ਸੱਚ ਦਾ ਸਵਾਲ........ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ

ਰੁੱਖਾਂ ਵਾਂਗੂ ਤੱਤੀਆਂ ਠੰਡੀਆਂ,ਪਿੰਡੇ ਉੱਤੇ ਸਹਿ ਜਾਂਦਾ ਹਾਂ।
ਸੱਜਣ ਮੌਸਮ ਵਾਂਗ ਬਦਲਦੇ,ਵੇਖ ਭੁਚੱਕਾ ਰਹਿ ਜਾਂਦਾ ਹਾਂ।

ਮੇਰੇ ਮਨ ਮਸਤਕ ਦੇ ਅੰਦਰ,ਸੋਚ ਦੇ ਦੰਗਲ ਚਲਦੇ ਰਹਿੰਦੇ,
ਕਈਆਂ ਨੂੰ ਮੈਂ ਢਾਹ ਲੈਂਦਾ ਹਾਂ, ਕਈਆਂ ਕੋਲੋਂ ਢਹਿ ਜਾਂਦਾ ਹਾਂ।

ਧੁੱਪ ਦੇ ਵਾਂਗੂ ਖਿੜਿਆ ਹੋਇਆ ,ਸਿਖਰ ਦੁਪਹਿਰਾ ਰੁੱਸ ਨਾ ਜਾਵੇ,
ਵੇਖ ਕੇ ਸਿਰ ‘ਤੇ ਚੜਿਆ ਬੱਦਲ,ਹਾਉਕਾ ਭਰ ਕੇ ਰਹਿ ਜਾਂਦਾ ਹਾਂ।

ਕੰਨਾਂ ਦੇ ਵਿਚ ਅੱਜ ਵੀ ਉਸਦੇ ਮਿੱਠੇ-ਮਿੱਠੇ ਬੋਲ ਸੁਣੀਂਦੇ,
ਨਾ ਚਾਹ ਕੇ ਵੀ ਬਹੁਤੀ ਵਾਰੀ ਯਾਦਾਂ ਅੰਦਰ ਵਹਿ ਜਾਂਦਾ ਹਾਂ।

ਪੱਕੀ ਗੱਲ ਹੈ ਹੋਰਾਂ ਵਾਂਗੂ ਮੇਰੇ ਵਿਚ ਵੀ ਔਗੁਣ ਹੋਣੈਂ,
ਸਭ ਤੋਂ ਵੱਡਾ ਔਗੁਣ ਮੇਰਾ,ਮੂੰਹ ਤੇ ਸੱਚੀਆਂ ਕਹਿ ਜਾਂਦਾ ਹਾਂ।

ਸੱਚ ਝੂਠ ਨੂੰ ਪੁੱਛਦਾ ਸੀ ਕੱਲ ਸੱਚੋ-ਸੱਚੀ ਦੱਸੀਂ ਮੈਨੂੰ,
ਸੱਚਾ ਹੁੰਦਾ ਹੋਇਆ ਵੀ ਮੈਂ ‘ਕੱਲਾ ਕਾਹਤੋਂ ਰਹਿ ਜਾਂਦਾ ਹਾਂ।
Post a Comment