ਮਾਂ ਦਾ ਦਰਜਾ.......... ਗੀਤ / ਰਣਜੀਤ ਕਿੰਗਰਾ

ਰੱਬ ਤੋਂ ਉਚਾ ਮਾਂ ਦਾ ਦਰਜਾ
ਕਦੇ ਨਾ ਲਹਿੰਦਾ ਮਾਂ ਦਾ ਕਰਜਾ
ਵੱਖਰਾ ਹੀ ਨਿੱਘ ਹੁੰਦਾ ਮਾਂ ਦੀਆਂ ਬਾਹਵਾਂ ਦਾ
ਕਲੀਆਂ ਤੋਂ ਵੱਧ ਕੋਮਲ ਹਿਰਦਾ ਮਾਵਾਂ ਦਾ..........


ਬੱਚਿਆਂ ਦੇ ਸਾਹ ਵਿਚ ਸਾਹ ਲੈਂਦੀ
ਤੱਤੀ ਵਾ ਨਾ ਲੱਗੇ ਕਹਿੰਦੀ
ਮਾਂ ਮੈਂ ਚੁੰਮਦਾ ਰੇਤਾ ਤੇਰੀਆਂ ਰਾਹਵਾਂ ਦਾ..........

ਪੁੱਤਰਾਂ ਲਈ ਅਰਦਾਸਾਂ ਕਰਦੀ
ਜੱਗ ਦੀ ਭੈੜੀ ਨਜ਼ਰ ਤੋਂ ਡਰਦੀ
ਫ਼ਰਕ ਨਾ ਪੈ ਜੇ ਕਿਧਰੇ ਸਕੇ ਭਰਾਵਾਂ ਦਾ..........

ਓਏ ਦੁਨੀਆਂ ਦੇ ਲੋਕੋ ਸੋਚੋ
ਮਾਂ ਪੂਜੋ ਉਹਦੇ ਪਿਆਰ ਨੂੰ ਲੋਚੋ
ਕੋਈ ਭਰੋਸਾ ਹੁੰਦਾ ਨਹੀਂ ਜੇ ਸਾਹਵਾਂ ਦਾ..........

ਮਾਂ ਮਰਜੇ ਪਛਤਾਉਣਾ ਪੈਂਦਾ
ਅਰਥੀ ਮੋਢਾ ਲਾਉਣਾ ਪੈਂਦਾ
ਬੇੜੀ ਬਾਝੋਂ ਕਾਹਦਾ ਜ਼ੋਰ ਮਲਾਹਵਾਂ ਦਾ..........

ਪਿੰਡ ਚਕਰ ਜਦ ਕਿੰਗਰਾ ਆਵੇ
ਮਾਂ ਦੇ ਚਰਨਾਂ ਨੂੰ ਹੱਥ ਲਾਵੇ
ਵਰ੍ਹਦਾ ਦੇਖੋ ਛਮ-ਛਮ ਮੀਂਹ ਦੁਆਵਾਂ ਦਾ..........

1 comment:

Rishi Gulati said...

ਬਾਈ ਰਣਜੀਤ,
ਯਾਰ ! ਅੱਜ ਵੈੱਬਸਾਈਟ ਅਪਡੇਟ ਕਰਨ ਲੱਗਿਆਂ ਤੁਹਾਡੇ ਗੀਤ ਨੇ ਅੱਖਾਂ ਭਰ ਦਿੱਤੀਆਂ । ਘਰ ਤੋਂ ਹਜ਼ਾਰਾਂ ਮੀਲ ਦੂਰ, ਸਮੁੰਦਰੋਂ ਪਾਰ ਬੈਠਿਆਂ ਨੂੰ ਪਰਿਵਾਰ ਤਾਂ ਕਦੇ ਭੁੱਲਦਾ ਤਾਂ ਨਹੀਂ ਪਰ ਤੁਹਾਡਾ ਗੀਤ ਪੜ੍ਹ ਕੇ ਮਨ ਹੋਰ ਉਦਾਸ ਹੋ ਗਿਆ । ਕਿਹੜਾ ਚੰਦਰਾ ਵੇਲਾ ਸੀ ਬਾਈ, ਜਦੋਂ ਘਰ ਛੱਡ ਕੇ ਆਉਣ ਦਾ ਫੈਸਲਾ ਕਰ ਬੈਠਾ.................

ਰਿਸ਼ੀ ਗੁਲਾਟੀ
ਮੈਲਬੌਰਨ (ਆਸਟਰੇਲੀਆ)