ਸਾਨੂੰ ਨਸਲਵਾਦ ਨਹੀਂ; ਅਸਲਵਾਦ ਨੇ ਮਾਰਿਆ.......... ਲੇਖ਼ / ਮਿੰਟੂ ਬਰਾੜ

ਅੱਜ ਫੇਰ ਤੁਹਾਡੇ ਮੂਹਰੇ ਉਹੀ ਕਹੀ ਤੇ ਕੁਹਾੜੀ ਲੈ ਕੇ ਬਹਿ ਗਿਆ ਹਾਂ। ਬਹੁਤ ਸਾਰੇ ਪਾਠਕ ਸੋਚਣਗੇ ਕਿ ਮੇਰੇ ਕੋਲ ਸ਼ਾਇਦ ਲਿਖਣ ਨੂੰ ਕੁੱਝ ਬਾਕੀ ਨਹੀਂ ਰਿਹਾ ਤੇ ਇਸੇ ਲਈ ਵਾਰ-ਵਾਰ ਉਹੀ ਘਸਿਆ-ਪੁਰਾਣਾ ਮੁੱਦਾ ਲੈ ਕੇ ਬਹਿ ਜਾਂਦਾ ਹਾਂ। ਪਰ ਦੋਸਤੋ ਲਿਖਣ ਨੂੰ ਤਾਂ ਬਹੁਤ ਕੁੱਝ ਹੈ। ਪਰ, ਜਿੰਨਾਂ ਕਹਾਣੀਆਂ ਨੇ ਕਿਸੇ ਦਾ ਕੁੱਝ ਸੰਵਾਰਨਾ ਹੀ ਨਹੀਂ ਉਹ ਪਾਉਣੀਆਂ ਵਕਤ ਦੀ ਬਰਬਾਦੀ ਤੋਂ ਵੱਧ ਹੋਰ ਕੁੱਝ ਵੀ ਨਹੀਂ ਹਨ ਅਤੇ ਦੂਜੀ ਗੱਲ ਜਦੋਂ ਅੱਖਾਂ ਦੇ ਸਾਹਮਣੇ ਹਕੀਕਤ ਦੇਖ ਰਹੇ ਹੋਈਏ ਤਾਂ ਕਲਪਨਾਵਾਂ ਕਰਨ ਦੀ ਕੀ ਲੋੜ ਹੈ? ਹਕੀਕਤ ਵੀ ਇਹੋ ਜਿਹੀ ਜਿਸ ਨੇ ਇਕ ਨਹੀਂ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੋਵੇ। ਸੋ ਦੋਸਤੋ ਭਾਵੇਂ ਮੁੱਦਾ ਉਹੀ ਪੁਰਾਣਾ ਆਸਟ੍ਰੇਲੀਆ ਵਿੱਚ ਚੰਗੇ ਭਵਿੱਖ ਦੀ ਭਾਲ ਚ ਆਏ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਉੱਤੇ ਹੀ ਘੁੰਮਦਾ ਹੈ ਪਰ ਹੁਣ ਜੋ ਮੋੜ ਇਹ ਮਾਮਲਾ ਲੈ ਚੁੱਕਿਆ ਹੈ ਉਸ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਨ ਲਈ ਇਹ ਲੇਖ ਲਿਖਣਾ ਮੇਰੀ ਮਜਬੂਰੀ ਬਣ ਗਿਆ ਸੀ।
ਆਸਟ੍ਰੇਲੀਆ ਪੜ੍ਹਨ ਆਉਣ ਤੋਂ ਪਹਿਲਾਂ ਇੰਡੀਆ ਵਿੱਚ ਆਈਲਟਸ ਦੀ ਤਿਆਰੀ ਵੇਲੇ ਇੰਟਰਵਿਊ ਦੀ ਪ੍ਰੈਕਟਿਸ ਕਰ ਰਹੇ ਹਰ ਵਿਦਿਆਰਥੀ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ, ਤੁਸੀ ਆਸਟ੍ਰੇਲੀਆ ਕੀ ਲੈਣ ਜਾ ਰਹੇ ਹੋ? ਤਾਂ ਹਰ ਇਕ ਦਾ ਇਕੋ ਜਵਾਬ ਹੁੰਦਾ ਹੈ ਕਿ ਚੰਗੇ ਭਵਿੱਖ ਲਈ । ਇਹ ਕੋਈ ਘੜਿਆ-ਘੜਾਇਆ ਜਵਾਬ ਨਹੀਂ ਹੁੰਦਾ ਬਲਕਿ ਇਕ ਨਿਰੋਲ ਸੱਚ ਹੁੰਦਾ ਹੈ। ਪਰ ਅੱਜ ਇਹੀ ਸੱਚ ਸਰਾਪ ਦਾ ਰੂਪ ਧਾਰਨ ਕਰਕੇ ਚੰਗੇ ਭਵਿੱਖ ਦੇ ਸੌਦਾਗਰਾਂ ਨੂੰ ਇਕ ਇਕ ਕਰਕੇ ਨਿਗਲ਼ ਰਿਹਾ ਹੈ। ਇਸ ਉਲਝ ਚੁੱਕੇ ਤਾਣੇ-ਬਾਣੇ ਨੂੰ ਸੁਲਝਣਾ ਸੁਖਾਲਾ ਨਹੀਂ ਜਾਪ ਰਿਹਾ। ਪਰ ਆਪਾਂ 'ਆਪਾਂ ਪੜਚੋਲ' ਜਰੂਰ ਕਰ ਸਕਦੇ ਹਾਂ ਕਿ ਅੱਜ ਜੋ ਹਾਲਾਤ ਬਣੇ ਹਨ ਉਸ ਪਿੱਛੇ ਦੋਸ਼ੀ ਕੋਣ ਹੈ?
ਦੋਸ਼ੀ ਦੱਸਣ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਇਸ ਲੇਖ ਦਾ ਸਿਰਲੇਖ ਹੀ ਦੱਸ ਰਿਹਾ ਹੈ ਕਿ 'ਸਾਨੂੰ ਨਸਲਵਾਦ ਨਹੀਂ ਅਸਲਵਾਦ ਨੇ ਮਾਰਿਆ'! ਸਭ ਤੋਂ ਪਹਿਲਾਂ ਨਸਲਵਾਦ ਤੇ ਅਸਲਵਾਦ ਦੇ ਅੱਖਰੀਂ ਅਰਥ ਜਾਣਨੇ ਬਹੁਤ ਜਰੂਰੀ ਹਨ। ਨਸਲਵਾਦ ਤਾਂ ਹਰ ਇਕ ਦੇ ਸਮਝ ਆਉਣ ਵਾਲਾ ਸ਼ਬਦ ਹੈ ਪਰ ਅਸਲਵਾਦ ਹਾਲੇ ਤਕ ਕਿਸੇ ਸ਼ਬਦ-ਕੋਸ਼ ਦਾ ਹਿੱਸਾ ਨਹੀਂ ਹੈ। ਪਰ ਕਈ ਬਾਰ ਕੁੱਝ ਖ਼ਾਸ ਹਾਲਾਤ ਨਵੇਂ ਸ਼ਬਦ ਦੀ ਉਤਪਤੀ ਕਰ ਦਿੰਦੇ ਹਨ। ਅੱਜ ਆਸਟ੍ਰੇਲੀਆ ਵਿੱਚ ਪੈਦਾ ਹੋਏ ਹਾਲਤਾਂ ਨੇ ਅਸਲਵਾਦ ਸ਼ਬਦ ਨੂੰ ਜਨਮ ਦਿਤਾ ਹੈ। ਸਰਲ ਭਾਸ਼ਾ ਵਿੱਚ ਇਸ ਦਾ ਅਰਥ 'ਆਪਣਿਆਂ ਵੱਲੋਂ ਕੀਤਾ ਦੁਰਵਿਹਾਰ' ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਲੇਖ ਵਿੱਚ ਸਾਨੂੰ ਇਹ ਸ਼ਬਦ ਵਾਰ-ਵਾਰ ਵਰਤਣਾ ਪਵੇਗਾ ਸੋ ਅਸੀਂ ਇਥੇ ਆਪਣਿਆਂ ਨੂੰ ਅਸਲੀ ਤੇ ਗ਼ੈਰਾਂ ਨੂੰ ਨਸਲੀ ਕਹਿ ਕੇ ਸੰਬੋਧਨ ਕਰਾਂਗੇ। ਭਾਵੇਂ ਮੇਰੇ ਧਰਮ ਵਿੱਚ ਇਹੋ ਜਿਹੇ ਸ਼ਬਦਾਂ ਲਈ ਕੋਈ ਥਾਂ ਨਹੀਂ ਕਿਉਂਕਿ ਸਾਡਾ ਧਰਮ ਤਾਂ ਕਹਿੰਦਾ ਹੈ ਕਿ, 'ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ' ਪਰ ਇਸ ਕਲਯੁਗੀ ਵਕਤ ਵਿੱਚ ਅਸੀਂ ਕਿੰਨਾ ਕੁ ਧਰਮ ਨਿਭਾ ਰਹੇ ਹਾਂ? ਜੇ ਇਕ ਹੋਰ ਕੁਤਾਹੀ ਕਰ ਲਵਾਂਗੇ ਤਾਂ ਕਿ ਫ਼ਰਕ ਪੈਣ ਲੱਗਾ। ਇਸ ਸਾਰੇ ਕਾਂਡ ਨੂੰ ਵਿਸਥਾਰ ਚ ਜਾਨਣ ਲਈ ਕੁੱਝ ਸਾਲ ਪਿੱਛੇ ਮੁੜ ਕੇ ਦੇਖਣਾ ਪਵੇਗਾ। ਜਦੋਂ ਤੋਂ ਆਸਟ੍ਰੇਲੀਆ ਵਿੱਚ ਸਟੂਡੈਂਟਸ ਦੀ ਆਮਦ ਸ਼ੁਰੂ ਹੋਈ ਹੈ ਉਸੇ ਦਿਨ ਤੋਂ ਇਹ ਨਸਲੀਆਂ ਦੀ ਅੱਖ ਵਿੱਚ ਭਾਵੇਂ ਇਹ ਰੜਕੇ ਹੋਣ ਜਾਂ ਨਾ ਪਰ ਅਸਲੀਆਂ ਦੀ ਅੱਖ ਵਿੱਚ ਰੋੜ੍ਹ ਵਾਂਗੂੰ ਚੁਭ ਰਹੇ ਹਨ। ਇਸ ਦਾ ਕਾਰਨ ਸੀ ਨਵੇਂ ਆਏ ਮੁੰਡਿਆਂ ਦਾ ਵਰਤਾਰਾ। ਜਿਸ ਦਾ ਅਸਲੀ ਕਾਰਨ ਦੋ ਸੱਭਿਆਚਾਰਾਂ ਦਾ ਫ਼ਰਕ ਸੀ। ਕਹਿੰਦੇ ਹਨ ਕਿ ਸਪਰਿੰਗ ਨੂੰ ਜਿਨ੍ਹਾਂ ਦੱਬੀ ਰੱਖੋਗੇ ਛੱਡਣ ਤੇ ਉਹ ਉਹਨਾਂ ਜਿਆਦਾ ਹੀ ਬੁੜ੍ਹਕਦਾ। ਇੰਡੀਆ ਵਿੱਚ 'ਲੋਕ ਕੀ ਕਹਿਣਗੇ' ਦੇ ਭਾਰ ਥੱਲੇ ਦੱਬਿਆ ਇਹ ਸਟੂਡੈਂਟ ਰੂਪੀ ਸਪਰਿੰਗ ਜਦ ਆਸਟ੍ਰੇਲੀਆ ਦੀ ਖੁੱਲ੍ਹੀ ਹਵਾ ਵਾਲੇ ਮੈਦਾਨ ਵੱਲ ਨੂੰ ਮੂੰਹ ਕਰਕੇ ਛਡਿਆ ਤਾਂ ਉਸ ਨੇ ਆਪਣੀ ਅਪਚਾਰਿਕਤਾ ਤਾਂ ਨਿਭਾਉਣੀ ਹੀ ਸੀ। ਜੋ ਸਾਡੇ ਇਥੇ ਸਥਾਪਿਤ ਹੋ ਚੁੱਕੇ ਸਮਾਜ ਨੂੰ ਚੰਗੀ ਨਹੀਂ ਲੱਗੀ ਤੇ ਪਹਿਲੇ ਦਿਨ ਤੋਂ ਹੀ ਦੋਹਾਂ ਦਰਮਿਆਨ ਪਾੜਾ ਪੈ ਗਿਆ। ਬੱਸ ਇਥੋਂ ਚੱਲੀ ਇਹ ਰੀਤ ਹਾਲੇ ਤਕ ਨਿਰਵਿਘਨ ਜਾਰੀ ਹੈ। ਅਸਲ ਵਿੱਚ ਇਹ ਸੀ ਵੀ ਨਾ ਹਜ਼ਮ ਹੋਣ ਵਾਲੀ ਗੱਲ ਪਰ ਇਸ ਦਾ ਹੱਲ ਕੱਢਿਆ ਜਾ ਸਕਦਾ ਸੀ।
ਤੁਹਾਨੂੰ ਰਾਹੇ ਵਗਾਹੇ ਜਾਂਦੇ ਇਹੋ ਜਿਹੇ ਇਨਸਾਨ ਆਮ ਮਿਲ ਜਾਣਗੇ ਜੋ ਇਹ ਕਹਿੰਦੇ ਆਮ ਸੁਣੇ ਜਾ ਸਕਦੇ ਹਨ ਕਿ 'ਬਈ ਸੁੱਖ ਨਾਲ ਬੜੀਆਂ ਰੌਣਕਾਂ ਲੱਗ ਗਈਆਂ ਹੁਣ ਤਾਂ ਆਸਟ੍ਰੇਲੀਆ ਵਿੱਚ ਆਪਣੇ ਲੋਕਾਂ ਦੀਆਂ ਕਿਆ ਬਾਤ ਹੈ' ਪਰ ਮੈਨੂੰ ਨਹੀਂ ਲਗਦਾ ਉਹ ਇਹ ਗੱਲ ਦਿਲੋਂ ਕਹਿ ਰਹੇ ਹੋਣ, ਕਿਉਂਕਿ ਜੇ ਉਹ ਇਹ ਦਿਲੋਂ ਕਹਿੰਦੇ ਹੁੰਦੇ ਤਾਂ ਇਹ ਕੋਈ ਖ਼ਾਸ ਮਸਲਾ ਨਹੀਂ ਸੀ। ਇਸ ਬੁੜ੍ਹਕਦੇ ਸਪਰਿੰਗ ਨੂੰ ਤਜਰਬੇਕਾਰ ਅਸਲੀ ਬੜੀ ਆਸਾਨੀ ਨਾਲ ਕਾਬੂ ਕਰ ਸਕਦੇ ਸਨ। ਪਰ ਕਿਸੇ ਨੇ ਵੀ ਇਕ ਦੂਜੇ ਨਾਲ ਗੱਲਾਂ ਕਰਨ ਤੋਂ ਬਿਨਾਂ ਇਸ ਦਾ ਹੱਲ ਕੱਢਣ ਦੀ ਕੋਸ਼ਸ਼ ਨਹੀਂ ਕੀਤੀ। ਉਹਨਾਂ ਵਿੱਚੋਂ ਕੁਝ ਨਵਿਆਂ ਨੂੰ ਨਿੰਦਣ ਤੋਂ ਪਹਿਲਾਂ ਆਪਣਾ ਵਕਤ ਭੁੱਲ ਗਏ ਜਦੋਂ ਉਹ ਇਥੇ ਆਏ ਸਨ।
ਕੁੱਝ ਇੰਜ ਹੀ ਰਲਦੀ ਮਿਲਦੀ ਗੱਲ ਜੋ ਮੇਰੇ ਨਾਲ ਵਾਪਰੀ ਮੈਂ ਉਹ ਇਥੇ ਲਿਖਣੀ ਚਾਹਾਂਗਾ। ਇਕ ਦਿਨ ਜਦੋਂ ਲੰਗਰ ਪਾਣੀ ਛੱਕ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਖੁੰਢ ਚਰਚਾ ਕਰ ਰਹੇ ਸੀ, ਤਾਂ ਇਕ ਨਵੇਂ ਆਏ ਮੁੰਡੇ ਨੂੰ ਇਕ ਪੁਰਾਣਾ ਬੰਦਾ ਬੜੇ ਹੀ ਅਟ-ਪਟੇ ਜਿਹੇ ਅੰਦਾਜ਼ ਵਿੱਚ ਕਹਿੰਦਾ FOB! ਜਿਸ ਦਾ ਮਤਲਬ ਬਹੁਤ ਸਾਰੇ ਵੀਰ ਜਾਣਦੇ ਹੋਣਗੇ ਤੇ ਬਾਕੀਆਂ ਲਈ FOB ਫਰੈੱਸ਼ ਆਫ਼ ਦੀ ਬੋਟ ਸਿੱਧੀ ਭਾਸ਼ਾ ਚ ਕਹੀਏ ਤਾਂ 'ਹਾਲੇ ਜਿਸ ਨੇ ਨਵੀਂ ਦੁਨੀਆ ਨਹੀਂ ਦੇਖੀ' ਇਹ ਸ਼ਬਦ ਜਾਂ ਇਸ ਦੇ ਅਰਥ ਇੰਨੇ ਮਾੜੇ ਨਹੀਂ ਸੀ, ਜਿਨ੍ਹਾਂ ਉਸ ਕਹਿਣ ਵਾਲੇ ਦਾ ਅੰਦਾਜ਼। ਮੇਰੇ ਤੋਂ ਵੀ ਚੁੱਪ ਰਹਿ ਨਾ ਹੋਇਆ। ਮੈਂ ਉਸ ਨੂੰ ਪੁੱਛਿਆ ਕਿ ਤੁਸੀ ਇਸ ਮੁੰਡੇ ਨੂੰ ਜਾਣਦੇ ਹੋ? ਅੱਗੋਂ ਕਹਿੰਦਾ ਨਹੀਂ ਐਵੇਂ ਲਲੀ-ਛੱਲੀ ਤੁਰੀ ਆਉਂਦੀ ਆ ਇਧਰ ਨੂੰ ਮੂੰਹ ਚੱਕੀ। ਮੈਂ ਗੱਲ ਬਦਲਦੇ ਹੋਏ ਉਸ ਭੱਦਰ ਪੁਰਸ ਨੂੰ ਪੁੱਛਿਆ ਜਦੋਂ ਤੁਸੀ ਇਥੇ ਆਏ ਸੀ ਉਸ ਵਕਤ ਮਾਹੌਲ ਕਿਵੇਂ ਸੀ? ਜਨਾਬ ਕਹਿੰਦੇ, ਅਸੀਂ ਇਕ ਗ੍ਰੀਕ ਸ਼ਿਪ ਤੋਂ ਉੱਤਰ ਕੇ ਲੁਕ ਗਏ ਸੀ। ਇਕ ਬੋਰੀ ਚ ਸਾਡੀ ਸਾਰੀ ਕਬੀਲਦਾਰੀ ਹੁੰਦੀ ਸੀ, ਇਮੀਗ੍ਰੇਸ਼ਨ ਤੋਂ ਡਰਦੇ ਇਕ ਰਾਤ ਕਿਤੇ ਤੇ ਇਕ ਰਾਤ ਕਿਤੇ। ਅੰਗਰੇਜ਼ੀ ਆਉਂਦੀ ਨਹੀਂ ਸੀ ਪਹਿਲੀ ਵਾਰ ਜਹਾਜ਼ ਚੜ੍ਹ ਕੇ ਬਰਫ਼ ਨੂੰ ਆਈਸ ਦੀ ਥਾਂ ਤੇ ਸਨੋ ਕਹਿ ਕੇ ਮੰਗਿਆ ਸੀ। ਜਨਾਬ ਆਪਣੀਆਂ ਭੱਦਰਕਾਰੀਆਂ ਇਕੋ ਸਾਹ ਦੱਸਦੇ ਹੋਏ ਅਖੀਰ ਨੂੰ ਕਹਿੰਦੇ ਸ਼ੁਕਰ ਹੈ ਗੋਰਿਆਂ ਦਾ ਜਿਨ੍ਹਾਂ ਇਕ ਮਤਾ ਪਾਸ ਕਰਕੇ ਇਕੋ ਦਿਨ ਚ ਸਾਰਿਆਂ ਨੂੰ ਪੱਕਾ ਕਰ ਦਿਤਾ। ਮੈਂ ਕਿਹਾ ਫੇਰ ਤਾਂ ਬੜਾ ਫ਼ਰਕ ਹੈ ਇਸ FOB ਤੇ ਤੁਹਾਡੇ ਵੇਲੇ ਦੇ FOB ਚ ਤਾਂ। ਉਹ ਕਹਿੰਦਾ ਉਹ ਕਿਵੇਂ? ਮੈਂ ਉਸ ਨੂੰ ਦੱਸਿਆ ਆਹ ਜਿਸਨੂੰ ਤੁਸੀ ਹੁਣੇ FOB ਕਿਹਾ ਸੀ ਇਸ ਨੇ ਮਾਸਟਰਸ ਕੀਤੀ ਹੋਈ ਹੈ। ਮੂਹਰੋਂ ਕਹਿੰਦਾ ਏਸ ਨੇ ਕੀਤੀ ਹੋਵੇਗੀ ਸਾਰਿਆਂ ਨੇ ਤਾਂ ਨਹੀਂ। ਮੈਂ ਉਸ ਨੂੰ ਪੁੱਛਿਆ ਕੇ ਤੁਸੀ ਇਕ ਗੱਲ ਤਾਂ ਮੰਨਦੇ ਹੋ ਕਿ ਨਵੇਂ ਆਏ ਬੰਦੇ ਨੂੰ ਦੂਜੇ ਦੀ ਮਦਦ ਦੀ ਲੋੜ ਹੁੰਦੀ ਹੈ? ਜੋ ਤੁਹਾਨੂੰ ਗ਼ੈਰਾਂ ਵੱਲੋਂ ਮਿਲੀ ਤੇ ਅੱਜ ਇਹਨਾਂ ਨੂੰ ਵੀ ਸਹਾਰਾ ਚਾਹੀਦਾ ਹੈ ? ਅੱਜ ਜਦੋਂ ਆਪਣੇ ਹੀ ਸਹਾਰਾ ਦੇਣ ਦੇ ਕਾਬਿਲ ਹਨ, ਤਾਂ ਉਹ ਆਪਣੇ ਫਰਜ਼ ਤੋਂ ਕੰਨੀ ਕਿਉਂ ਕਤਰਾ ਰਹੇ ਹਨ? ਅੱਗੋਂ ਕਹਿੰਦਾ ਅਸੀਂ ਕੀ ਇਹਨਾਂ ਨੂੰ ਕਾਰਡ ਦੇ ਕੇ ਬੁਲਾਇਆ ਸੀ। ਇਸ ਕਾਂਡ ਨਾਲ ਹੁਣ ਤੁਹਾਨੂੰ ਉਪਰੋਕਤ ਲਿਖੀ ਗੱਲ ਕਿ 'ਹੁਣ ਤਾਂ ਸੁੱਖ ਨਾਲ ਰੌਣਕਾਂ ਲਗ ਗਈਆਂ'ਕਹਿਣ ਵਾਲਿਆਂ ਦੇ ਅੰਦਰ ਦੀ ਆਵਾਜ਼ ਜਰੂਰ ਸੁਣ ਗਈ ਹੋਵੇਗੀ।
ਗੱਲ ਅੱਗੇ ਤੋਰਦੇ ਹਾਂ, ਸੰਖੇਪ ਵਿੱਚ ਦੇਖੋ ਪਿਛਲੇ ਹਾਦਸਿਆਂ ਨੂੰ ਜੋ ਕਿ ਪਰਮਾਣਿਤ ਹੋ ਚੁੱਕੇ ਹਨ। ਇਹ ਕਿੰਨੇ ਨਸਲੀ ਸਨ ਤੇ ਕਿੰਨੇ ਅਸਲੀ। ਇਸ ਕਾਰਜ ਦੀ ਸ਼ੁਰੂਆਤ ਮਾਈਗ੍ਰੇਸ਼ਨ ਦੇ ਏਜੰਟ ਤੋਂ ਹੁੰਦੀ ਹੈ। ਝੂਠੇ ਸੁਪਨੇ ਦਿਖਾਉਣ ਵਾਲੇ ਇਹ ਸ਼ਖਸ ਵੀ ਅਸਲੀ ਹੀ ਸਨ। ਜੇ ਸਟੂਡੈਂਟਸ ਨੇ ਨਾਅਰੇ-ਮੁਜ਼ਾਹਰਿਆਂ ਦਾ ਰਾਹ ਅਪਣਾਇਆ ਸੀ ਤਾਂ ਉਸ ਪਿੱਛੇ ਵੀ ਕੁੱਝ ਅਸਲੀਆਂ ਦਾ ਹੀ ਦਿਮਾਗ਼ ਸੀ ਤੇ ਉਹਨਾਂ ਦੀ ਇਹ ਸਕੀਮ ਕਾਮਯਾਬ ਵੀ ਹੋ ਗਈ ਸੀ। ਜਿਸ ਮੀਡੀਏ ਨੇ ਉਸ ਵਕਤ ਵੱਧ ਚੜ੍ਹ ਕੇ ਰੌਲਾ ਪਾਇਆ ਉਹ ਵੀ ਅਸਲੀ ਸੀ। ਕਤਲ ਹੋਣ ਤੇ ਕਤਲ ਕਰਨ ਵਾਲੇ ਵੀ ਜ਼ਿਆਦਾਤਰ ਅਸਲੀ ਹੀ ਸਨ। ਅੰਨ੍ਹੇਵਾਹ ਕਾਲਜ ਖੋਲ੍ਹਣ ਵਾਲੇ ਵੀ ਅਸਲੀ ਹੀ ਸੀ। ਮਜਬੂਰ ਸਟੂਡੈਂਟਸ ਤੋਂ ਮਹੀਨਾ-ਮਹੀਨਾ ਕੰਮ ਕਰਵਾ ਕੇ ਪੈਸੇ ਮਾਰਨ ਵਾਲੇ ਵੀ ਅਸਲੀ ਹੀ ਹਨ। ਝੂਠੇ ਤਜਰਬੇ ਦੇ ਸਰਟੀਫੀਕੇਟ ਦੇਣ ਲਈ ਹਜ਼ਾਰਾਂ ਡਾਲਰ ਲੈਣ ਵਾਲੇ ਵੀ ਅਸਲੀ ਹੀ ਹਨ। 5-5 ਡਾਲਰ ਘੰਟਾ ਕੰਮ ਕਰਵਾਉਣ ਵਾਲੇ ਵੀ ਅਸਲੀ ਹੀ ਹਨ।
ਇਸ ਤੋਂ ਵੀ ਅੱਗੇ ਦੀ ਗੱਲ ਸੁਣ ਲਵੋ ਜੋ ਤੁਸੀ ਸਭ ਨੇ ਕਈ ਕਈ ਵਾਰ ਕਹੀ ਸੁਣੀ ਹੋਵੇਗੀ, ਉਹ ਇਹ ਕਿ ਜਦੋਂ ਵੀ ਕੋਈ ਨਵਾਂ ਅਸਲੀ ਇਥੇ ਆਉਂਦਾ ਹੈ ਤਾਂ ਅਸੀਂ ਉਸ ਨੂੰ ਇਸ ਸੱਚ ਤੋਂ ਜਾਣੂ ਕਰਵਾਉਣ ਆਪਣਾ ਫਰਜ਼ ਸਮਝਦੇ ਹਾਂ, ਕਿ ਜਿਥੇ ਮਰਜ਼ੀ ਕੰਮ ਕਰ ਲਈਂ ਆਪਣੇ ਦੇਸੀ ਦੇ ਨਾ ਕਰੀ । ਕਿਉਂ? ਕਿਉਂ ਦਾ ਜਵਾਬ ਦੇਣ ਦੀ ਲੋੜ ਨਹੀਂ ਤੁਸੀ ਆਪ ਹੀ ਸਮਝਦਾਰ ਹੋ। ਪਰ ਮੈਂ ਆਪਣੀ ਜਿਗਿਆਸਾ ਮਿਟਾਉਣ ਲਈ ਅਕਸਰ ਹੀ ਇਹ ਸਵਾਲ ਨਵੇਂ ਤੇ ਪੁਰਾਣਿਆਂ ਨੂੰ ਕਰਦਾ ਰਹਿੰਦਾ ਹਾਂ ਤੇ ਇਹਨਾਂ ਸਾਰੀਆਂ ਦੇ ਜਵਾਬਾਂ ਦਾ ਨਿਚੋੜ ਇਕ ਦੂਜੇ ਤੇ ਚਿੱਕੜ ਸੁੱਟਣ ਤੋਂ ਜਿਆਦਾ ਕੁੱਝ ਨਹੀਂ ਹੁੰਦਾ। ਪੁਰਾਣੇ ਕਹਿੰਦੇ ਆ ਕੰਮ ਇਹਨਾਂ ਨੂੰ ਨਹੀਂ ਕਰਨਾ ਆਉਂਦਾ, ਕਸਟਮਰ ਸਰਵਿਸ ਇਹਨਾਂ ਨੂੰ ਨਹੀਂ ਆਉਂਦੀ ਤੇ ਜਦੋਂ ਨੂੰ ਕੁੱਝ ਸਿਖਾਉਂਦੇ ਹਾਂ ਤਾਂ ਇਹ ਕਿਤੇ ਹੋਰ ਭੱਜ ਜਾਂਦੇ ਹਨ। ਜਦੋਂ ਨਵਿਆਂ ਦੇ ਦੁਖੜੇ ਸੁਣਦੇ ਹਾਂ ਤਾਂ ਉਹ ਕਹਿੰਦੇ ਆ ਇਹ ਇਕੱਲਾ ਚੰਮ ਪੁੱਟਦੇ ਹਨ, ਦੇਣ ਲੈਣ ਨੂੰ ਕੁੱਝ ਹੁੰਦਾ ਨਹੀਂ। ਇਹ ਸਭ ਤਾਂ ਹੁਣ ਇਤਿਹਾਸ ਹੋ ਚੁੱਕਿਆ ਇਸ ਨੂੰ ਮਿਟਾਇਆ ਜਾ ਸੁਧਾਰਿਆ ਨਹੀਂ ਜਾ ਸਕਦਾ। ਹਾਂ ਇਸ ਤੋਂ ਸਿੱਖ ਜਰੂਰ ਸਕਦੇ ਸੀ। ਜੋ ਅਸੀਂ ਸਿੱਖਿਆ ਨਹੀਂ ਅਸਲਵਾਦ ਘਟਣ ਦੀ ਥਾਂ ਤੇ ਦਿਨੋ ਦਿਨ ਵੱਧ ਜਰੂਰ ਰਿਹਾ। ਜਿਸ ਦੀ ਤਾਜ਼ਾ ਮਿਸਾਲ ਐਡੀਲੇਡ ਵਿੱਚ ਇੱਕ ਅਸਲੀਆਂ ਦੇ ਕਾਲਜ ਦੀ ਦੇਖੀ ਜਾ ਸਕਦੀ ਹੈ। ਜਦੋਂ ਤੋਂ ਆਸਟ੍ਰੇਲੀਆ ਸਰਕਾਰ ਨੇ ਆਪਣੀ ਇਮੇਜ਼ ਸੁਧਾਰਨ ਲਈ ਥੋੜ੍ਹੀ ਜਿਹੀ ਸਖ਼ਤੀ ਕੀਤੀ ਹੈ ਉਸੇ ਦਿਨ ਤੋਂ ਕੋਈ ਨਾ ਕੋਈ ਨਵੀਂ ਗੱਲ ਸੁਣਨ ਨੂੰ ਮਿਲ ਰਹੀ ਹੈ। ਸਾਡੇ ਸੁਭਾਅ ਮੁਤਾਬਿਕ ਗੱਲ ਇਕ ਮੂੰਹੋਂ ਦੂਜੇ ਮੂੰਹ ਹੁੰਦੀ ਹੁੰਦੀ ਹੋਰ ਹੀ ਰੂਪ ਧਾਰਨ ਕਰ ਲੈਂਦੀ ਹੈ। ਇਹਨਾਂ ਅਫ਼ਵਾਹਾਂ ਨੇ ਲੋਕਾਂ ਨੂੰ ਸਾਰੀ ਟੈਕਨੀਕਲ ਭਾਸ਼ਾ ਸਿਖਾ ਦਿੱਤੀ ਹੈ। ਹੁਣ ਜਦੋਂ ਕੋਈ ਦੋ ਅਸਲੀ ਗੱਲ ਕਰਦੇ ਹਨ ਤਾਂ ਉਹਨਾਂ ਦੇ ਵਿਸ਼ੇ ਚ ਇਹ ਸ਼ਾਮਿਲ ਹੁੰਦਾ ਕਿ ਯਾਰ ਸੁਣਿਆ ਫ਼ਲਾਣੇ ਕਾਲਜ ਦੇ ਆਡਿਟ ਵਿੱਚ 14 ਵਿੱਚੋਂ 2 ਪੁਆਇੰਟ ਹੀ ਮਿਲੇ ਆ। ਭਾਵੇਂ ਇਸ ਕਾਂਡ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਹੋਵੇਗਾ ਪਰ ਮੈਂ ਜਿੰਨਾ ਕੁ ਨੇੜੇ ਤੋਂ ਇਹ ਕਾਂਡ ਦੇਖਿਆ ਜਾਂ ਪੀੜਤਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦੇ ਆਧਾਰਿਤ ਪਹਿਲੀ ਨਜ਼ਰੇ ਵਿਦਿਆਰਥੀ ਹੀ ਪੀੜਤ ਨਜ਼ਰ ਆਉਂਦੇ ਹਨ। ਪਰ ਜੇ ਗਹਿਰਾਈ ਨਾਲ ਇਸ ਵਿਸ਼ੇ ਨੂੰ ਦੇਖੀਏ ਤਾਂ ਦੁੱਧ ਧੋਤਾ ਕੋਈ ਵੀ ਨਹੀਂ। ਚਲੋ ਮੈਂ ਤਾਂ ਜੋ ਮਹਿਸੂਸ ਕੀਤਾ ਉਹੀ ਲਿਖ ਰਿਹਾ ਹਾਂ। ਫ਼ੈਸਲਾ ਤਾਂ ਜਨਤਾ ਜਨਾਰਦਨ ਨੇ ਕਰਨਾ ਹੁੰਦਾ ਕੇ ਕੌਣ ਸਹੀ ਤੇ ਕੌਣ ਗ਼ਲਤ ਹੈ।
ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਤੋਂ ਬਾਅਦ ਐਡੀਲੇਡ ਨੇ ਵੀ ਕਈ ਬਿਜਨੈੱਸ ਕਰਨ ਵਾਲਿਆਂ ਨੂੰ ਆਪਣੇ ਵੱਲ ਖਿੱਚਿਆ। ਦੇਖਦੇ ਹੀ ਦੇਖਦੇ ਇਥੇ ਕਈ ਕਾਲਜ ਹੋਂਦ ਚ ਆ ਗਏ। ਇਹਨਾਂ ਵਿੱਚੋਂ ਇਕ ਇਹ ਕਾਲਜ ਵੀ ਸੀ ਜਿਸ ਦੀ ਗੱਲ ਮੈਂ ਇਥੇ ਕਰ ਰਿਹਾ। ਸੂਤਰ ਦੱਸਦੇ ਹਨ ਕਿ ਜ਼ਿਆਦਾਤਰ ਕਾਲਜਾਂ ਵਾਲੇ ਸਟੂਡੈਂਟਸ ਨੂੰ ਆਕਰਸ਼ਿਤ ਕਰਨ ਲਈ ਦਾਖ਼ਲੇ ਵੇਲੇ ਇਹ ਲਾਲਚ ਦੇ ਦਿੰਦੇ ਹਨ ਕਿ ਸਾਡੇ ਕਾਲਜ ਵਿੱਚ ਦਾਖਲਾ ਲੈ ਲਓ ਬਹੁਤ ਘੱਟ ਟਾਈਮ ਕਲਾਸ ਲਾਉਣੀ ਪਵੇਗੀ ਤੇ ਬਾਕੀ ਅਸੀਂ ਕੰਮ ਦਾ ਵੀ ਆਪ ਇੰਤਜ਼ਾਮ ਕਰ ਕੇ ਦੇਵਾਂਗੇ। ਬਸ ਉਸੇ ਤਰਜ਼ ਤੇ ਇਸ ਕਾਲਜ ਵਾਲਿਆਂ ਨੇ ਵੀ ਸਟੂਡੈਂਟਸ ਨੂੰ ਕੁੱਝ ਛੁੱਟ ਦੇ ਦਿੱਤੀ ਤੇ ਹੁਣ ਤੁਸੀ ਦੱਸੋ ਕਿ ਜਵਾਨੀ ਚ ਪੈਰ ਧਰਨ ਵਾਲੇ ਇਹਨਾਂ ਨੌਜਵਾਨਾ ਨੂੰ ਹੋਰ ਕੀ ਚਾਹੀਦਾ ਸੀ ? ਬਾਕੀ ਇੱਕ ਗੱਲ ਕਿਸੇ ਤੋਂ ਛਿਪੀ ਨਹੀਂ ਕਿ ਪੜ੍ਹਾਈ ਕਰਨ ਇਥੇ ਕਿਹੜਾ ਭੜੂਆ ਆਇਆ ਹਰ ਇਕ ਨੂੰ ਬੱਸ ਪੀ ਆਰ ਹੀ ਦਿਸ ਰਹੀ ਸੀ। ਪਰ ਜਦੋਂ ਕਾਲਜ ਦੇ ਗੱਲ ਚ ਸਰਕਾਰ ਨੇ ਆ ਗਲਾਵਾਂ ਪਾ ਲਿਆ ਤਾਂ ਹੁਣ ਉਹਨੇ ਕਿਵੇਂ ਨਾ ਕਿਵੇਂ ਤਾਂ ਆਪਣੀ ਧੋਣ ਛੁਡਾਉਣੀ ਹੀ ਸੀ। ਬੱਸ ਉਹਨਾਂ ਜਿਹੜੀ ਜਬਾਨ ਨਾਲ ਇਹਨਾਂ ਸਟੂਡੈਂਟਾਂ ਨੂੰ ਕਿਹਾ ਸੀ ਕਿ ਹਾਜ਼ਰੀਆਂ ਦੀ ਕੋਈ ਪਰਵਾਹ ਨਹੀਂ। ਉਹੀ ਮੂੰਹ ਹੁਣ ਕਹਿ ਰਿਹਾ ਕਿ ਅਸੀਂ ਇਹਨਾਂ ਨੂੰ ਸੈਕਸ਼ਨ 20 ਇਸ ਲਈ ਜਾਰੀ ਕੀਤਾ ਕਿਉਂਕਿ ਇਹ ਕਾਲਜ ਹਾਜਿਰ ਨਹੀਂ ਹੁੰਦੇ ਸੀ। ਇਸ ਕਰਕੇ ਇਹਨਾਂ ਦੀਆਂ ਹਾਜ਼ਰੀਆਂ ਘੱਟ ਗਈਆਂ ਹਨ। ਭਾਵੇਂ ਇਸ ਇਕ ਗੱਲ ਨਾਲ ਕਾਲਜ ਦੇ 12 ਪੁਆਇੰਟ ਪੂਰੇ ਨਹੀਂ ਹੁੰਦੇ ਤੇ ਨਾ ਹੀ ਇਹ ਸਰਕਾਰ ਦੀ ਨਿਗਾਹ ਵਿੱਚ ਆਪਣਾ ਅਕਸ ਸਾਫ਼ ਕਰ ਸਕਦਾ ਹੈ। ਇਸ ਪਿੱਛੇ ਤਾਂ ਕਾਲਜ ਵਾਲਿਆਂ ਦੀ ਬੱਸ ਇਕ ਹੀ ਮਨਸ਼ਾ ਸੀ ਕਿ ਜਾਂਦੇ ਚੋਰ ਦੀ ਪੱਗ ਹੀ ਸਹੀ ।ਕਿਉਂਕਿ ਫੈਡਰਲ ਸਰਕਾਰ ਇਸ ਕਾਲਜ ਦੀ ਮਾਨਤਾ ਰੱਦ ਕਰ ਚੁੱਕੀ ਹੈ ਤੇ ਸਟੇਟ ਗੌਰਮਿੰਟ ਦਾ ਫ਼ੈਸਲਾ ਆਉਣਾ ਬਾਕੀ ਹੈ । ਸਟੇਟ ਵਾਲਿਆਂ ਤੋਂ ਕਿਸੇ ਚਮਤਕਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਕਾਲਜ ਬੰਦ ਹੋਣ ਦੀ ਹਾਲਤ ਵਿੱਚ ਆਸਟ੍ਰੇਲੀਆ ਲਾਅ ਮੁਤਾਬਕ ਸਾਰੇ ਸਟੂਡੈਂਟਸ ਨੂੰ ਕਿਸੇ ਹੋਰ ਕਾਲਜ ਵਿੱਚ ਅਡਜਸਟ ਕਰਵਾਉਣ ਦੀ ਸ਼ਕਲ ਚ ਕਾਲਜ ਵਾਲਿਆਂ ਨੂੰ ਬਹੁਤ ਸਾਰਾ ਪੈਸਾ ਲਾਉਣਾ ਪੈਣਾ ਸੀ। ਸੋ ਹਿੰਦੁਸਤਾਨੀ ਦਿਮਾਗ਼ ਨੇ ਇਹ ਪੱਤਾ ਚੱਲ ਦਿਤਾ ਕਿ ਆਉਣ ਵਾਲੇ 28 ਦਿਨਾਂ ਚ ਇਹ ਸਟੂਡੈਂਟ ਆਪੋ-ਆਪਣੇ ਘਰਾਂ ਨੂੰ ਮੁੜ ਜਾਣਗੇ ਤੇ ਸਾਡੇ ਪੈਸੇ ਬਚ ਜਾਣਗੇ। ਆਸਟ੍ਰੇਲੀਆ ਵਿੱਚ ਜਦੋਂ ਕਿਸੇ ਸਟੂਡੈਂਟ ਨੂੰ ਸੈਕਸ਼ਨ 20 ਜਾਰੀ ਹੋ ਜਾਂਦਾ ਹੈ ਤਾਂ ਉਸ ਨੂੰ 28 ਦਿਨਾਂ ਦੇ ਵਿੱਚ ਆਸਟ੍ਰੇਲੀਆ ਛੱਡਣਾ ਪੈਂਦਾ। ਹੁਣ ਤੁਸੀ ਅਗਲਾ ਕਾਂਡ ਦੇਖੋ, ਇਕੋ ਵਕਤ ਇੰਨੇ ਸਟੂਡੈਂਟਸ ਨੂੰ ਸੈਕਸ਼ਨ 20 ਜਾਰੀ ਹੋਣ ਨਾਲ ਇਕੋ ਦਮ ਹੜਕੰਪ ਜਿਹਾ ਮੱਚ ਪਿਆ ਤੇ ਇਕ ਵਾਰ ਤਾਂ ਇਹਨਾਂ ਨੇ ਵੀ ਭੰਨ ਤੋੜ ਵਾਲਾ ਰਸਤਾ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁੱਝ ਇੱਕ ਸੂਝਵਾਨ ਬੰਦਿਆਂ ਇਹਨਾਂ ਨੂੰ ਇੰਜ ਕਰਨ ਤੋਂ ਵਰਜ ਲਿਆ ਤੇ ਇਹਨਾਂ ਆਸਟ੍ਰੇਲੀਆ ਦੇ ਕਾਨੂੰਨ ਰਾਹੀਂ ਚੱਲਣ ਨੂੰ ਪਹਿਲ ਦੇਣ ਦੀ ਸਲਾਹ ਦਿੱਤੀ। ਦੀਪਕ ਭਾਰਦਵਾਜ ਦੀ ਯੋਗ ਅਗਵਾਈ ਹੇਠ ਇਹਨਾਂ ਐਡੀਲੇਡ ਦੇ ਮਸ਼ਹੂਰ ਵਕੀਲ ਰਾਹੀਂ ਇਮੀਗ੍ਰੇਸ਼ਨ ਕੋਲ ਆਪਣੀ ਆਵਾਜ਼ ਪਹੁੰਚਾਈ। ਜਿਸ ਦੀ ਬੜੀ ਛੇਤੀ ਸੁਣਵਾਈ ਹੋਈ ਤੇ ਇਹਨਾਂ ਨੂੰ ਇਕ ਵਾਰ ਆਰਜ਼ੀ ਤੌਰ ਤੇ ਰਾਹਤ ਮਿਲ ਗਈ। ਪਰ ਹੁਣ ਫੇਰ ਅਸਲੀ ਮੁੱਦੇ ਤੇ ਆਉਂਦੇ ਹਾਂ ਇਸ ਸਾਰੇ ਕਾਂਡ ਵਿੱਚ ਵੀ ਅਸਲੀਆਂ ਨੇ ਜੋ ਲੱਤਾਂ ਖਿੱਚੀਆਂ ਉਹ ਵੀ ਸੁਣ ਲਓ; ਭਾਵੇਂ ਕਾਲਜ ਦੇ ਕੁਲ 150 ਸਟੂਡੈਂਟਸ ਵਿੱਚੋਂ 70 ਕੋਲ ਇਹ ਚਿੱਠੀਆਂ ਆ ਗਈਆਂ ਸਨ ਪਰ ਫੇਰ ਵੀ ਪਹਿਲੇ ਦਿਨ ਜੋ ਇਕੱਠ ਹੋਇਆ ਸੀ, ਹਰ ਅਗਲੀ ਮੀਟਿੰਗ ਵੇਲੇ ਇਹਨਾਂ ਦੀ ਸੰਖਿਆ ਘਟਦੀ ਗਈ ਤੇ ਅਖੀਰ ਜਿਸ ਦਿਨ ਇਮੀਗ੍ਰੇਸ਼ਨ ਵਾਲਿਆਂ ਨੇ ਸੱਦਿਆ ਉਸ ਦਿਨ ਇਹਨਾਂ ਵਿੱਚੋਂ ਕੇਵਲ 19 ਸਟੂਡੈਂਟ ਹੀ ਹਾਜਿਰ ਹੋਏ। ਏਕੇ ਚ ਬਰਕਤ ਵਾਲਾ ਬੂਹਾ ਢੋਹ ਕੇ ਇਹਨਾਂ ਕੱਲੇ-ਕੱਲੇ ਜੱਗ ਜਿੱਤਣ ਨੂੰ ਤਰਜੀਹ ਦਿੱਤੀ। ਇਸ ਸਾਰੇ ਕਾਂਡ ਦੌਰਾਨ ਇਕ ਕਾਲਜ ਦੇ ਮੁਅੱਤਲ ਡਾਇਰੈਕਟਰ ਕਾਲਜ ਨਾਲ ਆਪਣੀ ਕਿੜ ਕਢਨ ਲਈ ਸਟੂਡੈਂਟਾਂ ਦੇ ਮੋਢੇ ਤੇ ਬੰਦੂਕ ਧਰ ਕੇ ਚਲਾਉਣ ਲਈ ਬੜਾ ਤਰਲੋ ਮੱਛੀ ਹੁੰਦਾ ਦੇਖਿਆ ਗਿਆ। ਇਹ ਤਾਂ ਸ਼ੁਕਰ ਹੈ ਕਿ ਇਹ ਸਟੂਡੈਂਟ ਉਸ ਦੇ ਮਗਰ ਨਹੀਂ ਲੱਗੇ ਨਹੀਂ ਤੇ ਅਸਲਵਾਦ ਦਾ ਇਕ ਹੋਰ ਕਾਂਡ ਲਿਖਿਆ ਜਾਣਾ ਸੀ। ਉਂਜ ਤਾਂ ਬਰਸਾਤ ਦੇ ਮੌਸਮ ਚ ਖੁੰਬਾਂ ਵਾਂਗੂੰ ਉੱਘੇ ਇਹਨਾਂ ਕਾਲਜਾਂ ਵਿੱਚ ਜ਼ਿਆਦਾਤਰ ਬੱਸ ਪੈਸਾ ਇਕੱਠਾ ਕਰਨ ਲਈ ਹੀ ਖੋਲ੍ਹੇ ਗਏ ਸਨ। ਪਰ ਫੇਰ ਵੀ ਜੇ ਕੁੱਝ ਇੱਕ ਆਪਣੇ ਕੰਮ ਨੂੰ ਸਹੀ ਅੰਜ਼ਾਮ ਦੇ ਰਹੇ ਹਨ, ਉਹਨਾਂ ਦਾ ਅੱਜ ਕੱਲ ਜੀਣਾ ਦੁੱਭਰ ਹੋਇਆ ਪਿਆ ਹੈ। ਸਟੂਡੈਂਟ ਫ਼ੀਸ ਰੋਕੀ ਬੈਠੇ ਹਨ। ਕਿਉਂਕਿ ਅਫ਼ਵਾਹਾਂ ਦੇ ਬਜ਼ਾਰ ਹਰ ਰੋਜ ਇਹਨਾਂ ਕਾਲਜਾਂ ਨੂੰ ਸਵੇਰੇ ਸ਼ਾਮ ਬੰਦ ਕਰ ਦਿੰਦੇ ਹਨ। ਇਸ ਗੱਲੋਂ ਡਰਦਾ ਸਟੂਡੈਂਟ ਫ਼ੀਸ ਨਹੀਂ ਭਰ ਰਿਹਾ ਕਿ ਕਿਤੇ ਫ਼ੀਸ ਹੀ ਨਾ ਡੁੱਬ ਜਾਵੇ। ਜਿਸ ਦਾ ਤਾਜ਼ਾ ਉਦਾਹਰਨ ਕੁੱਝ ਇੱਕ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰਾਂ ਵਿੱਚ ਜਾ ਕੇ ਭਾਈਚਾਰੇ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਕਿ ਅਫ਼ਵਾਹਾਂ ਨੂੰ ਰੋਕ ਲਾਈ ਜਾ ਸਕੇ। ਇਥੇ ਫੇਰ ਉਹੀ ਗੱਲ ਆ ਗਈ ਅਫਵਾਹਾਂ ਫੈਲਾਉਣ ਵਾਲੇ ਕੌਣ ਹਨ ? ਜੀ ਹਾਂ, ਉਹ ਵੀ ਆਪਣੇ ਅਸਲੀ ਹੀ ਹਨ। ਅੰਤ ਵਿੱਚ ਇੱਕ ਹੋਰ ਅਫ਼ਵਾਹ ਬਾਰੇ ਗੱਲ ਕਰਦੇ ਹਾਂ, ਸੁਣਿਆ ਹੈ ਕਿ ਇਮੀਗ੍ਰੇਸ਼ਨ ਦੇ ਨਵੇਂ ਆਏ ਰੂਲਸ ਦੇ ਵਿਰੋਧ ਵਿੱਚ ਆਉਣ ਵਾਲੇ ਦਿਨਾਂ ਚ ਮੈਲਬਰਨ 'ਚ ਧਰਨੇ, ਨਾਹਰੇ, ਮੁਜ਼ਾਹਰੇ ਦਾ ਦੌਰ ਫੇਰ ਸ਼ੁਰੂ ਹੋ ਰਿਹਾ। ਕਾਸ਼ ਇਹ ਇਕ ਅਫ਼ਵਾਹ ਹੀ ਹੋਵੇ। ਮੰਨਿਆ ਪੀ.ਆਰ. ਦੇ ਸਖ਼ਤ ਹੋਏ ਕਾਨੂੰਨ ਨਾਲ ਬੜੀ ਵੱਡੀ ਗਿਣਤੀ ਚ ਲੋਕ ਪ੍ਰਭਾਵਿਤ ਹੋਏ ਹਨ। ਪਰ ਦੋਸਤੋ ਇਸ ਵਾਰ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ ਲਈ ਪਹਿਲਾਂ ਵਾਲਾ ਰਾਹ ਜੇ ਨਾ ਅਪਨਾਇਓ ਤਾਂ ਹੀ ਚੰਗਾ ਹੈ। ਅੱਜ ਅਸੀਂ ਜਿਹੜੀ ਫ਼ਸਲ ਵੱਢ ਰਹੇ ਹਾਂ, ਇਹ ਪਿਛਲੇ ਸਾਲ ਅਸੀਂ ਆਪ ਹੀ ਬੀਜੀ ਸੀ। ਅਸੀਂ ਆਪ ਹੀ ਸ਼ੀਸ਼ੇ ਭੰਨ ਕੇ ਆਪਣੇ ਰਾਹਾਂ ਵਿੱਚ ਵਿਛਾਏ ਸਨ। ਜਿਸ ਕਰਕੇ ਸਾਡਾ ਰਾਹ ਇੰਨਾ ਔਖਾ ਹੋ ਗਿਆ। ਜਦੋਂ ਸਾਲ ਪਹਿਲਾਂ ਮੇਰਾ ਇਕ ਲੇਖ 'ਮੈਲਬਰਨ ਵਿੱਚ ਭੰਨੇ ਸ਼ੀਸ਼ੇ ਦੀ ਗੂੰਜ' ਦੁਨੀਆ ਭਰ ਚ ਛਪਿਆ ਸੀ ਤਾਂ ਉਸ ਵਕਤ ਕੁੱਝ ਲੋਕਾਂ ਨੂੰ ਇਹ ਫ਼ਾਲਤੂ ਦੀਆਂ ਗੱਲਾਂ ਲੱਗਿਆ ਸੀ। ਪਰ ਹੁਣ ਤੁਸੀ ਉਸ ਲੇਖ ਨੂੰ ਪੜ੍ਹ ਕੇ ਦੇਖੋ ਤੁਹਾਨੂੰ ਉਸ ਲੇਖ ਦਾ ਅੱਖਰ-ਅੱਖਰ ਸੱਚ ਹੋਇਆ ਜਾਪੇਗਾ। ਸੋ ਹੁਣ ਤਾਂ ਲੋੜ ਹੈ ਬਹੁਤ ਹੀ ਸੂਝ ਬੂਝ ਨਾਲ ਕਦਮ ਚੁੱਕਣ ਦੀ ਨਾ ਕਿ ਕੁੱਝ ਇੱਕ ਮੌਕਾ ਪ੍ਰਸਤਾਂ ਪਿੱਛੇ ਲਗ ਕੇ ਸਦਾ ਲਈ ਆਪਣੇ ਰਾਹ ਬੰਦ ਕਰਨ ਦੀ। ਹਾਲੇ ਵੀ ਆਸ ਦੀ ਕਿਰਨ ਦਿੱਖ ਰਹੀ ਹੈ ਬਸ ਲੋੜ ਹੈ ਇਸ ਮੁਲਕ ਦੇ ਕਾਨੂੰਨ ਦੀ ਕਦਰ ਕਰਦੇ ਹੋਏ ਆਪਣੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਦੀ। ਅਖੀਰ ਵਿੱਚ; ਇਸ ਸਚਾਈ ਨੂੰ ਖੁਲ੍ਹੇ ਦਿਲ ਨਾਲ ਮੰਨੋ ਕਿ ਸਾਡਾ ਉਨ੍ਹਾਂ ਨੁਕਸਾਨ ਨਸਲਵਾਦ ਨੇ ਨਹੀਂ ਕੀਤਾ ਜਿਨ੍ਹਾਂ ਅਸਲਵਾਦ ਨੇ ਕੀਤਾ ਤੇ ਕਰ ਰਿਹਾ। ਇਹ ਤਾਂ ਸ਼ੁਕਰ ਹੈ ਕਿ ਉਸ ਕੁਦਰਤ ਦਾ ਜਿਸ ਨੇ ਪੰਜਾਂ ਉਂਗਲਾਂ ਨੂੰ ਇਕੋ ਜਿਹਾ ਨਹੀਂ ਬਣਾਇਆ ਤੇ ਅੱਜ ਵੀ ਮੇਰੇ ਬਹੁਤ ਸਾਰੇ ਅਸਲੀ ਹਰ ਥਾਂ ਤੇ ਸਹਿਯੋਗ ਕਰ ਰਹੇ ਹਨ। ਆਸਟ੍ਰੇਲੀਆ ਦੀ ਪੰਜਾਬੀ ਪ੍ਰੈੱਸ ਤੁਹਾਡੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਲਈ ਹਰ ਸਮੇਂ ਤੁਹਾਡੀ ਮਦਦ ਕਰ ਰਹੀ ਹੈ। ਸੋ ਆਓ ਇਸ ਬਾਰ ਇਸ ਮੋਰਚੇ 'ਤੇ ਬਿਨਾਂ ਇਕ ਦੂਜੇ ਦੀਆਂ ਲੱਤਾਂ ਖਿੱਚੇ ਸਹਿਯੋਗ ਦੇਈਏ ਅਤੇ ਮੋਰਚਾ ਫਤਹਿ ਕਰ ਕੇ ਦੁਨੀਆ ਨੂੰ ਦਿਖਾ ਦੇਈਏ ਕਿ ਹੁਣ ਅਸੀਂ ਅਸਲਵਾਦ ਛੱਡ ਦਿਤਾ ਹੈ। ਪਰ ਇਸ ਸਾਰੇ ਲੇਖ ਦੌਰਾਨ ਜਸਵਿੰਦਰ ਭੱਲੇ ਦਾ ਇਹ ਵਿਅੰਗ ਮੇਰੇ ਜਿਹਨ ਚ ਹਰ ਵਕਤ ਘੁੰਮਦਾ ਰਿਹਾ ਤੇ ਉਮੀਦ ਹੈ ਤੁਸੀ ਵੀ ਇਸ ਵਿਅੰਗ ਨਾਲ ਸਹਿਮਤ ਹੋਵੋਗੇ ਕਿ; ਸਾਡੀ ਕਿਸ਼ਤੀ ਉੱਥੇ ਡੁੱਬੀ ਜਿਥੇ ਪਾਣੀ ਕਮ ਸੀ, ਸਾਨੂੰ ਆਪਣਿਆ ਹੀ ਵੱਡਿਆ, ਨਹੀਂ ਤਾਂ ਗ਼ੈਰਾਂ ਦੀ ਕੁੱਤੀ ਵਿੱਚ ਕਿੱਥੇ ਦਮ ਸੀ।


Post a Comment