ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ ਵਲੋਂ ਕਰਵਾਈ ਕਾਨਫਰੰਸ ਦੇ ਦੋ ਸ਼ੈਸ਼ਨ ਸਫਲ ਹੋ ਨਿਬੜੇ

ਸੇਲਮ : ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੈਪਟਰ ਔਰੀਗਨ ਸਟੇਟ ਵਲੋਂ ਇਥੇ ਇਕ ਰੋਜਾ ਕਾਨਫਰੰਸ ਦੇ ਦੋ ਸ਼ੈਸ਼ਨ ਕਰਵਾਏ ਗਏ। ਜਿਸ ਵਿਚ ਸਟੇਟ ਭਰ ਵਿਚੋਂ ਨਾਪਾ ਦੇ ਆਗੂਆਂ ਤੋਂ ਇਲਾਵਾ ਕਮਿਊਨਿਟੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਭਾਗ ਲਿਆ। ਕਾਨਫਰੰਸ ਦਾ ਪਹਿਲਾ ਸ਼ੈਸ਼ਨ ਸਥਾਨਕ  ਗੁਰੂਦੁਆਰਾ ਦਸ਼ਮੇਸ਼ ਦਰਬਾਰ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਇਸ ਖੇਤਰ ਵਿਚ ਰਹਿਣ ਵਾਲੇ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਐਨ.ਪਾਰਥਾਸਾਰਥੀ, ਮੇਅਰ ਐਨਾ ਪੀਟਰਸਨ, ਦਲਵਿੰਦਰ ਸਿੰਘ ਧੂਤ,  ਬਹਾਦਰ ਸਿੰਘ ਚੇਅਰਮੈਨ ਨਾਪਾ ਚੈਪਟਰ, ਸਤਨਾਮ ਸਿੰਘ ਚਾਹਲ, ਮੋਹਨਬੀਰ ਸਿੰਘ ਗਰੇਵਾਲ, ਗੁਰਜੀਤ ਸਿੰਘ ਰੰਕਾ, ਸਤਵਿੰਦਰ ਸਿੰਘ ਸੰਧੂ,  ਪ੍ਰੋਫੈਸਰ ਨਵਨੀਤ ਕੌਰ ਆਦਿ ਆਗੂਆਂ ਨੇ ਸੰਭੋਧਨ ਕੀਤਾ। ਇਸ ਮੌਕੇ ਤੇ ਬੋਲਦਿਆਂ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਪਾਰਥਾਸਾਰਥੀ ਨੇ ਕਿਹਾ ਕਿ ਉਹ ਇਸ ਖੇਤਰ ਵਿਚ ਸਿਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ  ਹੱਲ ਕਰਵਾਉਣ ਲਈ ਸਿਖ ਭਾਈਚਾਰੇ ਨੂੰ ਪੂਰਾ ਸਮੱਰਥਨ ਦੇਣਗੇ।  ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਕਿਹਾ ਕਿ ਨਾਪਾ ਪੂਰੇ ਨਾਰਥ ਅਮਰੀਕਾ ਅੰਦਰ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਪਰਫੁਲਤ ਕਰਨ ਲਈ  ਠੋਸ ਉਪਰਾਲੇ ਕਰੇਗੀ। ਉਹਨਾਂ ਕਿਹਾ ਕਿ ਕੈਲੀਫੋਰਨੀਆ ਵਾਂਗ ਔਰੀਗਨ ਸਟੇਟ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਵੀ ਸਿਖਾਂ ਦੀ ਪਹਿਚਾਣ ਤੇ ਧਰਮ ਸਬੰਧੀ ਜਾਣਕਾਰੀ ਪਰਕਾਸ਼ਤ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਏਗਾ।

ਕਾਨਫਰੰਸ ਦਾ ਦੂਸਰਾ ਸ਼ੈਸ਼ਨ ਸਥਾਨ ਹੌਲੀਡੇ ਇੰਨ ਹੋਟਲ ਦੇ ਹਾਲ ਵਿਚ ਹੋਇਆ ਜਿਸ ਵਿਚ ਭਾਰੀ ਗਿਣਤੀ ਵਿਚ ਆਮ ਲੋਕਾਂ ਨੇ ਵੀ ਪਹੁੰਚ ਕੇ ਆਪੋ ਆਪਣੀਆਂ ਮੁਸ਼ਕਲਾਂ ਕੌਂਸਲਰ ਜਨਰਲ ਨੂੰ ਦਸੀਆਂ ਜਿਹਨਾਂ ਵਿਚੋਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਮੌਕੇ ਤੇ ਹੀ ਹੱਲ ਕਰ ਦਿਤਾ ਗਿਆ। ਇਸ ਕਾਨਫਰੰਸ ਦੌਰਾਨ ਆਰਥਿਕ ਕਾਰਣਾਂ ਕਰਕੇ ਸਿਆਸੀ ਸ਼ਰਨ ਦਾ ਦਰਜਾ ਲੈ ਕੇ ਰਹਿਣ ਵਾਲੇ ਲੋਕਾਂ ਨੂੰ ਪਾਸਪੋਰਟ ਜਾਰੀ ਕਰਨ ਦੀ ਮੰਗ ਭਾਰੂ ਰਹੀ। ਇਸ ਮੌਕੇ ਤੇ ਬੋਲਦਿਆਂ ਸ: ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਕਿਸੇ ਦੇਸ਼ ਵਿਚ ਸਿਆਸੀ ਸ਼ਰਣ ਲੈਣਾ ਕੋਈ ਅਪਰਾਧ ਨਹੀਂ ਗਿਣਿਆ ਜਾਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਵਾਲੇ ਲੋਕਾਂ ਦੇ ਕਾਰਣਾਂ ਦਾ ਮੁਖ ਅਧਾਰ ਵਖੋ ਵੱਖਰਾ ਹੁੰਦਾ ਹੈ । ਸ: ਦਲਵਿੰਦਰ ਸਿੰਘ ਧੂਤ ਨੇ ਕਿਹਾ ਕਿ ਜੇਕਰ ਕੁਝ ਲੋਕਾਂ ਨੇ ਇਕ ਝੂਠ ਬੋਲ ਕੇ ਸਿਆਸੀ ਸ਼ਰਣ ਲੈ ਰਖੀ ਹੈ ਤਾਂ ਉਹਨਾਂ ਨੂੰ ਦੇਸ਼ ਨਿਕਾਲਾ ਨਹੀਂ ਦੇ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਸਾਡੇ ਸਿਆਸੀ ਆਗੂ ਤੇ ਅਫਸਰ ਹਰ ਰੋਜ ਝੂਠ ਬੋਲਦੇ ਹਨ ਤੇ ਉਹਨਾਂ ਨੂੰ ਤਾਂ ਫਿਰ ਇਸ ਹਿਸਾਬ ਨਾਲ ਦੇਸ਼ ਨਿਕਾਲਾ ਦੇ ਕੇ ਕਾਲੇ ਪਾਣੀ ਹੀ ਭੇਜਣਾ ਚਾਹੀਦਾ ਹੈ। ਨਾਪਾ ਚੈਪਟਰ ਦੇ ਚੇਅਰਮੈਨ ਸ: ਬਹਾਦੁਰ ਸਿੰਘ ਤੇ ਪਰਧਾਨ ਮੋਹਨਬੀਰ ਸਿੰਘ ਗਰੇਵਾਲ ਨੇ ਕਾਨਫਰੰਸ ਦੌਰਾਨ ਆਏ ਵੱਖ ਵੱਖ ਲੀਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਆਪਣੇ ਜੁੰਮੇ ਲਗੇ ਕੰਮਾਂ ਨੂੰ ਅਸਰਦਾਰ ਤਰੀਕੇ ਨਾਲ ਨਿਭਾਏਗੀ। ਇਸ ਮੌਕੇ ਤੇ ਬੋਲਦਿਆਂ ਕੌਂਸਲਰ ਜਨਰਲ ਐਨ.ਪਾਰਥਾਸਾਰਥੀ ਨੇ ਕਿਹਾ ਕਿ ਉਹ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰੀ ਤਰਾਂ ਵਚਨਬੱਧ ਹਨ। ਕਾਨਫਰੰਸ ਦੇ ਇਸ ਸ਼ੈਸ਼ਨ ਦੀ ਸਮਾਪਤੀ ਉਪਰੰਤ ਨਾਪਾ ਦੇ ਸਿਆਸੀ ਮਾਮਲਿਆਂ ਬਾਰੇ ਕੋਰ ਕਮੇਟੀ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਵੱਧ ਚੜ ਕੇ ਹਿਸਾ ਲੈਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਦਾ ਵੇਰਵਾ ਦਿੰਦਿੰਆਂ ਸ: ਸਤਨਾਮ ਸਿੰਘ ਚਾਹਲ ਨੇ ਦਸਿਆ ਕਿ ਬੇਸ਼ਕ ਪਰਵਾਸੀ ਪੰਜਾਬੀਆਂ ਦੀਆਂ ਪੰਜਾਬ ਵਿਚ ਆਪਣੀਆਂ ਵੋਟਾਂ ਨਹੀਂ ਹਨ ਲੇਕਿਨ ਲੋਕ ਸਭਾ ਦੇ ਹਰ ਇਕ ਹਲਕੇ ਵਿਚ ਆਪਣੀ ਵੋਟ ਬੈਂਕ ਦੀ ਵਰਤੋਂ ਕਰਨ ਲਈ ਨਾਪਾ ਦੇ ਇਕ ਇਕ ਸੌ ਮੈਂਬਰਾਂ ਦੀ ਡਿਊਟੀ ਲਗਾਈ ਜਾਏਗੀ ਤੇ ਇਸ ਗਲ ਨੂੰ ਯਕੀਨੀ ਬਣਾਇਆ ਜਾਏਗਾ ਕਿ ਹਰ ਇਕ ਵਿਧਾਨ ਸਭਾ ਹਲਕੇ ਦਾ ਕੰਟਰੋਲ ਘਟੋ ਘਟ ਨਾਪਾ ਦੇ ਦੱਸ ਆਗੂਆਂ ਦੇ ਹੱਥ ਹੋਵੇ। ਉਹਨਾਂ ਕਿਹਾ ਕਿ ਨਾਪਾ  ਪੰਜਾਬ ਦੇ ਸਿਆਸੀ ਲੀਡਰਾਂ ਨੂੰ ਇਸ ਵਾਰ ਇਹ ਅਹਿਸਾਸ ਕਰਵਾ ਦੇਵੇਗੀ ਕਿ ਪਰਵਾਸੀ ਪੰਜਾਬੀ ਹੁਣ ਸਿਆਸੀ ਲੀਡਰਾਂ ਲਈ ਡਾਲਰ ਦੇਣ ਵਾਲੀ ਗਊ ਨਹੀਂ ਹਨ ਸਗੋਂ ਵੋਟ ਦੇਣ ਵਾਲਾ ਵੋਟ ਬੈਂਕ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ ਸੰਤੋਖ ਸਿੰਘ ਜੱਜ, ਰਵਿੰਦਰ ਸਿੰਘ ਗੋਗੀ, ਦਲਬੀਰ ਸਿੰਘ ਸੰਘੇੜਾ, ਰਾਜ ਕੰਵਲ ਨਾਗਰਾ, ਦਲਜੀਤ ਸਿੰਘ,  ਜਸਵੰਤ ਸਿੰਘ ਆਦਿ ਆਗੂ ਵੀ ਹਾਜਰ ਸਨ ।

****

No comments: