ਸੰਵੇਦਨਾਂ ਦੀ ਸਿਖਰ.......... ਲੇਖ / ਗੁਰਜਿੰਦਰ ਮਾਹੀ


ਸੂਝ-ਬੂਝ…।, ਬਹੁਤਿਆਂ ਦਾ ਇਸ ਬਾਰੇ ਖਿਆਲ ਹੈ ਕਿ ਇਹ ਉਂਮਰ ਦੇ ਹਿਸਾਬ ਨਾਲ ਹੀ ਆਉਂਦੀ ਹੈ।ਪਰ ਮੈਂ ਇਸ ਵਿਚਾਰ ਨਾਲ ਸਹਿਮਤ ਨਹੀ ਹਾਂ। ਮੈਂ ਪੜ੍ਹਿਆ-ਸੁਣਿਆ ਹੈ ਕਿ ਜਿਨ੍ਹਾ ਕਿਸੇ ਇਨਕਲਾਬ ਦੀਆਂ ਨੀਹਾਂ ਰੱਖਣੀਆਂ ਹੁੰਦੀਆਂ ਹਨ, ਉਹ ਛੋਟੀ ਉਂਮਰੇ ਹੀ ਬੰਦੂਕਾ ਬੀਜ਼ਦੇ ਨੇ,ਪੰਜਾਬੀ ਦੀ ਇੱਕ ਕਹਾਵਤ ਵੀ ਹੈ ਕਿ ‘ਜੰਮਦੀਆਂ ਸੂਲਾਂ ਦੇ ਹੀ ਮੁੰਹ ਤਿੱਖੇ ਹੁੰਦੇ ਹਨ।” ਮੈਂ ਤੁਹਾਨੂੰ ਆਪਣੀ ਗੱਲ ਨਾਲ ਸਹਿਮਤ ਕਰਨ ਲਈ ਅਜੇਹੀ ਹੀ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਰੱਖਾਂਗਾ।


ਉਹ ਹੈ ਪੰਜਾਬੀ ਗਜ਼ਲ ਦੇ ਵਿਹੜੇ ਆਪਣੇ ‘ਸਾਵੇ ਅਕਸ’ ਨਾਲ ਆਪਣਾ ਪਹਿਲਾ ਕਦਮ ਧਰਨ ਵਾਲਾ ਸਮਰੱਥ ਸ਼ਾਇਰ ਰਾਜਿੰਦਰਜੀਤ। ਰਾਜਿੰਦਰਜੀਤ ਦੀ ਪਲੇਠੀ ਕਿਤਾਬ ਨੂੰ ਪੜ੍ਹਦਿਆਂ ਕਈ ਘਾਗ ਪਾਠਕ ਕਿਤਾਬ ਦੇ ਆਖਰ ‘ਚ ਛਪੀ ਤਸਵੀਰ ਵੇਖ ਕੇ ਇਹ ਮੰਨਣ ਨੂੰ ਹੀ ਤਿਆਰ ਨਹੀ ਕਿ ਇਸ ਮੁੰਡੇ ਨੇ ਇਹ ਗ਼ਜ਼ਲਾਂ ਲਿੱਖੀਆਂ ਹੋਣਗੀਆਂ,ਉਹ ਬਹਿਸਦੇ ਹਨ ਕਿ ਸ਼ਾਇਦ ਲੇਖਕ ਦੀ ਬਜਾਏ ਗਲਤੀ ਨਾਲ ਕਿਸੇ ਹੋਰ ਦੀ ਫੋਟੋ ਛਪ ਗਈ ਹੋਵੇਗੀ। ਉਹ ਵੀ ਸ਼ਾਇਦ ਆਪਣੀ ਜਗ੍ਹਾ ਠੀਕ ਹੀ ਬਹਿਸਦੇ ਹੋਣਗੇ ਕਿਉਂਕਿ ਜਿਸ ਮਿਆਰ ਦੀ ਰਾਜਿੰਦਰਜੀਤ ਦੀ ਸ਼ਾਇਰੀ ਹੈ,ਉਹ ਮਿਆਰ ਹਾਸਲ ਕਰਨ ਲਈ ਉਂਮਰਾਂ ਲਗ ਜਾਂਦੀਆਂ ਨੇ। ਦੁਆਬੇ ਦੇ ਇੱਕ ਲੇਖਕ ਨੂੰ ਮੈਂ ਉਸਦੀ ਕਿਤਾਬ ਭੇਜੀ,ਪੜ੍ਹਨ ਪਿਛੋਂ ਉਸਦਾ ਮੈਨੂੰ ਫੋਨ ਆਇਆ,ਕੁਝ ਰਸਮੀ ਗੱਲਾਂ ਪਿਛੋਂ ਉਸਨੇ ਪੁਛਿਆ-“ਰਾਜਿੰਦਰਜੀਤ ਦੀ ਉਮਰ ਕਿੰਨੀ ਕੁ ਐ ਭਲਾਂ?” ਉਸਦੇ ਸੁਆਲ ਤੋਂ ਹੈਰਾਨ ਹੁੰਦਿਆਂ ਮੈ ਦੱਸਿਆ ਕਿ ਪੈਂਤੀ ਕੁ ਸਾਲ ਹੋਵੇਗੀ। “ਪਰਿਵਾਰ ‘ਚ ਕੋਈ ਪਹਿਲਾਂ ਵੀ ਕੋਈ ਲਿਖਦੈ? ਮੇਰਾ ਨਾਹ ‘ਚ ਜਵਾਬ ਸੁਣ ਕੇ ਉਸਨੂੰ ਤਸੱਲੀ ਨਾ ਹੋਈ। ਉਸ ਨੇ ਸਪੱਸ਼ਟ ਰੂਪ ਹੀ ਆਪਣੇ ਮਨ ਦੀ ਸੰਕਾਂ ਜਾਹਿਰ ਕੀਤੀ “ਕਿਤੇ ਇਸ ਤਰਾਂ ਨਹੀ ਪਰਿਵਾਰ ਪਹਿਲਾਂ ਕੋਈ ਹੋਰ ਜਿਵੇ ਇਹਦੇ ਪਿਤਾ ਜੀ ਲਿਖਦੇ ਹੋਣ,ਇਹਨੇ ਆਪਣੇ ਨਾਂ ‘ਤੇ ਛਪਵਾ ਲਈਆਂ ਹੋਣ,ਕਿਉਂਕੀ ਏਸ ਉਮਰ ‘ਚ ਏਨੀ ਪ੍ਰੌੜਤਾ ਆਉਣੀ ਮੁਸ਼ਕਲ ਹੈ।” ਮੈਂ ਦੱਸਿਆ ਅਜੇਹੀ ਕੋਈ ਗੱਲ ਨਹੀ,ਬਹੁਤ ਸਾਰੇ ਨਾਮਵਰ ਸਾਹਿਤਕਾਰ ਰਾਜਿੰਦਰਜੀਤ ਦੀ ਪ੍ਰਪੱਕਤਾ ਅਤੇ ਸਾਹਿਤਕ ਸਮਰੱਥਾ ਬਾਰੇ ਜਾਣਦੇ ਹਨ। ਤਾਂ ਵੀ ਬੜੀ ਮੁਸ਼ਕਲ ਨਾਲ ਹੀ ਉਸ ਨੂੰ ਯਕੀਨ ਆਇਆ।

ਵਿਚਾਰ ਅਤੇ ਤਕਨੀਕ ਦੇ ਬੇਜੋੜ ਸੁਮੇਲ ਨਾਲ ਕੀਤੀ ਰਾਜਿੰਦਰਜੀਤ ਦੀ ਪੁਖ਼ਤਾ ਸ਼ਾਇਰੀ ਵਿੱਚ ਦੁੱਖ-ਸੁੱਖ,ਵਿਧਰੋਹ-ਹਲੀਮੀਂ,ਸਿ਼ੱਦਤ,ਲਗਨ ਤੇ ਸੰਘਰਸ਼ ਦੇ ਭਾਵ ਜਿ਼ੰਦਗ਼ੀ ਬਣ ਕੇ ਧੜਕਦੇ ਹਨ। ਕਮਾਲ ਦੇ ਬਿੰਬ ਚਿਤਰਦਾ ਉਹ ਪਾਠਕ ਨੂੰ ਦਿੱਸਹੱਦੇ ਤੋਂ ਪਾਰ ਲੈ ਜਾਂਦਾ ਹੈ।ਉਸ ਬਾਰੇ ਆਪਣੇ ਵੱਲੋਂ ਜਿ਼ਆਦਾ ਲਿਖਣ ਦੀ ਬਜਾਏ ਮੈਂ ਪੰਜਾਬੀ ਗਜ਼ਲ ਦੇ ਬੋਹੜ ਸੁਰਜੀਤ ‘ਪਾਤਰ’ ਦੇ ਚੰਦ ਕੁ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾਂ,ਇਹ ਸ਼ਬਦ ਉਨ੍ਹਾਂ ਨਿਰਮਲ ਜੌੜਾ ਹੁਰਾਂ ਵੱਲੋਂ ਰੱਖੇ ਰਾਜਿੰਦਰਜੀਤ ਦੇ ਰੂ-ਬ-ਰੂ ਦੌਰਾਨ ਕਹੇ ਸਨ –“… ਰਾਜਿੰਦਰਜੀਤ ਸੂਖਮ ਸ਼ੇਡਜ ਦਾ ਸ਼ਾਇਰ ਹੈ, …ਅਸੀਂ ਸ਼ਇਰੀ ਕਰਦੇ ਹਾਂ,ਉਸ ਦੇ ਵੱਖ-ਵੱਖ ਰੰਗ ਹੁੰਦੇ ਹਨ। ਮਸਲਨ…ਅਸੀ਼ ਸ਼ਾਇਰੀ ਕਰਦੇ ਹਾਂ, …ਜਿਵੇਂ ਕੋਈ ਤਸਵੀਰ ਬਣਾਈਦੀ ਹੈ,…ਵੀ ਲਾਲ ਰੰਗ ਲੈ ਲਿਆ,ਸਫੈਦ ਰੰਗ ਲੈ ਲਿਆ,ਨੀਲਾ,ਕਾਲਾ ਰੰਗ ਲੈ ਲਿਆ,ਉਨ੍ਹਾਂ ਨਾਲ ਕੋਈ ਤਸਵੀਰ ਬਣਾ ਲਈ…। ਪਰ ਰਾਜਿੰਦਰਜੀਤ ਜੋ ਸ਼ਾਇਰੀ ਕਰਦਾ ਹੈ। ਉਹ ਇਸ ਤੋਂ ਅਗਾਂਹ ਦੀ ਗੱਲ ਹੈ, ਜਾਨੀ ਉਸਨੇ ਲਾਲ ‘ਚ ਸਫੈਦ ਮਿਲਾ ਕੇ ਗੁਲਾਬੀ ਬਣਾ ਲਿਆਂ ਜਾਂ ਸਫੈਦ ‘ਚ ਨੀਲਾ ਮਿਲਾ ਕੇ ਅਸਮਾਨੀ ਬਣਾ ਲਿਆ,ਜਾਂ ਇਸ ਤਰਾਂ ਦੇ ਹੋਰ ਨਵੇਂ ਸ਼ੇਡਜ ਸਿਰਜ਼ ਲਏ।ਕਹਿਣ ਦਾ ਭਾਵ ਹੈ ਕਿ ਬੇਹੱਦ ਸੂਖਮ ਭਾਵਾਂ ਦੀ ਸ਼ਾਇਰੀ ਕਰਦਾ ਹੈ ਸਾਡਾ ਰਾਜਿੰਦਰਜੀਤ।ਉਸ ਵਿੱਚ ਅਣਕਹੇ ਨੂੰ ਕਹਿਣ ਦੀ ਸਮਰੱਥਾ ਹੈ।ਨੌਜਵਾਨਾਂ ਦੀ ਟੀਮ ਜਿਨ੍ਹਾ ਪੰਜਾਬੀ ਗਜ਼ਲ ਦਾ ਭਵਿੱਖ ਹੋਰ ਸਵਾਰਨਾਂ ਹੈ,ਉਨ੍ਹਾਂ ਵਿਚ ਰਾਜਿੰਦਰਜੀਤ ਦਾ ਨਾਂ ਵਿਸ਼ੇਸ ਤੌਰ ‘ਤੇ ਲਿਆ ਜਾ ਸਕਦਾ ਹੈ…ਮੈਨੂੰ ਉਸ ਤੋਂ ਬਹੁਤ ਆਸਾਂ ਹਨ।”
ਉਪਰੋਤਕ ਸ਼ਬਦਾਂ ਵਿਚੋਂ ਸੁਰਜੀਤ ਪਾਤਰ ਹੁਰਾਂ ਦੇ ਵੱਡਪਨ ਦਾ ਝਲਕਾਰਾ ਤਾਂ ਪੈਂਦਾ ਹੀ ਹੈ,ਮੈਂ ਸਮਝਦਾਂ ਹਾਂ ਕਿ ਸਾਵੇ ਅਕਸ ਦੀ ਹਾਜ਼ਰੀ ਨਾਲ ਰਾਜਿੰਦਰਜੀਤ ਉਨ੍ਹਾਂ ਦੇ ਸ਼ਬਦਾਂ ਦੇ ਹਾਣ ਦਾ ਹੋ ਨਿਬੜਿਆ ਹੈ।ਭਾਸ਼ਾ,ਸਿ਼ਲਪ ਅਤੇ ਸਿੱ਼ਦਤ ਤਿੰਨਾਂ ‘ਤੇ ਉਸਦੀ ਵਿਸ਼ੇਸ ਪਕੜ ਹੈ।ਉਹ ਕਿਸੇ ਗਜ਼ਲ ਸਕੂਲ ਦਾ ਘੜਿਆ ਸ਼ਾਇਰ ਨਹੀ ਸਗੋਂ ਵਕਤ ਜਿਹੇ ਨਿਪੁੰਨ ਜੌ਼ਹਰੀ ਦਾ ਤਰਾਸਿ਼ਆ ਹੀਰਾ ਹੈ।ਇਸੇ ਲਈ ਉਸ ਦੀ ਵਿਲੱਖਣ ਚਮਕ ਅਤੈ ਉਸਦੀ ਸਤਾਅ ਦੇ ਹਜ਼ਾਰਾਂ ਪਹਿਲੂ ਹਨ। ਇਹ ਪਹਿਲੂ ਤੁਹਾਡੇ ਨਾਲ ਸਾਂਝੇ ਕਰਨ ਲਈ ਮੈਂ ਚਾਹੁੰਦਾ ਸਾਂ ਕਿ ਉਸ ਦੇ ਵਧੀਆ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਾਂ। ਸ਼ੇਅਰ ਚੁਣਨ ਲਈ ਕਿਤਾਬ ‘ਤੇ ਨਿਸ਼ਾਨੀਆਂ ਲਾਈਆਂ ਤਾਂ ਸਾਰੀ ਕਿਤਾਬ ਹੀ ਨਿਸ਼ਾਨੀਆਂ ਨਾਲ ਭਰ ਗਈ। ਮੇਰੀ ਇਹ ਬੇਵੱਸੀ ਹੈ ਕਿ ਇਸ ਲੇਖ ‘ਚ ਸਾਰੀ ਕਿਤਾਬ ਨੂੰ ਦੋਬਾਰਾ ਨਹੀ ਛਾਪ ਸਕਦਾ।ਫਿਰ ਵੀ ਆਪਣੀ ਪਸੰਦ ਦੀਆਂ ਕੁਝ ਗਜ਼ਲਾਂ ਤੁਹਾਡੀ ਨਜ਼ਰ ਜ਼ਰੂਰ ਕਰਾਂਗਾ-
1 ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ ਪੰਨਾ 18

2 ਲਿਆ ਜ਼ਰਾ ਕਾਗਜ਼ ਹੁਣੇ ਅਪਣੀ ਵਸੀਅਤ ਲਿਖ ਦਿਆਂ
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ ਪੰਨਾ 39

3 ਕਿਵੇਂ ਕਲੀਆਂ ਨੂੰ ਪਾਉਂਦਾ ਵਾਸਤਾ ਮੈਂ ਮੁੰਹ ਵਿਖਾਲਣ ਦਾ
ਮਿਰੇ ਸਿਰ ਦੋਸ਼ ਆਇਆ ਹੈ ਸੁਗੰਧਾਂ ਨੂੰ ਉਧਾਲਣ ਦਾ ਪੰਨਾ 64

4 ਬਿਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ
ਘਰੋਂ ਤੁਰੀਂਆਂ ਨੇ ਪੈੜਾਂ ਆਪਣਾ ਚਿਹਰਾ ਲਕੋ ਕੇ ਪੰਨਾ 65

5 ਮੇਰਾ ਮਨ ਹੁਣ ਬੇ ਆਬਾਦ ਸਰਾਂ ਲਗਦਾ ਹੈ
ਇਸ ਕਾਰੇ ਵਿੱਚ ਤੇਰਾ ਹੀ ਤਾਂ ਨਾਂ ਲਗਦਾ ਹੈ ਪੰਨਾ 67

6 ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਰਹੇ
ਨਜ਼ਰਾਂ ਦੇ ਵਿੱਚ ਬਾਗ਼-ਬਗੀਚੇ,ਖਾਬਾਂ ਵਿੱਚ ਸ਼ਮਸ਼ਾਨ ਰਹੇ ਪੰਨਾ 78
ਮੇਰੀ ਪਸੰਦ ਦੀਆਂ ਉਪਰੋਤਕ ਖੂਬਸੂਰਤ ਮਤਲੇ ਵਾਲੀਆਂ ਇਨ੍ਹਾਂ ਗਜ਼ਲਾਂ ਦੇ ਸਾਰੇ ਸ਼ੇਅਰ ਹੀ ਵਿਚਾਰ ਅਤੈ ਮਿਆਰ ਪੱਖੋਂ ਇੱਕ ਦੂਜੇ ਤੋਂ ਵੱਧਕੇ ਹਨ। ਇਹਨਾਂ ਤੋਂ ਇਲਾਵਾ ਕਿਤਾਬ 'ਚ ਬਾਕੀ ਗਜ਼ਲਾਂ ਵਿਚ ਇੱਕ ਵੀ ਸ਼ੇਅਰ ਐਸਾ ਨਹੀ ਮਿਲੇਗਾ ਜਿਸਨੂੰ ਅਸੀਂ ਭਰਤੀ ਜਾਂ ਮਾਮੂਆਨਾ ਕਹਿ ਸਕਦੇ ਹੋਈਏ, ਸਗੋਂ ਹੋਰ ਬੁਲੰਦੀ ਵੱਲ ਲੈ ਜਾਂਦੇ ਉਸਦੇ ਕਾਬਿਲੇ-ਏ-ਗੌਰ ਸ਼ੇਅਰ ਤੁਹਾਡੀ ਨਜ਼ਰ ਕਰਾਂਗਾਂ-
ਉਲੀਕੇ ਖੰਬ ਕਾਗ਼ਜ਼ ‘ਤੇ, ਦੁਆਲੇ ਹਾਸ਼ੀਆ ਲਾਵੇ
ਕਿਵੇਂ ਵਾਪਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ? ਪੰਨਾ 19

ਮੈਂ ਅਪਣੇ-ਆਪ ਵਿੱਚ ਇੱਕ ਬੀਜ ਹੀ ਸਾਂ
ਉਹਨਾਂ ਨੇ ਮੇਰੇ ਅੰਦਰ ਬਿਰਖ ਤੱਕਿਆ
ਮੈਂ ਉੱਠਾਂ ਕੁਝ ਕਰਾਂ ਉਗਮਣ ਦਾ ਚਾਰਾ
ਉਹ ਸਾਰੇ ਮੇਰੇ ਵੱਲ ਹੀ ਵੇਖਦੇ ਨੇ ਪੰਨਾ 17

ਉਹਲਿਆਂ ਤੋਂ ਬਿਨ ਹੀ ਧੁੱਪੇ ਖੜ੍ਹ ਸਕੇ
ਛਾਂ ਨਿਮਾਣੀ ਦੀ ਵੀ ਕੀ ਔਕ਼ਾਤ ਸੀ ਪੰਨਾ 26

ਕਿੰਨੇ ਹਤਾਸ਼ ਹੋਣਗੇ ਉਹ ਮੇਰੇ ਹਾਲ ‘ਤੇ
ਆਪੇ ਮੈਂ ਫੇਰ ਹੱਸਿਆ ਅਪਣੇ ਖਿਆਲ ‘ਤੇ ਪੰਨਾ 36

ਮੈਂ ਤੇਰੇ ਕਦਮਾਂ ‘ਚ ਓਨੇ ਹੀ ਫੁੱਲ ਰੱਖ ਚੱਲਿਆਂ
ਸਿਰ੍ਹਾਣੇ ਤੂੰ ਮਿਰੇ ਜਿੰਨੇ ਸੀ ਧਰ ਗਿਆ ਪੱਥਰ ਪੰਨਾ 60

ਸਮੇ ਦੀ ਹਿੱਕ ਹੀ ਵਿੰਨ ਕੇ ਧਰੀ ਸ਼ੋਕੇਸ ਅੰਦਰ
ਉਨ੍ਹਾਂ ਰੱਖੀ ਹੈ ਤਿੱਖੀ ਸੂਲ਼ ਵਿੱਚ ਤਿਤਲੀ ਪਰੋ ਕੇ ਪੰਨਾ 65
ਰਾਜਿੰਦਰਜੀਤ ਦੀ ਇਸ ਤਰਾਂ ਦੀ ਦਿਲ ਨੂੰ ਧੁਹ ਪਾਉਣ ਵਾਲੀ ਭਾਵਪੂਰਤ ਸ਼ਾਇਰੀ ਬਾਰੇ ਪੰਜਾਬੀ ਗਜ਼ਲ ਦੀ ਇੱਕ ਹੋਰ ਸਥਾਪਿਤ ਹਸਤੀ ਜਸਵਿੰਦਰ ਹੁਰਾਂ ਲਿਖਿਆ- “ਰਾਜਿੰਦਰਜੀਤ ਦੀਆਂ ਗ਼ਜ਼ਲਾਂ ਪੜ੍ਹਕੇ ਪਾਠਕ ਦੀ ਧੜਕਣ ਸਹਿਜ ਨਹੀ ਰਹਿੰਦੀ,ਦਿਲ ਦੀ ਜ਼ਮੀਨ ਵਿਚ ਵਿਸਫੋਟ ਹੋਣ ਲਗਦੇ ਨੇ,ਪੈਰਾਂ ਹੇਠਲੇ ਬਣੇ ਬਣਾਏ ਰਾਹਾਂ ਨੂੰ ਕੰਬਣੀ 
ਛਿੜ ਜਾਂਦੀ ਹੈ।ਪਲਾਂ ਛਿਣਾਂ ਦੀ ਸੁੰਨ ਮਗਰੋਂ ਪਾਠਕ ਇਸ ਮਹਾਂ-ਦ੍ਰਿਸ਼ ਵਿਚ ਆਪਣੀ ਸਪੇਸ ਤਲਾਸ਼ਣ ਲਗਦਾ ਹੈ।…… …… ਰਾਜਿੰਦਰਜੀਤ ਦੀ ਸ਼ਾਇਰੀ,ਪੰਜਾਬੀ ਗ਼ਜ਼ਲ ਸਿਰੋਂ ਕਈ ਉਲਾਂਭੇ ਲਾਹੁੰਦੀ ਹੈ।ਮਸਲਨ ਕਿਹਾ ਜਾਂਦਾ ਹੈ ਕਿ ਗ਼ਜ਼ਲ ਦੇ ਬੰਧੇਜ ਦੀ ਕੰਡਿਆਲੀ ਵਾੜ ਵਿਚ ਖਿ਼ਆਲਾਂ ਦੇ ਮਿਰਗ ਖੁੱਲੀਆਂ ਚੁੰਗੀਆਂ ਨਹੀ ਭਰ ਸਕਦੇ। ………।
ਪਰ ਰਾਜਿੰਦਰਜੀਤ ਦੇ ਸ਼ੇਅਰਾਂ ਵਿਚ ਸ਼ਬਦ ਏਨੀ ਰੂਹਦਾਰੀ ਅਤੇ ਸਹਿਜ ਨਾਲ ਦਾਖਲ ਹੁੰਦੇ ਨੇ ਕਿ ਖਿ਼ਆਲਾਂ ਦਾ ਅਸਮਾਨ ਜਗਮਗਾ ਉਠਦਾ ਹੈ।ਉਹ ਆਮ ਵਰਤੀ ਜਾਂਦੀ ਭਾਸ਼ਾ ਵਿਚ ਆਪਣੀ ਕਲਾਤਮਿਕ ਛੋਹ ਨਾਲ ਅਜਿਹਾ ਜਾਦੂ ਭਰ ਦਿੰਦਾ ਹੈ ਕਿ ਫਿਜ਼ਾ ਵਿਚ ਹਰਫ਼ਾਂ ਦੀ ਗੂੰਜ ਫੈਲ ਜਾਂਦੀ ਹੈ।”
ਮੈਂ ਜਸਵਿੰਦਰ ਦੀ ਗੱਲ ਨਾਲ ਪੂਰੀ ਤਰਾਂ ਸਹਿਮਤ ਹਾਂ,ਜੇ ਪੰਜਾਬੀ ਗ਼ਜ਼ਲ ਦੇ ਅਤੀਤ ਵੱਲ ਦੇਖੀਏ ਤਾਂ ਇਸ ਮੁੱਢਲੇ ਸ਼ਾਇਰ ਉਰਦੂ ਜਾਂ ਫਾਰਸੀ ਸ਼ਾਇਰੀ ਤੋਂ ਪ੍ਰੇਰਿਤ ਸਨ। ਚੰਦ ਕੁ ਕਾਫੀਏ ਤੇ ਉਹੀ ਉਧਾਰੀ ਜ਼ਮੀਨ ‘ਤੇ ਲਿਖੀਆਂ ਗ਼ਜ਼ਲਾਂ ਪੰਜਾਬੀ ਸਭਿਆਚਾਰ ਅਤੇ ਆਮ ਭਾਸ਼ਾ ਤੋਂ ਬਹੁਤ ਦੂਰ ਸਨ। ਫਿਰ ਇੱਕ ਦੌਰ ਸੁਰੂ ਹੋਇਆ ਪ੍ਰੋ:ਮੋਹਨ ਸਿੰਘ ,ਪ੍ਰਿੰਸੀਪਲ ਤਖਤ ਸਿੰਘ ਤੋਂ ਹੰਦਾਂ ਹੋਇਆ ਜਗਤਾਰ, ਸੁਰਜੀਤ ਪਾਤਰ ਹੁਰਾਂ ਤੱਕ,ਉਹਨਾ ਦੀ ਆਮ ਵਰਤੀ ਜਾਂਦੀ ਭਾਸ਼ਾ ‘ਚ ਕਹੀ ਗ਼ਜ਼ਲ ਬੇਹੱਦ ਪ੍ਰਚੱਲਤ ਹੋਈ,ਉਸ ਤੋਂ ਬਾਅਦ ਦੇ ਸ਼ਾਇਰਾਂ ਜਿਨ੍ਹਾ ‘ਚ ਬਰਜਿੰਦਰ ਚੌਹਾਨ, ਜਸਵਿੰਦਰ, ਗੁਰਤੇਜ, ਸੁਰਜੀਤ ਜੱਜ ਹੁਰਾਂ ਦਾ ਨਾਂ ਲਿਆ ਜਾ ਸਕਦਾ ਹੈ,ਵੀ ਇਸ ਸਹਿਜਤਾ ਨੂੰ ਬਰਕਰਾਰ ਰੱਖਿਆ ਹੈ। ਲੰਡਨ ਦੀ ਰੁਝੇਵਿਆਂ ਭਰੀ ਜਿੰ਼ਦਗ਼ੀ ਜਿਉਂਦਿਆਂ ਵੀ ਰਾਜਿੰਦਰਜੀਤ ਦੀ ਇਹੀ ਸਹਿਜਤਾ ਅਤੇ ਰੂਹਦਾਰੀ ਉਸ ਦੀਆਂ ਗ਼ਜ਼ਲਾਂ ਦੀ ਖ਼ਾਸੀਅਤ ਹੈ।ਇਸੇ ਕਰਕੇ ਉਸਦੇ ਪ੍ਰਗੱਟਾ ਸਬਰ ਵਿਆਪੱਕ ਹੋ ਜਾਂਦੇ ਨੇ-
ਤੁਰ ਜਾਂਵਾ ਮੈਂ ਵੀ ਕੰਮ ਨੂੰ,ਗੁੰਮ ਜਾਵਾਂ ਭੀੜ ਵਿੱਚ
ਪੋਣੇ ‘ਚ ਬੰਨ੍ਹ ਕੇ ਰੋਟੀਆਂ,ਗੁੜ ਦੀ ਡਲ਼ੀ ਦੇ ਨਾਲ ਪੰਨਾ 76
ਉਸਦੇ ਸਾਦਗੀ ਨਾਲ ਸ਼ੇਅਰ ਕਹਿਣ ਦੇ ਹੁਨਰ ਦਾ ਜਾਦੂ ਪਾਠਕਾਂ ਦੇ ਸਿਰ ਚੜ੍ਹ ਬੋਲਦੈ ਹੈ- 
ਉਂਜ ਤਾਂ ਮੈਂ ਤੇਰੀਆਂ ਖੁਸੀਆਂ ਦਾ ਹੀ ਪੁਛਣਾ ਸੀ ਹਾਲ
ਜੇ ਕਹੇਂ ਤਾਂ ਆਪਣੇ ਜ਼ਖ਼ਮਾਂ ਦੀ ਹਾਲਤ ਲਿਖ ਦਿਆਂ ਪੰਨਾ 39
ਉਸਦੀ ਸ਼ਾਇਰੀ ‘ਚ ਕੁਦਰਤ ਦੇ ਰੰਗ ਵੀ ਸਹਿਜ-ਸੁਭਾਅ ਹੀ ਪ੍ਰਤੱਖ ਹੁੰਦੇ ਨੇ-
ਇਬਾਰਤ ਪੜ੍ਹ ਰਿਹਾਂ ਮੈਂ ਰੌਸਨੀ ਦੀ
ਮੇਰੇ ਸਾਹਵੇਂ ਸਫ਼ਾ ਪੂਰਬ ਦਾ ਖੁੱਲ੍ਹਿਆ ਪੰਨਾ 70

ਉੱਗਦੇ ਚਾਨਣ ਦੀ ਚੁੰਨੀ ਪਹਿਨ ਕੇ 
ਰਾਤ ਰਾਣੀ ਫਿਰ ਸੁਹਾਗਣ ਹੋ ਗਈ ਪੰਨਾ 71

ਤਿੰਨ ਕੁ ਸਾਲ ਪਹਿਲਾਂ ਇੰਗਲੈਂਡ ਜਾਣ ਤੋਂ ਪਹਿਲਾਂ ਰਾਜਿੰਦਰਜੀਤ ਦਰਜਨ ਦੇ ਕਰੀਬ ਜੱਥੇਬੰਦੀਆਂ ਜਿੰਨਾ ‘ਚ ਤਰਕਸ਼ੀਲ ਸੁਸਾਇਟੀ,ਬਰਗਾੜ੍ਹੀ,ਸਾਹਿਤ ਸਭਾ ਕੋਟਕਪੂਰਾ ਅਤੇ ਸਿਹਤ ਵਿਭਾਗ ਦੀਆਂ ਜੱਥੇਬੰਦੀਆਂ ਦੇ ਸਰਗਰਮ ਆਗੂ ਦੇ ਤੌਰ ‘ਤੇ ਵਿਚਰਦਾ ਰਿਹਾ ਹੈ।ਇਸ ਲਈ ਪ੍ਰਦੇਸ ਵੱਸਦਿਆਂ ਹੋਇਆਂ ਵੀ ਇਥੋਂ ਦੇ ਸਮਾਜਿਕ- ਰਾਜਨੀਤਕ ਹਲਾਤਾਂ ਬਾਰੇ ਜਾਗਰੁਕ ਤੇ ਫਿਕਰਮੰਦ ਰਹਿੰਦਾਂ ਹੈ।ਅਖੌਤੀ ਜਿਹੇ ਇਨਕਲਾਬੀਆਂ ਦੀ ਪਹੁੰਚ ਤੇ ਕਹਿਣੀ- ਕਰਨੀ ਬਾਰੇ ਉਹ ਲਿਖਦੈ-
ਹਨੇਰੀ ਰਾਤ ਵਿੱਚ ਰਾਹ ਲੱਭਦਿਆਂ ਉਹ ਹੋ ਗਿਆ ਜ਼ਖਮੀ
ਉਹਨੂੰ ਸੱ਼ਕ ਸੀ ਕਿ ਇੱਕ ਸੂਰਜ ਉਦ੍ਹੇ ਮੱਥੇ ‘ਚ ਬਲਦਾ ਹੈ ਪੰਨਾ 40

ਉਹ ਤੁਰੇ ਸੀ ਜੋ ਕਾਲਖ ਨੂੰ ਵਰਜਣ ਲਈ
ਉਹਦੇ ਹੱਥਾਂ ‘ਚੋਂ ਕਿਰਨਾਂ ਛਡਾਵਣ ਲਈ
ਪਰਤ ਆਏ ਹਨੇਰੇ ਦੀ ਦੇਹਲੀ ਤੋਂ ਹੀ
ਅਪਣੇ ਹੱਥਾਂ ‘ਚੋਂ ਚੁੱਕੇ ਚਿਰਾਗ਼ਾਂ ਸਣੇ ਪੰਨਾ 69
ਵੋਟਾਂ ਦੀ ਰਾਜਨੀਤੀ ‘ਚ ਮਨੁੱਖਤਾ ਦਾ ਘਾਣ ਕਰਕੇ ਖੁਦ ਹੀ ਰਖਵਾਲੇ ਬਣਨ ਦਾ ਢੋਂਗ ਕਰਨ ਵਾਲੇ ਰਾਜਨੀਤਕਾ ਤੋਂ ਪਰੈਸ਼ਾਨ ਹੋ ਉਹ ਲਿਖਦੈ-
ਭੇਜੇ ਸਨ ਬਾਗਾਂ ਨੂੰ ,ਜੋ ਮਹਿਕਾਂ ਲੈਣ ਲਈ
ਕੁਝ ਨਾਅਰੇ ਲੈ ਆਏ,ਤੇ ਕੁਝ ਹਥਿਆਰ ਨਵੇਂ 

ਹੁਣ ਅਗਨੀ ਬੈਠੇਗੀ, ਫੁੱਲਾਂ ਦੀ ਰਾਖੀ ਨੂੰ
ਏਦਾਂ ਕੁਝ ਲਗਦੇ ਨੇ ਬਣਦੇ ਆਸਾਰ ਨਵੇਂ ਪੰਨਾ 49
ਅਜੇਹੇ ਵਿਸ਼ਲੇਸ਼ਨ ਕਰਦਿਆਂ ਕਈ ਵਾਰ ਉਸਦੀ ਕਲਮ ਪਲ ਕੁ ਭਰ ਲਈ ਨਿਰਾਸ਼ਾ ਦੇ ਆਲਮ ‘ਚ ਵੀ ਡੁੱਬ ਜਾਂਦੀ ਹੈ-
ਨ੍ਹੇਰ ਦੇ ਸੁੰਨੇ ਪਲਾਂ ਵਿੱਚ ਭਟਕਦੇ ‘ਕੱਲੇ ਅਸੀਂ
ਭਾਲ਼ਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ ਪੰਨਾ 47


ਮੈਂ ਜਦੋਂ ਵੀ ਉਸ ਨੂੰ ਮਿਲਦਾਂ ਹਾਂ,ਹਰ ਸੰਵੇਦਨਸ਼ੀਲ ਮਨੁੱਖ ਵਾਗ ਉਹ ਮੈਨੂੰ ਕਿਸੇ ਨਾ ਕਿਸੇ ਮੁਸੀਬਤ ‘ਚ ਫਸਿਆ ਹੀ ਮਿਲਦੈ,ਪਰ ਮੈਂ ਕਦੇ ਉਸ ਦੇ ਮੱਥੇ ਤਿਉੜੀ ਨਹੀ ਦੇਖੀ ਸਗੋਂ ਉਹ ਸਦਾ ਮੁਸਕਰਾ ਕੇ ਜੂਝਦਾ ਹੀ ਮਿਲਿਆ, ਆਪਣੇ ਸੁਭਾਆ ਮੁਤਾਬਕ ਹੀ ਰਾਜਿੰਦਰਜੀਤ ਇਸ ਨਿਰਾਸ਼ਾ ‘ਚ ਸਦਾਚਿਰ ਡੁੱਬ ਕੇ ਨਹੀ ਬੈਠਦਾ ਸਗੋਂ ਅਗਲੇ ਹੀ ਪਲ ਉਹ ਆਸ ਪੱਲ੍ਹਾ ਫੜਦੈ-
ਹੁਣੇ ਹੀ ਚਹਿਕੀਆਂ ਚਿੜੀਆਂ ਤੇ ਪੌਣ ਰੁਮਕੀ ਹੈ
ਤੂੰ ਅਪਣੀ ਸ਼ਾਖ ਨੂੰ ਕਹਿ ਦੇ ਅਜੇ ਨਾ ਕਮਲਾਵੇ ਪੰਨਾ 59

ਹਰ ਲੇਖ਼ਕ ਕਿਸੇ ਆਪਣੇ ਦੇ ਹੇਰਵੇ ‘ਚ ਲਿਖਣਾ ਸੁਰੂ ਕਰਦਾ ਹੈ,ਫਿਰ ਇਹੀ ਨਿੱਜ ਦਾ ਦੁਖਾਂਤ ਹੀ ਪ੍ਰਪੱਕ ਹੋ ਕੇ ਮਾਨਵਤਾ ਦੇ ਦੁੱਖ ਸਮਝਣ-ਲਿਖਣ ਜੋਗਾ ਹੰਦਾ ਹੈ।ਇਸ ਲਈ ਮੈਂ ਸਮਝਦਾ ਹਾਂ ਕਿ ਇਸ ਹੇਰਵੇ ‘ਚ ਉਪਜੀਆਂ ਲਿਖਤਾਂ ਹੀ ਕਿਸੇ ਲੇਖਕ ਦੀ ਉਰੱਜ਼ਨੈਲਟੀ ਹੁੰਦੀਆਂ ਹਨ।ਅਜੇਹੇ ਰੰਗ ਰਾਜਿੰਦਰਜੀਤ ਦੀਆਂ ਲਿਖਤਾਂ ‘ਚ ਮਿਲਦੇ ਹਨ, ਉਸਦੇ ਅਹਿਸਾਸ ਦੀ ਸਿੱਦਤ ਤਾਂ ਵੇਖੋ-
ਯਾਦ ਤੇਰੀ ਪੀੜ ਸੀ ਦਿਲ ਦੀ ਕਦੇ
ਹੌਲੀ-ਹੌਲੀ ਰੂਹ ਦਾ ਕੱਜਣ ਹੋ ਗਈ ਪੰਨਾ 71

ਅੱਧਮੋਈ ਹੋ ਕੇ ਰਹਿ ਗਈ ਹੱਥਾਂ ਦੀ ਛੋਹ ਬਿਨਾ
ਪਾਈ ਸੀ ਚਾਵਾਂ ਨਾਲ ਜੋ ਘੁੱਗੀ ਰੁਮਾਲ ‘ਤੇ ਪੰਨਾ 36

ਪੀੜਾਂ-ਦੁੱਖ ਦੇਖਾਂ ਤਾਂ ਆਪਣਾ ਅੰਗ-ਅੰਗ ਮੈਨੂੰ
ਇਹਨਾਂ ਦੇ ਖੇਡਣ-ਮੱਲ੍ਹਣ ਦੀ ਥਾਂ ਲਗਦਾ ਹੈ ਪੰਨਾ 67
ਵੈਸੇ ਤਾਂ ਉਹ ਹੇਰਵੇ ਨੂੰ ਦਿਲ ਦੀਆਂ ਤਹਿਾਂ ‘ਚ ਸਮੋ ਇਸ ਦਾ ਮੰਥਨ ਕਰਦਾ ਰਹਿੰਦਾਂ ਹੈ,ਇਸ ਨੂੰ ਸਿੱਧੇ ਰੂਪ ਕਦੇ ਸਾਹਮਣੇ ਨਹੀ ਆਉਂਣ ਦਿੰਦਾਂ,ਪਰ ਉਸਨੂੰ ਵਿਸਾਰ ਵੀ ਨਹੀ ਸਕਦਾ।ਅਜੋਕੀ ਅੰਨੀ-ਦੌੜ ਭਰੀ ਜਿ਼ੰਦਗ਼ੀ ‘ਚ ਹਰ ਮਨੂੱਖ ਕਿਸੇ ਨਾ ਕਿਸੇ ਰੂਪ ਪ੍ਰਵਾਸ ਦਾ ਸੰਤਾਪ ਜਾਂ ਹੇਰਵਾ ਹੰਢਾਂ ਰਿਹਾ ਹੈ ਤੇ ਸ਼ਾਇਦ ਉਹ ਵੀ-

ਰੋਹੀਆਂ ‘ਚ ਰੁਲਦਿਆਂ ਨੂੰ,ਭੱਖੜੇ ‘ਤੇ ਤੁਰਦਿਆਂ ਨੂੰ
ਮਿਲਿਆ ਨਾ ਖੜ ਕੇ ਰੋਣਾ ਅੰਦਰਲੇ ਮੁਰਦਿਆਂ ਨੂੰ ਪੰਨਾ 55

ਛੋਹ ਜਦੋਂ ਮਿਲ ਸਕੀ ਨਾ ਕੇਸਾਂ ਨੂੰ
ਨਿੱਘ ਜਦ ਤੁਰ ਗਏ ਬਦੇਸ਼ਾਂ ਨੂੰ
ਫੇਰ ਪੱਲੇ ਉਨ੍ਹਾਂ ਦੇ ਰਹਿ ਜਾਣਾ
ਸਰਦ ਸੁਪਨਾ ਸਿਆਲ ਦਾ ਕੋਈ ਪੰਨਾ 32

ਬਿਗਾਨੇ ਸ਼ਹਿਰ ਵਿੱਚ ਖ਼ੁਸ਼ ਰਹਿਣ ਦਾ ਸਮਾਨ ਹੈ ਸਾਰਾ
ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀ ਕੋਈ ਪੰਨਾ 35

ਉਹ ਪੰਜਾਬੀ ਸਾ਼ਇਰੀ ‘ਚ ਵਰ੍ਹਿਆਂ ਜਾਂ ਸਦੀਆਂ ਪੁਰਾਣੀਆਂ ਮਿੱਥਾਂ ਦਾ ਅੱਜ ਦੇ ਸਮੇ ਦੇ ਪ੍ਰਸੰਗ ‘ਚ ਵਿਸ਼ਲੇਸ਼ਨ ਵੀ ਕਰਦਾ ਹੈ,ਜਿਵੇਂ ਪਿਛਲੇ ਦਹਾਕਿਆਂ ‘ਚ ਚੱਲੀ ਕਾਲੀ ਹਨੇਰੀ ਬਾਰੇ ਉਹ ਲਿਖਦਾ ਹੈ-
ਉਹ ਜੋ ਜੋਬਨ ਦੀ ਰੁੱਤੇ ਘਰਾਂ ਤੋਂ ਗਏ

ਨਾ ਘਰਾਂ ਨੂੰ ਮੁੜੇ ਨਾ ਸਿਵੇ ਤੱਕ ਗ

ਰੁੱਤ ਕਾਲ਼ੀ ਜਿਨ੍ਹਾਂ ਨੂੰ ਨਿਗ਼ਲ ਹੀ ਗਈ
ਉਹਨ ਫੁੱਲ ਬਣ ਸਕੇ ਤੇ ਨਾ ਤਾਰੇ ਬਣੇ। 
ਇਸੇ ਕੁੱਝ ਹੋਰ ਮਿੱਥਾਂ ਜਿਵੇਂ-
ਸੱਥ, ਪਰ੍ਹਿਆ,ਕਚਹਿਰੀ ਦੇ ਵਿਹੜੇ ਕਿਤੇ
ਜੇ ਗੁਨਾਹਾਂ ਦੇ ਹੋਏ ਨਬੇੜੇ ਕਿਤੇ
ਮੇਰੀ ਕਵਿਤਾ ਖੜ੍ਹੇਗੀ ਮੇਰੇ ਸਾਹਮਣੇ
ਸਭ ਸਬੂਤਾਂ ਸਣੇ, ਸਭ ਗਵਾਹਾਂ ਸਣੇ ਪੰਨਾ 68

ਸਭ ਆਪਣੇ ਆਪ ਨੂੰ ਹੀ ਜਾਣਦੇ ਨੇ
ਤੂੰ ਹੀ ਇੱਕ ਰਹਿ ਗਿਐਂ ਅਣਜਾਣ ਬੁੱਲ੍ਹਿਆ ਪੰਨਾ 70

ਦੂਰ ਹੀ ਰੱਖੋ ਮੇਰੇ ਤੋਂ ਜਾਮ ਤੇ ਸ਼ੀਸ਼ਾ ਅਜੇ
ਕੌਣ ਕਹਿੰਦਾ ਹੈ ਕਿ ਇਨ੍ਹਾ ਬਿਨ ਸ਼ਾਇਰੀ ਹੁੰਦੀ ਨਹੀ ਪੰਨਾ 48
‘ਸਾਵੇ ਅਕਸ’ ਵਿਚੋਂ ਚੁਨੀਦਾ ਗ਼ਜ਼ਲਾਂ ਨੂੰ ਦਿੱਲੀ ਯੂਨੀਵਰਸਟੀ ਦੇ ਪ੍ਰੋ:ਰਾਜਪਾਲ ਦੀ ਸੰਗੀਤ ਨਿਰਦੇਸ਼ਨਾ ਹੇਠ ਸਫਲਤਾ ਪੂਰਵਕ ਗਾ ਕੇ, ਰਾਜਿੰਦਰਜੀਤ ਆਪਣੀ ਅਵਾਜ਼ ਅਤੇ ਅੰਦਾਜ ਨਾਲ ਇੱਕ ਆਡੀਓ ਸੀ ਡੀ ‘ਸਾਵੇ ਅਕਸ’ ਦੇ ਜਰੀਏ ਵੀ ਆਪਣੇ ਸਰੋਤਿਆਂ ਦੇ ਸਨਮੁੱਖ ਹੋਇਆ ਹੈ।
ਇਸ ਕਿਤਾਬ 'ਚ ਹੋਰ ਵੀ ਬਹੁਤ ਖੂਬਸੂਰਤ ਗ਼ਜ਼ਲਾਂ ਤੁਹਾਡੇ ਜਿਹੇ ਸੂਝਵਾਨ ਪਾਠਕਾਂ ਦੇ ਧਿਆਨ ਦੀ ਮੰਗ ਕਰਦੀਆਂ ਹਨ।ਰਾਜਿੰਦਰਜੀਤ ਦੀ ਸ਼ਾਇਰੀ ਜਾਂ ਕਿਤਾਬ 'ਸਾਵੇ ਅਕਸ' ਬਾਰੇ ਮੈਂ ਜਿੰਨਾ ਵੀ ਲਿਖਾਂ ਉਹ ਥੋੜ੍ਹਾ ਹੈ,ਖੂਬਸੂਰਤ ਸਰਵਰਕ 'ਚ ਬੱਝੀ ਇਸ ਕਿਤਾਬ ਦੀ ਸੁਰੂਆਤ ਅਤੇ ਮੁਕਾਅ ਉਹ ਕਾਵਿਕ ਅੰਦਾਜ਼ 'ਚ ਲਿਖੀ ਨਿਵੇਕਲੀ ਆਦਿਕਾ-ਅੰਤਿਕਾ ਨਾਲ ਕਰਦਾ ਹੈ,ਇਨ੍ਹਾ ਵਿਚਕਾਰ ਉਹ ਆਪਣੀ ਕਾਬਲੀਅਤ ਨਾਲ ਜਦੋਂ ਮਨੁੱਖਤਾ ਜਾਂ ਪ੍ਰਕਿਰਤੀ ਦੇ ਅਣਕਹੇ ਨੂੰ ਸ਼ਬਦ ਜਾਂ ਕਹਿਏ ਜੁਬਾਨ ਦਿੰਦਾ ਹੈ ਤਾਂ ਉਸ ਦੀ ਇਸ ਮਾਣਮੱਤੀ ਸਫਲਤਾ ਨੂੰ ਜੇ ਮੈਂ ਉਸ ਦੇ ਹੀ ਸ਼ਬਦਾਂ 'ਚ ਲਿਖਾਂ- 
ਚੁਫ਼ੇਰੇ ਚਿਣੇ ਹੋਣ ਸ਼ਬਦਾਂ ਦੇ ਮੋਤੀ
ਤੇ ਚਾਨਣ ਖਿਲਾਰੇ ਖਿ਼ਆਲਾਂ ਦੀ ਜੋਤੀ
ਸਜਾਵਾਂ ਇਨ੍ਹਾਂ ਨੂੰ ਮੈਂ ਇਊਂ ਵਰਕਿਆਂ 'ਤੇ
ਜਿਵੇਂ ਸਿਰ ਸਜੀ ਹੋਈ ਦਸਤਾਰ ਹੋਵੇ ਪੰਨਾ 28 
ਸ਼ਾਲਾ,ਉਸ ਦਾ ਇਹ ਯਤਨ ਸੱਚਮੁੱਚ ਹੀ ਪੰਜਾਬੀ ਗ਼ਜ਼ਲ 'ਸਿਰ ਸਜੀ ਦਸਤਾਰ' ਸਾਬਿਤ ਹੋਵੇ।

****

1 comment:

drtaggar said...

ਰਾਜਿੰਦਰਜੀਤ ਜਿਹੇ ਬਾਕਮਾਲ ਸ਼ਾਇਰ ਬਾਰੇ ਬੜੇ ਹੀ ਖ਼ੂਬਸੂਰਤ ਅੰਦਾਜ਼ ਵਿਚ ਲਿਖਿਆ ਹੈ। ਉਸ ਦੀ ਪੁਸਤਕ ਸਾਵੇ ਅਕਸ ਬਾਰੇ ਗੁਰਜਿੰਦਰ ਮਾਹੀ ਦਾ ਇਹ ਸਮੀਖਿਆਤਮਕ ਲੇਖ ਬੜਾ ਹੀ ਪਿਆਰਾ ਲੱਗਾ.