜਿਹੀਆਂ ਸੀਟਾਂ ‘ਤੇ ਹੋਰਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ, ਕਿਉਂਕਿ ਵਰਿੰਦਰ ਪਾਰਟੀ ਹੈੱਡਕਵਾਟਰ ਵਿੱਚ ਤੈਨਾਤ ਸੀ ਅਤੇ ਪਾਰਟੀ ਲੀਡਰਸ਼ਿਪ ਦੇ ਰਾਬਤੇ ਵਿੱਚ ਉਸ ਦਾ ਨਾਂਅ ਵੀ ਸੰਭਾਵੀ ਐੱਮ. ਪੀਆਂ ਵਿੱਚ ਆਉਣ ਲੱਗ ਪਿਆ ਸੀ।

ਵਰਿੰਦਰ ਦਾ ਕਹਿਣਾ ਹੈ ਕਿ ਸਾਲ 1986 ਵਿੱਚ ਜਦ ਸਾਉੂਥਾਲ ਦੇ ਅਗਲੇ ਐੱਮ. ਪੀ ਦੀ ਗੱਲ ਤੁਰੀ ਤਾਂ ਪਿਆਰਾ ਸਿੰਘ ਖਾਬੜਾ ਲੇਬਰ ਪਾਰਟੀ ਵਿੱਚ ਆ ਚੁੱਕਾ ਸੀ। ਵਰਿੰਦਰ ਨੇ ਖਾਬੜੇ ਨੂੰ ਚੈਲਿੰਜ ਕੀਤਾ। ਬਾਵਜੂਦ ਇਸ ਦੇ ਕਿ ਸਾਰੀ ਦੀ ਸਾਰੀ ਭਾਰਤੀ ਪਾਲਟਿਕਸ ਖਾਬੜੇ ਨਾਲ ਸੀ, ਵਰਿੰਦਰ ਮਹਿਜ਼ ਦੋ ਵੋਟਾਂ ‘ਤੇ ਰਹਿ ਗਿਆ। ਵਰਿੰਦਰ ਨਾਲ ਸਿਰਫ ਰਾਜਿੰਦਰ ਮਾਨ ਅਤੇ ਮੁਹੰਮਦ ਅਸਲਮ ਸਨ। ਦੁਬਾਰਾ ਫੇਰ ਵਰਿੰਦਰ ਨੇ ਖਾਬੜੇ ਨੂੰ ਹਰਾ ਦੇਣਾ ਸੀ ਪਰ ਉਹ ਸਿਟਿੰਗ ਐੱਮ ਪੀ ਨੂੰ ਬਦਲਣਾ ਨਹੀਂ ਸੀ ਚਾਹੁੰਦਾ। ਇਹ ਆਮ ਧਾਰਨਾ ਹੈ ਕਿ ਵਰਿੰਦਰ ਸਾਊਥਾਲ ਸੀਟ ਤੋਂ ਹਟ ਕੇ ਜੇ ਕਰ ਕਿਸੇ ਬਾਹਰਲੀ ਸੀਟ ਤੋˆ ਟਿਕਟ ਲੈਣ ਦਾ ਜਤਨ ਕਰਦਾ ਤਾਂ ਉਹ ਕਦੋˆ ਦਾ ਐੱਮ ਪੀ ਬਣ ਸਕਦਾ ਸੀ। ਕਈ ਹੋਰ ਐੱਮ. ਪੀਆਂ ਨੇ ਅਜਿਹਾ ਕੀਤਾ ਵੀ ਹੈ।

ਵਰਿੰਦਰ ਆਪਣੀ ਪਾਲਟਿਕਸ ਦੀ ਫਿਲਾਸਫੀ ਦੱਸਦਿਆਂ ਬਿਆਨਦਾ ਹੈ ਕਿ ਉਹਦੀ ਵਿਚਾਰਧਾਰਾ ਪਾਰਟੀ ਅਤੇ ਕਮਿਊਨਿਟੀ ਨੂੰ ਇਕੱਠਾ ਕਰਕੇ ਅੱਗੇ ਲਿਜਾਣ ਦੀ ਹੈ। ਉਹ ਲੋਕਲ ਲੈਵਲ ‘ਤੇ ਪਾਰਟੀ ਅਤੇ ਭਾਈਚਾਰਿਆਂ ਵਿੱਚ ਕੋਈ ਬਲੋੜੀ ਦਖਲ-ਅੰਦਾਜ਼ੀ ਨਹੀਂ ਕਰਨੀ ਚਾਹੁੰਦਾ ਅਤੇ ਨਾ ਹੀ ਉਹ ਆਪਣਾ ਏਜੰਡਾ ਠੋਸਣਾ ਚਾਹੁੰਦਾ ਹੈ। ਉਹ ਆਜ਼ਾਦ ਸੋਚ ਦੇ ਨਵੇਂ ਬੰਦਿਆਂ ਨੂੰ ਅੱਗੇ ਲਿਆਉਣ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ।  ਉਸ ਨੇ ਔਰਤਾਂ ਦੀ ਪ੍ਰਤੀਨਿਧਤਾ ਨੂੰ ਵਧਾਉਣ ਲਈ ਯਤਨ ਕੀਤੇ ਅਤੇ ਨਵੀਂਨ ਸੁਤੰਤਰ ਸੋਚ ਵਾਲਿਆਂ ਨੂੰ ਪਾਰਟੀ ਵਿੱਚ ਅੱਗੇ ਆਉਣ ਲਈ ਹੱਲਾਸ਼ੇਰੀ ਦਿੱਤੀ ਹੈ ਅਤੇ ਮੌਕੇ ਮੁਹੱਈਆ ਕੀਤੇ ਹਨ।  ਵਰਿੰਦਰ ਨੇ ਲੀਡਰਸ਼ਿਪ ਨੂੰ ਭਾਈਚਾਰੇ ਨਾਲ ਜੋੜਨ ਦੇ ਹੰਭਲੇ ਮਾਰੇ ਹਨ। ਹਾਊਸ ਆਫ ਕਾਮਨਜ਼ ਦੇ ਸਪੀਕਰ ਦੀ ਕਮਿਊਨਿਟੀ ਨਾਲ ਮਿਲਣੀ ਇਸ ਕੜੀ ਦੀ ਤਾਜ਼ਾ ਉਦਾਹਰਣ ਹੈ। ਅਮਲੀ ਤੌਰ ‘ਤੇ ਸੈਕੂਲਰ ਹੋਣਾ ਵਰਿੰਦਰ ਦੀ ਸ਼ਖਸੀਅਤ ਅਤੇ ਉਹਦੀ ਕਾਰਕਰਦਗੀ ਦੀ ਸਭ ਤੋਂ ਵੱਡਮੁੱਲੀ ਤਕੜਾਈ ਹੈ। ਵਰਿੰਦਰ ਦੀ ਧਾਰਨਾ ਹੈ ਕਿ ਜੋ ਬੰਦੇ  ਦੇ ਢਿੱਡ ਵਿੱਚ ਹੁੰਦੀ ਹੈ, ਉਹ ਉਹਦੀ ਕਾਰਗੁਜ਼ਾਰੀ ਵਿੱਚ ਆਉਣੋਂ ਵੀ ਨਹੀˆ ਰੁਕਦੀ।

ਜਦੋਂ ਵਰਿੰਦਰ ਦੇ ਐੱਮ ਪੀ ਬਣਨ ਮਗਰੋਂ ਉਹਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਛਿੜਿਆ ਤਾਂ ਵਰਿੰਦਰ ਨੇ ਹਲੀਮੀ ਨਾਲ ਕਿਹਾ ਕਿ ਉਹ ਇਨ੍ਹਾਂ ਪ੍ਰਾਪਤੀਆਂ ਨੂੰ ਸਿਰਫ ਆਪਣੀਆਂ ਨਿੱਜੀ ਪ੍ਰਾਪਤੀਆਂ ਨਹੀਂ ਗਿਣਦਾ। ਉਹ ਕਹਿੰਦਾ ਹੈ ਕਿ ਸਭ ਕੁਝ ਉਸ ਦੇ ਪਾਰਟੀ ਸਾਥੀਆਂ ਅਤੇ ਭਾਈਚਾਰੇ ਦੀ ਮਦਦ ਨਾਲ ਹੋਇਆ ਹੈ।  ਉਸ ਦੀ ਵੁੱਕਤ ਅਤੇ ਹੋਂਦ ਉਹਦੇ ਸਪੋਰਟਰਾਂ ਕਰਕੇ ਹੀ ਹੈ, ਜੋ ਅੱਖ ਦੇ ਇਸ਼ਾਰੇ ‘ਤੇ ਜੁੱਟ ਜਾਂਦੇ ਹਨ।

ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਸਾਊਥਾਲ-ਈਲਿੰਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸਿਰਫ ਵਰਿੰਦਰ ਨੇ ਹੀ ਕਰ ਦਿਖਾਇਆ ਹੈ ਕਿ ਸਾਊਥਾਲ ਵਿੱਚ ਆਪਣਾ ਫੁੱਲ ਸਕੇਲ ਦਫਤਰ ਖੋਲ੍ਹਿਆ ਹੈ। ਦਫਤਰ ਵਿੱਚ ਪੰਜ ਜਣਿਆਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਦਫਤਰ ਤੋਂ ਹਰ ਮਹੀਨ ਹਜ਼ਾਰਾਂ ਦੀ ਗਿਣਤੀ ਵਿੱਚ ਚਿੱਠੀਆਂ ਨਿਕਲਦੀਆਂ ਹਨ। ਵਰਿੰਦਰ ਨੇ ਇਹ ਧੋਣੇ ਧੋ ਦਿੱਤੇ ਹਨ ਕਿ ਐੱਮ. ਪੀ ਤੱਕ ਪਹੁੰਚਣਾ ਜਾਂ ਉਸ ਤੋਂ ਕੋਈ ਕੰਮਕਾਰ ਕਰਾਉਣਾ ਸੰਭਵ ਨਹੀਂ । ਕਰੌਸ ਰੇਲ ਨੂੰ ਹਾਸਲ ਕਰਨ ਲਈ ਵਰਿੰਦਰ ਨੇ ਪੂਰਾ ਜ਼ੋਰ  ਲਾਇਆ ਹੈ। ਸਾਊਥਾਲ ਵਿੱਚ ਕਾਰ-ਪਾਰਕ ਬਣਾਉਣ ਲਈ ਵਰਿੰਦਰ ਹਮੇਸ਼ਾ ਕਾਰਜਸ਼ੀਲ ਰਿਹਾ ਹੈ। ਹੁਣ ਤਾਂ ਇਸ ਕਾਰ ਪਾਰਕ ਦਾ ਐਲਾਨ ਵੀ ਹੋ ਗਿਆ ਹੈ। ਸਾਊਥਾਲ ਦੇ ਸਿੱਖ ਸਕੂਲ ਦੀ ਉਸਾਰੀ ਵਿੱਚ ਵੀ ਵਰਿੰਦਰ ਦੀ ਅਸਰਦਾਰ ਭੂਮਿਕਾ ਰਹੀ ਹੈ।

ਵਰਿੰਦਰ ਦਾ ਵਿਚਾਰ ਨਹੀਂ ਕਿ ਮੌਜੂਦਾ ਲੇਬਰ ਪਾਰਟੀ ਦੀਆਂ ਨੀਤੀਆਂ ਵਿੱਚ ਪਹਿਲਾਂ ਵਾਲਾ ਦਮਖਮ ਨਹੀਂ ਰਿਹਾ। ਉਸ ਮੁਤਾਬਕ ਪਾਰਟੀ ਵਿੱਚ ਸਮੇਂ ਦੀ ਤੋਰ ਅਤੇ ਨਜ਼ਾਕਤ ਮੁਤਾਬਕ ਤਬਦੀਲੀਆਂ ਆਈਆਂ ਹਨ। ਕਿਸੇ ਵੀ ਪਾਰਟੀ ਲਈ ਹਾਲਾਤਾਂ ਮੁਤਾਬਕ ਢਲਣਾ ਲਾਜ਼ਮੀ ਹੁੰਦਾ ਹੈ, ਪਰ ਮੁੱਢਲੀ ਵਿਚਾਰਧਾਰਾ ਵਿੱਚ ਤਬਦੀਲੀ ਨਹੀਂ ਆਉਣੀ ਚਾਹੀਦੀ।

ਇਰਾਕ ਦੀ ਲੜਾਈ ਦਾ ਵੀ ਵਰਿੰਦਰ ਨੇ ਵਿਰੋਧ ਕਰਨਾ ਹੀ ਉਚਿੱਤ ਸਮਝਿਆ। ਬਰਤਾਨੀਆ ਦੇ ਅਮਰੀਕਾ ਨਾਲ ਸੰਬੰਧਾਂ ਬਾਰੇ ਵਰਿੰਦਰ ਦਾ ਕਹਿਣਾ ਹੈ ਕਿ ਯੂ ਕੇ ਅਤੇ ਈ ਸੀ ਦੀ ਲੰਮੇ ਸਮੇਂ ਤੋਂ ਇਹ ਧਾਰਨਾ ਹੈ ਕਿ ਬਾਹਰਲੇ ਮੁਲਕਾਂ ਨਾਲ ਸਿੱਧੇ ਸੰਬੰਧ ਕਾਇਮ ਰੱਖੀਏ ਨਾ ਕਿ ਵਾਇਆ ਅਮਰੀਕਾ, ਜਿਸ ਤਰ੍ਹਾਂ ਗੋਰਡਨ ਬਰਾਉਣ ਨੇ ਕੀਤਾ ਸੀ ਅਤੇ ਹੁਣ ਟੋਰੀ ਕਰ ਰਹੇ ਹਨ।  ਅਸੀਂ ਭਾਰਤ ਨਾਲ ਆਪਣੇ ਸਿੱਧੇ ਸੰਬੰਧ ਬਣਾ ਰਹੇ ਹਾਂ। ਬਾਕੀ ਇਹ ਹੈ ਕਿ ਅਮਰੀਕਾ ਨਾਲ ਬਣੇ ਜੁੱਟ ਨੂੰ ਢਾਂਚਾ ਇੱਕਦਮ ਨਹੀਂ ਛੱਡਣ ਲੱਗਾ।

ਵਰਿੰਦਰ ਦੀ ਸੋਚ ਅਤੇ ਸਿਆਸਤ ਨੂੰ ਮਰਹੂਮ ਪੰਡਤ ਵਿਸ਼ਨੂੰ ਦੱਤ ਸ਼ਰਮਾ ਨੇ ਬਹੁਤ ਪ੍ਰਭਾਵਤ ਕੀਤਾ। ਡਡਲੀ ਲਾਰੈਂਸ, ਨੀਲ ਕਿਨਕ ਅਤ ਕੈੱਨਲਵਿੰਗਨ  ਦਾ ਵੀ ਵਰਿੰਦਰ ਦੇ ਸਿਆਸੀ ਜੀਵਨ ਵਿੱਚ ਯੋਗਦਾਨ ਹੈ।

ਵਰਿੰਦਰ ਸ਼ਰਮਾ ਨੂੰ ਆਪਣੀ ਫੈਮਿਲੀ ਦੀ ਪੂਰੀ ਸਪੋਰਟ ਹਾਸਲ ਹੈ ਉਹ ਇਸ ਗੱਲੋਂ ਆਪਣੇ ਆਪ ਨੂੰ ਖੁਸ਼ਨਸੀਬ ਗਿਣਦਾ ਹੈ। ਪਤਨੀ ਨਿਰਮਲਾ ਸ਼ਰਮਾ ਗਿਲਾ ਤਾਂ ਕਰਦੀ ਰਹਿੰਦੀ ਹੈ ਪਰ ਉਹ ਵਰਿੰਦਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ। ਉਹ ਵਰਿੰਦਰ ਦੀ ਕਮਿਊਨਿਟੀ ਨਾਲ ਕਮਿੱਟਮੈਂਟ ਨੂੰ ਵੀ ਸਮਝਦੀ ਹੈ।
ਉਸ ਨੂੰ ਉਸ ਦੀ ਪਤਨੀ ਨਿਰਮਲਾ ਸ਼ਰਮਾ ਤੋਂ ਇਲਾਵਾ  ਬੇਟਾ ਸੰਜੀਵ ਸ਼ਰਮਾ (ਬੌਬੀ), ਨੂੰਹ ਰੀਤੂ ਸ਼ਰਮਾ, ਬੇਟੀ ਮੋਨੀਕਾ, ਜਵਾਈ ਰਾਜ ਕੌਸ਼ਲ ਅਤੇ ਗਰੈਂਡ ਬੱਚੇ ਆਤਿਸ਼,  ਗਹਿਮਾ ਅਤੇ ਜਡਨ ਤੋਂ ਪੂਰੀ ਸਪੋਰਟ ਤੇ ਪਿਆਰ ਮਿਲਦਾ ਹੈ, ਉਹ ਉਨ੍ਹਾਂ ਦੇ ਸਹਿਯੋਗ ਉੱਪਰ ਮਾਣ ਕਰਦਾ ਹੈ।

ਜਾਤੀ ਤੌਰ ‘ਤੇ ਵਰਿੰਦਰ ਬਾਦਸ਼ਾਹਤ ਦੇ ਹੱਕ ਵਿੱਚ ਨਹੀਂ ਪਰ ਉਹ ਮੰਨਦਾ ਹੈ ਕਿ ਆਮ ਲੋਕਾਂ ਵਿੱਚ ਇਹਦੀ ਇੱਜ਼ਤ ਹੈ ਅਤੇ ਇਹਦੇ ਖਿਲਾਫ ਕੋਈ ਵੱਡੀ ਮੁਹਿੰਮ ਨਹੀਂ। ਵਰਿੰਦਰ ਦੀ ਧਾਰਨਾ ਹੈ ਕਿ ਮਲਟੀ ਕਲਚਰਇਜ਼ਮ ਮਰੇਗਾ ਨਹੀˆ ਪਰ ਇਸ ਸੰਬੰਧੀ ਅਪਰੋਚ ਵਿੱਚ ਸਮੇਂ-ਸਮੇਂ ਤਬਦੀਲੀ ਆਉਂਦੀ ਰਹੇਗੀ।

ਵਰਿੰਦਰ ਕਹਿੰਦਾ ਹੈ ਕਿ ਉਸ ਨੇ ਕੌਂਸਲ ਵਿੱਚ ਕਿੰਨੇ ਹੀ ਨਵੇਂ ਚਿਹਰਿਆਂ ਨੂੰ ਉਭਰਨ ਲਈ ਅਤੇ ਅੱਗੇ ਆਉਣ ਲਈ ਉਤਸ਼ਾਹਤ ਕੀਤਾ ਹੈ, ਇਹ ਕੰਮ ਪਹਿਲਾਂ ਨਹੀਂ ਸੀ ਹੋ ਰਿਹਾ। ਨਵੇਂ ਚਿਹਰੇ ਮਤੱਹਤਵਪੂਰਣ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਹਨ ਜਿਹੜੀ ਕਿ ਫਖ਼ਰ ਵਾਲੀ ਗੱਲ ਹੈ। ਈਲਿੰਗ ਕੌˆਸਲ ਲੇਬਰ ਪਾਰਟੀ ਲੀਡਰ ਜੂਲੀਅਨ ਬੈੱਲ ਅਤੇ ਡਿਪਟੀ ਲੀਡਰ ਰਣਜੀਤ ਧੀਰ ਦੀ ਰਹਿਨੁਮਾਈ ਵਿੱਚ ਮਹੱਤਵਪੂਰਣ ਕੰਮ ਕਰ ਰਹੀ ਹੈ। ਵਰਿੰਦਰ ਦਾ ਸੱਦਾ ਹੈ ਕਿ ਲੇਬਰ ਪਾਰਟੀ ‘ਚ ਸ਼ਾਮਲ ਹੋਵੋ ਅਤੇ ਭਾਈਚਾਰਿਆਂ ਦੇ ਅਤੇ ਸਥਾਨਕ ਮਸਲਿਆਂ ਨੂੰ ਸੁਲਝਾਉਣ ਵਿੱਚ ਨਾਲ ਰਲੋ। ਲੋਕਾਂ ਵਿੱਚ ਅਤੇ ਭਾਈਚਾਰੇ ਵਿੱਚ ਵਿਚਰੋ। ਪੁਲੀਟੀਕਲ ਜ਼ਿੰਮਵਾਰੀ ਨੂੰ ਸਮਝੋ ਅਤੇ ਸੰਭਾਲੋ। ਵਰਿੰਦਰ ਲੋਕਾਂ ਵਿੱਚ ਵਿਚਰ ਕੇ ਰੀਲੈਕਸ ਹੁੰਦਾ ਹੈ। ਉਹ ਪੜ੍ਹਨ ਲਈ ਵੀ ਸਮਾਂ ਕੱਢਦਾ ਹੈ। ਨਾਟਕ ਵੇਖਣ ਦਾ ਵੀ ਸ਼ੌਕੀਨ ਹੈ। ਉਹਦ ਹੀਰੋ ਪੰਡਤ ਨਹਿਰੂ ਅਤੇ ਡਾ: ਮਨਮੋਹਨ ਸਿੰਘ ਹਨ।

ਵਰਿੰਦਰ ਸ਼ਰਮਾ ਸੱਚਮੁੱਚ ਲੋਕਾਂ ਦਾ ਜਨ ਸਾਧਾਰਨ ਦਾ ਮੈਂਬਰ ਪਾਰਲੀਮੈਂਟ ਹੈ। ਏਸ਼ੀਅਨ ਭਾਈਚਾਰੇ ਨੂੰ ਉਹਦੇ ਹਾਊਸ ਆਫ ਕਾਮਨਜ਼ ਵਿੱਚ ਪੁੱਜਣ ‘ਤੇ ਬੜਾ ਬਲ ਮਿਲਿਆ ਹੈ। ਵਰਿੰਦਰ ਲੋਕਾਂ ਦਾ ਮਨਪਸੰਦ ਅਤੇ  ਉਮੀਦਾਂ ਦੇ ਮੇਚ ਦਾ ਐੱਮ. ਪੀ ਹੈ।

****


No comments: