ਸਪੇਸ ਨੀਡਲ ਟਾਵਰ ਤੇ ਮਿਲੇ ਆਪਣੇ ਪੰਜਾਬੀ.......... ਲੇਖ / ਬਰਿੰਦਰ ਢਿੱਲੋਂ ਐਡਵੋਕੇਟ

ਅਗਸਤ ਦੇ ਪਹਿਲੇ ਹਫਤੇ ਮੈ ਅਮਰੀਕਾ 'ਚ ਸੁੱਤਾ ਪਿਆ ਸੀ ਜਦੋਂ ਸਵੇਰੇ ਸਵੇਰੇ ਗੁਰਚਰਨ ਨੇ ਮੈਨੂੰ ਉਠਾਉਂਦਿਆਂ ਕਿਹਾ, "ਭਲਵਾਂਨ ਦੀਆਂ ਅਖਾੜੇ ਦੀਆਂ ਫੋਟੋਆਂ ਆਈਆਂ, ਮੈਂ ਬਰੇਕਫਾਸਟ ਬਨਾਉਂਣਾ ਉਨੇ ਤੁਸੀਂ ਇਹ ਈ ਮੇਲਾਂ ਭੇਜ ਦਿਉ ਫਿਰ ਆਪਾਂ ਸਪੇਸ ਨੀਡਲ ਵੇਖਣ ਚੱਲਾਂਗੇ" ਮੈਂ ਅਖਾੜੇ ਦੀਆਂ ਤਸਵੀਰਾਂ ਸਮੇਤ ਖਬਰ ਬਣਾਕੇ ਕਿ "ਕਰਤਾਰ ਸਿੰਘ ਪਹਿਲਵਾਂਨ ਤੁਰਕੀ ਵਿੱਚ ਹੋਈਅਂ ਕੁਸ਼ਤੀਆਂ ਵਿੱਚ ਬਾਰਵੀਂ ਵਾਰ ਵਿਸ਼ਵ ਚੈਂਪੀਅਨ ਬਣਕੇ ਪੰਜਾਬੀਆਂ ਦੇ ਪਹਿਲਵਾਨੀ ਦੇ ਝੰਡੇ ਗੱਡ ਰਿਹਾ ਹੈ", ਅਮਰੀਕਾ ਕਨੇਡਾ ਤੋਂ ਛਪਦੇ ਅਖਬਾਰਾਂ ਨੂੰ ਭੇਜ ਦਿੱਤੀ। ਦਰਅਸਲ ਕਰਤਾਰ ਸਿੰਘ ਦੇ ਛੋਟੇ ਭਾਈ ਗੁਰਚਰਨ ਨੂੰ ਈ ਮੇਲ ਪੜ੍ਹਣੀ ਤਾਂ ਆਉਂਦੀ ਸੀ ਪਰ ਭੇਜਣੀ ਨਹੀਂ ਸੀ ਆਉਂਦੀ।

ਦਸ ਕੁ ਵਜੇ ਤੱਕ ਅਸੀਂ ਅਮਰੀਕਨ ਦਲੀਏ ਦਾ ਨਾਸ਼ਤਾ ਕਰਕੇ ਸਪੇਸ ਨੀਡਲ ਪਹੁੰਚ ਗਏ। ਗੁਰਚਰਨ ਮੈਨੂੰ ਛੱਡਕੇ ਆਪ ਟੈਕਸੀ ਦਾ ਗੇੜਾ ਲਾਉਣ ਚਲਾ ਗਿਆ। ਕਰਤਾਰ ਹੋਰੀਂ ਪਿੱਛੋਂ ਸੁਰ ਸਿੰਘ ਵਾਲਾ (ਅੰਮ੍ਰਿਤਸਰ) ਦੇ ਢਿੱਲੋਂ ਜੱਟ ਹਨ। ਸਾਡੇ ਵੱਡੇ ਵਡੇਰੇ ਵੀ ਕਈ ਸਦੀਆਂ ਪਹਿਲਾਂ ਸੁਰ ਸਿੰਘ ਵਾਲਾ, ਕੈਰੋਂ, ਪੰਜਵੜ ਆਦਿ ਤੋਂ ਆ ਕਿ ਬਠਿੰਡੇ ਜਿਲ੍ਹੇ ਦੇ ਪਿੰਡਾਂ ਕੋਟ ਫੱਤਾ ( ਮੇਰਾ ਪਿੰਡ ), ਬਾਦਲ ਕੇ ਪਿੰਡ ਬਾਦਲ, ਬਾਕੀ ਦੇ ਢਿੱਲੋਂ ਘੁੱਦੇ ਆਦਿ ਪਿੰਡਾਂ ਵਿੱਚ ਵਸ ਗਏ ਸਨ। ਅਜਿਹੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਸਿਰ ਤੇ ਹੀ ਮੈਂ ਪੂਰਬੀ ਤੋਂ ਪੱਛਮੀਂ ਕੰਢੇ ਤੱਕ ਸਾਰਾ ਅਮਰੀਕਾ ਕਨੇਡਾ ਗਾਹ ਮਾਰਿਆ ਸੀ।

1962 ਵਿੱਚ ਬਣਿਆ ਇਹ 138 ਫੁੱਟ ਘੇਰੇ ਦਾ ਟਾਵਰ 605 ਫੁੱਟ ਉਚਾ ਹੈ। ਇਸ ਦੀਆਂ ਦੋ ਲਿਫਟਾਂ ਇੱਕੋ ਵਾਰ 'ਚ 25-25 ਵਿਅਕਤੀਆਂ ਨੂੰ ਲਿਜਾ ਸਕਦੀਆਂ ਹਨ। 320 ਕਿਲੋਮੀਟਰ ਘੰਟੇ ਦੀ ਸਪੀਡ ਨਾਲ ਚੱਲਦੀ ਹਨੇਰੀ ਤੇ 9.5 ਸਕੇਲ ਦੇ ਭੁਚਾਲ ਅੱਗੇ ਇਹ ਟਾਵਰ ਝੂਮਦਾ ਤਾਂ ਹੈ, ਪਰ ਗਿਰਦਾ ਨਹੀਂ। ਇਹ ਅਮਰੀਕਨ ਤਕਨੀਕ ਦਾ ਕਮਾਲ ਹੈ। ਸਾਡਾ ਭੁੱਜ ਸ਼ਹਿਰ 8 ਸਕੇਲ ਦੇ ਭੁਚਾਲ ਨਾਲ ਸਾਰਾ ਢਹਿ ਗਿਆ ਸੀ। ਟਾਵਰ ਦੇ ਸਿਖਰ ਤੇ ਚਾਰੋਂ ਪਾਸੀਂ ਜਾਲੀ ਲਗਾਈ ਗਈ ਹੈ ਕਿਉਂ ਕਿ ਅੱਧੀ ਦਰਜਨ ਲੋਕ ਇਸ ਤੋਂ ਕੁੱਦ ਕੇ ਖੁਦਕੁਸ਼ੀ ਕਰ ਚੁੱਕੇ ਹਨ।

ਮੈਂ 14 ਡਾਲਰ ਦੀ ਟਿਕਟ ਲੈ ਕੇ ਟਾਵਰ ਦਵਾਲਿਉਂ ਚੱਕਰ ਕੱਟਦਿਆਂ ਪੌੜੀਆਂ ਚੜ੍ਹਦਾ ਲਿਫਟ ਵੱਲ ਵਧਣ ਲੱਗਾ। ਭੀੜ ਬਹੁਤ ਸੀ ਲੋਕੀਂ ਹੌਲੀ ਹੌਲੀ ਸਰਕ ਰਹੇ ਸਨ। ਕਈ ਵਾਰ ਲਿਫਟ ਤੱਕ ਪਹੁੰਚਣ ਲਈ ਦੋ ਦੋ ਘੰਟੇ ਲੱਗ ਜਾਂਦੇ ਹਨ। ਮੇਰੇ ਅੱਗੇ ਇੱਕ ਪੰਜਾਬੀ ਪਰਿਵਾਰ ਸੀ। ਔਰਤ ਨਾਲ ਨਿਗਾਹ ਮਿਲਦਿਆਂ ਹੀ ਮੈਂ ਉਹਨੂੰ ਹੈਲੋ ਕਹਿੰਦਿਆਂ ਪੁੱਛਿਆ ,"ਪੰਜਾਬੀ ਹੋ?"ਉਹਨੇ ਵਗੈਰ ਮੁਸਕਰਾਇਆਂ ਹਾਂ ਕਹੀ ਤੇ ਰੋਣ ਵਾਲਾ ਮੂੰਹ ਕਰਕੇ ਦੂਜੇ ਪਾਸੇ ਵੇਖਣ ਲੱਗੀ। ਥੋੜ੍ਹੀ ਦੇਰ ਬਾਅਦ ਆਦਮੀੰ ਨਾਲ ਨਿਗਾਹ ਮਿਲਦਿਆਂ ਹੀ ਮੈਂ ਫਿਰ ਢੀਠਤਾਈ ਨਾਲ ਮੁਸਕਰਾਂਦਿਆਂ ਹੈਲੋ ਕਹੀ। ਉਸ ਭਲੇ ਲੋਕ ਨੇ ਵਗੈਰ ਬੁੱਲ੍ਹਾਂ ਨੂੰ ਕਸ਼ਟ ਦਿੱਤਿਆਂ ਸਿਰਫ ਥੋੜ੍ਹਾ ਜਿਹਾ ਸਿਰ ਹੀ ਹਿਲਾਇਆ। ਮੈਨੂੰ ਨਫਰਤ ਦੀ ਇੱਕ ਝੁਨਝਨੀਂ ਆਈ। ਜਿਵੇਂ ਸਮੁੰਦਰ ਤੇ ਤੈਰਦੀ ਮੁਰਗਾਬੀ ਨੇ ਖੰਭ ਝਾੜੇ ਹੋਣ। ਦਿਲ ਕੀਤਾ ਕਿ ਬਠਿੰਡੇ ਵਾਲੇ ਅੰਦਾਜ 'ਚ ਕਹਿ ਦਿਆਂ, "ਮਿਸਟਰ ਮੈਂ ਤੈਨੂੰ ਬੇਗਾਨੀ ਧਰਤੀ ਤੇ ਗੋਰਿਆਂ ਦੀ ਇਸ ਭੀੜ ਵਿੱਚ 'ਆਪਣਾ' ਸਮਝ ਕਿ ਹੈਲੋ ਕਹੀ ਸੀ ਤੇ ਤੂੰ 'ਸਾ ਸਰੀ 'ਕਾਲ ਹੀ ਮੰਨ ਗਿਆ। 'ਸਾ ਸਰੀ 'ਕਾਲ ਤਾਂ ਮੈਂ ਇੱਥੋਂ ਦੇ ਮੇਅਰ ਨੂੰ ਨਹੀਂ ਬੁਲਾਉਂਦਾ"। ਉਸ ਪਿੱਛੋਂ ਮੈਂ ਉਨ੍ਹਾਂ ਤੋਂ ਪਾਸਾ ਵੱਟ ਕਿ ਦੂਸਰੀ ਲਿਫਟ ਚੜ੍ਹ ਗਿਆ। ਬੱਦਲਵਾਈ ਹੋਣ ਕਾਰਨ ਮੌਸਮ ਠੰਢਾ ਸੀ।

ਅਮਰੀਕਾ, ਕਨੇਡਾ ਤੇ ਯੌਰਪ ਘੁੰਮਦਿਆਂ ਮੈਨੂੰ ਅਨੇਕਾਂ ਵਾਰੀ ਇਹ ਅਨੁਭਵ ਹੋਇਆ ਜਦੋਂ ਅਜਿਹੇ ਪੰਜਾਬੀ ਲੋਕ ਅਕਸਰ ਹੀ ਮਿਲਦੇ ਹਨ ਜਿਹੜੇ ਤੁਹਾਨੂੰ ਵੇਖਕੇ ਪਾਸਾ ਵੱਟ ਜਾਂਦੇ ਸਨ। ਇਸਦੇ ਤਿੰਨ ਕਾਰਨ ਸਨ। ਪਹਿਲਾ ਬਹੁਤੇ ਲੋਕ ਇਸ ਕਰਕੇ ਨਹੀਂ ਮਿਲਣਾ ਚਾਹੁੰਦੇ ਕਿਤੇ ਤੁਸੀਂ ਉਨ੍ਹਾਂ ਨੂੰ ਕੋਈ ਸਵਾਲ ਨਾਂ ਪਾ ਦਿਉਂ। ਵਿਦੇਸ਼ ਪਹੁੰਚਣ ਤੱਕ ਉਹ ਜਿੰਦਗੀ ਦੀ ਕਰੂੜਤਾ ਵੇਖ ਚੁੱਕੇ ਹੋਣ ਕਾਰਣ ਗੋਰਿਆਂ ਦੀ ਤਰ੍ਹਾਂ ਵਿਅਕਤੀਵਾਦੀ ਹੋ ਚੁੱਕੇ ਹੁੰਦੇ ਹਨ ਤੇ ਪੰਜਾਬ ਵਾਲਾ ਮੋਹ ਮੁਹੱਬਤ ਮਰ ਚੁੱਕਾ ਹੁੰਦਾ ਹੈ ।

"ਵੋਹ ਹਾਥ ਭੀ ਨਾਂ ਮਿਲਾਏਗਾ ਜੋ ਗਲੇ ਮਿਲੋਗੇ ਤਪਾਕ ਸੇ;
ਯਿਹ ਅਜੀਬ ਮਜ਼ਾਜ਼ ਕਾ ਸ਼ਹਿਰ ਹੈ ਜਰਾ ਫਾਸਲੇ ਸੇ ਮਿਲਾ ਕਰੋ।"

ਦੂਜਾ ਕਾਰਨ ਸੀ ਕਿਤੇ ਮੈਂ ਉਨ੍ਹਾਂ ਦਾ ਕੋਈ ਦੂਰ ਦਾ ਸਿਆਣੂੰ ਹੀ ਨਾਂ ਨਿੱਕਲ ਆਵਾਂ ਤੇ ਪੰਜਾਬ ਜਾਕੇ ਉਨ੍ਹਾਂ ਦੇ 'ਅਮਰੀਕੀ ਕਾਰੋਬਾਰ' ਦਾ ਭਾਂਡਾ ਨਾ ਭੰਨ ਦਿਆਂ। ਅਮਰੀਕਾ ਵਿੱਚ ਚੌਕੀਦਾਰੀ ਕਰਨ ਵਾਲਾ ਵੀ ਪੰਜਾਬ 'ਚ ਆ ਕੇ ਆਪਣੇ ਦੋ ਗੈਸ ਸਟੇਸ਼ਨ ਦੱਸਦਾ ਹੈ। ਇਹੀ ਕਾਰਨ ਹੈ ਕਿ ਸਾਰਾ ਪੰਜਾਬ ਹੀ ਵਿਦੇਸ਼ ਪਹੁੰਚਣਾ ਚਾਹੁੰਦਾ ਹੈ। ਗੱਪ ਮਾਰਨਾ ਤੇ ਝੂਠ ਬੋਲਣਾ ਸਾਡੇ ਖੂਨ 'ਚ ਰਲਿਆ ਹੋਇਆ ਹੈ। ਤੁਸੀਂ ਕਿਸੇ ਵੀ ਕਿਸਾਂਨ ਨੂੰ ਕਣਕ ਜਾਂ ਝੋਨੇਂ ਦੇ ਝਾੜ ਬਾਰੇ ਪੁੱਛ ਲਵੋ ਇੱਕ ਵੀ ਪੰਜਾਬੀ ਸੱਚ ਨਹੀਂ ਬੋਲੇਗਾ। ਉਹ ਗਵਾਂਢੀਆਂ ਨਾਲੋਂ ਦੋ ਚਾਰ ਕੁਇੰਟਲ ਵੱਧ ਝਾੜ ਹੀ ਦੱਸਣਗੇ।

ਤੀਸਰਾ ਕਾਰਨ ਹੈ ਕਿ ਬੇਰੋਜਗਾਰੀ, ਭ੍ਰਿਸ਼ਟ ਨਿਜ਼ਾਂਮ ਦੇ ਝੰਬੇ ਤੇ ਸ਼ਰੀਕਾਂ ਵੱਲੋਂ ਦਾਜ 'ਚ ਲਈ ਨਵੀਂ ਗੱਡੀ ਦੇ ਸਾੜੇ ਤੇ ਰੀਸ ਦੇ ਮਾਰੇ, ਬਹੁਤੇ ਪੰਜਾਬੀ ਬਾਹਰ ਜਾਣ ਲਈ 'ਕੁੱਝ ਵੀ' ਕਰ ਸਕਦੇ ਹਨ। ਪਿੱਛੋਂ ਸ਼ਰਮੀਂ ਦੇ ਮਾਰੇ ਉਹ ਇੱਧਰਲਿਆਂ ਨੂੰ ਮਿਲਣੋਂ ਕੰਨੀ ਕਤਰਾਉਂਦੇ ਹਨ। ਕਿਤੇ ਕੋਈ ਸਵਾਲ ਹੀ ਨਾਂ ਕਰ ਦੇਵੇ ਕਿ "ਇਹ ਹੈ ਤੇਰੀ ਪਤਨੀਂ ਜਾ ਪਤੀ? ਕੀ ਥੁੜਿਆ ਪਿਆ ਸੀ ਇਹੋ ਜਿਹੇ ਵਿਦੇਸ਼ ਆਉਣ ਵਗੈਰ। ਦੋ ਰੋਟੀਆਂ,ਚੁੱਲ੍ਹਾ ਤੇ ਕੋਠਾ ਤਾਂ ਤੇਰੇ ਕੋਲ ਪੰਜਾਬ 'ਚ ਵੀ ਹੋਣਗੇ।" ਉਕਤ ਜੋੜਾ ਵੀ ਅਜਿਹਾ ਹੀ ਸੀ। ਪੰਜਾਹਾਂ ਤੋਂ ਟੱਪੀ ਗੋਲ ਚਿਹਰੇ ਵਾਲੀ, ਗਾਂ ਦੇ ਘਿਉ ਰੰਗੀ ਔਰਤ, ਅਜੇ ਵੀ ਕਿਸੇ ਕਸਬੇ ਦੇ ਸੁੰਦਰਤਾ ਮੁਕਾਬਲੇ 'ਚ ਹਿੱਸਾ ਲੈ ਸਕਦੀ ਸੀ। ਗਾਲਿਬ ਦੇ ਸ਼ਬਦਾਂ ਵਿੱਚ, "ਖੰਡਰਾਤ ਹੀ ਬਤਾਤੇ ਹੈਂ ਕਿ ਮਹੱਲ ਅੱਛਾ ਥਾ" ਅਮਰੀਕਾ ਦੇ ਨਾਂ ਤੇ ਉਹਦੇ ਨਾਲ ਠੱਗੀ ਮਾਰਨ ਵਾਲਾ ਢਲੇ ਹੋਏ ਮੋਢਿਆਂ ਵਾਲਾ, ਬੇਢੱਬਾ ਆਦਮੀਂ ਚੱਪੇ ਜਿੱਡੇ ਜਿੱਡੇ ਕੰਨਾਂ ਉੱਤੇ ਸਰਕੜੇ ਵਾਂਗ ਉੱਗੇ ਵਾਲਾਂ ਅਤੇ ਅੰਗੂਠਿਆਂ ਵਰਗੇ ਬੁੱਲ੍ਹਾਂ ਕਾਰਨ ਹਾਥੀ ਦਾ ਬੱਚਾ ਲੱਗਦਾ ਸੀ।

ਹਵਾਈ ਪੱਟੀ ਤੇ ਦੌੜਦੇ ਹਵਾਈ ਜਹਾਜ ਵਾਂਗ ਗਰਜਦੀ ਲਿਫਟ ਪਲਾਂ ਵਿੱਚ ਹੀ ਸਾਨੂੰ ਟਾਵਰ ਦੇ ਸਿਖਰ ਲੈ ਗਈ। ਮੈਂ ਇਸਦੇ ਧਰਤੀ ਦੀ ਤਰ੍ਹਾਂ ਘੁੰਮ ਰਹੇ ਰੈਸਟੋਰੇਂਟ ਵਿੱਚ ਬੈਠਾ ਸਾਰਾ ਸਿਆਟਲ ਵੇਖਦਾ ਰਿਹਾ। ਖਾਣੇ ਵਿੱਚ ਸਮੁਦਰੀ ਭੋਜਨ, ਗਾਂ ਦਾ ਕੀਮਾਂ, ਸੂਰ ਦਾ ਮੀਟ ਤੇ ਕੌਫੀ ਵਰਤਾਈ ਜਾ ਰਹੀ ਸੀ। ਖਿੜਕੀਆਂ ਵਿੱਚੋਂ ਦੂਰ ਤੱਕ ਦਿਸ ਰਹੇ ਸਮੁੰਦਰ ਦੀ ਹਿੱਕ ਤੇ ਤੈਰਦੇ ਸਮੁੰਦਰੀ ਜਹਾਜਾਂ ਦਾ ਆਪਣਾ ਹੀ ਨਜਾਰਾ ਸੀ। ਟਾਵਰ ਦੇ ਸਿਖਰ ਤੋਂ ਚੁਫੇਰੇ ਲੱਗੀਆਂ ਵੱਡੀਆਂ ਦੂਰਬੀਨਾਂ 'ਚੋਂ ਸਮੁੰਦਰੀ ਜਹਾਜਾਂ ਦੀਆਂ ਬਾਰੀਆਂ ਤੱਕ ਸਾਫ ਦਿੱਸਦੀਆਂ ਸਨ। ਦੂਜੇ ਪਾਸੇ ਬੱਦਲਾਂ ਨੂੰ ਛੂੰਹਦੇ ਕਾਲੇ ਪਹਾੜ ਵੀ ਸਾਮਰਾਜੀਏ ਬਣੇ ਦਿੱਸ ਰਹੇ ਸਨ। ਸਾਹਮਣੇ ਸਮੁੰਦਰ ਵਿੱਚ ਇੱਕ ਛੋਟਾ ਹਵਾਈ ਜਹਾਜ ਸਮੁੰਦਰ ਉੱਤੇ ਮੋਟਰ ਬੋਟ ਦੀ ਤਰ੍ਹਾਂ ਦੌੜਕੇ ਉੱਡਾਂਣ ਭਰਦਾ ਤੇ ਦੋ ਚੱਕਰ ਸਿਆਟਲ ਦੇ ਕੱਟਕੇ ਮੁੜ ਸਮੁੰਦਰ ਤੇ ਹੀ ਉੱਤਰ ਜਾਂਦਾ। ਇਹ ਜਹਾਜ ਸੈਲਾਂਨੀਆਂ ਨੂੰ ਸ਼ਹਿਰ ਦੀ ਸੈਰ ਕਰਵਾ ਰਿਹਾ ਸੀ। ਮੈਂ ਪਹਿਲਾਂ ਕਦੀ ਹਵਾਈ ਜਹਾਜ ਪਾਣੀ ਤੇ ਉੱਤਰਦਾ ਨਹੀਂ ਸੀ ਵੇਖਿਆ। ਅਮਰੀਕਾ ਦੇ ਪੱਛਮੀਂ ਕੰਢੇ ਦਾ ਮਾਣ ਵਜੋਂ ਜਾਣੇ ਜਾਂਦੇ ਇਸ ਟਾਵਰ ਤੇ ਕਈ ਫਿਲਮਾਂ ਤੇ ਟੀ.ਵੀ.ਸੀਰੀਅਲਾਂ ਦੀ ਸ਼ੂਟਿੰਗ ਹੋ ਚੁੱਕੀ ਹੈ।

ਟਾਵਰ ਦੇ ਸਿਖਰ ਤੇ ਲੱਗੀਆਂ ਲਾਈਟਾਂ ਦੀ 8 ਕਰੋੜ ਵਾਟ ਦੀ ਰੌਸ਼ਨੀ ਦੀ ਬੀਂਮ ਨਾਲ ਰਾਤ ਨੂੰ ਸਾਰਾ ਸ਼ਹਿਰ ਦਿਵਾਲੀ ਵਾਂਗ ਜਗਮਗਾ ਉੱਠਦਾ ਹੈ। ਅਮਰੀਕਨ ਲਾਈਟ ਪ੍ਰਦੂਸ਼ਣ ਬਾਰੇ ਵੀ ਇੰਨੇ ਹੀ ਸੰਵੇਦਨਸ਼ੀਲ ਹਨ ਜਿੰਨੇ ਵਾਤਾਵਰਨ ਤੇ ਸ਼ੋਰ ਬਾਰੇ। ਇਸ ਲਈ ਇਹ ਰੋਸ਼ਨੀ ਸਿਰਫ ਵਿਸ਼ੇਸ਼ ਦਿਨਾਂ ਤੇ ਹੀ ਕੀਤੀ ਜਾਂਦੀ ਹੈ। ਸਾਡੇ ਪੰਜਾਬ ਵਿੱਚ ਵੱਜਦੇ ਲਾਊਡ ਸਪੀਕਰਾਂ ਦੇ ਸ਼ੋਰ਼ ਪ੍ਰਦੂਸ਼ਣ ਨਾਲ ਤਾਂ ਸ਼ਾਇਦ ਉਹ ਬੋਲੇ ਹੀ ਹੋ ਜਾਣ। ਤਿੰਨ ਘੰਟੇ ਟਾਵਰ ਤੇ ਬਿਤਾਕੇ ਮੈਂ ਲਿਫਟ ਰਾਹੀਂ ਹੇਠਾਂ ਉੱਤਰ ਆਇਆ। ਹੇਠਾਂ ਆਉਣ ਸਮੇਂ ਇਸਦੀ ਸਪੀਡ ਅਸਮਾਂਨ ਤੋਂ ਡਿੱਗਦੀ ਮੀਂਹ ਦੀ ਕਣੀ ਜਿੰਨੀ ਹੋਣ ਕਾਰਨ ਮੈਂ ਅੱਖਾਂ ਮੀਟ ਲਈਆਂ ਸਨ। ਇਸ ਤਰਾਂ ਕਾਲਜਾ ਬਾਹਰ ਨੂੰ ਆਉਂਦਾ ਸੀ ਕਿ ਲੈਨਨ ਦੇ ਮੂੰਹੌਂ ਵੀ 'ਵਾਖਰੂ' ਨਿੱਕਲ ਜਾਂਦਾ। ਲਿਫਟ ਤੋਂ ਬਾਹਰ ਨਿੱਕਲਦਿਆਂ ਹੀ ਮੈਨੂੰ ਫਿਰ ਉਹ ਹਾਥੀ ਦਾ ਬੱਚਾ ਤੇ ਉਸਦੀ ਗੋਲ ਚਿਹਰੇ ਵਾਲੀ ਪਤਨੀਂ ਨਜਰ ਪਏ। ਪਰ ਇਸ ਵਾਰੀ ਮੈਂ ਉਨ੍ਹਾਂ ਨੂੰ ਵਗੈਰ ਗੌਲਿਆਂ ਕੋਲੋਂ ਲੰਘ ਗਿਆ। ਹੁਣ ਉਹ ਮੇਰੇ ਲਈ 'ਆਪਣੇ ਪੰਜਾਬੀ' ਨਹੀਂ ਸਨ।

No comments: