ਪਰੀਆਂ ਦਾ ਦੇਸ਼………… ਕਹਾਣੀ / ਮੇਜਰ ਮਾਂਗਟ

ਭਿੰਦੀ ਦਾ ਜਦੋਂ ਮਾਂ ਬਾਪ ਤੇ ਭੈਣਾਂ ਭਰਾਵਾਂ ਦੇ ਕਨੇਡਾ ਆਉਣ ਦਾ ਸੁਪਨਾ ਵੀ ਪੂਰਾ ਹੋ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜਿਸ ਦਿਨ ਦੀ ਉਹ ਵਿਆਹ ਕਰਵਾ ਕੇ ਆਈ ਸੀ ਬੱਸ ਅੱਗੇ ਹੀ ਅੱਗੇ ਵਧਦੀ ਰਹੀ ਸੀ। ਪਿਛਲੇ ਕੁੱਝ ਦਿਨਾਂ ਤੋਂ ਉਸਦੇ ਮਨ ਅੰਦਰ ਅੱਚਬੀ ਜਿਹੀ ਲੱਗੀ ਹੋਈ ਸੀ, ਜਿਵੇਂ ਕਿਸੇ ਨੇ ਉਸਦੇ ਅੱਗੇ ਵਧ ਰਹੇ ਪੈਰਾਂ ਨਾਲ ਭਾਰੇ ਪੱਥਰ ਬੰਨ ਦਿੱਤੇ ਹੋਣ। ਉਸਦੇ ਪਤੀ ਦਾ ਘਰ ਅੰਦਰ ਪਹਿਲਾ ਸਥਾਨ ਹਾਸਲ ਲਈ ਸੰਘਰਸ਼ ਹੋਰ ਤਿੱਖਾ ਹੋ ਗਿਆ ਸੀ। ਜੋ ਭਿੰਦੀ ਨੂੰ ਕਦਾਚਿੱਤ ਵੀ ਬ੍ਰਦਾਸ਼ਤ ਨਹੀਂ ਸੀ। ਉਹ ਕਨੇਡਾ ਵਿੱਚ ਉਸ ਤੋਂ ਕਈ ਸਾਲ ਪਹਿਲਾਂ ਆਈ ਸੀ ਜਿਸਨੇ ਉਸ ਨੂੰ ਮੰਗਵਾ ਕੇ ਕਨੇਡਾ ਦੀ ਧਰਤੀ ਤੇ ਰਿੜਨਾ,ਤੁਰਨਾ ਤੇ ਦੌੜਨਾ ਸਿਖਾਇਆ ਸੀ ਤੇ ਹੁਣ ਉਸ ਨੂੰ ਖੰਭ ਨਿੱਕਲ ਆਏ ਸਨ।ਭਿੰਦੀ ਦਾ ਪੇਕਾ ਪਰਿਵਾਰ ਵੀ ਉਸ ਨੂੰ ਕਈ ਵਾਰ ਚਿਤਾਵਨੀ ਦੇ ਚੁੱਕਾ ਸੀ ਕਿ ਜਿਵੇਂ ਕੰਮਾਂ ਤੇ ਵੱਧ ਸਨਿਉਰਟੀ ਵਾਲਿਆਂ ਦੀ ਪਹਿਲ ਹੁੰਦੀ ਹੈ ਇਸ ਤਰਾਂ ਘਰ ਵਿੱਚ ਵੀ ਤੇਰੀ ਹੀ ਪੁੱਗਣੀ ਚਾਹੀਦੀ ਹੈ। ਪ੍ਰਾਹੁਣੇ ਨੂੰ ਕਾਬੂ ਕਰ ਜੋ ਤੇਰੀ ਹਿੱਕ ਤੇ ਪੈਰ ਰੱਖ ਕੇ ਅੱਗੇ ਲੰਘ ਜਾਣ ਦੇ ਸੁਪਨੇ ਲੈਂਦਾ ਹੈ।

ਇੱਕ ਦਿਨ ਫੇਰ ਉਸਦੀ ਮਾਂ ਜਸਮੇਲ ਕੌਰ ਨੇ ਗੱਲ ਤੋਰੀ "ਦੇਖ ਧੀਏ ਤੈਨੂੰ ਕਿਵੇਂ ਕਨੇਡਾ ਤੋਰਿਆ ਸੀ। ਤੇਰੇ ਪਿਉ ਦਾ ਪੂਰਾ ਸੱਤ ਲੱਖ ਲੱਗਿਆ ਸੀ ਤੇਰੇ ਵਿਆਹ ਤੇ... ਉਹਦੀ ਤਾਂ ਪਾਈ ਪਾਈ ਲਿਖੀ ਹੋਈ ਆ...। ਮੈਂ ਆਪਣੇ ਸਾਰੇ ਗਹਿਣੇ ਵੇਚ ਕੇ ਤੇਰੇ ਪਹਿਲੇ ਸਹੁਰਿਆਂ ਨੂੰ ਟੂਮ ਛੱਲੇ ਪਾ ਕੇ ਮੰਨ ਮਨੌਤਾਂ ਕੀਤੀਆਂ ਸਨ।ਉਹ ਵੀ ਤੇਰੇ ਪਿਉ ਦੀ ਪੁਲਸ ਦੀ ਨੌਕਰੀ ਕਰਕੇ ਚਾਰ ਪੈਸੇ ਜੁੜੇ ਹੋਏ ਸਨ। ਇਹ ਸਾਡੀ ਕੁਰਬਾਨੀ ਇਸ ਕਰਕੇ ਵੀ ਸਮਝ ਲੈ ਕਿ ਤੇਰੇ ਭੈਣਾਂ ਭਰਾਵਾਂ ਦਾ ਕੁਛ ਬਣ ਜਾਊ। ਪਰ ਹੁਣ ਇਹ ਹੋ ਕੀ ਰਿਹਾ ਏ? ਅਮਰ ਸਾਡੇ ਕਰਕੇ ਨਿੱਤ ਦਾ ਕਲੇਸ਼ ਕਿਉਂ ਕਰਦਾ ਏ? ਜੇ ਤੂੰ ਨੀ ਸਾਡਾ ਖਿਆਲ ਰੱਖੇਗੀਂ ਤਾਂ ਹੋਰ ਕੌਣ ਰੱਖੂ? ਕੀ ਅਸੀਂ ਨੀ ਤੇਰਾ ਖਿਆਲ ਰੱਖਿਆ?" ਫੇਰ ਉਹ ਕੰਨ ਕੋਲ਼ ਮੂੰਹ ਕਰਕੇ ਬੋਲੀ “ਕੀ ਇੰਡੀਆਂ ਵਿੱਚ ਤੇਰੇ ਵਸਣ ਦੇ ਲੱਛਣ ਸੀ। ਉਦੋਂ ਤਾਂ ਇਹ ਹੀ ਅਮਰ ਤੇ ਇਸਦੇ ਮਾਪੇ ਤੇਰੇ ਪਿਉ ਅੱਗੇ ਆ ਕੇ ਨਿੱਤ ਪੂਛ ਹਿਲਾਉਂਦੇ ਸੀ ਕਿ ਰਿਸ਼ਤਾ ਲੈ ਲਉ ਸਾਨੂੰ ਹਰ ਗੱਲ ਮਨਜੂਰ ਏ, ਤੇ ਹੁਣ ਇਹ ਕਿਸ ਗੱਲ ਦਾ ਰੋਜ ਝੱਜੂ ਪਾਉਂਦਾ ਏਂ...। ਇਹ ਨੂੰ ਕਾਬੂ ਵਿੱਚ ਰੱਖ ਮੈਂ ਤੈਨੂੰ ਦੱਸਾਂ” ਮਾਂ ਲੋਹੀ ਲਾਖੀ ਹੋਈ ਪਈ ਸੀ।

ਭਿੰਦੀ ਦਾ ਸਿਰ ਚਕਰਾ ਰਿਹਾ ਸੀ। ਮਾਂ ਠੀਕ ਹੀ ਤਾਂ ਕਹਿ ਰਹੀ ਸੀ। ਉਸਦਾ ਵਿਆਹ ਮਾਂ ਬਾਪ ਨੇ ਕਿਸੇ ਮਕਸਦ ਲਈ ਕੀਤਾ ਸੀ, ਨਹੀਂ ਤਾਂ ਕਿਹੜਾ ਬਾਪ ਆਪਣੀ ਧੀ ਨੂੰ ਦੁੱਗਣੀ ਉਮਰ ਦੇ ਮਰਦ ਤੇ ਦੋ ਬੱਚਿਆਂ ਦੇ ਬਾਪ ਨਾਲ ਜੋ ਨਿੱਤ ਦਾ ਸ਼ਰਾਬੀ ਹੋਵੇ ਵਿਆਉਂਦਾ ਏ। ਇਸੇ ਕਰਕੇ ਤਾਂ ਉਸ ਨਾਲੋਂ ਰਿਸ਼ਤਾ ਟੁੱਟਾ ਸੀ। ਜਦੋਂ ਭਿੰਦੀ ਨੇ ਘਰ ਵਾਲੇ ਨੂੰ ਸ਼ਰਾਬ ਪੀਣ ਤੋਂ ਰੋਕਣ ਦੀ ਕੋਸਿਸ਼ ਕੀਤੀ ਸੀ ਤਾਂ ਉਸ ਨੇ ਥੱਪੜ ਮਾਰਿਆ ਸੀ। ਸ਼ਾਇਦ ਉਸਦਾ ਪਹਿਲੀ ਪਤਨੀ ਨਾਲੋਂ ਰਿਸ਼ਤਾ ਟੁੱਟਣ ਦਾ ਵੀ ਏਹੋ ਕਾਰਨ ਹੋਵੇ। ਜੋ ਦੋਨੋਂ ਬੱਚੇ ਲੈ ਕੇ ਵੱਖਰੀ ਰਹਿਣ ਲੱਗ ਪਈ ਸੀ। ਤਲਾਕ ਹੋਣ ਤੋਂ ਬਾਅਦ ਵੀ ਉਸ ਨੇ ਪੀਣੀ ਨਹੀਂ ਸੀ ਛੱਡੀ ਪਰ ਇਸੇ ਵਜ੍ਹਾ ਕਰਕੇ ਸਾਰੇ ਰਿਸ਼ਤੇਦਾਰ ਛੱਡ ਦਿੱਤੇ ਸਨ। ਰਿਸ਼ਤੇਦਾਰਾਂ ਦੇ ਕਹਿਣ ਤੇ ਵੀ ਕਿ ਕਾਹਨੂੰ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਕਰਦੇ ਹੋਂ ਉਸਦੇ ਮਾਂ ਬਾਪ ਉਸ ਨੂੰ ਭਾਰਤ ਜਾ ਕੇ ਵਿਆਹ ਲਿਆਏ ਸਨ ਕਿ ਸ਼ਾਇਦ ਨਵੀਂ ਬਹੂ ਉਸ ਨੂੰ ਸੁਧਾਰ ਦੇਵੇ, ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ।

ਕਈ ਵਾਰੀ ਉਹ ਸੋਚਦੀ ਮੈਂ ਵਿਆਹ ਕਿਉਂ ਕਰਵਾਇਆ। ਪਰ ਇਹ ਅਸਲੀਅਤ ਤਾਂ ਉਸਦਾ ਪਿਉ ਸਰਦੂਲ਼ ਸਿੰਘ ਵੀ ਜਾਣਦਾ ਸੀ। ਉਦੋਂ ਤਾਂ ਕਨੇਡਾ ਦੇ ਮੁਕਾਬਲੇ ਵਿੱਚ ਉਸ ਨੂੰ ਇਹ ਗੱਲਾਂ ਬੜੀਆਂ ਛੋਟੀਆਂ ਜਿਹੀਆਂ ਜਾਪੀਆਂ ਸਨ ਕਿ ਉਮਰ ਨੂੰ ਹੁਣ ਕੌਣ ਦੇਖਦਾ ਏ। ਜ਼ਮਾਨਾ ਬਦਲ ਗਿਆ ਏ ਮੈਂ ਤਾਂ ਪਿਛਲੇ ਵੀਹ ਵਰੇ ਤੋਂ ਪੀਂਦਾ ਹਾਂ। ਸਾਰੀ ਦੁਨੀਆ ਹੀ ਪੀਂਦੀ ਏ। ਨਾਲੇ ਕਨੇਡਾ ਵਰਗੇ ਮੁਲਕ 'ਚ ਜਾ ਕੇ ਤਾਂ ਇਹ ਗੱਲਾਂ ਮਾਹਨੇ ਹੀ ਕੋਈ ਨਹੀਂ ਰੱਖਦੀਆਂ। ਫੇਰ ਉਹ ਆਪਣੀ ਪਤਨੀ ਨੂੰ ਦਲੀਲ ਨਾਲ ਸਮਝਾਉਂਦਾ। ਤੂੰ ਪੰਜਾਬ ਦਾ ਹਾਲ ਦੇਖ। ਨੌਕਰੀਆਂ ਏਥੇ ਮਿਲਦੀਆਂ ਕੋਈ ਨਹੀਂ ਤੇ ਹਰ ਬੰਦਾ ਹਥਿਆਰ ਚੁੱਕੀ ਫਿਰਦਾ ਏ। ਰੋਜ਼ ਜਾਨੋਂ ਮਾਰਨ ਦੀਆਂ ਧਮਕੀਆਂ ਆਂਉਦੀਆਂ ਨੇ ਜੇ ਇਹ ਹੀ ਹਾਲਾਤ ਰਹੇ ਤਾਂ ਇਸ ਮੁਲਕ 'ਚ ਰਹਿਣਾ ਖਾਲਾ ਜੀ ਦਾ ਵਾੜਾ ਨਹੀਂ ਤੇ ਉਹ ਵੀ ਇੱਕ ਪੁਲਿਸ ਵਾਲੇ ਵਾਸਤੇ। ਨਾਲੇ ਹੁਣ ਤਾਂ ਚਾਰ ਪੈਸੇ ਕੋਲ਼ ਨੇ ਚੰਗੇ ਮੌਕੇ ਜੋੜ ਲਏ ਜੇ ਕੱਲ ਨੂੰ ਕੋਈ ਇਮਾਨਦਾਰੀ ਦਾ ਡੰਗਿਆ ਅਫਸਰ ਆ ਗਿਆ ਤਾਂ ਇਹ ਵੀ ਖਰਚੇ ਜਾਣਗੇ। ਜੇ ਕੋਈ ਇਨਕੁਆਰੀ ਬੈਠ ਗਈ ਤਾਂ ਸਰ ਗਿਆ। ਹਰ ਕੋਈ ਧੱਕੇਸ਼ਾਹੀ ਦਾ ਮੁੱਦਾ ਚੁੱਕੀ ਫਿਰਦਾ ਏ। ਹੁਣ ਮੌਕਾ ਏ ਨਿੱਕਲ ਚੱਲਦੇ ਹਾਂ। ਬੱਚਿਆਂ ਦਾ ਵੀ ਕੁੱਝ ਬਣ ਜਾਵੇਗਾ। ਮੁੱਢੇ 'ਚ ਨੁਕਸ ਕੱਢਣੇ ਛੱਡ ਤੇ ਹਾਂ ਕਰ। ਫੇਰ ਮਾਂ ਦੇ ਵੀ ਗੱਲ ਖਾਨੇ 'ਚ ਬੈਠ ਗਈ। ਇਹ ਰਿਸ਼ਤਾ ਹੋ ਗਿਆ।ਭਿੰਦੀ ਪਹਿਲਾਂ ਪਹਿਲਾਂ ਤਾਂ ਅੜ੍ਹ ਗਈ ਸੀ ਪਰ ਮਾਂ ਨੇ ਸਮਝਾਇਆਂ "ਕੁੜੀਏ ਕਨੇਡਾ ਜਾ ਕੇ ਤੇਰਾ ਭਵਿੱਖ ਬਣਜੂ। ਏਥੇ ਵੀ ਚੰਗਾ ਮੁੰਡਾ ਮਿਲਣ ਦੀ ਕੀ ਗਰੰਟੀ ਏ? ਨਸ਼ੇ ਦਾ ਹੜ੍ਹ ਵਗਦਾ ਏ ਏਥੇ। ਕਰੈਕਟਰ ਨਾਂ ਦੀ ਕੋਈ ਸ਼ੈਅ ਹੈ ਹੀ ਨਹੀਂ। ਤੂੰ ਆਪਣੇ ਅੰਦਰ ਹੀ ਝਾਤੀ ਮਾਰ ਕੇ ਸੋਚ। ਤੇਰੇ ਪਿਉ ਨੂੰ ਤਾਂ ਤੇਰਾ ਕੋਈ ਭੇਦ ਨਹੀਂ ਪਰ ਤੇਰੀ ਮਾਂ ਨੂੰ ਤਾਂ ਸਭ ਕੁੱਝ ਪਤਾ ਏ। ਕਦੇ ਵੀ ਬਦਨਾਮੀ ਦੀ ਕਾਲਖ ਤੇਰਾ ਘਰ ਤਬਾਹ ਕਰ ਸਕਦੀ ਹੈ। ਅਜੇ ਤਾਂ ਤੇਰੇ ਪਿਉ ਦੇ ਅਹੁਦੇ ਕਰਕੇ ਲੋਕੀ ਨਹੀਂ ਬੋਲਦੇ। ਭਿੰਦੀ ਨੇ ਸੋਚਿਆ ਮਾਂ ਠੀਕ ਹੀ ਤਾਂ ਕਹਿੰਦੀ ਹੈ ਮੈਨੂੰ ਚਾਂਸ ਛੱਡਣਾ ਨਹੀਂ ਚਾਹੀਦਾ ਤੇ ਉਹ ਰਾਜ਼ੀ ਹੋ ਗਈ ਸੀ।

ਉੱਧਰ ਮੁੰਡੇ ਵਾਲੇ ਸੋਚਦੇ ਕਿ ਸਾਡੇ ਸ਼ਰਾਬੀ ਕਬਾਬੀ ਦਹਾਜੂ ਪੁੱਤ ਨੂੰ ਥਾਣੇਦਾਰ ਦੀ ਕਾਲਜ ਪੜ੍ਹਦੀ ਵੀਹ ਵਰਿਆਂ ਦੀ ਕੁੜੀ ਚੋਖਾ ਦਾਜ ਤੇ ਲੱਖਾਂ ਰੁਪਿਆ ਨਕਦ ਮਿਲ ਰਿਹਾ ਹੈ ਹੋਰ ਸਾਨੂੰ ਕੀ ਚਾਹੀਦਾ ਹੈ। ਦੋਨੋ ਪਰਿਵਾਰ ਇੱਕ ਦੂਜੇ ਨੂੰ ਦਾਅ ਲਾਉਣ ਦੀ ਸੋਚ ਰਹੇ ਸਨ। ਹੋਰ ਵਿਆਹ ਦੀ ਆੜ ਵਿੱਚ ਰਹਿ ਵੀ ਕੀ ਗਿਆ ਸੀ। ਅਸਲ ਗੇਮ ਤਾਂ ਉਦੋਂ ਸ਼ੁਰੂ ਹੋਈ ਜਦੋਂ ਭਿੰਦੀ ਕਨੇਡਾ ਪਹੁੰਚਣ ਤੋਂ ਬਾਅਦ। ਭਿੰਦੀ ਦੇ ਘਰ ਵਾਲੇ ਅਮਰ ਨੂੰ ਕੁੱਝ ਲੋਕ ਪਹਿਲਾਂ ਤੋਂ ਹੀ ਮੱਤਾਂ ਦੇ ਰਹੇ ਸਨ ਕਿ ਕੁੜੀ ਤੇਰੇ ਤੋਂ ਅੱਧੀ ਉਮਰ ਦੀ ਹੈ ਸੰਭਾਲ ਕੇ ਰੱਖੀਂ। ਦੋ ਦੋ ਜੌਬਾਂ ਤੇ ਲਾ ਕੇ ਰੱਖੀ ਤਾਂ ਕਿ ਥੱਕੀ ਹਾਰੀ ਸੌਣ ਤੋਂ ਸਿਵਾਏ ਹੋਰ ਕੁੱਝ ਵੀ ਸੋਚਣ ਦਾ ਮੌਕਾ ਨਾ ਮਿਲੇ। ਉਸ ਦੇ ਪਰਿਵਾਰ ਨੂੰ ਭੁੱਲ ਕੇ ਵੀ ਸਪੌਂਸਰ ਕਰਨ ਦਾ ਮੌਕਾਂ ਨਾ ਦੇਵੀਂ ਫੇਰ ਇਸ ਕਬੂਤਰੀ ਨੂੰ ਬੈਠਣ ਲਈ ਇੱਕ ਛਤਰੀ ਹੋਰ ਮਿਲ ਜਾਣੀ ਏਂ ਤੈਨੂੰ ਤਾਂ ਫੇਰ ਉੱਕਾ ਹੀ ਪੁੱਛਣਾ ਨਹੀਂ। ਉਧਰ ਭਿੰਦੀ ਦੀ ਜਦ ਵੀ ਮੌਕਾ ਮਿਲਦਾ ਤਾਂ ਫੋਨ ਰਾਹੀਂ ਇੰਡੀਆ ਤੋਂ ਕਲਾਸ ਲੱਗ ਜਾਂਦੀ ਕਿ 'ਘਰ ਵਾਲਾ ਤੇਰੇ ਸ਼ਰਾਬੀ ਕਬਾਬੀ ਹੈ, ਆਪਣਾ ਘਰ ਸੰਭਾਲ ਕੇ ਰੱਖੀ। ਨਣਾਨਾਂ ਨੂੰ ਬਹੁਤਾਂ ਮੂੰਹ ਨਾਂ ਲਾਈਂ ਵਾਧੂ ਦੀ ਦਖਲ ਦੇ ਕੇ ਕਲੇਸ਼ ਪੁਆਂਉਂਦੀਆਂ ਰਹਿਣਗੀਆਂ। ਸਾਨੂੰ ਜਲਦੀ ਸਪੌਂਸਰ ਕਰ ਫੇਰ ਆਪੇ ਆ ਕੇ ਅਸੀਂ ਸੰਭਾਲ ਲਵਾਂਗੇ। ਘਰ ਤੂੰ ਰੋਹਬ ਨਾਲ ਚਲਾਉਣਾ ਹੈ।'

ਇੱਕ ਦਿਨ ਭਿੰਦੀ ਨੇ ਚੁੱਕੀ ਚਕਾਈ ਨੇ ਕਹਿ ਦਿੱਤਾ ਕਿ ਤੁਹਾਡੀਆਂ ਭੈਣਾਂ ਜਾਂ ਮਾਂ ਪਿਉ ਮੇਰੀ ਕਿਸੇ ਗੱਲ ਵਿੱਚ ਵਾਧੂ ਦਾ ਦਖਲ ਨਾ ਦੇਣ ਮੈਨੂੰ ਵੀ ਏਨੀ ਕੁ ਅਕਲ ਹੈ। ਤਾਂ ਅਮਰ ਨੇ ਠਾਹ ਕਰਦਾ ਥੱਪੜ ਮਾਰਿਆ ਕਿ ਤੇਰੀ ਜ਼ੁਰਤ ਕਿਵੇਂ ਪਈ ਮੇਰੀ ਮਾਂ ਜਾਂ ਭੈਣਾਂ ਨੂੰ ਕਹਿਣ ਦੀ। ਬੱਸੇ ਏਸੇ ਦਿਨ ਭਿੰਦੀ ਦਾ ਆਤਮ ਸਨਮਾਨ ਜ਼ਖਮੀ ਹੋਇਆ ਸੀ। ਉਹ ਸੋਚਣ ਲੱਗੀ ਕਿ ਇਹ ਦੋ ਟਕੇ ਦਾ ਬੰਦਾ ਤੇ ਉਹ ਵੀ ਸ਼ਰਾਬੀ ਕਬਾਬੀ ਆਪਣੇ ਆਪ ਨੂੰ ਸਮਝਦਾ ਕੀ ਹੈ। ਸਿਰਫ ਇਸਦੀ ਯੋਗਤਾ ਇਹ ਹੀ ਹੈ ਕਿ ਮੇਰੇ ਤੋਂ ਪਹਿਲਾਂ ਕਨੇਡਾ ਆਇਆ ਸੀ, ਜਿਵੇਂ ਕਨੇਡਾ ਇਹਦੇ ਪਿਉ ਦਾ ਮੁਲਕ ਹੋਵੇ। ਜੇ ਮੈਂ ਆਈ ਤੇ ਆ ਗਈ ਤਾਂ ਦੋ ਦਿਨਾਂ ਵਿੱਚ ਸਾਰੀਆਂ ਫੀਤੀਆਂ ਉਤਾਰ ਕੇ ਰੱਖ ਦਊਂ ਜੋਂ ਕਨੇਡਾ ਵਾਲੇ ਹੋਣ ਦੀਆਂ ਮੋਢਿਆਂ ਤੇ ਸਜਾਈਂ ਫਿਰਦੇ ਨੇ। ਉਹ ਫੱਟੜ ਸੀਹਣੀਂ ਵਾਂਗ ਵਿਸ ਘੋਲਦੀ ਮੌਕੇ ਦੀ ਤਲਾਸ਼ ਕਰਦੀ ਰਹੀਂ। ਇੱਕ ਦਿਨ ਫੇਰ ਇਸ ਗੱਲੋਂ ਤਕਰਾਰ ਹੋ ਗਿਆ ਕਿ ਮੈਂ ਆਪਣੇ ਮਾਂ ਬਾਪ ਸਪੌਂਸਰ ਕਰਨੇ ਨੇ ਤਾਂ ਅਮਰ ਅੱਗੋ ਬੁੜਕ ਪਿਆ ਕਿ ਤੂੰ ਇਹ ਗੱਲ ਸੋਚੀਂ ਵੀ ਕਿੱਦਾਂ। ਭਿੰਦੀ ਨੇ ਕਿਹਾ ਕਿਉਂ ਮੈਂ ਇਨਸਾਨ ਨਹੀਂ ਮੈਂ ਕਨੇਡਾ ਨਹੀਂ ਰਹਿੰਦੀ, ਮੈਂ ਕੰਮ ਨਹੀਂ ਕਰਦੀ ਤੇਰੇ ਨਾਲ ਵਿਆਹ ਕਰਵਾਇਆ ਹੈ ਉਹ ਵੀ ਕੀਮਤ ਅਦਾ ਕਰਕੇ ਮੈਂ ਤੇਰੀ ਕੋਈ ਗ਼ੁਲਾਮ ਨਹੀਂ ਬਈ ਮੇਰੀ ਜ਼ਿੰਦਗੀ ਦੇ ਫੈਸਲੇ ਵੀ ਹੁਣ ਤੂੰ ਕਰੇਂਗਾ। ਅਮਰ ਨੇ ਆ ਦੇਖਿਆਂ ਨਾਂ ਤਾ "ਖੜਜਾ ਤੇਰੀ ਕੁੱਤੀ ਜ਼ਨਾਨੀ ਦੀ…” ਕਹਿੰਦਿਆਂ ਹੋਇਆਂ ਸ਼ਰਾਬ ਵਾਲਾ ਗਲਾਸ ਉਸ ਦੇ ਮੱਥੇ 'ਚ ਮਾਰਿਆ। ਚਾਰ ਪੰਜ ਥੱਪੜ ਜੜ ਦਿੱਤੇ। ਜਦੋਂ ਫੇਰ ਵੀ ਠੰਢ ਨਾ ਪਈ ਤਾਂ ਕੌਰਡਲੈੱਸ ਉਸ ਦੇ ਮੂੰਹ ਤੇ ਮਾਰਿਆ ਅਖੇ ਆ ਬੈਲ ਮੁਝੇ ਮਾਰ। ਭਿੰਦੀ ਨੇ ਉਸੇ ਫੋਨ ਤੋਂ ਤੁਰੰਤ 911 ਘੁਮਾਇਆ, ਗਲ ਅਜੇ ਕੋਈ ਵੀ ਨਹੀਂ ਸੀ ਕੀਤੀ ਕਿ ਅਮਰ ਨੇ ਛਾਲ ਮਾਰ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਣਾ ਸੁਰੂ ਕਰ ਦਿੱਤਾ । ਫੋਨ ਬੁੜਕ ਕੇ ਪਰਾਂ ਜਾ ਡਿੱਗਿਆ। ਬਾਕੀ ਦਾ ਚੀਕ ਚਿਹਾੜਾ ਪੁਲੀਸ ਨੂੰ ਫੋਨ ਤੇ ਹੀ ਸੁਣਿਆ। ਮਿੰਟਾਂ ਸਕਿੰਟਾਂ ਵਿੱਚ ਹੀ ਪੁਲੀਸ ਐਂਬੂਲੈਂਸ ਤੇ ਫਾਇਰ ਦੇ ਅਲਾਰਮ ਉਨ੍ਹਾਂ ਦੇ ਘਰ ਅੱਗੇ ਵੱਜ ਰਹੇ ਸਨ। ਭਿੰਦੀ ਨੇ ਰੋ ਰੋ ਕੇ ਆਪਣੀ ਕਹਾਣੀ ਦੱਸੀ, ਅਮਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਿੰਦੀ ਕਿਤੇ ਹੋਰ ਰਹਿਣ ਲੱਗ ਪਈ ਸੱਸ ਸਹੁਰੇ ਨੇ ਨਾਲ ਰਹਿਣ ਲਈ ਬਥੇਰਾ ਮਨਾਈ ਸੀ ਪਰ ਉਹ ਨਾ ਮੰਨੀ।

ਭਿੰਦੀ ਨੂੰ ਬੇਸਮੈਂਟ ਉਸਦੇ ਥਾਣੇਦਾਰ ਪਿਉ ਦੇ ਕਹਿਣ ਤੇ ਕਿਸੇ ਵਾਕਿਫ ਨੇ ਦੁਆ ਦਿੱਤੀ ਸੀ ਜੌਬ ਤਾਂ ਉਹ ਕਰਦੀ ਹੀ ਸੀ ਅਸਲ ਵਿੱਚ ਉਹ ਸਰਦੂਲ ਸਿੰਘ ਦੀ ਮਾਸੀ ਦੇ ਭਾਣਜੇ ਦਾ ਘਰ ਸੀ। ਭਿੰਦੀ ਨੂੰ ਹੁਣ ਹਰ ਗੱਲ ਵਿੱਚ ਪੂਰੀ ਆਜ਼ਾਦੀ ਮਿਲ ਗਈ ਘਰ ਵਾਲੇ ਉਸ ਨੂੰ ਪਰਿਵਾਰ ਦਾ ਮੈਂਬਰ ਹੀ ਸਮਝਦੇ ਹਰ ਗੱਲ ਵਿੱਚ ਉਸਦੀ ਮੱਦਦ ਕਰਦੇ ਤੇ ਸਲਾਹਾਂ ਦਿੰਦੇ ਕਿ ਅਮਰ ਵਰਗੇ ਸ਼ਰਾਬੀ ਬੰਦੇ ਨਾਲ ਤਾਂ ਉਹ ਰਹਿਣ ਦੀ ਗੱਲ ਦਿਮਾਗ ਵਿੱਚੋਂ ਹੀ ਕੱਢ ਦੇਵੇ। ਜੋ ਨਾਂ ਤਾਂ ਅਲਕੋਹਲਿਕ ਹੋਣ ਕਰਕੇ ਕੰਮ ਕਰ ਸਕਦਾ ਹੈ, ਉਮਰ ਵਿੱਚ ਉਸ ਤੋਂ ਦੁੱਗਣਾ ਹੈ ਤੇ ਪਹਿਲੀ ਪਤਨੀ ਦੇ ਬੱਚਿਆਂ ਦਾ ਅੱਧਾ ਖਰਚਾ ਵੀ ਉਸ ਦੇ ਸਿਰ ਪਿਆ ਹੋਇਆ ਹੈ। ਉੱਥੇ ਤਾਂ ਉਸਦਾ ਭਵਿੱਖ ਬਿਲਕੁੱਲ ਸੁਰੱਖਿਅਤ ਨਹੀਂ। ਉਨ੍ਹਾਂ ਹੀ ਚੁੱਕ ਚੁਕਾ ਕੇ ਭਿੰਦੀ ਨੂੰ ਤਲਾਕ ਅਪਲਾਈ ਕਰਨ ਲਈ ਮਨਾ ਲਿਆ ਸੀ। ਉਧਰ ਅਮਰ ਦੀ ਸ਼ਰਾਬ ਬੇਹੱਦ ਵਧ ਗਈ ਸੀ ਤੇ ਇਸ ਰਿਸ਼ਤੇ ਦਾ ਭੋਗ ਪੈਦਿਆਂ ਕੋਈ ਬਹੁਤਾ ਸਮਾਂ ਨਾ ਲੱਗਾ।

ਭਿੰਦੀ ਨੂੰ ਤਲਾਕ ਦਾ ਸਰਟੀਫੀਕੇਟ ਮਿਲਣ ਦੀ ਦੇਰ ਸੀ ਕਿ ਉਸ ਨੂੰ ਨਵੇਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਇਸ ਕਲੇਸ਼ ਦੌਰਾਨ ਉਸ ਦੀ ਸਭ ਤੋਂ ਵੱਧ ਮੱਦਦ ਕਰਨ ਵਾਲੀ ਉਸਦੇ ਡੈਡੀ ਜੀ ਦੀ ਮਾਸੀ ਨੇ ਹੀ ਸਭ ਤੋਂ ਪਹਿਲਾਂ ਆਪਣੇ ਘਰ ਵਾਲੇ ਦੇ ਭਤੀਜੇ ਨਾਲ ਵਿਆਹ ਕਰਵਾਉਣ ਦੀ ਜਿੱਦ ਫੜ ਲਈ। ਉਧਰੋਂ ਸਰਦੂਲ ਸਿੰਘ ਵੀ ਕਹਿਣ ਲੱਗਿਆ ਹੁਣ ਔਖੇ ਵੇਲੇ ਮਾਸੀ ਨੇ ਐਨੀ ਮੱਦਦ ਕੀਤੀ ਹੈ ਜਵਾਬ ਕਿਵੇਂ ਦੇ ਸਕਦੇ ਹਾਂ। ਉਦਾਂ ਵੀ ਜਾਣ ਪਛਾਣ ਹੈ ਨਹੀਂ ਤਾਂ ਤਲਾਕ ਸ਼ੁਦਾ ਔਰਤ ਨਾਲ ਕਨੇਡਾ ਦੇ ਲਾਲਚ ਨੂੰ ਵਿਆਹ ਕਰਵਾਉਣ ਲਈ ਤਾਂ ਹਰ ਇੱਕ ਤਿਆਰ ਹੈ ਪਰ ਬਾਅਦ ਮਤਲਬ ਨਿੱਕਲੇ ਤੋਂ ਰੌਲਾ ਪਾ ਲੈਂਦੇ ਹਨ। ਪਤਾ ਨਹੀਂ ਭਿੰਦੀ ਨੂੰ ਕਿਉਂ ਲੱਗਦਾ ਸੀ ਕਿ ਮਾਸੀ ਨੇ ਉਸਦੀ ਮੱਦਦ ਕੀਤੀ ਹੀ ਤਾਂ ਹੈ ਕਿ ਉਹ ਮੁੰਡੇ ਦਾ ਸਾਕ ਕਰਵਾ ਕੇ ਆਪਣੇ ਸਹੁਰਿਆਂ ਤੇ ਰੋਹਬ ਪਾ ਸਕੇ। ਭਿੰਦੀ ਤਾਂ ਇਹ ਵੀ ਚਾਹੁੰਦੀ ਸੀ ਕਿ ਇੰਡੀਆਂ ਜਾ ਕੇ ਆਪਣਾ ਮਨ ਪਸੰਦ ਦਾ ਮੁੰਡਾ ਚੁਣ ਕੇ ਲਿਆਵੇ ਪਰ ਆਪਣੇ ਪਿਉੁ ਨੂੰ ਜਵਾਬ ਨਾ ਦੇ ਸਕੀ ਜੋ ਧੀ ਨੂੰ ਦੁਬਾਰਾ ਮੁਫਤੋਂ ਮੁਫਤ ਵਿਆਹ ਕਰਵਾ ਕੇ ਵਸਾ ਦੇਣਾ ਚਾਹੁੰਦਾ ਸੀ। ਕੁਝ ਕੁ ਨਾਂਹ ਨੁੱਕਰ ਕਰਨ ਤੋਂ ਬਾਅਦ ਹੀ ਭਿੰਦੀ ਨੇ ਪਿਉ ਸਾਹਮਣੇ ਹਥਿਆਰ ਸੁੱਟ ਦਿੱਤੇ ਤੇ ਸਰਦੂਲ ਸਿੰਘ ਨੇ ਵੀ ਮਾਸੀ ਨੂੰ ਨਿਸ਼ੰਗ ਹੋ ਕੇ ਕਹਿ ਦਿੱਤਾ ਕਿ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨ। ਭਿੰਦੀ ਦੇ ਇੰਡੀਆ ਆਉਣ ਜਾਣ ਦਾ ਖਰਚਾ ਦੇਣ ਜੋ ਉਹ ਮੰਨ ਗਏ ਕਿਉਂਕਿ ਦਸ ਪੰਦਰਾਂ ਲੱਖ ਖਰਚ ਕੇ ਮੁੰਡੇ ਨੂੰ ਕੱਚਾ ਕਨੇਡਾ ਭੇਜਣ ਨਾਲੋਂ ਇਹ ਸੌਦਾ ਸਸਤਾ ਸੀ।

ਹਾਂ ਹੋਣ ਦੀ ਦੇਰ ਸੀ ਹੁਣ ਮਾਸੀ ਨੇ ਮੁੰਡੇ ਦੀਆਂ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ ਕਿ ਅਮਰਜੀਤ ਦੀ ਐੱਮ ਐੱਮ ਸੀ ਕੀਤੀ ਹੋਈ ਹੈ ਕੋਈ ਨਸ਼ਾ ਪੱਤਾ ਨਹੀਂ ਖਾਂਦਾ ਬੜਾ ਲੈਕ ਮੁੰਡਾ ਹੈ। ਸਰਦੂਲ ਸਿੰਘ ਮੁੰਡਾ ਦੇਖਣ ਗਿਆ । ਵਾਕਿਆ ਹੀ ਗੱਲ ਠੀਕ ਸੀ ਛੇ ਫੁੱਟ ਲੰਬਾ ਕੱਦ ਗੋਰਾ ਰੰਗ ਸੋਹਣਾ ਸੁਨੱਖਾ ਭਿੰਦੀ ਤੋਂ ਸਿਰਫ ਤਿੰਨ ਵਰ੍ਹੇ ਵੱਡਾ। ਮੁੰਡੇ ਨੂੰ ਪੰਜ ਏਕੜ ਜ਼ਮੀਨ ਆਉਂਦੀ ਸੀ, ਬਾਹਰ ਖੇਤਾਂ ਵਿੱਚ ਘਰ ਸੀ ਹੋਰ ਕੀ ਚਾਹੀਦਾ ਸੀ। ਉਨ੍ਹਾਂ ਭਿੰਦੀ ਨੂੰ ਫੋਨ ਕਰਕੇ ਸ਼ਗਨ ਪਾ ਦਿੱਤਾ ਤੇ ਵਿਆਹ ਵਾਸਤੇ ਜਲਦੀ ਆਉਣ ਲਈ ਕਿਹਾ। ਇਨ੍ਹਾਂ ਦਿਨਾਂ ਵਿੱਚ ਸਰਦਾਰਾ ਸਿੰਘ ਦੇ ਪਰਿਵਾਰ ਨੇ ਸਰਦੂਲ ਸਿੰਘ ਦੀ ਰੱਜ ਕੇ ਸੇਵਾ ਕੀਤੀ। ਜਿਉਂ ਹੀ ਉਸਦੀ ਕਾਰ ਆ ਕੇ ਰੁੱਕਦੀ ਠਾਣੇਦਾਰ ਸਾਹਿਬ ਠਾਣੇਦਾਰ ਸਾਹਿਬ ਹੁੰਦੀ ਬੋਤਲਾਂ ਖੁੱਲਦੀਆਂ ਮੁਰਗ਼ੇ ਰਿੰਨੇ ਜਾਂਦੇ। ਅਮਰਜੀਤ ਵਾਰ ਵਾਰ ਗੋਡੇ ਛੂੰਹਦਾ। ਸਰਦੂਲ ਸਿੰਘ ਭਿੰਦੀ ਨੂੰ ਫੋਨ ਤੇ ਹਰ ਵਾਰ ਆਖਦਾ ਕਿ ਏਹੋ ਜਿਹਾ ਮੁੰਡਾ ਤਾਂ ਕਿਸਮਤ ਵਾਲਿਆਂ ਨੂੰ ਮਿਲਦਾ ਹੈ।

ਫੇਰ ਇੱਕ ਦਿਨ ਭਿੰਦੀ ਕਨੇਡਾ ਤੋਂ ਭਾਰਤ ਆਈ ਤੇ ਦੋਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਦਾ ਸਮਾਂ ਬੜਾ ਰੰਗ ਰੰਗੀਨੀਆਂ ਭਰਿਆ ਬੀਤਿਆ। ਜਾਣ ਸਾਰ ਭਿੰਦੀ ਨੇ ਆਪਣੇ ਘਰ ਵਾਲੇ ਦੇ ਪੇਪਰ ਭਰ ਦਿੱਤੇ। ਨਵੇਂ ਕਨੂੰਨ ਅਨੁਸਾਰ ਮੈਡੀਕਲ ਅਤੇ ਇੰਟਰਵਿਊ ਉਪਰੰਤ ਅਮਰਜੀਤ ਕਨੇਡਾ ਪਹੁੰਚ ਗਿਆ। ਮਾਸੀ ਮਾਸੜ ਨੇ ਦੋਹਾਂ ਦੀ ਮੱਦਦ ਵੀ ਕੀਤੀ ਤੇ ਵੱਖਰੀ ਬੇਸਮੈਂਟ ਵੀ ਲੱਬ ਦਿੱਤੀ। ਦੋਹਾਂ ਨੂੰ ਚੰਗੇ ਕੰਮ ਮਿਲ ਗਏ ਤੇ ਗੱਡੀ ਚੰਗੀ ਰਿੜ ਪਈ। ਹੁਣ ਵਾਰੀ ਆਈ ਮਾਪਿਆਂ ਨੂੰ ਸਪੌਂਸਰ ਕਰਨ ਦੀ ਭਿੰਦੀ ਦੀ ਜਿੱਦ ਸੀ ਕਿ ਪਹਿਲਾਂ ਉਹ ਸਪੌਸਰ ਕਰੇਗੀ ਕਿਉਂਕਿ ਕਨੇਡਾ ਵੀ ਪਹਿਲਾਂ ਉਹੋ ਆਈ ਸੀ। ਅਮਰਜੀਤ ਮੰਨ ਗਿਆ ਤੇ ਦੋਹਾਂ ਨੇ ਰਲ ਕੇ ਭਿੰਦੀ ਦੇ ਪਰਿਵਾਰ ਨੂੰ ਸਪੌਸਰ ਕਰ ਦਿੱਤਾ। ਕਨੇਡਾ ਵਿੱਚ ਵਸੇ ਪੰਜਾਬੀ ਪਰਿਵਾਰਾਂ ਦੇ ਘਰਾਂ ਅੰਦਰ ਮਹਾਂਭਾਰਤ ਏਥੋਂ ਹੀ ਸ਼ੁਰੂ ਹੁੰਦੀ ਹੈ।
ਦੋ ਸਾਲ ਦੀ ਉਡੀਕ ਤੋਂ ਬਾਅਦ ਜਦੋਂ ਭਿੰਦੀ ਦਾ ਪਰਿਵਾਰ ਕਨੇਡਾ ਆ ਗਿਆ ਤਾਂ ਪਰਿਵਾਰਕ ਯੁੱਧ ਦੀ ਧੂੜ ਹੋਰ ਸੰਘਣੀ ਹੋਣ ਲੱਗੀ। ਹੁਣ ਭਿੰਦੀ ਲਈ ਸਾਰਾ ਕੁੱਝ ਆਪਣੇ ਮਾਪੇ ਸਨ। ਉਹ ਹਰ ਰੋਜ ਉਨ੍ਹਾਂ ਨੂੰ ਘੁੰਮਾਉਂਦੀ ਫਿਰਾਉਂਦੀ। ਸਟੋਰਾਂ ਵਿੱਚ ਨਾਲ ਲਈ ਫਿਰਦੀ ਅਮਰਜੀਤ ਲਈ ਤਾਂ ਜਿਵੇਂ ਉਸ ਕੋਲ ਸਮਾਂ ਹੀ ਨਹੀਂ ਸੀ। ਜਿਉਂ ਜਿਉਂ ਅਮਰਜੀਤ ਦੇ ਕਨੇਡਾ ਵਾਲੇ ਚਾਅ ਫਿੱਕੇ ਪੈਣ ਲੱਗੇ ਤਿਉਂ ਤਿਉਂ ਭਿੰਦੀ ਦੇ ਨਾਜ਼ ਨਖਰੇ ਵੀ ਬਦਲਣ ਲੱਗੇ। ਅਮਰਜੀਤ ਨੇ ਹੁਣ ਸਹੁਰਾਂ ਸਾਹਿਬ ਦੇ ਗੋਡੇ ਛੂਹਣੇ ਬੰਦ ਕਰ ਦਿੱਤੇ ਤੇ ਦਾਰੂ ਵੀ ਪੁੱਛਣੋਂ ਹਟ ਗਿਆ। ਹੋਰ ਤਾਂ ਹੋਰ ਉਹ ਕੰਮ ਤੋਂ ਆ ਕੇ ਚੁੱਪ ਚੁਪੀਤੇ ਆਪਣੇ ਬੈੱਡ ਰੂਮ ਵਿੱਚ ਜਾ ਵੜਦਾ। ਸਰਦੂਲ ਸਿੰਘ ਨੂੰ ਜਵਾਈ ਦੀ ਇਗ ਗੱਲ ਚੰਗੀ ਨਾ ਲੱਗੀ। ਉਸ ਨੂੰ ਤਾਂ ਆਪਣੀ ਪਹਿਲਾਂ ਵਰਗੀ ਆਉ ਭਗਤ ਚਾਹੀਦੀ ਸੀ ਪਰ ਉਸਦੀ ਜਗਾ ਬਗਾਵਤ ਦੀ ਬੂਅ ਕਾਰਨ ਉਸ ਦਾ ਦਮ ਘੁੱਟਣ ਲੱਗਾ। ਉਹ ਆਨੀ ਬਹਾਨੀ ਧੀਏ ਗੱਲ ਸੁਣ ਨੂੰਹੇਂ ਕੰਨ ਕਰ ਵਾਲੀ ਪਾਲਿਸੀ ਤੇ ਟਕੋਰਾਂ ਕਰਦਾ ਕਿ ਕਨੇਡਾ ਦਾ ਤਾਂ ਪਾਣੀ ਹੀ ਚੰਦਰਾ ਹੈ ਏਥੇ ਆਕੇ ਸਾਰੇ ਬਦਲ ਜਾਂਦੇ। ਹੋਰ ਤਾਂ ਹੋਰ ਦਾਲਾਂ ਸਬਜ਼ੀਆਂ ਦਾ ਦਾ ਸਵਾਦ ਵੀ ਉਹ ਨਹੀਂ ਰਹਿੰਦਾ। ਇੰਡੀਆਂ ਵਿੱਚ ਬਣਿਆ ਮੀਟ ਮੂੰਹੋਂ ਨਹੀਂ ਸੀ ਲਹਿੰਦਾ ਏਥੇ ਆਲੂਆਂ ਤੋਂ ਵੀ ਭੈੜਾ ਲੱਗਦਾ ਏ। ਕਿਸੇ ਵੀ ਚੀਜ਼ ਵਿੱਚ ਉਹ ਸੁਗੰਧ ਨਹੀਂ ਰਿਸ਼ਤਿਆਂ ਵਿੱਚ ਨਿੱਘ ਕਿੱਥੋਂ ਹੋਊ? ਇੱਕ ਦਿਨ ਉਹ ਅਮਰਜੀਤ ਨੂੰ ਸੁਣਾ ਕੇ ਕਹਿਣ ਲੱਗਾ ਕਿ "ਕਾਹਦਾ ਕਨੇਡਾ ਹੈ ਮੈਂ ਤਾਂ ਆ ਕੇ ਫਸ ਗਿਆ ਇੰਡੀਆ ਵਿੱਚ ਵੀਹ ਸਾਲ ਨੌਕਰੀ ਕੀਤੀ ਹੈ, ਕਦੇ ਨਾਗਾ ਨਹੀਂ ਸੀ ਪਿਆ ਏਥੇ ਤਾਂ ਉਹ ਵੀ ਨਹੀਂ ਜੁੜਦੀ। ਅਮਰਜੀਤ ਕਹਿਣਾਂ ਤਾਂ ਚਾਹੁੰਦਾ ਸੀ ਕਿ ਥਾਣੇਦਾਰ ਸਾਹਿਬ ਸਾਹਿਬ ਏਤੇ ਹੱਕ ਹਲਾਲ ਦੀ ਕਮਾਈ ਨਾਲ ਤਾਂ ਘਰ ਦਾ ਮਸਾਂ ਤੋਰਾ ਤੁਰਦਾ ਹੈ ਉਹ ਹਰਾਮ ਦੀ ਕਮਾਈ ਵਾਲੀ ਐਸ਼ ਵਾਲ ਸਿਲਸਲਾ ਏਥੇ ਨਹੀਂ ਚੱਲਣਾ। ਪਰ ਉਹ ਕਹਿ ਨਾ ਸਕਿਆ ਭਿੰਦੀ ਨੇ ਜਰੂਰ ਆਖਿਆ ਕਿ ਡੈਡੀ ਜੀ ਤੁਸੀਂ ਕੋਈ ਕੰਮ ਲੱਭੋਂ ਇਹ ਦਾਰੂ ਦੀ ਆਦਤ ਨਹੀਂ ਚੱਲਣੀ ਏਥੇ ਤਾਂ ਅੱਗੋਂ ਸਰਦੂਲ ਸਿੰਘ ਨੂੰ ਥਾਣੇਦਾਰੀ ਤਾਅ ਚੜ੍ਹ ਗਿਆ ਕਿ ਅੱਛਾ ਹੁਣ ਥੋਨੂੰ ਮੇਰੀ ਦੋ ਘੁੱਟ ਦਾਰੂ ਵੀ ਚੁਭਣ ਲੱਗ ਪਈ ਹੈ। ਇੰਡੀਆ ਮੇਰੇ ਅੱਗੇ ਕੋਈ ਕੁਸਕਿਆ ਨਹੀਂ ਸੀ ਤੂੰ ਹੁਣ ਮੇਰੀ ਕੁੜੀ ਵੀ ਮੈਨੂੰ ਮੱਤਾਂ ਦੇਣ ਲੱਗ ਪਈ ਹੈ। ਉਹਨੇ ਤਾਂ ਏਥੋਂ ਤੱਕ ਵੀ ਆਖ ਦਿੱਤਾ ਕਿ ਤੈਨੂੰ ਪੜ੍ਹਾ ਲਿਖਾ ਕੇ ਕਨੇਡਾ ਭੇਜਿਆ ਵਿਆਹ ਕੀਤਾ ਕਿ ਚੱਲ ਚਾਰ ਦਿਨ ਸੁੱਖ ਦੇ ਦੇਖਾਂਗੇ ਜੇ ਨਹੀਂ ਸੰਭਾਲ ਹੁੰਦਾ ਤਾਂ ਸਾਨੂੰ ਇੰਡੀਆ ਨੂੰ ਚੜ੍ਹਾ ਦਿਉ। ਮੈਂ ਤਾਂ ਇਹ ਪੰਗਾ ਤੇਰੇ ਛੋਟੇ ਭਰਾ ਕਰਕੇ ਲਿਆ ਸੀ ਕਿ ਚਲੋਂ ਬਾਹਰ ਨਿੱਕਲ ਜਾਵੇਗਾ ਨਹੀਂ ਮੈਂ ਤਾਂ ਉਥੇ ਬਥੇਰਾ ਸੌਖਾ ਸੀ।

ਪਿਉ ਤੋਂ ਹੋਈ ਬੇਇੱਜਤੀ ਦਾ ਬਦਲਾ ਭਿੰਦੀ ਨੇ ਅਮਰਜੀਤ ਤੋਂ ਲਿਆ ਕਿ ਤੂੰ ਮੇਰੀ ਡੈਡੀ ਨੂੰ ਨਹੀਂ ਪੁੱਛਦਾ ਚੱਜ ਨਾਲ ਬੁਲਾਉਂਦਾ ਨਹੀਂ ਤਾਂ ਲੜਾਈ ਹੋਈ ਹੈ। ਉਹ ਤਾਂ ਇਹ ਵੀ ਕਹਿ ਗਈ ਕਿ ਤੂੰ ਕਨੇਡਾ ਦੇ ਲਾਲਚ ਨੂੰ ਵਿਆਹ ਕਰਵਾਇਆ ਸੀ, ਜਦੋਂ ਮਤਲਬ ਸੀ ਤਾਂ ਇਹ ਹੀ ਡੈਡੀ ਥਾਣੇਦਾਰ ਸਾਹਿਬ ਲੱਗਦੇ ਸਨ ਤੇ ਗੋਡੀ ਹੱਥ ਲਾਉਂਦਾ ਸੀ ਹੁਣ ਕਲਾਮ ਕਰਕੇ ਵੀ ਰਾਜ਼ੀ ਨਹੀਂ। ਇਹ ਸਿਲਸਲਾ ਰੋਜ਼ ਵਧਣ ਲੱਗਾ। ਇੰਡੀਅਨ ਮਾਲਿਕ ਮਕਾਨ ਨੂੰ ਵੀ ਥੋੜੀ ਭਿਣਕ ਪੈਣ ਲੱਗੀ ਕਿ ਕੁੱਝ ਗੜਬੜ ਹੈ ਤਾਂ ਉਨ੍ਹਾਂ ਬੇਸਮੈਂਟ ਛੱਡ ਕੇ ਅਪਾਰਟਮੈਂਟ ਲੈ ਲਈ। ਉੱਥੇ ਜਾਕੇ ਇਹ ਲੜਾਈ ਘਟਣ ਦੀ ਬਜਾਏ ਸਗੋਂ ਹੋਰ ਵੀ ਵਧ ਗਈ। ਜਿਉਂ ਜਿਉਂ ਭਿੰਦੀ ਸਾਰੀ ਲੜਾਈ ਦਾ ਭਾਂਡਾ ਅਮਰਜੀਤ ਸਿਰ ਭੰਨਣ ਲੱਗੀ ਅੱਗੇ ਤੋਂ ਉਹ ਵੀ ਬੋਲਣ ਲੱਗ ਪਿਆ। ਭਿੰਦੀ ਦੇ ਪਿਉ ਨੂੰ ਉਹ ਲੜ੍ਹਾਈ ਦੀ ਜੜ ਕਹਿੰਦਾ ਤੇ ਉਸ ਦੀ ਮਾਂ ਨੂੰ ਫਫੇ ਕੁੱਟਣੀ ਔਰਤ। ਜੋ ਆਪਣੇ ਪੁੱਤ ਅਤੇ ਜਵਾਈ ਵਿੱਚ ਬਹੁਤ ਰੱਖਦੀ ਪਰ ਜ਼ੁਬਾਨ ਤੋਂ ਪਤਾ ਨਾ ਲੱਗਣ ਦਿੰਦੀ। ਭਿੰਦੀ ਅਮਰਜੀਤ ਨੂੰ ਆਖਦੀ ਕਿ ਤੂੰ ਮੇਰੇ ਤੋਂ ਸੜਦਾ ਏਂ ਮੇਰੇ ਪਰਿਵਾਰ ਦੀ ਖੁਸ਼ੀ ਨਹੀਂ ਵੇਖ ਸਕਦਾ। ਅਮਰਜੀਤ ਕਹਿੰਦਾ ਕਿ ਤੂੰ ਹੁਣ ਮੇਰੇ ਨਾਲ ਵਿਆਹੀ ਹੋਈਂ ਏਂ ਪੇਕਿਆਂ ਦਾ ਸਬੰਧ ਘਟਾ ਤੇ ਮੇਰੇ ਲਈ ਸਮਾਂ ਕੱਢ। ਪਰ ਉਹ ਅੱਗੋਂ ਕਹਿੰਦੀ ਕਿ ਏਥੇ ਸਾਰੇ ਬਰਾਬਰ ਨੇ ਜੇ ਤੇਰੇ ਮਾਂ ਬਾਪ ਤੇਰੇ ਕੋਲ ਆਕੇ ਰਹਿਣਗੇ ਤਾਂ ਮੇਰੇ ਵੀ ਮੇਰੇ ਕੋਲ ਰਹਿਣਗੇ। ਉਸਦੇ ਕੱਬੇ ਸੁਭਾਅ ਸਾਹਮਣੇ ਅਮਰਜੀਤ ਹਥਿਆਰ ਸੁੱਟ ਦਿੰਦਾ ਤੇ ਸ਼ਰਾਬ ਦੇ ਦੋ ਤਿੰਨ ਗਲਾਸ ਚੜ੍ਹਾ ਕੇ ਸੌਂ ਜਾਂਦਾ।

ਹੁਣ ਘਰ ਵਿੱਚ ਦੋ ਧਿਰਾਂ ਬਣ ਗਈਆਂ ਸਨ। ਇੱਕ ਕਮਰੇ ਵਿੱਚ ਭਿੰਦੀ ਤੇ ਅਮਰਜੀਤ ਦੂਸਰੇ ਵਿੱਚ ਸਰਦੂਲ ਤੇ ਉਸਦਾ ਪੁੱਤਰ, ਮਾਂ ਦੀ ਮੈਟਰੈੱਸ ਲਿੰਵਿੰਗ ਰੂਮ ਵਿੱਚ। ਕਈ ਵਾਰੀ ਨਸ਼ੇ ਦੀ ਲੋਰ ਵਿੱਚ ਸਰਦੂਲ ਸਿੰਘ ਆਖਦਾ ਹੁਣ ਵੇਖ ਲੈ ਕਨੇਡਾ ਦੇ ਰੰਗ ਬੈੱਡ ਤੇ ਪੈਣਾ ਵੀ ਨਸੀਬ ਨਹੀਂ ਹੁੰਦਾ ਵੱਡੀ ਥਾਣੇਦਾਰਨੀ ਨੂੰ। ਇਸੇ ਲੜਾਈ ਝਗੜੇ ਵਿੱਚ ਭਿੰਦੀ ਦੇ ਕੁੜੀ ਵੀ ਹੋ ਗਈ। ਉਹ ਹੁਣ ਜਣੇਪਾਂ ਛੁੱਟੀ ਤੇ ਘਰ ਰਹਿਣ ਲੱਗੀ ਆਮਦਨ ਘਟ ਗਈ ਤੇ ਖਰਚੇ ਵਧਣ ਦੇ ਨਾਲ ਨਾਲ ਕਲੇਸ਼ ਵੀ ਵਧ ਗਿਆ। ਜਿਉਂ ਜਿਉਂ ਕਲੇਸ਼ ਵਧ ਰਿਹਾ ਸੀ ਅਮਰਜੀਤ ਦੇ ਗਿਲਾਸ ਵਿੱਚ ਪੈਣ ਵਾਲੀ ਸ਼ਰਾਬ ਦੀ ਮਿਕਦਾਰ ਵੀ ਵਧ ਰਹੀ ਸੀ। ਉਧਰ ਸਰਦੂਲ ਸਿੰਘ ਲਿੰਵਿੰਗ ਰੂਮ ਵਿੱਚ ਬੈਠਾ ਟੀਵੀ ਵੇਖਦਾ ਜਾਂ ਸ਼ਰਾਬ ਪੀਂਦਾ ਰਹਿੰਦਾ ਉਧਰ ਅਮਰਜੀਤ ਆਪਣੇ ਕਮਰੇ ਵਿੱਚ। ਦੋਹਾਂ ਵਿੱਚ ਤਨਾਅ ਵਧਦਾ ਹੀ ਜਾ ਰਿਹਾ ਸੀ। ਹੁਣ ਤਾਂ ਉਨ੍ਹਾਂ ਕਦੀ ਇਕੱਠਿਆਂ ਬੈਠ ਕੇ ਰੋਟੀ ਵੀ ਨਾਂ ਖਾਧੀ। ਸਹੁਰੇ ਜਵਾਈ ਵਾਲਾ ਰਿਸ਼ਤਾ ਦਿਨੋ ਦਿਨ ਛਿੱਦਣ ਲੱਗਾ। ਦੋਵੇਂ ਗੱਲੀਂ ਬਾਤੀਂ ਇੱਕ ਦੂਸਰੇ ਨੂੰ ਨੀਂਵਾ ਦਿਖਾੳੇਂਦੇ ਰਹਿੰਦੇ। ਜਦੋਂ ਅਮਰਜੀਤ ਆਕੇ ਕਮਰੇ ਵਿੱਚ ਬੈਠ ਜਾਂਦਾ ਤਾਂ ਭਿੰਦੀ ਆਪਣੇ ਮੰਮੀ ਡੈਡੀ ਤੇ ਭਰਾ ਨਾਲ ਹਾਸੇ ਦੀਆਂ ਫੁੱਲਝੜੀਆਂ ਬਿਖੇਰਦੀ ਗੱਲਾਂ ਮਾਰਦੀ। ਉਹ ਆਪਣੇ ਪਿੰਡ ਦੀਆਂ, ਰਿਸ਼ਤੇਦਾਰਾਂ ਦੀਆਂ ਤੇ ਫਿਲਮਾਂ ਦੀਆਂ ਗੱਲਾਂ ਕਰਦੇ। ਅੱਧੀ ਰਾਤ ਤੱਕ ਹਾ ਹਾ ਹੀ ਹੀ ਦੇ ਠਹਾਕੇ ਗੂੰਜਦੇ। ਉਧਰ ਅਮਰਜੀਤ ਨੂੰ ਇੱਕ ਚੜਦੀ ਤੇ ਇੱਕ ਉੱਤਰਦੀ। ਅਮਰਜੀਤ ਕੋਲ ਜਾਂਦੀ ਨੂੰ ਹੀ ਭਿੰਦੀ ਨੂੰ ਸੱਪ ਸੁੰਘ ਜਾਂਦਾ ਮੱਥੇ ਦੀ ਤਿਊੜੀ ਹੋਰ ਗੂੜੀ ਹੋ ਜਾਂਦੀ। ਜੇ ਅਮਰਜੀਤ ਇਸ ਤੇ ਇਤਰਾਜ ਕਰਦਾ ਤਾਂ ਉਹ ਟੁੱਟ ਕੇ ਪੈਂਦੀ ਕਿ ਸਾਡੀ ਖੁਸ਼ੀ ਥੋਡੇ ਤੋਂ ਬ੍ਰਦਾਸ਼ਤ ਨਹੀਂ ਹੁੰਦੀ। ਜੇ ਨਹੀਂ ਜਰ ਹੁੰਦਾ ਤਾਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਉ। ਮੇਰੇ ਮਾਂ ਬਾਪ ਹੋਰ ਹੁਣ ਕਿੱਥੇ ਜਾਣ ਉਹ ਵਾਧੂ ਦਾ ਕਲੇਸ਼ ਖੜਾ ਕਰ ਲੈਂਦੀ। ਏਹੋ ਜਿਹੀ ਔਰਤ ਨੂੰ ਬੁਲਾਉਣਾ ਤਾਂ ਚਿੱਕੜ ਵਿੱਚ ਇੱਟ ਮਾਰਨ ਵਾਲੀ ਗੱਲ ਹੈ ਇਹ ਸੋਚ ਕੇ ਕੇ ੳਮਰ ਇੱਕ ਦੋ ਵਾਧੂ ਗਲਾਸ ਹੋਰ ਚੜ੍ਹਾ ਜਾਂਦਾ।

ਇੱਕ ਦਿਨ ਸਾਰਾ ਪਰਿਵਾਰ ਬੈਠਾ ਸਲਾਹਾਂ ਕਰ ਰਿਹਾ ਸੀ ਕਿ ਅਗਲੇ ਸਾਲ ਉਹ ਮੁੰਡਾ ਵਿਆਹੁਣ ਜਾਣਗੇ ਅਮੀਰ ਘਰ ਦੀ ਸੋਹਣੀ ਸੁਨੱਖੀ ਕੁੜੀ ਭਾਲਣਗੇ ਜੋ ਬਿਲਕੁੱਲ ਇਕੱਲੀ ਹੋਵੇ ਸਪੌਂਸਰ ਕਰਨ ਵਾਲਾ ਵੀ ਕੋਈ ਨਾਂ ਹੋਵੇ ਤੇ ਪ੍ਰਾਪਰਟੀ ਵੀ ਸਾਰੀ ਆਪਣੇ ਸੋਨੂੰ ਨੂੰ ਆ ਜਾਵੇ। ਉਹ ਤਾਂ ਇਹ ਵੀ ਕਹਿ ਰਹੇ ਸਨ ਕਿ ਜੋ ਦਾਜ ਵਿੱਚ ਪੰਦਰਾਂ ਵੀਹ ਲੱਖ ਮਿਲੇਗਾ ਉਸੇ ਦੇ ਡਾਲਰ ਬਣਾ ਕੇ ਉਹ ਨਵਾਂ ਘਰ ਖਰੀਦ ਲੈਣਗੇ। ਅਮਰਜੀਤ ਨੇ ਜਦੋਂ ਕਿਹਾ ਕਿ ਇਹ ਤਾਂ ਸੌਦੇ ਬਾਜੀ ਹੈ ਤਾਂ ਭਿੰਦੀ ਬੋਲੀ ਏਥੇ ਸਾਰੇ ਹੀ ਕਰਦੇ ਨੇ। ਕਨੇਡਾ ਤੋਂ ਜਾਣਾ ਹੈ ਮੁੰਡੇ ਨੇ। ਨਾਲੇ ਜੇ ਅਗਲੇ ਦੇ ਚਾਰ ਪੈਸੇ ਖਰਚੇ ਹੋਣਗੇ ਤਾਂ ਹੀ ਪ੍ਰਾਹੁਣੇ ਦੀ ਇੱਜਤ ਕਰੂ ਤੇ ਕੁੜੀ ਨੂੰ ਵੀ ਘਰ ਆਪਣਾ ਲੱਗੂ। ਤਾਂ ਅੱਗੋਂ ਅਮਰਜੀਤ ਬੋਲਿਆ ਕਹਿ ਦੇਣਾ ਸੀ ਆਪਣੇ ਬਾਪ ਨੂੰ ਮੈਨੂੰ ਵੀ ਕੁੱਝ ਦੇ ਦਿੰਦਾ ਤੈਨੂੰ ਵੀ ਸਹੁਰਾ ਘਰ ਆਪਣਾ ਲੱਗਣ ਲੱਗ ਜਾਂਦਾ। ਹੁਣ ਤੱਕ ਤਾਂ ਪੇਕਾ ਘਰ ਹੀ ਤੇਰਾ ਸਾਰਾ ਕੁੱਝ ਏ। ਬੱਸ ਏਨਾਂ ਕਹਿਣ ਦੀ ਲੋੜ ਸੀ ਫੇਰ ਹੋ ਗਈ ਮਹਾਂਭਾਰਤ ਸ਼ੁਰੂ। ਭਿੰਦੀ ਕਹਿਣ ਲੱਗੀ ਇਹ ਤਾਂ ਮਾਸੀ ਕਰਕੇ ਹੋ ਗਿਆ ਰਿਸ਼ਤਾ ਤੂੰ ਸ਼ੁਕਰ ਕਰ ਨਹੀਂ ਤਾਂ ਤੇਰੇ ਵਰਗੇ ਵੀਹ ਵੀਹ ਲੱਖ ਚੁੱਕੀਂ ਤੁਰੇ ਫਿਰਦੇ ਨੇ। ਹੁਣ ਬੋਲਣ ਜੋਗਾ ਕੀ ਏਂ ਕਨੇਡਾ ਵੀ ਤੈਨੂੰ ਅਸਾਂ ਹੀ ਦਿਖਾਇਆ ਹੈ। ਇਹ ਮੇਰੇ ਹੀ ਪਿਉ ਦਾ ਅਹਿਸਾਨ ਹੈ ਜਿਸ ਨੇ ਤੈਨੂੰ ਹਾਂ ਕੀਤੀ ਸੀ। ਉਦੋਂ ਤਾਂ ਕਨੇਡਾ ਦੇ ਨਾਉਂ ਨੂੰ ਤੇਰੇ ਮੂੰਹ ਵਿੱਚ ਵੀ ਜ਼ੁਬਾਨ ਨਹੀਂ ਸੀ। ਵਾਕਿਆ ਹੀ ਅਮਰਜੀਤ ਤਰਸ ਦਾ ਪਾਤਰ ਬਣ ਕੇ ਰਹਿ ਗਿਆ ਸੀ। ਘਰ ਵਿੱਚ ਦੋਹਰਾ ਮਾਹੌਲ ਸੀ ਸੋਨੂੰ ਘਰ ਆਵੇ ਤਾਂ ਭਿੰਦੀ ਭੱਜ ਕੇ ਉਸ ਲਈ ਜੂਸ ਲੈ ਕੇ ਆਵੇ ਮਾਂ ਤਾਜਾ ਤਾਜਾ ਫੁਕਲੇ ਬਣਾ ਕੇ ਪੁੱਤਰ ਲਈ ਦੇਵੇ, ਸਰਦੂਲ ਦੇ ਚਿਹਰੇ ਤੇ ਮੁਸਕਾਨ ਬਿੱਖਰ ਜਾਵੇ। ਪਰ ਜਦੋਂ ਅਮਰਜੀਤ ਘਰ ਆ ਵੇ ਤਾਂ ਨਾਂ ਭਿੰਦੀ ਨੂੰ ਪੁੱਛਣ ਦਾ ਸਮਾਂ ਨਾਂ ਕਿਸੇ ਹੋਰ ਨੂੰ। ਜੇ ਉਹ ਕਦੀ ਪੁੱਛ ਵੀ ਲੈਂਦਾ ਕਿ ਚਾਹ ਬਣੀ ਹੈ ਤਾਂ ਭਿੰਦੀ ਦੀ ਮਾਂ ਆਖਦੀ ਇਥੇ ਕਿਹੜਾ ਬਾਲਣ ਡਾਹੁਣਾ ਨੇ ਚਾਰ ਕੱਪ ਪਾਣੀ ਪਾ ਤੇ ਧਰ ਦੇ ਨਾਲੇ ਅਸੀਂ ਪੀ ਲਵਾਂਗੇ। ਏਥੇ ਤਾਂ ਬੰਦੇ ਵੀ ਘਰ ਦਾ ਕੰਮ ਕਰਦੇ ਨੇ। ਨਾਲੇ ਜਮਾਈ ਭਾਈ ਤਾਂ ਇੰਡੀਆ ‘ਚ ਹੁੰਦੈ, ਕਨੇਡਾ 'ਚ ਤਾਂ ਸਾਰੇ ਹੀ ਬਰਾਬਰ ਨੇ। ਪਰ ਉਹੋ ਮਾਤਾ ਆਪਣੇ ਪੁੱਤ ਲਈ ਸੇਵਾ ਕਰਨ ਵਾਲੀ ਨੂੰਹ ਤੇ ਜਵਾਈ ਦੀ ਖਾਤਰਦਾਰੀ ਕਰਨ ਵਾਲੇ ਸਹੁਰੇ ਭਾਲ ਰਹੀ ਸੀ

ਭਿੰਦੀ ਲਈ ਆਪਣੀ ਮਾਂ ਲਈ ਬਥੇਰਾ ਸਮਾਂ ਸੀ ਪਿਉ ਨੂੰ ਲੈ ਕੇ ਉਹ ਤੁਰੀ ਹੀ ਰਹਿੰਦੀ ਭਰਾ ਦੇ ਵੀ ਸਾਰੇ ਕੰਮ ਕਰਦੀ ਪਰ ਅਮਰਜੀਤ ਲਈ ਉਸ ਕੋਲ ਕੁੱਝ ਪਲ ਵੀ ਨਾਂ ਹੁੰਦੇ। ਉਹ ਕੋਹਲੂ ਦਾ ਬਲਦ ਬਣ ਕੇ ਰਹਿ ਗਿਆ। ਘਰੋਂ ਕੰਮ ਤੇ ਅਤੇ ਕੰਮ ਤੋਂ ਘਰ ਉਸ ਦਾ ਜੀਵਨ ਸੀ ਜਾਂ ਦੋ ਚਾਰ ਪੈੱਗ ਸ਼ਰਾਬ ਦੇ। ਅਜੇ ਵੀ ਭਿੰਦੀ ਦੀ ਮਾਂ ਮੱਤਾਂ ਦਿੰਦੀ ਕਿ ਤੂੰ ਇਸ ਦੇ ਫੋਨ ਚੈੱਕ ਕਰਦੀ ਰਿਹਾ ਕਰ ਕਿੱਥੇ ਨੂੰ ਕਰਦਾ ਹੈ। ਬੈਂਕ ਦੇ ਅਕਾਊਂਟ ਆਪ ਚੈੱਕ ਕਰਦੀਂ ਰਹੀ ਕਨੇਡਾ ਸੱਦ ਕੇ ਤਾਂ ਏਹੋ ਜਿਹੇ ਐਦਾਂ ਹੀ ਕਾਬੂ ਆਂਉਦੇ ਨਹੀਂ ਤਾਂ ਉਡਾਰੀ ਮਾਰ ਜਾਂਦੇ ਨੇ ਰੋਜ ਕਿੱਸੇ ਸੁਣੀਦੇ ਨੇ। ਮਾਂ ਨੂੰ ਇਹ ਘਰ ਆਪਣੀ ਕੁੜੀ ਦਾ ਹੀ ਲੱਗਦਾ ਅਮਰਜੀਤ ਜਿਵੇਂ ਕੋਈ ਮਹਿਮਾਨ ਠਹਿਰਿਆ ਹੋਵੇ। ਸੋਨੂੰ ਭਾਵੇਂ ਕੰਮ ਵੀ ਕਰਦਾ ਤੇ ਪੜ੍ਹਦਾ ਵੀ ਪਰ ਘਰ ਖਰਚਾ ਨਾਂ ਦਿੰਦਾ, ਸਾਰੇ ਕਹਿੰਦੇ ਕਿ ਅਗਲੇ ਸਾਲ ਦੀ ਪੜ੍ਹਾਈ ਲਈ ਪੈਸੇ ਜੋੜਦਾ ਹੈ। ਘਰ ਦਾ ਸੋਫਾ ਟੀ ਵੀ ਤੇ ਹੋਰ ਸਮਾਨ ਸਾਰਾ ਉਹ ਹੀ ਵਰਤਦੇ ਅਮਰਜੀਤ ਤਾਂ ਆਪਣੇ ਘਰ ਹੀ ਬਿਗਾਨਾ ਬਣ ਕੇ ਰਹਿ ਗਿਆ। ਜੋ ਉਸਦਾ ਸਮਾਨ ਸੀ ਉਹ ਸਾਰਿਆਂ ਦਾ ਸਾਂਝਾ ਜੋ ਸਮਾਨ ਸੋਨੂੰ ਲੈਂਦਾ ਉਹ ਸਟੀਰੀਉ ਹੋਵੇ ਜਾਂ ਕਾਰ ਉਹ ਸਿਰਫ ਉਸੇ ਦਾ ਹੀ। ਇਹ ਤਾਂ ਅਮਰਜੀਤ ਨਾਲ ਸਰਾ ਸਰ ਧੱਕਾ ਹੋ ਰਿਹਾ ਸੀ।

ਫੇਰ ਏਨਾਂ ਹੀ ਦਿਨਾਂ ਵਿੱਚ ਭਿੰਦੀ ਦੇ ਕੁੜੀ ਹੋ ਗਈ। ਭਿੰਦੀ ਨੇ ਘਰ ਦਾ ਕੰਮ ਕਾਜ ਕਰਨਾਂ ਤਾਂ ਪਹਿਲਾਂ ਹੀ ਛੱਡਿਆ ਹੋਇਆ ਸੀ ਹੁਣ ਕੁੜੀ ਸੰਭਾਲਣ ਦਾ ਬਹਾਨਾ ਮਿਲ ਗਿਆ। ਇਹ ਬਹਾਨਾ ਇਕੱਲੀ ਕੁੜੀ ਨੂੰ ਸੰਭਾਲਣ ਦਾ ਨਹੀਂ ਸੀ ਮਾਪਿਆਂ ਨੂੰ ਨਾਲ ਰੱਖਣ ਦਾ ਵੀ ਸੀ। ਜੇ ਉਹ ਅੱਡ ਹੁੰਦੇ ਸਨ ਤਾਂ ਗੁਜ਼ਾਰਾ ਚੱਲਣਾ ਮੁਸ਼ਕਲ ਸੀ।ਹੁਣ ਨਾ ਫੋਨ, ਨਾ ਟੀ ਵੀ, ਨਾ ਕੋਈ ਬਿੱਲ ਬੱਤੀ, ਨੱਲ ਰਹਿ ਕੇ ਹੀ ਸਰੀ ਜਾਂਦਾ ਸੀ ਤੇ ਸੋਨੂੰ ਆਪਣੇ ਪੈਸੇ ਪੜ੍ਹਾਈ ਤੇ ਲਾ ਰਿਹਾ ਸੀ।ਸਰਦੂਲ ਸਿੰਘ ਵਰਗੇ ਪੱਕੇ ਸ਼ਰਾਬੀ ਲਈ ਕੰਮ ਕਰਨਾ ਤਾਂ ਬਹੁਤ ਔਖਾ ਸੀ। ਪੰਜਾਬ ਵਿੱਚ ਉਸ ਨੂੰ ਅੱਤਵਾਦ ਦੇ ਸਮੇਂ ਤੋਂ ਹੀ ਧਮਕੀਆਂ ਮਿਲਦੀਆਂ ਆ ਰਹੀਆਂ ਸਨ। ਲੋਕ ਤਾਂ ਇਹ ਵੀ ਕਹਿੰਦੇ ਕਿ ਨਜ਼ਾਇਜ਼ ਪੁਲ਼ਸ ਮੁਕਾਬਲੇ ਬਣਾ ਹੀ ਉਸ ਨੇ ਥਾਣੇਦਾਰੀ ਦੀ ਫੀਤੀ ਲੁਆਈ ਸੀ। ਉਹ ਤਾਂ ਕੁੜੀ ਦੇ ਬਹਾਨੇ ਮਸਾਂ ਪੰਜਾਬ ਛੱਡ ਕੇ ਭੱਜਿਆ ਸੀ ਤੇ ਉਂਥੇ ਜਾ ਕੇ ਰਹਿਣਾ ਤਾਂ ਉਸ ਨੂੰ ਸੱਪ ਦੀ ਬਿਰਮੀ ਵਿੱਚ ਹੱਥ ਪਾਉਣ ਵਾਲੀ ਗੱਲ ਲੱਗਦੀ ਸੀ। ਅਮਰਜੀਤ ਜੋ ਆਪਣੀ ਮਰਜ਼ੀ ਦੀ ਆਜ਼ਾਦ ਜ਼ਿੰਦਗੀ ਜਿਊਣੀ ਚਾਹੁੰਦਾ ਸੀ, ਉਸ ਨੂੰ ਸਹੁਰਿਆਂ ਦਾ ਵੱਖ ਹੋਣਾ ਊਠ ਦੇ ਬੁੱਲ ਵਾਂਗੂੰ ਜਾਪਣ ਲੱਗਾ, ਜੋ ਡਿੱਗਣ ਵਿੱਚ ਹੀ ਨਹੀਂ ਸੀ ਆ ਰਿਹਾ। ਉਹ ਸੋਚਦਾ ਪਤਾ ਨਹੀਂ ਇਹ ਕਮਰਾ ਬੰਦੀ ਕਦੋਂ ਤੱਕ ਮੁੱਕਣੀ ਹੈ। ਭਿੰਦੀ ਤਾਂ ਹੁਣੇ ਤੋਂ ਸਣਾਉਣ ਲੱਗ ਪਈ ਸੀ ਕਿ ਜੇ ਮੰਮੀ ਹੋਣੀ ਅੱਡ ਹੋ ਗਏ ਤਾਂ ਰੀਤੂ ਨੂੰ ਕੌਣ ਸੰਭਾਲੂ? ਘਰ ਦਾ ਖਰਚਾ ਤਾਂ ਪਹਿਲਾਂ ਹੀ ਨਹੀਂ ਤੁਰਦਾ ਬੇਬੀ ਸਿਟਿੰਗ ਕਿੱਥੋਂ ਪੇਅ ਕਰਾਂਗੇ। ਅਮਰਜੀਤ ਕਹਿਣਾ ਤਾਂ ਚਾਹੁੰਦਾ ਸੀ ਇਹ ਚੰਗੀ ਬਲੈਕਮੇਲਿੰਗ ਹੈ, ਪਰ ਬੇਵਸ ਹੋਇਆ ਕੀ ਕਰਦਾ। ਉਸ ਦੇ ਆਪਣੇ ਮਾਪਿਆ ਨੂੰ ਬੁਲਾਉਣ ਜੋਗੀ ਆਮਦਨ ਬਣਦੀ ਹੀ ਨਾ । ਬਣਦੀ ਤਾਂ ਜੇ ਭਿੰਦੀ ਕਿਸੇ ਚੱਜ਼ ਹਾਲ ਨਾਲ ਕੰਮ ਕਰਦੀ। ਗੁਜ਼ਾਰਾ ਨਾ ਤੁਰਨ ਦਾ ਕਾਰਨ ਵੀ ਇਹ ਵਾਧੂ ਦਾ ਸਿੜੀ ਸਿਆਪਾ ਹੀ ਸੀ ਜੋ ਉਹ ਪਾਈ ਬੈਠੇ ਸਨ। ਇਸ ਗੱਲੋਂ ਗੋਰੇ ਭਾਰਤੀ ਪਰਿਵਾਰਾ ਤੋਂ ਹਜ਼ਾਰ ਗੁਣਾਂ ਚੰਗੇ ਸਨ ਜਿੰਨਾਂ ਨੂੰ ਜੀਵਨ ਮਾਨਣਾ ਆਉਂਦਾ ਸੀ।

ਪਿਉ ਦੇ ਬਦਲਣ ਨਾਲ ਸੋਨੂੰ ਦੇ ਤੇਵਰ ਵੀ ਬਦਲ ਗਏ।ਅਮਰਜੀਤ ਭਾਅ ਜੀ ਦਾ ਹੁਣ ਉਸ ਦੇ ਮਨ ਵਿੱਚ ਪਹਿਲਾਂ ਵਾਲਾ ਸਤਿਕਾਰ ਨਹੀਂ ਸੀ ਰਿਹਾ। ਉਸ ਦੇ ਤਾਂ ਤੌਰ ਤਰੀਕੇ ਹੀ ਬਦਲ ਗਏ ਸਨ। ਉਹ ਆਪਣੇ ਆਪ ਨੂੰ ਪੂਰਾ ਕਨੇਡੀਅਨ ਸਮਝ ਰਿਹਾ ਸੀ। ਕੰਨ ਵਿੱਚ ਮੁੰਦਰ ਪਾਉਣ ਦੇ ਨਾਲ ਨਾਲ ਉਸ ਨੇ ਕਾਰ ਵਿੱਚ ਹਜ਼ਾਰ ਡਾਲਰ ਖਰਚ ਸਬ-ਬੂਫੋਰ ਡਿਜ਼ੀਟਲ ਤਕਨੀਕ ਵਾਲਾ ਮਿਊਜ਼ਿਕ ਸਿਸਟਮ ਲਗਵਾਇਆ ਚੱਲਦਾ ਤਾਂ ਧਮਕ ਨਾਲ ਕੋਲ ਖੜੀਆਂ ਕਾਰਾਂ ਵੀ ਹਿੱਲਦੀਆਂ। ਉਂਜ ਉਸ ਨੂੰ ਸ਼ਿਸਟਾਚਾਰ ਦਾ ਕੱਖ ਵੀ ਪਤਾ ਨਹੀਂ ਸੀ। ਬੂਟਾਂ ਸਮੇਤ ਉਹ ਘਰ ਦੇ ਕਾਰਪਿਟ ਤੇ ਤੁਰਿਆ ਫਿਰਦਾ। ਜਿੱਥੇ ਵੇਖਦਾ ਕੱਪੜੇ ਸੁੱਟ ਰੱਖਦਾ ਜੁਰਾਬਾਂ ਤਾਂ ਥਾਂ ਥਾਂ ਸੁੱਟੀਆਂ ਹੁੰਦੀਆਂ। ਮਾਂ ਚੁੱਕੇ ਜਾਂ ਨਾਂ ਚੁੱਕੇ। ਕੱਪੜੇ ਉਸ ਨੂੰ ਪ੍ਰੈੱਸ ਕੀਤੇ ਹੋਏ ਮਿਲਦੇ। ਖਾਣਾਂ ਖਾਣ ਲੱਗਿਆ ਉਹ ਸੌ ਸੌ ਨਖਰੇ ਕਰਦਾ ਕਿ ਆਹ ਨਹੀਂ ਖਾਣਾਂ ਔਹ ਖਾਣਾ ਹੈ ਹੱਦ ਦਰਜੇ ਦਾ ਚਮਲਾਇਆ ਹੋਇਆ। ਉਸਦੀ ਮਾਂ ਅਤੇ ਭਿੰਦੀ ਉਸਦੇ ਸਾਰੇ ਨਖਰੇ ਪੂਰੇ ਕਰਨ ਵਿੱਚ ਹੀ ਜੁੱਟੀਆਂ ਰਹਿੰਦੀਆਂ। ਦੂਜੇ ਪਾਸੇ ਅਮਰਜੀਤ ਆਪਣੀ ਰੋਟੀ ਵੀ ਆਪ ਪਾ ਕੇ ਖਾਂਦਾ, ਉਸ ਨੂੰ ਚਾਹ ਪਾਣੀ ਵੀ ਕੋਈ ਨਾਂ ਪੁੱਛਦਾ, ਖਾਣੇ ਦੀ ਪਸੰਦ ਤਾਂ ਉਸ ਨੂੰ ਪੁੱਛਣੀ ਹੀ ਕੀਹਨੇ ਸੀ। ਅਮਰਜੀਤ ਨੇ ਜਦੋਂ ਵੀ ਕਦੇ ਇਤਰਾਜ ਕੀਤਾ ਤਾਂ ਭਿੰਦੀ ਉਸ ਨੂੰ ਲੜਾਈ ਦਾ ਰੂਪ ਦੇ ਦਿੰਦੀ ਤੇ ਸਰਦੂਲ ਸਿੰਘ ਨੂੰ ਕਹਿਣ ਦਾ ਮੌਕਾ ਮਿਲ ਜਾਂਦਾ ਕਿ ਕਨੇਡਾ ਕੀ ਕੱਢ ਦਿੱਤਾ ਹੁਣ ਇਸੇ ਦੇ ਖੰਭ ਸੂਤ ਨਹੀਂ ਆਉਂਦੇ।

ਪੱਥਰ ਤੇ ਬੂੰਦ ਪਈ ਨਾ ਪਈ ਵਾਂਗ ਭਿੰਦੀ ਤੇ ਕੋਈ ਅਸਰ ਨਾ ਪਿਆ। ਉਸਦੇ ਪਰਿਵਾਰ ਦੀਆਂ ਮਨਮਾਨੀਆਂ ਵਧਦੀਆਂ ਹੀ ਗਈਆਂ ਅਤੇ ਅਮਰਜੀਤ ਦੀ ਸ਼ਰਾਬ। ਹੁਣ ਘਰ ਵਿੱਚ ਪਏ ਕਲੇਸ਼ ਦਾ ਕਾਰਨ ਅਮਰਜੀਤ ਦੀ ਸ਼ਰਾਬ ਦੱਸੀ ਜਾਣ ਲੱਗੀ। ਸਰਦੂਲ ਸਿੰਘ ਹਰ ਕਿਸੇ ਕੋਲ ਕਹਿਣ ਲੱਗਿਆ ਕਿ ਮਾੜੀ ਕਿਸਮਤ ਹੈ ਸ਼ਰਾਬੀ ਪੱਲੇ ਪੈ ਗਿਆ ਕੁੜੀ ਵਿਚਾਰੀ ਕੀ ਕਰੇ। ਜਦੋਂ ਇਹ ਗੱਲਾਂ ਅਮਰਜੀਤ ਦੇ ਕੰਨਾਂ ਤੱਕ ਪਹੁੰਚਦੀਆਂ ਤਾਂ ਉਸ ਮਨੋਵਿਗਿਆਨ ਜ਼ਰਬਾਂ ਖਾਅ ਜਾਂਦਾ, ਉਹ ਜੋ ਮੂੰਹ ਆਇਆ ਉਹ ਬੋਲਦਾ। ਕਈ ਵਾਰੀ ਤਾਂ ਸਰਦੂਲ ਸਿੰਘ ਦਾ ਜੀ ਕੀਤਾ ਕਿ ਇਸ ਪੰਜਾਬ ਪੁਲੀਸ ਵਾਲਾ ਘੋਟਾ ਚਾੜੇ। ਉਸ ਦੇ ਲੂਹਰੀਆਂ ਉੱਠਦੀਆਂ ਉਹ ਭਿੰਦੀ ਨੂੰ ਕਹਿੰਦਾ ਕਿ ਤੂੰ ਇੱਕ ਵਾਰੀ ਕਹਿ ਮੈਂ ਤਾਂ ਏਹੋ ਜਿਹੇ ਸੈਂਕੜੇ ਠਿਕਾਣੇ ਲਾਏ ਹੋਏ ਨੇ। ਉਹ ਨੇ ਤਾਂ ਇਹ ਵੀ ਸੁਝਾਅ ਦਿੱਤੀ ਸੀ ਕਿ ਇੰਨਸ਼ੋਰੈਂਸ ਤਾਂ ਇਸ ਦੀ ਹੈ ਹੀ ਕੇਰਾਂ ਇੰਡੀਆਂ ਨੂੰ ਚੜ੍ਹਾ ਦੇ ਫੇਰ ਮੈਂ ਜਾਣਾ ਜਾਂ ਮੇਰਾ ਕੰਮ। ਸਾਰੀ ਉਮਰ ਐਸ਼ਾਂ ਕਰੇਗੀ ਕੋਈ ਹੋਰ ਮੁੰਡਾ ਲੱਭ ਲਿਆਵਾਂਗੇ, ਕਨੇਡਾ ਦੇ ਨਾਂ ਨੂੰ ਉਥੇ ਬਥੇਰੀ ਹੇੜ ਤੁਰੀ ਫਿਰਦੀ ਆ। ਪਰ ਏਹ ਨੂੰ ਤਾਂ ਕੇਰਾਂ ਪੁੱਤ ਬਣਾ ਦੂੰ ਅਜੇ ਤਾਂ ਮੇਰੇ ਬਥੇਰੇ ਲਿੰਕ ਨੇ ਜਿੱਥੇ ਪੰਜਾਬ ਪੁਲੀਸ ਨੇ ਪੱਚੀ ਹਜ਼ਾਰ ਗਾਇਬ ਕਰ ਦਿੱਤਾ ਇੱਕ ਹੋਰ ਸਈ, ਕੀ ਫਰਕ ਪੈਂਦਾ ਏ। ਕਿਸੇ ਲੁਟੇਰੇ ਦੇ ਨਾਂ ਪਾ ਛੱਡਾਂਗੇ। ਪਰ ਭਿੰਦੀ ਹੀਆਂ ਨਾ ਕਰਦੀ ਉਹ ਜਾਣਦੀ ਸੀ ਕਿ ਕਨੇਡਾ ਵਿੱਚ ਤਾਂ ਪੰਜਾਬ ਪੁਲੀਸ ਦਾ ਰਾਜ ਨਹੀਂ ਉਸਦੀ ਸੰਘੀ ਨੂੰ ਵੀ ਹੱਥ ਪੈ ਸਕਦਾ ਹੈ।

ਆਖਰ ਇੱਕ ਦਿਨ ਸ਼ਰਾਬੀ ਹੋਏ ਅਮਰਜੀਤ ਨੇ ਫੈਸਲਾ ਸੁਣਾ ਹੀ ਦਿੱਤਾ ਕਿ ਜਾਂ ਤਾਂ ਹੁਣ ਤਲਾਕ ਲੈ ਲਾ ਜਾਂ ਫੇਰ ਪਤੀ ਪਤਨੀ ਵਾਂਗੂੰ ਵੱਖਰੇ ਘਰ ਵਿੱਚ ਮੇਰੇ ਨਾਲ ਰਹਿ। ਉਸ ਦੀ ਦ੍ਰਿੜਤਾ ਨੇ ਸਾਰਿਆ ਦੇ ਪੈਰ ਡੋਲਣ ਲਾ ਦਿੱਤੇ। ਸਰਦੂਲ ਨੂੰ ਐਨਾ ਯਕੀਨ ਨਹੀਂ ਕਿ ਗੋਡੀ ਹੱਥ ਲਾਉਣ ਵਾਲਾ ਮੁੰਡਾ ਐਨਾਂ ਸਖਤ ਹੋ ਜਾਵੇਗਾ। ਕੁੜੀ ਦਾ ਘਰ ਟੁੱਟਣਾ ਲੱਗਭੱਗ ਯਕੀਨੀ ਸੀ । ਹੁਣ ਤਾਂ ਲੋਕ ਵੀ ਕਹਿਣ ਲੱਗ ਪਏ ਸਨ ਕਿ ਜੇ ਤੇਰੀ ਕੁੜੀ ਦੇ ਘਰ ਕਲੇਸ਼ ਪੈਂਦਾ ਹੈ ਤਾਂ ਅੱਡ ਕਿਉਂ ਨਹੀ ਰਹਿਣ ਲੱਗ ਪੈਂਦੇ। ਸਰਦੂਲ ਸਿੰਘ ਇਸ ਬਰਬਾਦੀ ਦਾ ਸਿਹਰਾ ਆਪਣੇ ਸਿਰ ਸਜਾਉਣਾ ਨਹੀਂ ਚਾਹੁੰਦਾ ਸੀ । ਹੁਣ ਦੋ ਹੀ ਰਸਤੇ ਸਨ ਜਾਂ ਉਹ ਕੁੜੀ ਤੋਂ ਵੱਖ ਹੋ ਕੇ ਰਹਿਣ ਲੱਗ ਪੈਣ ਜਾਂ ਫੇਰ ਆਪਣੇ ਆਪ ਨੂੰ ਬਦਲ ਲੈਣ। ਉਨ੍ਹਾਂ ਨਰਮ ਹੋਣਾ ਹੀ ਠੀਕ ਸਮਝਿਆ। ਇੱਕ ਦਿਨ ਨਰਮ ਲਹਿਜ਼ੇ ਵਿੱਚ ਭਿੰਦੀ ਨੇ ਅਮਰਜੀਤ ਨੂੰ ਪੁੱਛਿਆ,"ਆਖਰ ਤੈਨੂੰ ਤਕਲੀਫ ਕੀ ਹੈ?” ਤਾਂ ਉਹ ਕਹਿਣ ਲੱਗਾ ਕਿ ਮੈਂ ਵੀ ਆਪਣੇ ਪਰਿਵਾਰ ਨੂੰ ਸਪੌਂਸਰ ਕਰਨਾ ਚਾਹੁੰਦਾ ਹਾਂ, ਇਸੇ ਕਰਕੇ ਤਾਂ ਉਨ੍ਹਾਂ ਮੈਨੂੰ ਕਨੇਡਾ ਭੇਜਿਆ ਸੀ ਜੇ ਉਨ੍ਹਾਂ ਦਾ ਕੰਮ ਨਾਂ ਬਣਿਆ ਤਾਂ ਫੇਰ ਮੈਂ ਵੀ ਏਥੇ ਰਹਿ ਕੇ ਕੀ ਕਰਨਾ ਹੈ।" ਉਸਦੇ ਮਾਂ ਬਾਪ ਨਾਲ ਇੱਕ ਭਰਾ ਤੇ ਦੋ ਛੋਟੀਆਂ ਭੈਣਾਂ ਵੀ ਆਉਣ ਵਾਲੀਆਂ ਸਨ। ਭਿੰਦੀ ਉਸ ਦੇ ਦ੍ਰਿੜ ਇਰਾਦੇ ਸਾਹਮਣੇ ਡੋਲ ਗਈ। ਸਰਦੂਲ ਸਿੰਘ ਨੇ ਵੀ ਕਹਿ ਦਿੱਤਾ ਕਿ ਦੇਖ ਲੈ ਜੇ ਤੇਰਾ ਘਰ ਟੁੱਟਣ ਤੋਂ ਬਚ ਜਾਵੇ, ਉਨ੍ਹਾਂ ਦੇ ਆਉਣ ਤੇ ਇਸ ਨੂੰ ਮਾਨਸਿਕ ਸਹਾਰਾ ਹੋ ਜਾਵੇਗਾ, ਫੇਰ ਉਹ ਆਪੇ ਇਸ ਨੂੰ ਸ਼ਰਾਬ ਤੋਂ ਰੋਕਣਗੇ। ਨਾਲੇ ਅਸੀਂ ਤੈਨੂੰ ਇਕੱਲੀ ਛੱਡ ਕੇ ਥੋੜੋ ਜਾਣ ਲੱਗੇ ਹਾਂ ਜੇ ਤੁਸੀਂ ਘਰ ਲੈਣਾ ਵੀ ਹੋਇਆ ਤਾਂ ਸੋਨੂੰ ਦੇ ਵਿਆਹ ਤੱਕ ਅਸੀਂ ਤੁਹਾਡੀ ਬੇਸਮੈਂਟ ਵਿੱਚ ਰਹੀ ਜਾਵਾਂਗੇ। ਪਹਿਲਾਂ ਤਾਂ ਭਿੰਦੀ ਨਾਂ ਨੁੱਕਰ ਕਰਦੀ ਰਹੀ ਕਿ ਐਨੇ ਬੰਦਿਆਂ ਦਾ ਖਰਚਾ ਕਿਵੇਂ ਕਰਾਂਗੇ ਕਿੱਥੇ ਰਹਿਣਗੇ। ਫੇਰ ਮੰਨ ਗਈ। ਉਸਦੇ ਹਾਂ ਕਰਨ ਦੀ ਦੇਰ ਸੀ ਤਾਂ ਅਮਰ ਨੇ ਜੌਬ ਲੈਟਰਾਂ ਬਣਵਾ ਕੇ ਆਮਦਨ ਵੀ ਬਣਾ ਲਈ ਤੇ ਕੁੱਝ ਹੀ ਦਿਨਾਂ ਵਿੱਚ ਸਪੌਂਸਰ ਵੀ ਕਰ ਦਿੱਤਾ।

ਦਿਨ ਲੰਘਦਿਆਂ ਨੂੰ ਕਿਹੜਾ ਸਮਾਂ ਲੱਗਦਾ ਹੈ ਇੱਕ ਦਿਨ ਅਮਰਜੀਤ ਦਾ ਪਰਿਵਾਰ ਵੀ ਟੋਰਾਂਟੋ ਏਅਰ ਪੋਰਟ ਤੇ ਆ ਪਹੁੰਚਿਆ। ਉਸ ਦਿਨ ਅਮਰਜੀਤ ਤਾਂ ਬਹੁਤ ਖੁਸ਼ ਸੀ ਪਰ ਭਿੰਦੀ ਦੇ ਪਰਿਵਾਰ ਦੀ ਖੁਸ਼ੀ ਕੁੱਝ ਓਪਰੀ ਜਿਹੀ ਸੀ। ਪਹਿਲਾਂ ਪਹਿਲ ਤਾਂ ਦੋਨੋ ਪਰਿਵਾਰ ਇਕੱਠੇ ਹੀ ਰਹੇ। ਪਰ ਕੁੱਝ ਹੀ ਦਿਨਾਂ ਬਾਅਦ ਅਮਰਜੀਤ ਦੇ ਪਰਿਵਾਰ ਨੂੰ ਵਾਧੂ ਦੀ ਟੋਕ ਟਕਾਈ ਚੁਭਣ ਲੱਗ ਪਈ। ਫੇਰ ਵੀ ਈਸ਼ਵਰ ਕੌਰ ਨੇ ਘਰ ਦਾ ਸਾਰਾ ਕੰਮ ਸਿੱਖ ਲਿਆ। ਉਹ ਰੋਟੀ ਤੇ ਦਾਲ ਸਬਜ਼ੀ ਆਪ ਬਣਾਉਂਦੀ, ਭਾਂਡੇ ਧੋਂਦੀ ਪਰ ਫੇਰ ਵੀ ਨੂੰਹ ਦੇ ਤੇਵਰ ਚੜੇ ਰਹਿੰਦੇ। ਬੇਟੀ ਰੀਤੂ ਨੂੰ ਸੰਭਾਲਣ ਲਈ ਉਹ ਆਪਣੀ ਮਾਂ ਨੂੰ ਹੀ ਕਹਿੰਦੀ, ਜਿਵੇਂ ਉਸਦੀ ਸੱਸ ਘਰ ਦਾ ਕੋਈ ਮੈਂਬਰ ਹੀ ਨਾ ਹੋਵੇ। ਉਧਰ ਸਰਦੂਲ ਸਿੰਘ ਸਾਰਾ ਦਿਨ ਆਪਣੇ ਕੁੜਮ ਦਿਲਬਾਗ ਸਿੰਘ ਨੂੰ ਲੈਕਚਰ ਦੇਈ ਜਾਂਦਾ ਕਿ ਏਥੇ ਤਾਂ ਇਉਂ ਹੁੰਦਾ ਹੈ, ਏਥੇ ਤਾਂ ਇਉਂ ਰਹੀਦਾ ਹੈ। ਏਥੇ ਆਹ ਨਹੀਂ ਕਰੀਦਾ, ਔਹ ਨਹੀਂ ਕਰੀਦਾ, ਜਿਵੇਂ ਉਹ ਕੋਈ ਜੰਗਲੀ ਮਨੁੱਖ ਹੋਵੇ, ਜਿਸ ਨੂੰ ਸੱਭਿਅਤਾ ਦਾ ੳ ਅ ਵੀ ਨਾਂ ਆਂਉਂਦਾ ਹੋਵੇ। ਇੱਕ ਦਿਨ ਤਾਂ ਉਸ ਨੇ ਸਾਫ ਹੀ ਕਹਿ ਦਿੱਤਾ ਕਿ ਜੇ ਹੁਣ ਕਨੇਡਾ ਆਏ ਹੋਂ ਤਾਂ ਫਾਰਮਾਂ ਬਗੈਰਾ 'ਚ ਕੰਮ ਲਭੋ। ਸਰਦੂਲ ਦੀ ਇਹ ਗੱਲ ਦਿਲਬਾਗ ਸਿੰਘ ਤੋਂ ਬ੍ਰਦਾਸ਼ਤ ਨਾ ਹੋਈ ਕਿ ਉਸੇ ਦੇ ਪੁੱਤ ਦੇ ਘਰ ਵਿੱਚ ਹੀ ਉਸ ਨੂੰ ਕੋਈ ਠਿੱਠ ਕਰੇ। ਉਹ ਅਮਰਜੀਤ ਨੂੰ ਪੈ ਨਿੱਕਲਿਆ ਕਿ "ਤੂੰ ਮਾਊਂ ਜਿਹਾ ਬਣ ਕੇ ਸਹੁਰਿਆਂ ਥੱਲੇ ਲੱਗ ਕੇ ਜਿਵੇਂ ਮਰਜੀ ਰਹੀ ਜਾ ਪਰ ਸਾਡੇ ਤੋਂ ਨਹੀਂ ਰਹਿ ਹੁੰਦਾ। ਜੇ ਤੈਨੂੰ ਆਪਣੀ ਹਾਲਤ ਦਾ ਪਤਾ ਸੀ ਤਾਂ ਸਾਨੂੰ ਕਿਉਂ ਬੁਲਾਇਆ। ਜੇ ਕੁੱਝ ਨਹੀਂ ਕਰਨ ਜੋਗਾ ਤਾਂ ਸਾਨੂੰ ਵਾਪਸ ਭੇਜ ਦੇ ਜਾਂ ਕਿਤੇ ਬੇਸਮੈਂਟ ਲੱਭ ਦੇ। ਅਸੀਂ ਨੀ ਤੇਰੇ ਸਹੁਰਿਆਂ ਨਾਲ ਰਹਿ ਸਕਦੇ। ਬੱਸ ਘਰ ਵਿੱਚ ਕਲੇਸ਼ ਪੈ ਗਿਆ। ਭਿੰਦੀ ਕਹਿ ਰਹੀ ਸੀ ਕਿ ਅਮਰਜੀਤ ਨੂੰ ਉਸ ਦੇ ਘਰ ਵਾਲੇ ਚੁੱਕ ਰਹੇ ਹਨ। ਮੇਰੇ ਮਾਪਿਆਂ ਨੂੰ ਘਰੋਂ ਕਢਵਾਉਣ ਦੇ ਤੁਲੇ ਹੋਏ ਹਨ। ਰਿਸ਼ਤੇਦਾਰਾਂ ਵਿੱਚ ਪੈ ਕੇ ਸਮਝਾ ਦਿੱਤਾ ਕਿ ਏਥੇ ਹਰ ਕਿਸੇ ਨੇ ਆਪੋ ਆਪਣਾ ਖਾਣਾ ਹੈ, ਕਿਉਂ ਲੜਦੇ ਹੋਂ ਰਲ ਮਿਲ ਕੇ ਦਿਨ ਕੱਟ ਲਵੋ ਦੋਹਾਂ ਧਿਰਾਂ ਨੂੰ ਫਾਇਦਾ ਹੈ। ਉਹ ਵਕਤੀ ਤੌਰ ਤੇ ਟਿਕ ਗਏ ਇੱਕ ਦੂਜੇ ਦੀ ਗੱਲ ਵਿੱਚ ਬਹੁਤਾ ਦਖਲ ਨਾਂ ਦਿੰਦੇ।

ਸਰਦੂਲ ਸਿੰਘ ਨੂੰ ਕਿਸੇ ਨੇ ਸਕੀਮ ਦਿੱਤੀ ਕਿ ਤੂੰ ਥਾਣੇਦਾਰ ਏਂ, ਅਕਲ ਤੋਂ ਕੰਮ ਲੈ। ਤੇਰਾਂ ਜੁਆਨ ਮੁੰਡਾ ਤੇਰੇ ਲਈ ਜੈਕਪੌਟ ਹੈ। ਇੰਡੀਆ ਜਾ, ਕੁੜੀ ਵਾਲੇ ਵੀਹ ਲੱਖ ਤਾਂ ਹੱਸ ਕੇ ਦੇਣਗੇ। ਉਸੇ ਦਾ ਡਾਊਂਨ ਦੇਕੇ ਘਰ ਲੈ। ਹੁਣ ਸਰਦੂਲ ਸਿੰਘ ਨੌਕਰੀ ਤੋਂ ਬਣਾਏ ਪੈਸੇ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਸੀ ਤੇ ਪੁੱਤਰ ਦਾ ਸੌਦਾ ਕਰਨ ਦੀ ਤਿਆਰੀ ਵਿੱਚ ਸੀ। ਇੱਕ ਡੀ ਐੱਸ ਪੀ ਅਤੇ ਤਹਿਸੀਲਦਾਰ ਤਾਂ ਆਪਣੀਆਂ ਕੁੜੀਆਂ ਦੇ ਰਿਸ਼ਤੇ ਲਈ ਮੂੰਹ ਮੰਗਵਾਂ ਦਾਜ ਕੋਠੀਆਂ ਤੇ ਕਾਰਾਂ ਦੇਣ ਨੂੰ ਤਿਆਰ ਸਨ ਪਰ ਉਹ ਸੌਦਾ ਟਣਕਾ ਕੇ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਅਪਣਾ ਘਰ ਦੇਖਣਾ ਸ਼ੁਰੂ ਕਰ ਦਿੱਤਾ। ਉਹ ਅਜੇ ਸਕੀਮਾਂ ਲਾ ਹੀ ਰਹੇ ਸਨ, ਅਮਰਜੀਤ ਦੇ ਘਰ ਦਿਆਂ ਨੇ ਅਮਰਜੀਤ ਨੂੰ ਚੁੱਕਣਾ ਦੇ ਕੇ ਘਰ ਖ੍ਰੀਦਣ ਦੀ ਪਹਿਲ ਕਰਵਾ ਦਿੱਤੀ। ਹੁਣ ਸਵਾਲ ਇਹ ਸੀ ਕਿ ਭਿੰਦੀ ਦੇ ਮਾਪੇ ਕਿੱਥੇ ਰਹਿਣਗੇ। ਭਿੰਦੀ ਜਿੱਦ ਕਰ ਰਹੀ ਸੀ ਕਿ ਉਹ ਜਿੰਨਾਂ ਚਿਰ ਆਪਣਾ ਘਰ ਨਹੀਂ ਲੈਂਦੇ, ਆਪਣੀ ਬੇਸਮੈਂਟ ਵਿੱਚ ਹੀ ਰਹਿਣਗੇ। ਸਹੁਰਿਆਂ ਵਿੱਚ ਤਾਂ ਉਸਦੀ ਦਿਲਚਸਪੀ ਹੀ ਕੋਈ ਨਹੀਂ ਸੀ ਉਸ ਤਾਂ ਮਤਲਬ ਤਾਂ ਸਿਰਫ ਅਮਰਜੀਤ ਤੱਕ ਸੀ। ਅਮਰਜੀਤ ਨੇ ਬਥੇਰਾ ਸਮਝਾਇਆ ਕਿ ਹੁਣ ਤੂੰ ਵਿਆਹੀ ਹੋਈ ਔਰਤ ਏਂ ਸਹੁਰਾ ਪਰਿਵਾਰ ਹੀ ਤੇਰਾ ਪਰਿਵਾਰ ਹੈ, ਪਰ ਉਹ ਮੰਨਣ ਲਈ ਤਿਆਰ ਹੀ ਨਹੀਂ ਸੀ।

ਘਰ ਪ੍ਰਵੇਸ਼ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਸਮੇਂ ਹੀ ਇਸ ਗੱਲ ਤੇ ਕਲੇਸ਼ ਪੈ ਗਿਆ ਕਿ ਅਮਰਜੀਤ ਨੇ ਅਪਣੇ ਮਾਂ ਪਿਉ ਦਾ ਨਾਂ ਅਰਦਾਸ ਵਿੱਚ ਲੈਣਾ ਹੈ ਤਾਂ ਭਿੰਦੀ ਦੇ ਮਾ ਪਿਉ ਦਾ ਨਾਂ ਵੀ ਲਿਆ ਜਾਵੇਗਾ। ਬਿੰਦੀ ਕਹਿ ਰਹੀ ਸੀ ਕਿ ਮੇਰਾ ਵੀ ਘਰ ਵਿੱਚ ਬਰਾਬਰ ਹਿੱਸਾ ਹੈ ਮੇਰੇ ਵੀ ਮਾਂ ਬਾਪ ਹਨ। ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਪਰ ਉਹ ਹੰਕਾਰ ਦੇ ਘੋੜੇ ਤੋਂ ਨਾ ਉੱਤਰੀ। ਜਦੋਂ ਦਿਲਬਾਗ ਸਿੰਘ ਕਿਸੇ ਰਿਸ਼ਤੇਦਾਰ ਨੂੰ ਕਹਿੰਦਾ ਕਿ ਮੈਂ ਘਰ ਲੈ ਲਿਆ ਹੈ ਤਾਂ ਉਸਦੇ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਕਿ ਘਰ ਮੇਰਾ ਹੈ, ਇਹ ਕਹਿਣ ਵਾਲਾ ਕੌਣ ਹੁੰਦਾ ਹੈ। ਉਹ ਈਸ਼ਵਰ ਕੌਰ ਨੂੰ ਤਾਅਨੇ ਮਿਹਣੇ ਮਾਰਦੀ ਅਮਰਜੀਤ ਨਾਲ ਲੜਦੀ। ਘਰ ਭਾਂਵੇ ਦਿਲਬਾਗ ਦੇ ਮੁੰਡੇ ਅਮਰਜੀਤ ਸਿੰਘ ਦਾ ਸੀ ਪਰ ਉਸ ਵਿੱਚ ਚਲਦੀ ਸਰਦੂਲ ਸਿੰਘ ਦੇ ਪਰਿਵਾਰ ਦੀ ਸੀ। ਉਹੋ ਕੁਝ ਪੱਕਦਾ ਜੋ ਸਰਦੂਲ ਸਿੰਘ ਚਾਹੁੰਦਾ। ਸਰਦੂਲ ਦੀ ਨਜ਼ਰ ਵਿੱਚ ਤਾਂ ਦਿਲਬਾਗ ਸਿੰਘ ਦਾ ਪਰਿਵਾਰ ਪੇਂਡੂ ਜੱਟ ਬੂਟਾਂ ਦਾ ਪਰਿਵਾਰ ਸੀ।

ਭਿੰਦੀ ਹਰ ਹਾਲਤ ਵਿੱਚ ਆਪਣੇ ਪਰਿਵਾਰ ਦਾ ਰੋਹਬ ਸਹੁਰੇ ਘਰ ਤੇ ਬਣਾਈਂ ਰੱਖਣਾ ਚਾਹੁੰਦੀ ਸੀ। ਏਸੇ ਕਰਕੇ ਤਾਂ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰਾਂ ਦੇ ਬੈਠਿਆਂ ਅਰਦਾਸ ਵਿੱਚ ਉਸ ਨੇ ਅਪਣੇ ਮਾਪਿਆਂ ਦਾ ਨਾਂਉ ਵੀ ਬੁਲਵਾਇਆ ਸੀ ਤਾਂ ਕਿ ਲੋਕਾਂ ਨੂੰ ਅਹਿਸਾਸ ਕਰਵਾ ਸਕੇ ਕਿ ਘਰ ਵਿੱਚ ਤਾਂ ਉਸੇ ਦੀ ਚੱਲਦੀ ਹੈ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣਾ ਕੱਦ ਉੱਚਾ ਹੋ ਗਿਆ ਲੱਗਦਾ ਸੀ ਤੇ ਆਪਣੇ ਥਾਣੇਦਾਰ ਪਿਉੁ ਦਾ ਸ਼ਮਲਾ ਹੋਰ ਠਾਠ ਨਾਲ ਝੂਲਦਾ ਲੱਗਦਾ। ਉਹ ਘਰ ਵਿੱਚ ਆਦਮ ਖਾਣੇ ਦੈਂਤ ਵਾਂਗ ਬਿੱਫਰੀ ਫਿਰਦੀ। ਅਮਰਜੀਤ ਦੀ ਹੋਂਦ ਪੈਰਾਂ ਹੇਠ ਲਤਾੜ ਕੇ ਉਸ ਨੂੰ ਆਨੰਦ ਆਉਂਦਾ। ਪਤਾ ਨਹੀਂ ਇਸ ਦਾ ਮਾਨਸਿਕ ਕਾਰਨ ਕੀ ਸੀ ਜਾਂ ਉਸਦੇ ਅੰਦਰ ਛੁਪਿਆ ਕੋਈ ਘਟੀਆਪਣ ਦਾ ਅਹਿਸਾਸ। ਅਮਰਜੀਤ ਨੂੰ ਕੁੱਝ ਵੀ ਸਮਝ ਨਾ ਪੈਂਦਾ, ਉਹ ਆਪਣੇ ਆਪ ਨੂੰ ਬੌਣਾ ਹੋ ਗਿਆ ਮਹਿਸੂਸ ਕਰਦਾ। ਇੱਕ ਪਾਸੇ ਮੂਰਖ ਪਤਨੀ ਦੇ ਦੂਸਰੇ ਪਾਸੇ ਉਸਦਾ ਅਪਣਾ ਪਰਿਵਾਰ ਉਹ ਦੋ ਪੁੜਾਂ ਵਿੱਚ ਪਿਸ ਰਿਹਾ ਸੀ। ਪਾਠ ਦੇ ਭੋਗ ਤੋਂ ਬਾਅਦ ਉਸ ਨੇ ਬੋਤਲ ਖੋਹਲ ਲਈ ਲਗਾਤਾਰ ਸ਼ਰਾਬ ਪੀਂਦਾ ਰਿਹਾ। ਕੰਮ ਤੇ ਵੀ ਨਾ ਗਿਆ। ਬੱਚੀ ਦਾ ਮੂੰਹ ਵੀ ਨਾ ਵੇਖਿਆਂ, ਜਿਵੇਂ ਸਭ ਕਾਸੇ ਤੋਂ ਮੋਹ ਟੁਟ ਗਿਆ। ਉਹ ਕਿਸੇ ਦਾ ਰੋਕਿਆ ਵੀ ਨਾਂ ਰੁਕਿਆ। ਜਦੋਂ ਉਸ ਦੀ ਬੇ ਵਾਹ ਹੋ ਗਈ ਤਾਂ ਉਹ ਮੱਛੀ ਵਾਂਗ ਤੜਫਣ ਲੱਗਾ। ਤੇਜ ਬੁਖਾਰ ਵਾਂਗੂੰ ਉਸ ਦਾ ਸਰੀਰ ਤਪ ਰਿਹਾ ਸੀ। ਸਾਰੇ ਕਹਿੰਦੇ ਸਨ ਕਿ ਉਹ ਹੈਂਗ ਔਵਰ ਹੋਣ ਕਰਕੇ ਕਰ ਰਿਹਾ ਹੈ। ਉਹ ਆਪਣੀ ਮਾਂ ਈਸ਼ਵਰ ਕੌਰ ਦੀ ਬੁੱਕਲ ਵਿੱਚ ਜਾ ਨਿੱਕੇ ਬੱਚੇ ਦੀ ਤਰ੍ਹਾ ਲੇਟ ਗਿਆ ਤੇ ਕਹਿਣ ਲੱਗਾ। ਮਾਂ ਮੈਨੂੰ ਡਰ ਲੱਗਦਾ ਹੈ। ਜਿਵੇਂ ਛੋਟੇ ਹੁੰਦੇ ਨੂੰ ਪਿੰਡ ਦੀਆਂ ਮੜ੍ਹੀਆਂ ਚੋਂ ਲੱਗਦਾ ਸੀ। ਮਾਂ ਉਦੋਂ ਜਦ ਮੈਨੂੰ ਬੁਖਾਰ ਚੜ੍ਹਦਾ ਸੀ ਤੂੰ ਕਿਹਾ ਕਰਦੀ ਸੀ ਕਿ ਮੜ੍ਹੀਆਂ ਵਿੱਚੋਂ ਪੁੱਠੇ ਪੈਰਾ ਵਾਲੀ ਚੁੜੇਲ ਚਿੰਬੜ ਗਈ। ਫੇਰ ਤੂੰ ਅਖੰਡਪਾਠ ਵਾਲੇ ਪਾਣੀ ਦੇ ਛਿੱਟੇ ਮਾਰਦੀ ਸੀ ਤਾਂ ਆਰਾਮ ਜਿਹਾ ਆੳਂੁਦਾ ਸੀ। ਮਾਂ ਮੈਨੂੰ ਚੁੜੇਲ ਚਿੰਬੜ ਗਈ। ਮਾਂ ਮੈਨੂੰ ਬਹੁਤ ਡਰ ਲੱਗਦਾ ਏ। ਉਹ ਮੈਨੂੰ ਮਾਰ ਦੇਵੇਗੀ ...ਔਹ ਵੇਖ ਆ ਗਈ ਮਹਾਰਾਜ ਤੋਂ ਵੀ ਨਹੀਂ ਡਰਦੀ। ਤੇਰੇ ਤੋਂ ਵੀ ਨਹੀਂ ਕਿਸੇ ਤੋਂ ਵੀ ਨਹੀਂ। ਹਾੜੇ ਹਾੜੇ ਮਾਂ ਮੈਨੂੰ ਸ਼ਰਾਬ ਦਾ ਇੱਕ ਪੈੱਗ ਦੇ ਦੇ ਨਹੀਂ ਤਾਂ ਮੈਂ ਮਰ ਜਾਂਵਾਂਗਾ। ਮੈਨੂੰ ਬਹੁਤ ਡਰ ਲੱਗਦਾ ਏ ਮੈਂ ਅਜੇ ਮਰਨਾ ਨਹੀਂ ਚਾਹੁੰਦਾ। ਉਹ ਮਾਂ ਨੂੰ ਚਿੰਬੜ ਗਿਆ। ਸ਼ਰਾਬ ਤਾਂ ਉਹ ਪਹਿਲਾਂ ਵੀ ਬਹੁਤ ਪੀ ਜਾਂਦਾ ਸੀ ਪਰ ਏਦਾਂ ਕਦੀ ਨਹੀਂ ਸੀ ਕੀਤਾ। ਸਾਰੇ ਉਸਦੀ ਹਾਲਤ ਤੇ ਘਬਰਾ ਗਏ। ਈਸ਼ਵਰ ਕੌਰ ਉਸ ਨੂੰ ਬੁੱਕਲ ਵਿੱਚ ਲਈ ਵਾਹਿਗੁਰੂ ਵਾਹਿਗੁਰੂ ਕਰ ਰਹੀ ਸੀ। ਸਾਰਾ ਪਰਿਵਾਰ ਭੱਜ ਨੱਸ ਕਰ ਰਿਹਾ ਸੀ। ਭਿੰਦੀ ਨੇ 911 ਡਾਇਲ ਕਰਕੇ ਐਂਬੂਲੈਂਸ ਸੱਦੀ। ਅਮਰਜੀਤ ਅਜੇ ਵੀ ਡਰ ਨਾਲ ਕੰਬ ਰਿਹਾ ਸੀ। ਉਹ ਬੋਲਿਆ ਔਹ ਵੇਖ ਚੁੜੇਲ ਆ ਗਈ ..ਔਹ ਵੇਖ ਉਸਦੇ ਪੁੱਠੇ ਪੈਰ। ਮਾਰ ਦੇਵੇਗੀ ਮੈਨੂੰ...। ਈਸ਼ਵਰ ਕੌਰ ਕਹਿ ਰਹੀ ਸੀ ਉਹ ਤਾਂ ਪੁੱਤ ਭਿੰਦੀ ਤੇਰੇ ਘਰ ਵਾਲੀ। ਅਮਰਜੀਤ ਬੋਲਿਆ, ਫੇਰ ਇਸਦੇ ਪੈਰ ਕਿਉਂ ਪੁੱਠੇ ਨੇ। ਮਾਂ ਨੇ ਕਿਹਾਂ ਪੁੱਤ ਉਹ ਤੇਰੇ ਵਲ ਪਿੱਠ ਕਰੀ ਖੜੀ ਹੈ, ਫੋਨ ਕਰਦੀ ਹੈ। ਸਰਦੂਲ ਸਿੰਘ ਕਹਿ ਰਿਹਾ ਸੀ ਕਿ ਸ਼ਰਾਬ ਨੇ ਉਸਦਾ ਦਿਮਾਗ ਚੁੱਕ ਦਿੱਤਾ। ਏਨੇ ਨੂੰ ਐਂਬੂਲੈਂਸ ਵੀ ਆ ਗਈ। ਡਾਕਟਰਾਂ ਨੇ ਚੈਂਕ ਕਰਨ ਤੋਂ ਬਾਅਦ ਦੱਸਿਆ ਕਿ ਜ਼ਿਆਦਾ ਸ਼ਰਾਬ ਪੀਣ ਦੀ ਵਜ਼ਾ ਕਰਕੇ ਦਿਮਾਗ ਵਿੱਚ ਸੋਜਿਸ਼ ਆਉਣ ਨਾਲ ਸ਼ਰਾਬੀ ਅਜਿਹੇ ਦੌਰੇ ਪੇਣੇ ਸੁਭਾਵਕ ਨੇ। ਇਸਦਾ ਬਲੱਡ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੈ। ਇਸ ਨੂੰ ਹੋਰ ਪੀਣ ਨਹੀਂ ਦੇਣੀ ਨਹੀਂ, ਬਰੇਨ ਡੈਮਿਜ ਹੋ ਸਕਦਾ ਹੈ। ਜਦੋਂ ਠੀਕ ਹੋ ਜਾਵੇ ਤਾਂ ਕਿਸੇ ਮਨੋਵਿਗਿਆਨਕ ਨੂੰ ਜਰੂਰ ਦਿਖਾਉਣਾ। ਪੀਣ ਦੀ ਕੋਈ ਵਜ੍ਹਾ ਜਰੂਰ ਹੁੰਦੀ ਹੈ। ਉਨ੍ਹਾਂ ਟੀਕਾ ਲਗਾਇਆ, ਦਵਾਈ ਦਿੱਤੀ ਤੇ ਚਲੇ ਗਏ। ਟੀਕਾ ਏਨਾਂ ਅਸਰਦਾਰ ਸੀ ਕਿ ਉਸਦੀਆਂ ਅੱਖਾਂ ਬੰਦ ਹੋਣ ਲੱਗੀਆਂ। ਉਹ ਬੇਹੋਸ਼ੀ ਜਿਹੀ ਵਿੱਚ ਅਜੇ ਵੀ ਆਖ ਰਿਹਾ ਮੈਨੂੰ ਬਚਾ ਲੈ ਮਾਂ, ਬਹੁਤ ਡਰ ਲੱਗਦਾ ਹੈ, ਮਾਰ ਦੇਵੇਗੀ ਮੈਨੂੰ, ਔਹ ਵੇਖ ਪੁੱਠੇ ਪੈਰ। ਦਿਲਬਾਗ ਸਿੰਘ ਨੇ ਸਾਫੇ ਦੇ ਲੜ ਨਾਲ ਅੱਖਾਂ ਪੂੰਝਦਿਆ ਪੁੱਤ ਨੂੰ ਬੁੱਕਲ ਵਿੱਚ ਲੈ ਕੇ ਕਿਹਾ,"ਪੁੱਤਰਾਂ ਮੈਂ ਤਾਂ ਤੈਨੂੰ ਪੜ੍ਹਾ ਲਿਖਾ ਕੇ ਪਰੀਆਂ ਦੇ ਦੇਸ਼ ਭੇਜਿਆ ਸੀ, ਮੈਨੂੰ ਕੀ ਪਤਾ ਸੀ ਉੱਥੇ ਚੁੜੇਲਾਂ ਵੀ ਹੋਣਗੀਆਂ....।” ਅਮਰ ਤਾਂ ਸੌਂ ਗਿਆ ਪਰ ਈਸ਼ਵਰ ਕੌਰ ਤੇ ਦਿਲਬਾਗ ਸਿੰਘ ਨੂੰ ਸਾਰੀ ਰਾਤ ਨੀਦ ਨਾਂ ਪਈ, ਜਿਵੇਂ ਪੁੱਠੇ ਪੈਰਾਂ ਵਾਲੀ ਡੈਣ ਉਨ੍ਹਾਂ ਆਸੇ ਪਾਸੇ ਨੱਚ ਰਹੀ ਹੋਵੇ, ਖੌਰੂ ਪਾਉਂਦੀ ਜੇਤੂ ਅੰਦਾਜ਼ ਵਿੱਚ। ਉਨ੍ਹਾਂ ਬਿੰਦੀ ਨੂੰ ਆਵਾਜ਼ ਮਾਰੀ, ਉਹ ਤਾਂ ਕਦੋਂ ਦੀ ਜਾ ਕੇ ਆਪਣੇ ਮਾਂ ਪਿਉ ਕੋਲ ਬੇਸਮੈਂਟ ਵਿੱਚ ਸੌਂ ਗਈ ਸੀ। ਸਾਰੇ ਘਰ ਵਿੱਚ ਜਿਵੇਂ ਚੁੜੇਲ ਦਾ ਪਹਿਰਾ ਸੀ ਤੇ ਡਰ ਹੀ ਡਰ। ਅਮਰ ਅਜੇ ਵੀ ਬੁੜਬੜਾ ਰਿਹਾ ਸੀ।

No comments: