ਚੇਤੇ ਦੀ ਪਟਾਰੀ ਵਿੱਚੋਂ ਫੈਜ਼ ਨਾਲ ਦੋ ਮਿਲਣੀਆਂ......... ਅਭੁੱਲ ਯਾਦਾਂ / ਕੇ. ਸੀ. ਮੋਹਨਫੈਜ਼ ਦੇ 100ਵੇਂ ਜਨਮ ਦਿਵਸ ‘ਤੇ 


ਉਰਦੂ ਸ਼ਾਇਰੀ ਨਾਲ ਨੇੜਤਾ ਦਾ ਸਬੱਬ ਮਾਲੇਰਕੋਟਲਾ ਜਿਹੇ ਅਦਬੀ ਅਤੇ ਬਹੁ-ਧਰਮੀ ਸ਼ਹਿਰ ਵਿੱਚ ਪੜ੍ਹਾਈ ਕਰਨ ਵੇਲੇ ਬਣਿਆ। ਸਰਕਾਰੀ ਕਾਲਜ ਅਤੇ ਸ਼ਹਿਰ ਵਿੱਚ ਮੁਸ਼ਾਇਰੇ ਹੁੰਦੇ। ਸ਼ਹਿਰ ਵਿੱਚ ਰਹਿਮਤ ਕੱਵਾਲ ਦੀ ਟੋਲੀ ਦੀਆਂ ਕੱਵਾਲੀਆਂ ਦੇ ਅਖਾੜੇ ਲੱਗਦੇ। ਬੜੀ ਵਾਲੇ ਮਰਾਸੀਆਂ ਦੀਆਂ ਨਕਲਾਂ ਵੇਖਣ ਦੇ ਮੌਕੇ ਬਣਦੇ। ਸੰਗੀਤ ਮੁਕਾਬਲੇ ਹੁੰਦੇ। ਮੇਰੇ ਵਰਗੇ ਪੇਂਡੂ ਮੁੰਡਿਆਂ ਵਿੱਚ ਵੀ ਸ਼ਾਇਰੀ ਅਤੇ ਭਾਰਤੀ ਕਲਾਸੀਕਲ ਗਾਇਕੀ ਵਾਸਤੇ ਕੰਨ ਰਸ ਪੈਦਾ ਹੋਣਾ ਕੁਦਰਤੀ ਸੀ।
ਇਹ ਵੀ ਉਪਰੋਕਤ ਮਾਹੌਲ ਕਰਕੇ ਹੀ ਹੋ ਸਕਿਆ ਕਿ ਵੱਡੇ ਉਰਦੂ ਸ਼ਾਇਰਾਂ ਦੇ ਕਲਾਮ ਦਾ ਹਿੰਦੀ ਅਨੁਵਾਦ ਪੜ੍ਹਨ ਦੀ ਚੇਟਕ ਵੀ ਲੱਗ ਗਈ। ਤਰੱਕੀ-ਪਸੰਦ ਲਹਿਰ ਨਾਲ ਜੁੜਨ ਦੇ ਸਿਲਸਿਲੇ ਦਾ ਪਤਾ ਹੀ ਨਾ ਲੱਗਾ ਕਿ ਇਹ ਕਿੰਵੇਂ ਹੋ ਗਿਆ। ਸਰਦਾਰ ਜਾਫਰੀ, ਫੈਜ਼, ਸਾਹਿਰ ਲੁਧਿਆਣਵੀ, ਗਾਲਿਬ, ਬਹਾਦਰ ਸ਼ਾਹ ਜ਼ਫਰ ਦੀ ਸ਼ਾਇਰੀ ਦਿਲ ਨੂੰ ਮੱਲੋ-ਮੱਲੀ ਟੁੰਬਦੀ ਸੀ, ਪਰ ਫੈਜ਼ ਦੇ ਕੀ ਕਹਿਣੇ। ਉਹ ਤਾਂ ਫਿਰ ਫੈਜ਼ ਹੀ ਸੀ। ਪਰ ਉਹ ਤਾਂ ਵੰਡ ਬਾਅਦ ਪਾਕਿਸਤਾਨ ਵਿੱਚ ਜਾ ਚੁੱਕਾ ਸੀ, ਪਰ ਉਹ ਉਹਦੀ ਸ਼ਾਇਰੀ ਕਰਕੇ ਆਪਣਾ ਹੀ ਮਹਿਸੂਸ ਹੁੰਦਾ ਸੀ। ਫੇਰ ਹੌਲੀ-ਹੌਲੀ ਇਹ ਵੀ ਪਤਾ ਲੱਗਾ ਕਿ ਉਹਦੇ ਭਾਰਤ ਆਵਣ-ਜਾਵਣ ‘ਤੇ ਪਾਬੰਦੀ ਨਹੀਂ ਸੀ। ਫੈਜ਼ ਆਪਣੀ ਸ਼ਾਇਰੀ, ਤਰੱਕੀ-ਪਸੰਦ ਲਹਿਰ ਨਾਲ ਵਚਨਬੱਧਤਾ ਅਤੇ ਜੀਵਨ ਘਟਨਾਵਾਂ ਕਰਕੇ ਬਾਹਰਲਾ ਨਹੀਂ ਸੀ ਲੱਗਦਾ।
ਭਾਰਤ ਰਹਿੰਦਿਆਂ ਕਦੀ ਚਿੱਤ-ਚੇਤਾ ਵੀ ਨਹੀਂ ਸੀ ਕਿ ਕਦੇ ਜੀਵਨ ਵਿੱਚ ਫੈਜ਼ ਨੂੰ  ਮਿਲਣ ਦਾ ਨਸੀਬ ਵੀ ਬਣੇਗਾ, ਪਰ ਇਹ ਖੁਸ਼ਕਿਸਮਤੀ ਇੱਕ ਵਾਰ ਨਹੀਂ, ਸਗੋਂ ਦੋ ਵਾਰ ਲੰਦਨ ਆ ਜਾਣ ਬਾਅਦ ਆ ਬਹੁੜੀ। ਦੋਵੇਂ ਮੁਲਾਕਾਤਾਂ ਬੜੇ ਹੀ ਖੁਸ਼ਗਵਾਰ ਵਾਤਾਵਰਣ ਵਿੱਚ ਹੋਈਆਂ। ਇਹ ਦੋਵੇਂ ਮੁਲਾਕਾਤਾਂ ਜ਼ਿਹਨ ਵਿੱਚ ਅੱਜ ਵੀ ਤਰੋਤਾਜ਼ਾ ਹਨ।  ਇੱਕ ਮਹਿਫਲ ਇਸ ਕਰਕੇ ਵੀ ਮੇਰੇ ਲਈ ਮਾਣ ਦੀ ਸਿਮਰਤੀ ਬਣ ਚੁੱਕੀ ਹੈ ਕਿਉਂਕਿ ਫੈਜ਼ ਸਾਹਿਬ ਨੇ ਫਰਾਜ਼ ਅਹਿਮਦ ਫਰਾਜ਼ ਦੀ ਹਾਜ਼ਰੀ ਵਿੱਚ ਮੇਰੀ ਇੱਕ ਪੰਜਾਬੀ ਨਜ਼ਮ ਸੁਣ ਕੇ ਮੈਨੂੰ ਥਾਪੀ ਦਿੱਤੀ।

ਫੈਜ਼ ਨਾਲ ਮੇਰੀ ਪਹਿਲੀ ਮੁਲਾਕਾਤ ਮਰਹੂਮ ਪੰਜਾਬੀ ਲੇਖਕ ਸ਼ੇਰ ਜੰਗ ਜਾਂਗਲੀ ਦੇ ਉਹਦੇ ਹੋਮ ਬਰੋਰੋਡ ਵਾਲੇ ਸਾਊਥਾਲ ਵਾਲੇ ਘਰ ਵਿੱਚ ਹੋਈ। ਗਾਲਬਨ ਇਹ 1980 ਦੀ ਗੱਲ ਹੈ, ਮੈਨੂੰ ਯੂ ਕੇ ਆਏ ਨੂੰ ਬਹੁਤਾ ਚਿਰ ਨਹੀਂ ਸੀ ਹੋਇਆ। ਸ਼ੇਰ ਜੰਗ ਜਾਂਗਲੀ ਦਾ ਘਰ ਮੇਰੇ ਰਾਹ ਵਿੱਚ ਪੈਂਦਾ ਸੀ। ਉਹ ਆਪਣੇ ਘਰ ਮਹਿਫਲਾਂ ਸਜਾ ਕੇ ਖੁਸ਼ ਹੁੰਦਾ ਸੀ। ਭਰਜਾਈ ਰਾਣੋ ਭੋਰਾ ਜਿੰਨਾ ਵੀ ਮੱਥੇ ਵੱਟ ਨਹੀਂ ਸੀ ਪਾਉਂਦੀ। ਸ਼ਾਕਾਹਾਰੀ ਹੁੰਦੀ ਹੋਈ ਵੀ ਲੋਹੜੇ ਦਾ ਲਜੀਜ਼ ਮੀਟ ਬਣਾਉਂਦੀ।  


ਮੈਂ ਫੈਜ਼ ਨੂੰ ਮਿਲਣ ਦੇ ਮੌਕੇ ਨੂੰ ਲੈ ਕੇ ਬਾਗੋਬਾਗ ਸਾਂ।  ਇਹ ਮੁਲਾਕਾਤ ਬੜੀ ਕਰੀਬੀ ਹੋ ਨਿੱਬੜੀ ਕਿਉਂਕਿ ਸ਼ੇਰ ਜੰਗ ਨੇ ਸਿਰਫ ਰਣਜੀਤ ਧੀਰ, ਮਰਹੂਮ ਸ਼ਾਇਰ ਨਰੰਜਣ ਸਿੰਘ ਨੂਰ ਅਤੇ ਮੈਨੂੰ ਹੀ ਬੁਲਾਇਆ ਹੋਇਆ ਸੀ। ਫੈਜ਼ ਨਾਲ ਬੜੀਆਂ ਖੁੱਲ੍ਹੀਆਂ ਗੱਲਾਂ ਹੋਈਆਂ। ਉਨ੍ਹਾ ਆਪਣੇ ਜੀਵਨ ਸਫਰ ਬਾਰੇ ਵੀ ਵਾਕਿਆ ਸੁਣਾਏ। ਫੈਜ਼ ਨੇ ਆਪਣੀ ਉਰਦੂ ਸ਼ਾਇਰੀ ਵੀ ਸੁਣਾਈ ਅਤੇ ਆਪਣੀਆਂ ਪੰਜਾਬੀ ਨਜ਼ਮਾਂ ਵੀ। ਰੱਬਾ ਸੱਚਿਆ/ਰੱਬਾ ਸੱਚਿਆ ਤੂੰ ਤੇ ਆਖਿਆ ਸੀ। ਫੈਜ਼ ਦੀ ਦਿਲਚਸਪ ਜ਼ਿੰਦਗੀ ਬਾਰੇ ਪੜ੍ਹਿਆ ਹੋਣ ਦੇ ਬਾਵਜੂਦ ਉਹਨਾ ਦੇ ਮੂੰਹੋਂ ਵਾਕਿਆ ਸੁਣ ਕੇ ਬੜਾ ਆਨੰਦ ਆ ਰਿਹਾ ਸੀ। ਭਾਰਤ ਦੀ ਵੰਡ ਅਤੇ ਪਾਕਿਸਤਾਨ ਬਣਨ ਦੇ ਹਵਾਲੇ ਨਾਲ ਮੈਂ ਫੈਜ਼ ਸਾਹਿਬ ਨੂੰ ਦੱਸਿਆ ਕਿ ਮੈਂ ਪੰਜਾਬ ਦੇ ਮਾਲੇਰਕੋਟਲਾ ਸ਼ਹਿਰ ਤੋਂ ਹਾਂ, ਜਿੱਥੇ ਅਜੇ ਵੀ ਮੁਸਲਿਮ ਭਾਈਚਾਰੇ ਦੀ ਬਹੁ-ਗਿਣਤੀ ਹੈ। ਉੱਥੋਂ ਦੇ ਨਵਾਬ ਸਾਹਿਬ ਨੇ ਪਾਕਿਸਤਾਨ ਨਾ ਜਾਣ ਦਾ ਫੈਸਲਾ ਕੀਤਾ। ਅੱਜ ਵੀ ਮਾਲੇਰਕੋਟਲਾ ਅਤੇ ਇਹਦੀ ਪੁਰਾਣੀ ਰਿਆਸਤ ਦੇ ਪਿੰਡਾਂ ਵਿੱਚ ਹਜ਼ਾਰਾਂ ਮੁਸਲਮਾਨ ਰਹਿੰਦੇ ਨੇ। ਪਾਕਿਸਤਾਨ ਬਣਨਾ ਕੀ ਜ਼ਰੂਰੀ ਸੀ? ਇਸ ਵਿੱਚੋਂ ਕਿ ਫੈਜ਼ ਸਾਹਿਬ ਕਹਿਣ ਲੱਗੇ ਕਿ ਇਸ ਬਾਰੇ ਤਾਂ ਹੁਣ ਇਹੀ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਬਣ ਚੁੱਕਾ ਹੈ। ਹੁਣ ਦੋਵਾਂ ਮੁਲਕਾਂ ਨੂੰ ਪਿਆਰ-ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਇੱਕ ਹੋਰ ਸਵਾਲ ਜੋ ਮੈਂ ਫੈਜ਼ ਸਾਹਿਬ ਨੂੰ ਪੁੱਛਿਆ ਕਿ ਉਨ੍ਹਾ ਦੀ ਰੂਸ ਨਾਲ ਵੀ ਬੜੀ ਨੇੜਤਾ ਹੈ ਅਤੇ ਉਹਨਾ ਦਾ ਤਰੱਕੀ-ਪਸੰਦ ਲਹਿਰ ਵਿੱਚ ਬੜਾ ਵੱਡਾ ਸਥਾਨ ਹੈ। ਜੋ ਬੰਦਸ਼ਾਂ/ਬੰਧਨ ਰੂਸ ਵਿੱਚ ਪ੍ਰੈੱਸ ਦੀ ਆਜ਼ਾਦੀ ‘ਤੇ ਹਨ ਜਾਂ ਜੋ ਉਨ੍ਹਾਂ ਲੇਖਕਾਂ ਨਾਲ ਹੁੰਦਾ ਹੈ ਜੋ ਸਿਸਟਮ ਦੀ ਨੁਕਤਾਚੀਨੀ ਕਰਦੇ ਹਨ-ਉਹ ਕਿੱਥੋਂ ਤੱਕ ਜਾਇਜ਼ ਹੈ?(ਜਿਸ ਵੇਲੇ ਦੀ ਇਹ ਮੁਲਾਕਾਤ ਹੈ ਉਦੋਂ ਰੂਸ ਅਜੇ ਕੱਠਾ ਸੀ) ਫੈਜ਼ ਸਾਹਿਬ ਹਲਕਾ ਹੱਸਦੇ ਕਹਿਣ ਲੱਗੇ ਕਿ ਨੌਜਵਾਨ ਰੂਸ ਨੇ ਬੜਾ ਸੰਘਰਸ਼ ਕਰਕੇ ਇੱਕ ਸਿਸਟਮ ਸਥਾਪਤ ਕੀਤਾ ਹੈ। ਇਹਨੂੰ  ਸੰਭਾਲਣਾ ਤੇ ਉਹਦੀ ਸੁਰੱਖਿਆ ਕਰਨੀ ਬੜੀ ਜ਼ਰੂਰੀ ਹੈ। ਪੂੰਜੀਵਾਦੀ ਸਿਸਟਮ ਇਸ ਦੇ ਵੈਰੀ ਹਨ। ਹਰ ਇੱਕ ਸਿਸਟਮ ਆਪਣੀ ਸਥਾਪਤੀ ਅਤੇ ਮੌਜੂਦਗੀ ਲਈ ਲੋਕਾਂ ਕੋਲੋਂ ਇੱਕ ਕੀਮਤ ਮੰਗਦਾ ਹੈ। ਪੂੰਜੀਵਾਦੀ ਸਿਸਟਮ ਲਈ ਵੀ ਪਰਜਾ ਇੱਕ ਕੀਮਤ ਦਿੰਦੀ ਹੈ। ਇਹ ਵੇਖਣ ਨੂੰ ਚੰਗੇ ਲੱਗਦੇ ਨੇ ਇੱਥੇ ਵੀ ਹੁਕਮਰਾਨ/ਸਿਸਟਮ ਕੀਮਤ ਮੰਗਦੇ ਹਨ, ਪਰ ਇਹ ਚਾਤਰ ਸਿਸਟਮ ਹੁੰਦੇ ਨੇ। ਇਹ ਲੁੱਟ-ਖਸੁੱਟ ਕਰਦੇ ਨੇ ਜੋ ਸ਼ੋਸ਼ਾ ਹੁੰਦਾ ਹੈ। ਰੂਸੀ ਸਿਸਟਮ ਦੀਆਂ ਬੰਦਸ਼ਾਂ ਇਹਨਾਂ ਨੂੰ ਚੁਭਦੀਆਂ ਨੇ। ਕੋਈ ਵੀ ਸਿਸਟਮ ਸੌ ਫੀਸਦੀ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦਾ। ਰੂਸ ਦੀ ਬੜੀ ਦੇਣ ਹੈ।

ਫੈਜ਼ ਸਾਹਿਬ ਨੇ ਤਿੰਨ ਘੰਟਿਆਂ ਦੀ ਮਹਿਫਲ ਦੌਰਾਨ ਤਿੰਨ ਡੱਬੀਆਂ ਸਿਗਰਟਾਂ ਦੀਆਂ ਪੀਤੀਆਂ ਅਤੇ ਖੁੱਲ੍ਹ ਕੇ ਵਿਸਕੀ ਦਾ ਸੇਵਨ ਕੀਤਾ। ਉਹ ਸਿਗਰਟ ਦਾ ਕਸ਼ ਮੁਕਾਉਂਦੇ ਸਨ ਤਾਂ ਵਿਸਕੀ ਦਾ ਘੁੱਟ ਭਰਦੇ ਸਨ। ਵਿਸਕੀ ਦਾ ਘੁੱਟ ਲੈਂਦੇ ਸਨ ਤਾਂ ਸਿਗਰਟ ਦਾ ਕਸ਼ ਲੈਂਦੇ ਸਨ। ਉਹ ਬਹੁਤ ਹੌਲੀ-ਹੌਲੀ ਬੋਲਦੇ ਸਨ। ਮਹਿਫਲ ਖਤਮ ਹੋਣ ਬਾਅਦ ਫੈਜ਼ ਸਾਹਿਬ ਕਿਸੇ ਸੋਫੀ ਬੰਦੇ ਵਾਂਗ ਲੱਗਦੇ ਸਨ।
ਫੈਜ਼ ਸਾਹਿਬ ਨਾਲ ਦੂਜੀ ਮੁਲਾਕਾਤ 23 ਅਗਸਤ 1982 ਨੂੰ ਪੰਜਾਬੀ ਲਿਖਾਰੀ ਸ੍ਰੀ ਜੋਗਿੰਦਰ ਸ਼ਮਸ਼ੇਰ ਦੇ ਘਰ ਦੀ ਗਰੀਨ ਡਰਾਈਵ ਸਾਊਥਾਲ ਵਿਖੇ ਹੋਈ ਸੀ। ਮੈਨੂੰ ਪੰਜਾਬੋਂ ਆਏ ਨੂੰ ਅਜੇ ਤਿੰਨ ਕੁ ਸਾਲ ਹੀ ਹੋਏ ਸਨ। ਉਦੋਂ ਮੈਂ ਪੰਜਾਬ ਟਾਈਮਜ਼ ਅਖਬਾਰ ਦਾ ਸਹਾਇਕ ਸੰਪਾਦਕ ਸਾਂ ਅਤੇ ਸਾਊਥਾਲ ਦੀ ਪ੍ਰਗਤੀਸ਼ੀਲ ਲਿਖਾਰੀ ਸਭਾ ਨਾਲ ਜੁੜ ਚੁੱਕਾ ਸਾਂ।

ਜੋਗਿੰਦਰ ਸ਼ਮਸ਼ੇਰ ਬਰਤਾਨੀਆ ਦੀ ਪ੍ਰਗਤੀਸ਼ੀਲ ਲਿਖਾਰੀ ਸਭਾ ਦੇ ਜਨਰਲ ਸਕੱਤਰ ਸਨ ਅਤੇ ਉਹਨਾ ਦੇ ਘਰ ਵਿੱਚ ਅਕਸਰ ਅਦਬੀ ਮਹਿਫਲਾਂ ਜੁੜਿਆ ਕਰਦੀਆਂ ਸਨ, ਉਨ੍ਹਾ ਦੀ ਪਤਨੀ ਮਰਹੂਮ ਪ੍ਰਕਾਸ਼ ਮਹਿਮਾਨਨਿਵਾਜ਼ੀ ਕਰਕੇ ਖੁਸ਼ ਹੁੰਦੀ ਸੀ। ਫੈਜ਼ ਨਾਲ ਮਹਿਫਲ ਦਾ ਸਾਰਾ ਬੰਦੋਬਸਤ ਜੋਗਿੰਦਰ ਸ਼ਮਸ਼ੇਰ ਹੁਰਾਂ ਹੀ ਕੀਤਾ ਸੀ। ਮਹਿਫਲ ਵਿੱਚ 30-40 ਦੇ ਕਰੀਬ ਪੰਜਾਬੀ ਦੇ ਅਦੀਬ ਅਤੇ ਜੋਗਿੰਦਰ ਹੁਰਾਂ ਦੇ ਕਰੀਬੀ ਮਿੱਤਰ ਮੌਜੂਦ ਸਨ। ਸਾਡੇ ਸਭਨਾਂ ਲਈ  ਇੱਕ ਹੋਰ ਖੁਸ਼ੀ ਦੀ ਗੱਲ ਇਹ ਵੀ ਸੀ ਕਿ ਫੈਜ਼ ਨਾਲ ਉਹਨਾਂ ਦੇ ਸ਼ਾਇਰ ਮਿੱਤਰ ਫਰਾਜ਼ ਅਹਿਮਦ ਫਰਾਜ਼ ਵੀ ਆਏ ਹੋਏ ਸਨ 

ਅਬ ਕੇ ਬਿਛੜੇ ਹੂਏ ਫੂਲ ਕਿਤਾਬੋਂ ਮੇ ਮਿਲੇ
------
ਰੰਜਸ਼ ਹੀ ਸਹੀ ਦਿਲ ਹੀ ਦੁਖਾਨੇ ਕੇ ਲੀਏ,    ਆਦਿ ਗਜ਼ਲਾਂ ਦੇ ਸ਼ਾਇਰ।

ਫੈਜ਼ ਸਾਹਿਬ ਦੇ ਇੰਤਕਾਲ ਬਾਅਦ ਫਰਾਜ਼ ਨੂੰ ਫੈਜ਼ ਦਾ ਜਾਨਸ਼ੀਨ ਕਿਹਾ ਜਾਣ ਲੱਗਾ। ਹੁਣ ਤੇ ਫਰਾਜ਼ ਸਾਹਿਬ ਵੀ ਅੱਲਾ ਨੂੰ ਪਿਆਰੇ 
ਹੋ ਚੁੱਕੇ ਨੇ।


ਮਹਿਫਲ ਦੌਰਾਨ ਫੈਜ਼ ਅਤੇ ਫਰਾਜ਼ ਨੇ ਆਪਣੀਆਂ ਨਜ਼ਮਾਂ-ਗ਼ਜ਼ਲਾਂ ਸੁਣਾਈਆਂ। ਫੈਜ਼ ਨੇ ਆਪਣੀਆਂ ਪੰਜਾਬੀ ਨਜ਼ਮਾਂ ਵੀ ਸਾਂਝੀਆਂ ਕੀਤੀਆਂ। ਸਰੋਤਿਆਂ ਨਾਲ ਗੁਫਤਗੂ ਕੀਤੀ। ਸਵਾਲਾਂ ਦੇ ਜਵਾਬ ਦਿੱਤੇ। ਫਿਰ ਬਾਕੀ ਸ਼ਾਇਰਾਂ ਨੂੰ ਆਪਣਾ ਰੰਗ ਵਿਖਾਉਣ ਦਾ ਮੌਕਾ ਮਿਲਿਆ। ਮੈਂ ਆਪਣੀ ਪੰਜਾਬੀ ਨਜ਼ਮ ‘ਬਰਫ ਦੇ ਆਦਮੀ‘ ਸੁਣਾਈ। ਫੈਜ਼ ਸਾਹਿਬ ਖੁਸ਼ ਹੋ ਕੇ ਫਰਾਜ਼ ਨੂੰ ਕਹਿਣ ਲੱਗੇ ਕਿ ਫਰਾਜ਼ ਤੂੰ ਪੰਜਾਬੀ ਸ਼ਾਇਰੀ ਨੂੰ ਕੁਝ ਗਿਣਦਾ ਨਹੀਂ ਆਹ ਵੇਖ ਬਰਤਾਨੀਆ ਵਿੱਚ ਕਿਸ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਲਿਖੀ ਜਾ ਰਹੀ ਹੈ। ਫੈਜ਼ ਸਾਹਿਬ ਨੇ ਮੇਰੀ ਅਤੇ ਬਲਦੇਵ ਬਾਵਾ ਦੀ ਨਜ਼ਮ ਉਸੇ ਹੀ ਵੇਲੇ ਦੋਬਾਰਾ ਸੁਣੀ (ਹਵਾਲਾ : ਦੇਸ ਪ੍ਰਦੇਸ ਵੀਕਲੀ ਯੂ ਕੇ 8-4-2011 : ਸਫਾ 41) ਮੇਰੇ ਜਿਹੇ ਨਵੇਂ ਕਵੀ ਵਾਸਤੇ ਇਹ ਮਾਣ ਅਤੇ ਹੱਲਾਸ਼ੇਰੀ ਇੱਕ ਬਹੁਤ ਵੱਡੀ ਗੱਲ ਸੀ। ਇਸ ਵਾਕਿਆ ਦਾ ਜ਼ਿਕਰ ਮੈਂ ਆਪਣੀ ਕਲਮ ਰਾਹੀਂ ਪਹਿਲੀ ਵਾਰੀ ਕਰ ਰਿਹਾ ਹਾਂ। ਸ਼ੁੱਭਚਿੰਤਕ ਮਿੱਤਰ ਅਕਸਰ ਕਰਦੇ ਹਨ।


ਫੈਜ਼ ਸਾਹਿਬ ਦੇ ਇੰਤਕਾਲ ਮਗਰੋਂ ਉਹਨਾ ਦੀ ਬੇਗਮ ਐਲੀਅਸ ਫੈਜ਼ ਨਾਲ ਵੀ ਦੋ ਮੁਲਾਕਾਤਾਂ ਹੋਈਆਂ। ਇੱਕ ਮੁਲਾਕਾਤ 3-4 ਅਗਸਤ 1985 ਵਿੱਚ ਜਦੋਂ ਲੰਡਨ ਦੇ ਇਤਿਹਾਸਕ ਕਾਉਂਟੀ ਹਾਲ ਵਿੱਚ ਪ੍ਰੋਗਰੈਸਿਵ  ਰਾਈਟਰਜ਼ ਐਸੋਸੀਏਸ਼ਨ ਦੇ ਗੋਲਡਨ ਜੁਬਲੀ ਸਮਾਰੋਹ ਸਮੇਂ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਮੁਅੱਜਜ਼ ਅਦੀਬ ਸ਼ਿਰਕਤ ਲਈ ਪਹੁੰਚੇ ਹੋਏ ਸਨ। ਪ੍ਰੋਗਰੈਸਿਵ  ਰਾਈਟਰਜ਼ ਐਸੋਸੀਏਸ਼ਨ ਦੇ ਇਤਿਹਾਸ ਦੇ ਸੰਬੰਧ ਵਿੱਚ ਜ਼ਿਕਰਯੋਗ ਹੈ ਕਿ ਇਸ ਦੀ ਨੀਂਹ ਭਾਰਤ ਤੋਂ ਬਾਹਰ ਮੁਲਖ ਰਾਜ ਆਨੰਦ ਅਤੇ ਸੱਜਾਦ ਜ਼ਹੀਰ ਦੁਆਰਾ 1935 ‘ਚ ਰੱਖੀ ਗਈ ਸੀ। 

ਐਲੀਅਸ ਫੈਜ਼, ਫੈਜ਼ ਸਾਹਿਬ ਦੀ ਬੇਗਮ ਹੋਣ ਕਰਕੇ ਸਾਰੇ ਲੇਖਕਾਂ ਲਈ ਦਿਲਚਸਪੀ ਦਾ ਸਬੱਬ ਸੀ।  ਮੈਂ ਉਦੋਂ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਸਾਊਥਾਲ ਦਾ ਸਕੱਤਰ ਸਾਂ। ਮੈਂ ਮਿਸਿਜ਼ ਫੈਜ਼ ਨੂੰ ਸਨਿਮਰ ਬੇਨਤੀ ਕੀਤੀ ਕਿ ਉਹ ਸਾਡੀ ਸਭਾ ਦੇ ਫੰਕਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਪਧਾਰਨ। ਉਹ ਮੰਨ ਗਏ। ਅਸਾਂ 11 ਅਗਸਤ 1985 ਨੂੰ ਪੁਰਾਣੇ ਸਾਊਥਾਲ ਦੇ ਇੱਕ ਚਰਚ ਹਾਲ ਵਿੱਚ ਇੱਕ ਸਾਹਿਤਕ ਮੀਟਿੰਗ ਕੀਤੀ। ਇਸ ਸਮਾਗਮ ਦੀ ਸਦਾਰਤ ਸਫਦਰ ਮੀਰ ਹੁਰਾਂ ਕੀਤੀ ਅਤੇ ਮੁੱਖ ਮਹਿਮਾਨ ਮਿਸਿਜ਼ ਫੈਜ਼ ਸਨ। ਪਹਿਲੇ ਦੌਰ ਵਿੱਚ ਵਿਚਾਰ-ਵਟਾਂਦਰੇ ਹੋਏ। ਦੂਜੇ ਵਿੱਚ ਮੁਸ਼ਾਇਰਾ। ਭਾਰਤ ਅਤੇ ਪਾਕਿਸਤਾਨ ਤੋਂ ਪਧਾਰੇ ਲੇਖਕਾਂ ਦੇ ਸਨਮਾਨ ਹੋਏ। ਅਦਬ-ਪਸੰਦ ਮਿੱਤਰਾਂ ਨੇ ਮਿਸਿਜ਼ ਫੈਜ਼ ਦੀ ਸੰਗਤ ਦੇ ਲੁੱਤਫ ਲਏ। ਇਹ ਮਹੌਲ ਕਿਸੇ ਵਿਆਹ ਵਰਗੇ ਵਾਤਾਵਰਣ ਦੀ ਯਾਦ ਦਵਾਉੁਂਦਾ ਸੀ।

ਫੈਜ਼ ਸਾਹਿਬ ਦੇ 100ਵੇਂ ਜਨਮ ਦਿਵਸ ਦੇ ਜਸ਼ਨ ਦੁਨੀਆ ਭਰ ਵਿੱਚ ਮਨਾਏ ਜਾ ਰਹੇ ਹਨ। ਉਹਨਾ ਦੇ ਪ੍ਰੇਮੀ ਉਹਨਾ ਨੂੰ ਬੜੀ ਸ਼ਰਧਾ ਅਤੇ ਮਾਣ ਨਾਲ ਯਾਦ ਕਰ ਰਹੇ ਹਨ, ਮੈਨੂੰ ਖੁਸ਼ੀ ਅਤੇ ਤਸੱਲੀ ਹੈ ਕਿ ਮੈਂ ਫੈਜ਼ ਸਾਹਿਬ ਨੂੰ ਆਪਣੇ ਜੀਵਨ ਕਾਲ ਦੌਰਾਨ ਮਿਲ ਸਕਿਆ। ਉਹਨਾ ਨਾਲ ਬੈਠ ਸਕਿਆ। ਉਹਨਾ ਦੀਆਂ ਨਜ਼ਮਾਂ ਉਹਨਾ ਦੀ ਜ਼ਬਾਨੀ ਸੁਣ ਸਕਿਆ। ਉਹਨਾਂ ਨੂੰ ਛੋਹ ਸਕਿਆ। ਉਹਨਾ ਨਾਲ ਸ਼ਰਾਬ ਪੀ ਸਕਿਆ। ਉਹਨਾ ਨੂੰ ਸਵਾਲ ਕਰ ਸਕਿਆ। ਉਨ੍ਹਾ ਨੂੰ ਆਪਣੀ ਇੱਕ ਨਜ਼ਮ ਸੁਣਾ ਸਕਿਆ। ਉਹ ਬਹੁਤ ਵੱਡੀ ਪ੍ਰਤਿਭਾ ਦੇ ਸ਼ਾਇਰ ਸਨ। ਫੈਜ਼ ਸਾਹਿਬ ਬਾਰੇ ਬੜਾ ਕੁਝ ਲਿਖਿਆ ਜਾ ਚੁੱਕਾ ਹੈ, ਜਿਸ ਵਿੱਚੋਂ ਬਹੁਤ ਸਾਰਾ ਦੁਹਰਾਓ, ਤਿਹਰਾਓ...ਹੈ ਪਰ ਜਦ ਵੀ ਕਿਤੇ ਫੈਜ਼ ਦਾ ਨਾਂਅ ਚਮਕਦਾ ਹੈ, ਉਹ ਸ਼ਬਦ/ਵਰਕਾ ਪੜ੍ਹਨ ਨੂੰ ਮਨ ਕਰਦਾ ਹੈ। ‘ਹਮ ਦੇਖੇਂਗੇ ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ‘ ਅਤੇ ‘ਮੁਝ ਸੇ ਪਹਿਲੀ ਸੀ ਮੁਹੱਬਤ ਮੇਰੀ ਮਹਿਬੂਬ ਨਾ ਮਾਂਗ‘ ਜਿਹੀਆਂ ਮਾਅਰਕੇ ਦੀਆਂ ਨਜ਼ਮਾਂ ਲਿਖਣ ਵਾਲੇ ਸ਼ਾਇਰ ਨੂੰ ਭਲਾ ਕੋਈ ਕਿਵੇਂ ਭੁੱਲ ਸਕਦਾ ਹੈ।

ਫੈਜ਼ ਬਾਰੇ ਜਾਨਣ ਅਤੇ ਸੁਣਨ ਦੀ ਭੁੱਖ ਮਰਦੀ ਨਹੀਂ। ਜਦੋਂ ਭਾਰਤ ਗੁਲਾਮ ਸੀ ਉਦੋਂ ਵੀ ਬੜੇ ਮਸਲੇ ਸਨ। ਮਸਲੇ ਤਾਂ ਹੁਣ ਵੀ ਬਥੇਰੇ ਨੇ। ਭਾਰਤ ਅਤੇ ਪਾਕਿਸਤਾਨ ਆਜ਼ਾਦ  ਤਾਂ ਹੋ ਗਏ ਨੇ, ਪਰ ਜਨ ਸਧਾਰਨ ਦੇ ਮਸਲੇ ਤਾਂ ਹੱਲ ਨਹੀਂ ਹੋਏ। ਫੈਜ਼ ਹੁਰਾਂ ਆਜ਼ਾਦੀ ਬਾਰੇ ਵੀ ਲਿਖਿਆ ਸੀ :

ਯੇ ਦਾਗ ਦਾਗ ਉਜਾਲਾ, ਯੇ ਸ਼ਬਗ਼ਜ਼ੀਦਾ ਦਾ ਸਹਰ
ਵੋ ਇੰਤਜ਼ਾਰ ਥਾ ਜਿਸ ਕਾ, ਯੇ ਵੋ ਸਹਰ ਤੋ ਨਹੀਂ।
(ਸੁਭਹੇ ਆਜ਼ਾਦੀ)
ਇਸ ਨਜ਼ਮ ਦੇ ਆਖੀਰ ਵਿੱਚ ਫੈਜ਼ ਵੰਡ ‘ਤੇ ਬਹੁਤ ਤੜਪਿਆ ਸੀ।
ਕਿਸੇ ਪੇ ਚਾਰਾਏ ਹਿਜਰਾਂ
ਕਾ ਕੁਛ ਅਸਰ ਹੀ ਨਹੀਂ।
ਅਜ਼ਾਦੀ ਤਾਂ ਮਿਲ ਗਈ ਪਰ ਬਹੁਤ ਸਾਰੇ ਮਸਲੇ ਉਵੇਂ ਦੇ ਉਵੇਂ ਹੀ ਹਨ।
ਕੋਈ ਵੀ ਫੈਜ਼ ਜਿਹਾ ਵੀ ਨਜ਼ਰ ਨਹੀਂ ਆਉਂਦਾ।

      
(ਮੈਂ ਕੈਨੇਡਾ ਵਸਦੇ ਪੰਜਾਬੀ  ਦਾਨਿਸ਼ਵਰ ਸ੍ਰੀ  ਜੋਗਿੰਦਰ ਸ਼ਮਸ਼ੇਰ ਦਾ  ਉਨ੍ਹਾਂ ਦੇ ਘਰ 1982 ਵਿੱਚ ਹੋਈ ਮਹਿਫਲ ਦੀ ਫੋਟੋ ਮੁਹੱਈਆ ਕਰਨ ਅਤੇ ਹੋਰ ਸਹੀ ਤਰੀਕਾਂ ਦੱਸਣ ਲਈ ਸ਼ੁਕਰਗੁਜ਼ਾਰ ਹਾਂ)।

****

No comments: