ਜ਼ਰੂਰੀ ਚਿੱਠੀ ਪੰਜਾਬੀਆਂ ਦੇ ਨਾਂ........... ਲੇਖ਼ / ਰਿਸ਼ੀ ਗੁਲਾਟੀ

ਸਮੂਹ ਪੰਜਾਬੀਆਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ ।
ਦੋਸਤੋ ! ਬੜੀ ਜਲਦੀ ਵਿੱਚ ਆਪ ਜੀ ਇਹ ਚਿੱਠੀ ਲਿਖਣ ਕਰਕੇ ਬਿਨਾਂ ਕਿਸੇ ਭੂਮਿਕਾ ਦੇ ਸਿੱਧਾ ਮੁੱਦੇ ਵਾਲੀ ਗੱਲ ਤੇ ਆਉਂਦਾ ਹਾਂ । ਇਸ ਮੁੱਦੇ ਤੇ ਬਹੁਤ ਜਿ਼ਆਦਾ ਸੋਚ ਵਿਚਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ,ਕਿਉਂ ਜੋ ਮੈਂ ਇਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਆਪ ਜੀ ਦੇ ਸਨਮੁੱਖ ਆਪਣੀ ਗੱਲ ਰੱਖ ਸਕਾਂ ਤਾਂ ਜੋ ਆਪ ਜਲਦੀ ਤੋਂ ਜਲਦੀ ਆਪਣੀ ਕੀਮਤੀ ਰਾਏ ਦੇ ਸਕੋਂ । ਗੱਲ ਇਉਂ ਹੈ ਕਿ ਆਪਾਂ ਸਭ ਆਪਣੇ ਸੁਨਹਿਰੇ ਭਵਿੱਖ ਦੀ ਆਸ ‘ਚ ਲੱਖਾਂ ਰੁਪਇਆ ਲਗਾ ਕੇ ਪੜ੍ਹਨ ਲਈ ਆਸਟ੍ਰੇਲੀਆ ਆਏ ਹੋਏ ਹਾਂ । ਇਹ ਕੋਈ ਜ਼ਰੂਰੀ ਨਹੀਂ ਕਿ ਜੋ ਆਪਾਂ ਸੋਚੀਏ ਜਾਂ ਚਾਹੀਏ, ਉਦਾਂ ਹੀ ਹੋਏ ਜਾਂ ਉਹੀ ਸਭ ਕੁਝ ਸਾਨੂੰ ਪ੍ਰਾਪਤ ਹੋਏ, ਕਿਉਂ ਜੋ ਦੁੱਖ-ਸੁੱਖ ਸਰੀਰਾਂ ਦੇ ਨਾਲ਼ ਹਨ । ਇਹ ਕਈ ਵਾਰ ਦੇਖਣ ਜਾਂ ਪੜ੍ਹਨ ‘ਚ ਆਇਆ ਹੈ ਕਿ ਕਈ ਵਿਦਿਆਰਥੀਆਂ ਦੀ ਅਨਹੋਣੀ ਮੌਤ ਹੋ ਚੁੱਕੀ ਹੈ । ਮੌਤ ਇੱਕ ਅਟੱਲ ਸਚਾਈ ਹੈ, ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ । ਜਿੰਦਗੀ ‘ਚ ਸਫ਼ਲ ਹੋਣ ਲਈ, ਜੋ ਸੰਘਰਸ਼ ਦਾ ਰਸਤਾ ਅਸੀਂ ਅਪਣਾ ਰੱਖਿਆ ਹੈ, ਉਸ ਰਸਤੇ ਤੇ ਚੱਲਦਿਆਂ ਅਸੀਂ ਇੰਨੇ ਕੁ ਵਿਅਸਤ ਜਾਂ ਪ੍ਰੇਸ਼ਾਨ ਹਾਂ ਕਿ “ਮੌਤ” ਸ਼ਬਦ ਕਿਸੇ ਦੇ ਯਾਦ ਚੇਤੇ ਵੀ ਨਹੀਂ ਹੈ, ਜਦ ਕਿ ਹਰ ਇੱਕ ਦਾ ਅੰਜ਼ਾਮ ਇਹੀ ਹੈ । ਹੁਣ ਸਮੱਸਿਆ ਇਹ ਹੈ ਕਿ ਜੋ ਕੋਈ ਬਦਕਿਸਮਤ ਇਸ ਅਣਹੋਣੀ ਦਾ ਸਿ਼ਕਾਰ ਹੋ ਜਾਂਦਾ ਹੈ, ਉਸਦੀ ਲਾਸ਼ ਪੰਜਾਬ ਭੇਜਣ ਤੇ ਬਹੁਤ ਜਿ਼ਆਦਾ ਖ਼ਰਚ ਆਉਂਦਾ ਹੈ । ਜਿਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵਾਰ-ਵਾਰ ਅਪੀਲਾਂ ਕਰਨੀਆਂ ਪੈਂਦੀਆਂ ਹਨ ਤੇ ਕਈ ਵਾਰ ਜ਼ਰੂਰਤ ਮੁਤਾਬਿਕ ਫੰਡ ਇਕੱਠੇ ਹੋਣ ਤੇ ਟਾਈਮ ਲੱਗ ਸਕਦਾ ਹੈ ਤੇ ਲਾਸ਼ ਸਮੇਂ ਸਿਰ ਨਹੀਂ ਭੇਜੀ ਜਾ ਸਕਦੀ । ਇਹ ਆਪਾਂ ਸਮਝ ਸਕਦੇ ਹਾਂ ਕਿ ਕਿਸੇ ਵੀ ਮਾਪਿਆਂ ਦਾ, ਜਿਨ੍ਹਾਂ ਦਾ ਜੁਆਨ ਧੀ-ਪੁੱਤ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ, ਉਨ੍ਹਾਂ ਤੇ ਕੀ ਬੀਤਦੀ ਹੋਵੇਗੀ ? ਜਦ ਲਾਸ਼ ਫੰਡ ਦੀ ਕਮੀ ਕਰਕੇ ਮਾਪਿਆਂ ਨੂੰ ਨਾ ਭੇਜੀ ਜਾ ਸਕਦੀ ਹੋਵੇ ਤਾਂ ਉਹ ਹੋਰ ਜਿ਼ਆਦਾ ਕੰਡਿਆਂ ਦੀ ਸੇਜ ਤੇ ਹੋ ਜਾਂਦੇ ਹਨ । ਮਜ਼ਬੂਰ ਮਾਪੇ ਘਰ ਬੈਠੇ ਵਿਲਕਦੇ ਰਹਿੰਦੇ ਹਨ, ਲਾਸ਼ ਇੱਥੇ ਰੁਲਦੀ ਰਹਿੰਦੀ ਹੈ । ਅਜਿਹੇ ਮੌਕੇ ਮਾਪੇ ਚਾਹੇ ਚੰਡੀਗੜ੍ਹ ਕੋਠੀ ‘ਚ ਬੈਠੇ ਹੋਣ ਜਾਂ ਫਰੀਦਕੋਟ ਕਿਰਾਏ ਦੇ ਮਕਾਨ ‘ਚ, ਸਭ ਦੀਆਂ ਭਾਵਨਾਵਾਂ ਬਰਾਬਰ ਹੁੰਦੀਆਂ ਹਨ । ਸਭ ਦੀ ਇੱਕ ਹੀ ਇੱਛਾ ਹੁੰਦੀ ਹੈ, ਸਭ ਨੂੰ ਇਹੀ ਲੱਗਦਾ ਹੈ ਕਿ ਬੱਸ ਉਹ ਜਾਣ ਵਾਲੇ ਦਾ “ਮੂੰਹ” ਦੇਖ ਲੈਣ, ਜਿੰਦਗੀ ‘ਚ ਹੋਰ ਕੁਝ ਨਹੀਂ ਚਾਹੀਦਾ । ਬਥੇਰੇ ਅਜਿਹੇ ਲੋਕ ਵਿਦੇਸ਼ਾਂ ‘ਚ ਵੱਸਦੇ ਨੇ, ਜਿਹੜੇ ਪੰਜਾਬ ‘ਚ ਕਿਸੇ ਆਪਣੇ ਪਿਆਰੇ ਦੇ ਜਹਾਨ-ਏ-ਫ਼ਾਨੀ ਤੋਂ ਤੁਰ ਜਾਣ ਤੇ ਉਸਨੂੰ ਜਾਂਦੀ ਵਾਰ ਦਾ ਸਲਾਮ ਵੀ ਨਾ ਕਹਿ ਸਕੇ । ਬਹੁਤਿਆਂ ਦੇ ਜਨਮ ਦਾਤੇ ਜਾਂ ਮਾਂ ਜਾਏ ਤੁਰ ਗਏ । ਬਥੇਰਿਆਂ ਦੀਆਂ ਰੱਖੜੀ ਬੰਨਣ ਵਾਲੀਆਂ ਭੈਣਾਂ ਤੁਰ ਗਈਆਂ । ਕੀ ਜਾਣ ਵਾਲਿਆਂ ਦੇ ਅੰਤਿਮ ਦਰਸ਼ਨ ਨਾ ਕਰ ਸਕਣ ਵਾਲੇ, ਅਜਿਹੇ ਸਮੇਂ ਆਪਣੇ ਇੱਥੇ ਆ ਕੇ ਵਸਣ ਤੇ ਪਛਤਾਵਾ ਨਹੀਂ ਕਰਦੇ ਹੋਣਗੇ ? ਕੀ ਡਾਲਰਾਂ ਦੀ ਚਮਕ ਆਪਣੇ ਪਿਆਰਿਆਂ ਦੀ ਯਾਦ ਧੁੰਦਲਾ ਕਰ ਸਕਦੀ ਹੈ ? ਯਾਦ ਰਹੇ, ਸਮਾਂ ਕਿਸੇ ਦੇ ਵੱਸ ਨਹੀਂ ਹੈ, ਕਿਸੇ ‘ਤੇ ਵੀ ਆਪਣਾ ਬੁਰਾ ਪ੍ਰਭਾਵ ਪਾ ਸਕਦਾ ਹੈ । ਮੇਰੇ ‘ਤੇ, ਤੁਹਾਡੇ ‘ਤੇ, ਰਾਮ ਲਾਲ ‘ਤੇ, ਸੋਹਣ ਸਿੰਘ ‘ਤੇ, ਡੇਵਿਡ ‘ਤੇ, ਅਲੀ ਹਸਨ ‘ਤੇ । ਕੌਣ ਦਾਅਵਾ ਕਰ ਸਕਦਾ ਹੈ ਕਿ ੳਹਦੇ ਦੁਆਲੇ ਬੁਰਾ ਸਮਾਂ ਆਉਣ ਤੋਂ “ਲਛਮਣ ਰੇਖਾ” ਖਿੱਚੀ ਹੋਈ ਹੈ ?
ਜ਼ਰਾ ਆਪਣਾ ਧਿਆਨ ਕੇਂਦਰਿਤ ਕਰੋ, ਪੰਜਾਬ ‘ਚ ਬੈਠੇ ਉਸ ਬਦਨਸੀਬ ਪਰਿਵਾਰ ‘ਤੇ, ਜਿਸ ਦਾ ਜਵਾਨ ਪੁੱਤ ਸਾਲ ਜਾਂ ਦੋ ਸਾਲ ਪਹਿਲਾਂ ਸੁਨਿਹਰੇ ਭਵਿੱਖ ਦੀ ਆਸ ‘ਚ ਏਥੇ ਆਇਆ ਤੇ ਬੇਰਹਿਮ ਮੌਤ ਨੇ ਉਸਨੂੰ ਆਪਣੇ ਪੰਜਿਆਂ ‘ਚ ਜਕੜ ਲਿਆ । ਹੁਣ ਕੀ ਇਹ ਜ਼ਰੂਰੀ ਹੈ ਕਿ ਹਰ ਇੱਕ ਦੇ ਮਾਪਿਆਂ ਦੀ ਜੇਬ ਏਨਾਂ ਭਾਰ ਝੱਲਦੀ ਹੋਵੇ ਕਿ ਲਾਸ਼ ਮੰਗਵਾਉਣ ਤੇ ਖਰਚ ਕਰ ਸਕਦੇ ਹੋਣ । ਜੇਕਰ ਲਾਸ਼ ਨਾ ਪਹੁੰਚ ਸਕੇ ਤੇ ਉਸਦਾ ਅੰਤਿਮ ਸੰਸਕਾਰ ਇੱਥੇ ਕਰਕੇ ਉਸਦੇ “ਫੁੱਲ” ਘਰਦਿਆਂ ਨੂੰ ਭੇਜ ਦਿੱਤੇ ਜਾਣ ਤਾਂ ਕੀ ਬੀਤੇਗੀ ਉਸ ਬਦਨਸੀਬ ਮਾਂ ਤੇ, ਜੋ ਆਪਣੇ ਲਾਲ ਨੂੰ ਆਖਰੀ ਪਿਆਰ ਨਾ ਦੇ ਸਕੀ । ‘ਤੇ ਤੁਹਾਡੇ ਤੇ ਕੀ ਬੀਤੇਗੀ ਜੇਕਰ ਉਹ ਮਾਂ ਤੁਹਾਨੂੰ ਹੀ ਕਹੇ, “ਮੇਰੇ ਜਾਂਦੇ ਪੁੱਤ ਨੂੰ ਤਾਂ ਕੋਈ ਨਹੀਂ ਸੀ ਰੋਕ ਸਕਦਾ, ਪਰ ਜੇ ਤੁਸੀਂ ਦਸ-ਦਸ, ਵੀਹ-ਵੀਹ ਡਾਲਰ ‘ਕੱਠੇ ਕਰਕੇ ਉਸਦੀ ਲਾਸ਼ ਪਹੁੰਚਦੀ ਕਰ ਦਿੰਦੇ ਤਾਂ ਮੈਂ ਆਪਣੇ ਪੁੱਤ ਦਾ ਮੂੰਹ ਤਾਂ ਦੇਖ ਲੈਂਦੀ, ਉਸਨੂੰ ਜਾਂਦੀ ਵਾਰੀ ਪਿਆਰ ਤਾਂ ਕਰ ਲੈਂਦੀ ।” ਕੀ ਜੁਆਬ ਦਿਓਗੇ ????? ਸ਼ਾਇਦ ਤੁਸੀਂ ਵੀ ਪਛਤਾਓਗੇ, ਇਹ ਸੋਚ ਕੇ ਕਿ ਚਾਹੇ ਜਾਣ ਵਾਲਾ ਤੁਹਾਡਾ ਕੋਈ ਨਹੀਂ ਸੀ ਪਰ ਕਿਸੇ ਮਾਂ ਦਾ ਤਾਂ ਪੁੱਤ ਸੀ, ਕਿਸੇ ਬਾਪ ਦੇ ਬੁਢਾਪੇ ਦੀ ਡੰਗੋਰੀ ਸੀ, ਕਿਸੇ ਭੈਣ ਦਾ ਵੀਰ ਤੇ ਕਿਸੇ ਵੀਰ ਦੀ ਬਾਂਹ ਸੀ । ਤੁਸੀਂ ਉਸਦੇ ਵਿਲਕਦੇ ਪਰਿਵਾਰ ਨੂੰ ਚਾਹੇ ਦੇਖ ਨਹੀਂ ਸਕਦੇ ਸੀ ਪਰ ਉਸਦੇ ਅੰਤਿਮ ਦਰਸ਼ਨ ਕਰਵਾਉਣ ਦਾ ਇੱਕ ਸਾਧਨ ਬਣ ਸਕਦੇ ਸੀ ।
ਪਿਆਰੇ ਵੀਰੋ, ਰੱਬ ਸਭ ਦੀਆਂ ਲੰਬੀਆਂ ਉਮਰਾਂ ਕਰੇ ਪਰ ਸਚਾਈ ਤੋਂ ਕੋਈ ਨਹੀਂ ਭੱਜ ਸਕਦਾ । ਇਹ ਸਭ ਕੁਝ ਲਿਖਣ ਦਾ ਮਕਸਦ ਆਪ ਸਭ ਸਮਝ ਹੀ ਗਏ ਹੋਵੋਗੇ । ਕਈਆਂ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਇਹ ਵਿਚਾਰ ਜਨਤਕ ਤੌਰ ਤੇ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ ਕਿ ਕੋਈ ਅਜਿਹੀ ਸੰਸਥਾ ਜਾਂ ਫੰਡ ਬਣਾਇਆ ਜਾਵੇ, ਜਿਸ ਵਿੱਚ ਮਾਇਆ ਇਕੱਤਰ ਕਰਕੇ ਕੇਵਲ ਅਜਿਹੇ ਹੀ ਦੁਖਿਆਰੇ ਪਰਿਵਾਰਾਂ ਦੀ ਮੱਦਦ ਕੀਤੀ ਜਾਏ । ਜਿੰਨੇ ਵੀ ਵਿਦਿਆਰਥੀ ਹਨ ਘੱਟੋ ਘੱਟ ਕੇਵਲ 10 ਡਾਲਰ ਪ੍ਰਤੀ ਮਹੀਨਾ ਇਕੱਠਾ ਕਰਕੇ ਸੰਸਥਾ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ । ਜ਼ਰੂਰੀ ਨਹੀਂ ਸਿਰਫ਼ 10 ਡਾਲਰ ਹੀ, ਜਿ਼ਆਦਾ ਵੀ ਕਰਵਾ ਸਕਦੇ ਹਨ, ਇਹ ਤਾਂ ਆਪਣੀ ਸਕੀਮ ਸਮਝਾਉਣ ਦਾ ਇੱਕ ਤਰੀਕਾ ਮਾਤਰ ਹੈ । ਇਹ ਵੀ ਸੋਚ ਨਹੀਂ ਰੱਖਣੀ ਕਿ ਕੋਈ ਪੈਸੇ ਇਕੱਤਰ ਕਰਨ ਲਈ ਆਏਗਾ ਜਾਂ ਪਰਚੀ ਕੱਟੇਗਾ । ਇਹ ਤਾਂ ਦਿਲਾਂ ਦੇ ਸੌਦੇ ਨੇ, ਦਿਲ ਮੰਨੇ ਦੀ ਗੱਲ ਹੈ । ਅਗਰ ਦਿਲ ‘ਚ ਕਿਸੇ ਅਣਜਾਣ ਪਰਿਵਾਰ ਦੀ ਮੱਦਦ ਕਰਨ ਦੀ ਭਾਵਨਾਂ ਆਉਂਦੀ ਹੈ ਤਾਂ ਬੈਂਕ ਜਾ ਕੇ ਪੈਸੇ ਜਮ੍ਹਾ ਕਰਵਾਉਣਾ ਮਾਮੂਲੀ ਗੱਲ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦਸ ਡਾਲਰ ਜਮ੍ਹਾਂ ਕਰਵਾਉਣ ਕੌਣ ਜਾਏ । ਉਸਦਾ ਵੀ ਇਲਾਜ ਹੈ । ਜੇਕਰ ਤੁਸੀਂ ਜਾਗਰੂਕ ਹੋ ਸਕਦੇ ਹੋ ਤਾਂ ਆਪਣਾ ਆਲਾ-ਦੁਆਲਾ ਵੀ ਜਾਗਰੂਕ ਕਰ ਸਕਦੇ ਹੋ । ਵਾਰੀ ਸਿਰ ਸਭ ਦੀ ਡਿਊਟੀ ਲੱਗ ਸਕਦੀ ਹੈ । ਜੇਕਰ ਤੁਸੀਂ ‘ਕੱਲੇ ਹੀ ਇਸ ਮਹਾਂਯੱਗ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਪੰਜਾਹ ਡਾਲਰ ਜਮ੍ਹਾਂ ਕਰਵਾ ਕੇ ਪੰਜ ਮਹੀਨਿਆਂ ਲਈ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰ ਸਕਦੇ ਹੋ । ਜੇ ਘੱਟ-ਵੱਧ ਵੀ ਕਰਵਾਉਂਦੇ ਹੋ ਤਾਂ ਵੀ ਨਾ ਤਾਂ ਕੋਈ ਤੁਹਾਡੇ ਤੋਂ ਹਿਸਾਬ ਮੰਗੇਗਾ ਤੇ ਨਾ ਹੀ ਬਕਾਏ ਲਈ ਤਕਾਜ਼ਾ ਕਰੇਗਾ । ਹਾਂ ! ਤੁਸੀਂ ਜਰੂਰ ਸੰਸਥਾ ਤੋਂ ਹਿਸਾਬ ਮੰਗਣ ਦੇ ਹੱਕਦਾਰ ਹੋ, ਚਾਹੇ ਕੋਈ ਡਾਲਰ ਦਿੰਦੇ ਹੋ ਜਾਂ ਨਹੀਂ । ਸਾਰੀ ਦੀ ਸਾਰੀ ਰਕਮ ਬੈਂਕ ਵਿੱਚ ਜਮ੍ਹਾਂ ਹੋਏਗੀ । ਜ਼ਰਾ ਸੋਚ ਕੇ ਦੇਖੋ ਕਿ ਇਸ ਵੇਲੇ ਆਸਟ੍ਰੇਲੀਆ ‘ਚ ਕਰੀਬ ਇੱਕ ਲੱਖ ਭਾਰਤੀ ਵਿਦਿਆਰਥੀ ਹਨ, ਜੇਕਰ ਆਪਣੇ ਨਾਲ਼ ਕੇਵਲ 1000 ਹੀ ਜੁੜਦੇ ਹਨ ਤਾਂ ਦਸ ਡਾਲਰ ਦੇ ਹਿਸਾਬ ਨਾਲ਼ ਦਸ ਹਜ਼ਾਰ ਡਾਲਰ ਪ੍ਰਤੀ ਮਹੀਨਾ ਇਕੱਤਰ ਹੋ ਜਾਣਗੇ ਜੋ ਕਿ ਇੱਕ ਲਾਸ਼ ਭਾਰਤ ਭੇਜਣ ਲਈ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ । ਹੁਣ ਦੇਖੋ ਕਿ ਤੁਹਾਡੀ ਨੇਕ ਕਮਾਈ ‘ਚੋਂ ਦਿੱਤੇ ਕੇਵਲ 10 ਡਾਲਰਾਂ ਨਾਲ਼ ਕਿੰਨੇ ਪੁੰਨ ਦਾ ਕੰਮ ਹੋ ਗਿਆ । ਮਾਪਿਆਂ ਦਾ ਪੁੱਤਰ ਤਾਂ ਆਪਾਂ ਵਾਪਿਸ ਨਹੀਂ ਲਿਆ ਸਕਦੇ, ਪਰ ਜਾਂਦੀ ਵਾਰ ਦੇ ਆਖਰੀ ਮੇਲੇ ਕਰਵਾਉਣ ਦੇ ਪੁੰਨ ਦੇ ਕਾਰਜ ‘ਚ ਜਰੂਰ ਭਾਗੀਦਾਰ ਹੋ ਸਕਦੇ ਹਾਂ ।
ਸੋਚ ਇਹ ਹੈ ਕਿ ਰੱਬ ਨਾ ਕਰੇ, ਜਦ ਵੀ ਕਦੀ ਕਿਸੇ ‘ਤੇ ਅਜਿਹੀ ਦੁੱਖ ਦੀ ਘੜੀ ਆ ਜਾਵੇ ਤੇ ਉਹ ਸੰਸਥਾ ਨਾਲ ਸੰਪਰਕ ਕਰੇ ਤਾਂ ਸੰਸਥਾ ਦੇ ਮੈਂਬਰ, ਹੋਈ ਅਨਹੋਣੀ ਦੀ ਪੂਰੀ ਪੜਚੋਲ ਕਰਨਗੇ ਤੇ ਦੁਖੀ ਪਰਿਵਾਰ ਦੀ ਜੋ ਵੀ ਮੁਨਾਸਿਬ ਮੱਦਦ ਕਰਨੀ ਬਣਦੀ ਹੈ, ਉਹ ਕਰਨਗੇ । ਸੰਸਥਾ ਹੋਰ ਕੀ ਕੰਮ ਕਰ ਸਕਦੀ ਹੈ, ਇਸ ਕਿਸਮ ਦਾ ਕੋਈ ਆਇਡੀਆ ਫਿਲਹਾਲ ਮੇਰੇ ਦਿਮਾਗ ਵਿੱਚ ਨਹੀਂ ਆਇਆ ਪਰ ਇਹ ਸੰਸਥਾ ਪੂਰਣ ਰੂਪ ਵਿੱਚ ਧਾਰਮਿਕ ਤੇ ਸਿਆਸੀ ਕਾਰਗੁਜ਼ਾਰੀਆਂ ਤੋਂ ਪਰ੍ਹੇ ਹੋਵੇਗੀ । ਜੇਕਰ ਕਿਸੇ ਵਿਦਿਆਰਥੀ ਦੀ ਫ਼ੀਸ ਦਾ ਇੰਤਜ਼ਾਮ ਨਹੀਂ ਹੁੰਦਾ ਜਾਂ ਪੈਸੇ ਖ਼ਤਮ ਹੋ ਗਏ ਤਾਂ ਸੰਸਥਾ ਅਜਿਹੇ ਲੋਕਾਂ ਦੀ ਮੱਦਦ ਨਹੀਂ ਕਰ ਸਕੇਗੀ । ਅੱਜ ਦੀ ਸੋਚ ਮੁਤਾਬਿਕ ਤਾਂ ਕੇਵਲ ਵਿਦਿਆਰਥੀਆਂ, ਉਨ੍ਹਾਂ ਦੇ ਪਤੀ-ਪਤਨੀ ਜਾਂ ਬੱਚੇ ਨਾਲ਼ ਹੋਈ ਅਨਹੋਣੀ ਵਿੱਚ ਹੀ ਮੱਦਦ ਕੀਤੀ ਜਾਵੇਗੀ ।
ਇੱਥੇ ਵਸਦੇ ਪੁਰਾਣੇ ਬਸਿ਼ੰਦਿਆਂ ਦੀ ਮੱਦਦ ਤੋਂ ਬਿਨਾਂ ਵੀ ਅਸੀਂ ਕੁਝ ਕਰਨ ਜੋਕਰੇ ਨਹੀਂ ਹੋਵਾਂਗੇ । ਜੇਕਰ ਉਹ ਸਾਡੇ ਮਾਰਗ ਦਰਸ਼ਕ ਬਣਨਗੇ ਤਾਂ ਹੀ ਇਹ ਕੰਮ ਅਮਲੀ ਰੂਪ ਵਿੱਚ ਸੁਚਾਰੂ ਢੰਗ ਨਾਲ਼ ਸਿਰੇ ਚੜ੍ਹ ਸਕਦਾ ਹੈ । ਸੰਸਥਾ ਦੀ ਮਾਇਕ ਮੱਦਦ ਲਈ ਅਪੀਲ ਤਾਂ ਸਭ ਨੂੰ ਹੀ ਹੋਇਆ ਕਰੇਗੀ । ਅਗਲੀ ਬੇਨਤੀ ਮੀਡੀਆ ਲਈ ਹੈ ਕਿ ਉਨ੍ਹਾਂ ਦੀ ਮੱਦਦ ਬਿਨਾਂ ਅਸੀੰ ਆਪਣੀ ਸੋਚ, ਆਪਣੇ ਮੰਤਵ ਨੂੰ ਆਮ ਜਨਤਾ ਵਿੱਚ ਨਹੀਂ ਰੱਖ ਸਕਾਂਗੇ । ਇਸ ਲਈ ਉਨ੍ਹਾਂ ਦੇ ਵੀ ਭਰਪੂਰ ਸਹਿਯੋਗ ਦੀ ਜ਼ਰੂਰਤ ਰਹੇਗੀ ।
ਪੰਜਾਬੀ ਭਰਾਓ ! ਇਹ ਹੈ ਮੋਟੀ ਜਿਹੀ ਰੂਪ-ਰੇਖਾ, ਜਿਸਨੂੰ ਤੁਹਾਡੀ ਸਭ ਦੀ ਮੱਦਦ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ । ਯਾਦ ਰਹੇ, ਇਹ ਸਭ ਗੱਲਾਂ ਕੋਈ ਫੈਸਲਾ ਨਹੀਂ ਹਨ, ਕੇਵਲ ਇੱਕ ਸੋਚ ਮਾਤਰ ਹੈ, ਜੋ ਤੁਹਾਡੇ ਨਾਲ਼ ਸਾਂਝੀ ਕੀਤੀ ਹੈ । ਹੁਣ ਸਭ ਅੱਗੇ ਇਹ ਬੇਨਤੀ ਹੈ ਕਿ ਆਪਣੇ ਵਿਚਾਰ ਦੱਸੋ ਕਿ ਕੀ ਪੁੰਨ ਦਾ ਅਜਿਹਾ ਕਾਰਜ ਕਰਨ ਬਾਰੇ ਸੋਚਣਾ ਚਾਹੀਦਾ ਹੈ ? ਜੋ ਗੱਲਾਂ ਤੁਹਾਡੇ ਨਾਲ਼ ਕੀਤੀਆਂ, ਕੀ ਤੁਹਾਨੂੰ ਜਚੀਆਂ ਹਨ ? ਇਹੀ ਸਭ ਤੋਂ ਪਹਿਲਾ ਸੁਆਲ ਹੈ, ਬਾਕੀ ਤਾਂ ਵਿਚਾਰਾਂ ਹੀ ਬਾਅਦ ਦੀਆਂ ਹਨ । ਜੇਕਰ ਜਚੀਆਂ ਹਨ ਤੇ ਤੁਹਾਡਾ ਹਾਂ ਪੱਖੀ ਜੁਆਬ ਹੈ ਤਾਂ ਇਹ ਮਾਰਗ ਦਰਸ਼ਨ ਕਰੋ ਕਿ ਸੰਸਥਾ ਕਿਸ ਤਰ੍ਹਾਂ ਬਣਾਈ ਜਾਏ ? ਮੈਂਬਰ ਕਿੱਥੋਂ ਤੇ ਕਿੰਝ ਚੁਣੇ ਜਾਣ ? ਫੰਡ ਕਿੱਦਾਂ ਇਕੱਤਰ ਕੀਤੇ ਜਾਣ ? ਅਨਹੋਣੀ ਹੋਣ ਤੇ ਮੱਦਦ ਕਰਨ ਦਾ ਫੈਸਲਾ ਕਿੰਝ ਲਿਆ ਜਾਏ ? ਕਿੰਨੀ ਮੱਦਦ ਕੀਤੀ ਜਾਏ ? ਅਜਿਹੀਆਂ ਬੁਨਿਆਦੀ ਸਲਾਹਾਂ ਦੀ ਜ਼ਰੂਰਤ ਹੈ । ਤੁਹਾਡੀ ਸੋਚ ਹਾਂ ਪੱਖੀ ਹੈ ਜਾਂ ਨਾਂਹ ਪੱਖੀ, ਸੂਚਿਤ ਜ਼ਰੂਰ ਕਰਨਾ । ਮੋਬਾਇਲ ਤੇ ਮੈਸੇਜ ਭੇਜ ਸਕਦੇ ਹੋ ਜਾਂ ਈ-ਮੇਲ ਤਾਂ ਸਭ ਤੋਂ ਵਧੀਆ ਤਰੀਕਾ ਹੈ, ਆਪਣੇ ਵਿਚਾਰ ਪਰਗਟ ਕਰਨ ਤੇ ਸੇਧ ਦੇਣ ਦਾ । ਇਹ ਕੋਈ ਇੱਕ ਅੱਧੇ ਦਿਨ ਦੀ ਖੇਡ ਤਾਂ ਹੈ ਨਹੀਂ । ਜੇਕਰ ਹਾਂ ਪੱਖੀ ਹੁੰਗਾਰਾ ਮਿਲਦਾ ਹੈ ਤਾਂ ਅਗਲੀਆਂ ਸਲਾਹਾਂ ਕਰਨ ਲਈ ਆਪ ਸਭ ਨਾਲ਼ ਮੀਡੀਆ ਦੇ ਜ਼ਰੀਏ ਵਾਰ ਵਾਰ ਮਿਲਣਾ ਹੋਏਗਾ ਤੇ ਟਾਈਮ ਤਾਂ ਹਰ ਕੰਮ ਤੇ ਲੱਗਦਾ ਹੀ ਹੈ ।
ਦੋਸਤੋ ! ਅੱਜ ਜੋ ਬੀਜ ਅੱਜ ਤੁਹਾਡੇ ਹਿਰਦਿਆਂ ‘ਚ ਬੀਜਣ ਦੀ ਕੋਸਿ਼ਸ਼ ਕਰ ਰਿਹਾ ਹਾਂ, ਉਸਨੂੰ ਖਾਦ-ਪਾਣੀ ਦੇਣਾ ਤੇ ਮੀਂਹ-ਹਨੇਰੀ ਤੋਂ ਬਚਾ ਕੇ ਰੱਖਣਾ ਤੁਹਾਡੇ ਵੱਸ ਹੈ । ਹੋ ਸਕਦਾ ਹੈ ਇਸ ਬੀਜ ਨੂੰ ਪੁੰਗਰ ਕੇ ਭਰਪੂਰ ਦਰੱਖਤ ਬਨਣ ਤੇ ਵਰ੍ਹੇ ਲੱਗ ਜਾਣ ਤੇ ਉਸ ਸਮੇਂ ਤੱਕ ਮੈਂ ਆਸਟ੍ਰੇਲੀਆ ‘ਚ ਨਾ ਹੋਵਾਂ ਕਿਉਂ ਜੋ ਅੱਜ ਦੇ ਹਾਲਤਾਂ ਮੁਤਾਬਿਕ ਕੇਵਲ ਡੇਢ ਸਾਲ ਹੀ ਇੱਥੇ ਹਾਂ । ਪਰ ਅਗਰ ਤੁਸੀਂ ਭਰਪੂਰ ਸਹਿਯੋਗ ਦਿਓ ਤਾਂ ਸ਼ਾਇਦ ਕਿਸੇ ਅਜਿਹੀ ਮਾਂ ਦੀਆਂ ਆਂਦਰਾਂ ਠੰਢੀਆਂ ਕਰਨ ‘ਚ ਕਾਮਯਾਬ ਹੋ ਜਾਈਏ, ਜਿਸ ਦਾ ਪੁੱਤ-ਧੀ ਇਸ ਦੁਨੀਆਂ ਤੋਂ ਤੁਰ ਗਿਆ ਹੋਵੇ । ਹੋ ਸਕਦਾ ਹੈ ਕਿ ਅਜਿਹੀ ਸੋਚ ਪਹਿਲਾਂ ਵੀ ਕਿਸੇ ਦੇ ਦਿਮਾਗ ‘ਚ ਆਈ ਹੋਵੇ ਤੇ ਕਿਸੇ ਕਾਰਨ ਨੇਪਰੇ ਨਾ ਚੜ੍ਹ ਸਕੀ ਹੋਵੇ । ਜੇਕਰ ਕੋਈ ਅਜਿਹਾ ਵੀਰ ਇਸ ਖ਼ਤ ਨੂੰ ਪੜ੍ਹਦਾ ਹੈ ਤਾਂ ਉਹ ਜ਼ਰੂਰ ਹੀ ਸੰਪਰਕ ਕਰਨ ਦੀ ਖੇਚਲ ਕਰੇ ਤਾਂ ਜੋ ਉਹ ਮੁਨਾਸਿਬ ਸੇਧ ਤੇ ਜਾਣਕਾਰੀ ਦੇ ਸਕੇ ।

ਮੋਬਾਇਲ : 0433 442 722
ਈ ਮੇਲ : rishi22722@yahoo.com

No comments: