ਇਸ ਵਾਰੀ ਦੀ ਮੇਰੀ ਪਾਕਿਸਤਾਨ ਦੀ ਯਾਤਰਾ.......... ਲੇਖ / ਗਿਆਨੀ ਸੰਤੋਖ ਸਿੰਘ

ਪਹਿਲੀ ਵਾਰੀਂ ਮੈ ਪਾਕਿਸਤਾਨ ਦੀ ਯਾਤਰਾ ਮਾਰਚ ਤੇ ਅਪ੍ਰੈਲ, ੧੯੯੯ ਵਿਚ ਕੀਤੀ ਸੀ। ਉਸ ਤੋਂ ਬਾਅਦ ਕਈ ਵਾਰ ਲਾਹੌਰ ਦੇ ਗਵਾਂਢ ਅੰਮ੍ਰਿਤਸਰ ਤੇ ਅਟਾਰੀ ਨੇੜਲੇ ਪਿੰਡਾਂ ਵਿਚ ਜਾ ਆਇਆ ਸਾਂ ਪਰ ਲਾਹੌਰ ਜਾਣ ਦੀ ਮੁੜ ਇਛਾ ਪੂਰੀ ਨਹੀ ਸੀ ਹੋਈ। ਇਸ ਵਾਰੀਂ ਲੰਡਨ ਵਿਚ ਰਹਿ ਰਹੇ ਆਪਣੇ ਛੋਟੇ ਪੁੱਤਰ, ਗੁਰਬਾਲ ਸਿੰਘ, ਦਾ ਕੁਝ ਸਾਮਾਨ ਦੇਣ ਦੇ ਬਹਾਨੇ ਯੂਰਪ ਦੇ ਕੁਝ ਮੁਲਕਾਂ ਦੀ ਯਾਤਰਾ ਕਰਨ ਦਾ ਜੁਗਾੜ ਬਣਾ ਲਿਆ। ਮੋਢੇ ਦਾ ਬੈਗ ਚੁੱਕ ਕੇ ਆਪਣੀ ਆਮ ਆਦਤ ਤੋਂ ਉਲ਼ਟ, ਇਕ ਅਟੈਚੀ ਆਪਣੀਆਂ ਛਪੀਆਂ ਦੋਹਾਂ ਕਿਤਾਬਾਂ ਦਾ ਵੀ ਨਾਲ਼ ਚੁੱਕ ਲਿਆ ਤਾਂ ਕਿ ਇਹਨਾਂ ਮੁਲਖਾਂ ਵਿਚ ਵੱਸ ਰਹੇ ਪੰਜਾਬੀ ਪਿਆਰਿਆਂ ਦੀ ਸੇਵਾ ਵਿਖੇ ਭੇਟ ਕਰ ਸਕਾਂ। ਕੁਝ ਸਿਧੀਆਂ ਵੀ, ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ, ਸ. ਮੋਤਾ ਸਿੰਘ ਸਰਾਇ ਹੋਰਾਂ ਦੇ ਬਰਮਿੰਘਮ ਵਿਚਲੇ ਸਿਰਨਾਵੇਂ ਤੇ ਮੰਗਵਾ ਕੇ ਉਹਨਾਂ ਰਾਹੀਂ ਵੰਡਣ ਦਾ ਪ੍ਰਬੰਧ ਹੋ ਗਿਆ। ਕੁਝ ਬੰਡਲ ਹਵਾਈ ਡਾਕ ਰਾਹੀਂ ਬੈਲਜੀਅਮ ਵਿਖੇ ਵੀ ਮੰਗਵਾ ਲਏ।

ਹਾਂਗਕਾਂਗ, ਇੰਗਲੈਂਡ, ਬੈਲਜੀਅਮ, ਸਵਿਟਜ਼ਰਲੈਂਡ, ਜਰਮਨੀ, ਇਟਲੀ ਦੀ ਯਾਤਰਾ ਦੇ ਖੱਟੇ ਮਿੱਠੇ ਅਨੁਭਵ ਪ੍ਰਾਪਤ ਕਰਨ ਉਪ੍ਰੰਤ, ਗੁਰੂ ਕੀ ਨਗਰੀ, ੮ ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਜਾਣ ਦਾ ਮਨ ਬਣਾ ਹੀ ਲਿਆ। ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਦਿੱਲੀ ਦੇ ਜਹਾਜੇ ਚੜ੍ਹਨ ਲਈ ਵਾਹੋ ਦਾਹੀ ਪੁੱਜਿਆ। ਜਹਾਜ ਦਾ ਦਰਵਾਜ਼ਾ ਬੰਦ ਹੋ ਚੁੱਕਿਆ ਸੀ। ਜਹਾਜੇ ਚੜ੍ਹਾਉਣ ਵਾਲ਼ੀ ਬੀਬੀ ਨੇ ਆਖਿਆ ਮੈ ਲੇਟ ਹਾਂ ਪਰ ਜੇ ਸਮੇ ਸਿਰ ਆ ਵੀ ਜਾਂਦਾ ਤਾਂ ਵੀ ਨਹੀ ਸੀ ਚੜ੍ਹ ਸਕਦਾ ਕਿਉਂਕਿ ਸੀਟ ਕੋਈ ਨਹੀ ਸੀ ਤੇ ਮਹੀਨਾ ਭਰ ਹੋਰ ਦਿੱਲੀ ਦੀ ਸੀਟ ਮਿਲ਼ ਸੱਕਣ ਦੀ ਕੋਈ ਸੰਭਾਵਨਾ ਵੀ ਨਹੀ। ਇਸ ਲਈ ਮੈ ਦਿੱਲੀ ਦੀ ਬਜਾਇ ਮਦਰਾਸ, ਕਲਕੱਤਾ, ਮੁੰਬਈ ਵਿਚੋਂ ਕਿਸੇ ਥਾਂ ਤੇ ਜਾ ਸਕਦਾ ਹਾਂ। ਮੁੰਬਈ ਜਾਣ ਦੀ ਇਛਾ ਪ੍ਰਗਟਾਉਣ ਤੇ ਉਸਨੇ ਆਖਿਆ, ''ਭੱਜ ਜਾਹ ਫਲਾਣੇ ਚੈਨਲ ਤੇ! ਓਥੋਂ ਹੀ ਮੁੰਬਈ ਦਾ ਜਹਾਜ ਮਿਲ਼ੂਗਾ।'' ਮੈ ਛੂਟ ਵੱਟੀ। ਸਮੇ ਸਿਰ ਓਥੇ ਪੁੱਜ ਤਾਂ ਗਿਆ ਪਰ ਇਸ ਹਫ਼ੜਾ ਦਫ਼ੜੀ ਵਿਚ ਮੈ ਆਪਣਾ ਮੋਬਾਇਲ ਸੈਕਿਉਰਟੀ ਵਾਲ਼ਿਆਂ ਕੋਲ਼ ਹੀ ਭੁੱਲ ਗਿਆ। ਜਦੋਂ ਇਸਦਾ ਚੇਤਾ ਆਇਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਅਖੀਰ ਜਹਾਜੇ ਚੜ੍ਹ ਕੇ ਅਗਲੇ ਦਿਨ ਮੁੰਬਈ ਪਹੁੰਚ ਗਿਆ। ਓਥੋਂ ਏਅਰ ਇੰਡੀਆ ਦੀ ਹੋਰ ਟਿਕਟ ਖ਼ਰੀਦ ਕੇ ਦਿੱਲੀ ਅਤੇ ਓਥੋਂ ਬੱਸ ਫੜ ਕੇ ਬੱਸ ਅੱਡੇ ਉਤੇ। ਓਥੋਂ ਬੱਸ ਰਾਹੀਂ ਜਲੰਧਰ ਤੇ ਜਲੰਧਰੋਂ ਤਾਂ ਬੱਸ ਰਾਹੀਂ ਅੰਮ੍ਰਿਤਸਰ ਅੱਪੜ ਹੀ ਜਾਣਾ ਸੀ। ਅੰਮ੍ਰਿਤਸਰ ਵਿਚ ਦੋ ਹਫ਼ਤੇ ਕਿਤਾਬਾਂ ਛਾਪਣ ਵਾਲ਼ਿਆਂ ਨਾਲ਼ ਕਿਤਾਬਾਂ ਬਾਰੇ ਸੈਟਿੰਗ ਕਰਦਿਆਂ ਬੀਤ ਗਏ। ਕਿਸੇ ਹੋਰ ਸ਼ਹਿਰ ਇਸ ਲਈ ਨਾ ਜਾ ਸਕਿਆ ਕਿ ਕਿਤਾਬਾਂ ਤਿਆਰ ਹੋਣ ਉਪ੍ਰੰਤ ਹੀ ਜਾਵਾਂਗਾ। ''ਇਕ ਪੰਥ ਦੋ ਕਾਜ'' ਵਾਂਗ ਸੱਜਣਾਂ ਦੇ ਦਰਸ਼ਨਾਂ ਦੇ ਨਾਲ਼ ਨਾਲ਼ ਕਿਤਾਬਾਂ ਵੀ ਭੇਟ ਕਰਦਾ ਆਵਾਂਗਾ। ਆਪਣੀ ਵੱਲੋਂ ਇਹ ਸਾਰੀ ਤਿਆਰੀ ਕਰਵਾ ਕੇ ਲਾਹੌਰ ਜਾ ਵੜਿਆ ਤੇ ਬੜਾ ਬੜਾ ਚਾਈਂ ਚਾਈਂ ਵਾਪਸ ਮੁੜਿਆ ਕਿ ਕਿਤਾਬਾਂ ਤਿਆਰ ਹੋਣਗੀਆਂ ਤੇ ਇਸ ਬਹਾਨੇ ਅੰਮ੍ਰਿਤਸਰ, ਜਲੰਧਰ, ਲੁਧਿਆਣੇ, ਪਟਿਆਲੇ, ਚੰਡੀਗੜ੍ਹ, ਦਿੱਲੀ, ਵਸਦੇ ਸਜਣਾਂ ਨੂੰ ਕਿਤਾਬਾਂ ਭੇਟ ਕਰਨ ਬਹਾਨੇ ਜਾ ਮਿਲ਼ਾਂਗਾ ਤੇ ਵਾਪਸੀ ਤੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ਼ ਓਥੇ ਦੇ ਵਿਦਵਾਨਾਂ ਨੂੰ ਵੀ ਕਿਤਾਬਾਂ ਭੇਟ ਕਰ ਸਕਾਂਗਾ ਪਰ ਅੰਗ੍ਰੇਜ਼ੀ ਵਾਲ਼ੇ 'ਮਰਫ਼ੀ ਦੇ ਲਾੱ' ਦੀ ਗੱਲ ਕਰਿਆ ਕਰਦੇ ਹਨ। ਉਹ ਇਉਂ ਹੈ ਕਿ ਹਰੇਕ ਕੰਮ ਹੋਣ ਵਿਚ ਸਾਡੀ ਸੋਚ ਤੋਂ ਵਧ ਸਮਾ ਲੈ ਲੈਂਦਾ ਹੈ। ਪਾਕਿਸਤਾਨੋ ਵਾਪਸੀ ਤੇ ਇਹ ਕਾਰਜ ਤਕਰੀਬਨ ਓਥੇ ਦਾ ਓਥੇ ਹੀ ਖਲੋਤਾ ਪਾਇਆ ਜਿਥੇ ਛੱਡ ਕੇ ਗਿਆ ਸਾਂ। ਕੁਝ ਭਾਈਚਾਰਕ ਖੁਸ਼ੀ ਤੇ ਗ਼ਮੀ ਦੇ ਕਾਰਜਾਂ ਵਿਚ ਸ਼ਮੂਲੀਅਤ ਕਰ ਹੀ ਰਿਹਾ ਸਾਂ ਕਿ ਖਾਸ ਪਰਵਾਰਕ ਕਾਰਜ ਕਰਕੇ ਇਕ ਦਮ ਸਭ ਕੁਝ ਵਿਚੇ ਹੀ ਛੱਡ ਕੇ ਵਾਪਸ ਸਿਡਨੀ ਨੂੰ ਚਾਲੇ ਪਾਉਣੇ ਪਏ। ਇਸ ਤਰ੍ਹਾਂ ਜਿਸ ਕਿਤਾਬਾਂ ਵਾਲ਼ੇ ਕਾਰਜ ਲਈ ਉਚੇਚਾ ਅੰਮ੍ਰਿਤਸਰ ਗਿਆ ਸਾਂ ਉਹ ਵਿਚੇ ਹੀ ਰਹਿ ਗਿਆ। ਉਮੀਦ ਹੈ ਕਿ ਪ੍ਰਕਾਸ਼ਕ ਉਹ ਕਿਤਾਬਾਂ ਪਿਛੋਂ ਪਾਰਸਲਾਂ ਰਾਹੀਂ ਮੈਨੂੰ ਭੇਜ ਦੇਣਗੇ।
ਗੱਲ ਪਾਕਿਸਤਾਨ ਦੀ ਕਰ ਲਈਏ:
ਸਿਡਨੀ ਤੋਂ ਤੁਰਨੋ ਪਹਿਲਾਂ ਹੀ ਪਾਕਿਸਤਾਨ ਦਾ ਵੀਜ਼ਾ ਲੈਣ ਲਈ ਉਹਨਾਂ ਦੇ ਸਿਡਨੀ ਸਥਿਤ ਕੌਂਸੂਲੇਟ ਵਿਚ ਗਿਆ। ਰੀਸੈਪਸ਼ਨ ਤੇ ਹਾਜਰ ਨੌਜਵਾਨ ਨੇ ਕੁਝ ਅਣਕਿਆਸੇ ਸਵਾਲ ਪੁੱਛੇ ਜਿਨ੍ਹਾਂ ਦੇ ਪੁੱਛੇ ਜਾਣ ਦੀ ਮੈਨੂੰ ਆਸ ਨਹੀ ਸੀ। ਖ਼ੈਰ, ਉਸਦੀ ਹਰੇਕ ਪੁੱਛ ਦਾ ਸਹੀ ਜਵਾਬ ਦੇਣ ਉਪ੍ਰੰਤ ਉਸਨੇ ਕਾਗਜ਼ ਰੱਖ ਲਏ ਪਰ ਵੀਜ਼ਾ ਦੇ ਦੇਣ ਦਾ ਇਕਰਾਰ ਨਾ ਕੀਤਾ। ਮੇਰੇ ਅਜਿਹੀ ਪੁੱਛ ਗਿਛ ਕਰਨ ਲਈ 'ਕਿੰਤੂ' ਕਰਨ ਤੇ ਉਸਨੇ ਆਖਿਆ ਕਿ ਹਿੰਦੁਸਤਾਨ ਵਾਲ਼ੇ ਸਾਡੇ ਬੰਦਿਆਂ ਕੋਲ਼ੋਂ ਅਜਿਹੀ ਪੁੱਛ ਗਿੱਛ ਕਰਦੇ ਹਨ; ਇਸ ਲਈ ਅਸੀਂ ਵੀ ਉਹਨਾਂ ਦੇ ਬੰਦਿਆਂ ਤੋਂ ਕਰਦੇ ਹਾਂ। ਖ਼ੈਰ, ਅਗਲੇ ਹਫ਼ਤੇ ਉਸਦਾ ਫ਼ੋਨ ਆ ਗਿਆ ਕਿ ਵੀਜ਼ਾ ਲੱਗ ਗਿਆ ਹੈ ਤੇ ਮੈ ਜਾ ਕੇ ਪਾਸਪੋਰਟ ਲੈ ਆਵਾਂ। ਵੇਖਿਆ ਤਾਂ ਤਿੰਨ ਮਹੀਨੇ ਦਾ ਵੀਜ਼ਾ ਲੱਗਾ ਹੋਇਆ ਸੀ; ਮੰਗਿਆ ਭਾਵੇਂ ਮੈ ਇਕ ਮਹੀਨੇ ਦਾ ਹੀ ਸੀ।

ਅੰਮ੍ਰਿਤਸਰੋਂ ਪਿਛਲੀ ਵਾਰ ਵਾਂਗ ਹੀ ਇਸ ਵਾਰੀਂ ਵੀ ਪਾਕਿਸਤਾਨ ਜਾਣ ਦਾ ਹੌਸਲਾ ਜਿਹਾ ਨਾ ਪਵੇ। ਇਹ ਯਾਤਰਾ ਕਿਸੇ ਨਾ ਕਿਸੇ ਬਹਾਨੇ ਅੱਗੇ ਤੋ ਅੱਗੇ ਹੀ ਪਾਈ ਜਾਵਾਂ। ਇਸ ਵਾਰੀਂ ਐਂਟਰੀ ਵੀ ਇਕੋ ਸੀ ਜਦੋਂ ਕਿ ਪਿਛਲੀ ਵਾਰੀਂ ਮੈਨੂੰ ਦੋ ਐਂਟਰੀਆਂ ਮਿਲ਼ ਗਈਆਂ ਸਨ। ਖ਼ੈਰ, ਖ਼ੁਦਾ ਖ਼ੁਦਾ ਕਰਕੇ ਮੈ ਦੋ ਨਵੰਬਰ ਨੂੰ ਅਟਾਰੀ ਵੱਲ ਤੁਰ ਹੀ ਪਿਆ। ਵਾਹਗੇ ਦੀ ਬੱਸ ਫੜਨ ਲਈ ਅੱਡੇ ਤੋਂ ਕੰਡਕਟਰ ਨੂੰ ਪੁਛਿਆ। ਉਸਨੇ ਇਕ ਸਵਾਰੀ ਹੋਰ ਦੇ ਲਾਲਚ ਵਿਚ ਮੈਨੂੰ ਝੂਠ ਹੀ ਬੋਲ ਦਿਤਾ ਕਿ ਇਹੋ ਬੱਸ ਹੀ ਵਾਹਗੇ ਤੱਕ ਜਾਣੀ ਹੈ। ਪਰ ਓਥੇ ਜਾ ਕੇ ਉਹਨਾਂ ਨੇ ਅਟਾਰੀ ਤੋਂ ਹੀ ਵਾਪਸ ਮੂਹ ਭਵਾਂ ਲਿਆ ਤੇ ਮੈਨੂੰ ਥ੍ਰੀ ਵੀ੍ਹਲਰ ਲੈ ਕੇ ਅੱਗੇ ਬਾਰਡਰ ਤੱਕ ਜਾਣਾ ਪਿਆ। ਪੈਸੇ ਵਟਾਉਣ ਵਾਲ਼ੇ ਦੁਆਲ਼ੇ ਆ ਹੋਏ। ਉਹਨਾਂ ਦੇ ਸੁਝਾ ਤੇ ਤਿੰਨ ਹਜ਼ਾਰ ਇੰਡੀਅਨ ਰੁਪਏ ਦੇ ਚਾਰ ਹਜ਼ਾਰ ਤੇ ਕੁਝ ਪਾਕਿਸਤਾਨੀ ਰੁਪਏ ਲੈ ਲਏ। ਉਹਨਾਂ ਨੂੰ ਪਿਛਲੀ ਵਾਰੀ ਦੇ ਕੌੜੇ ਤਜੱਰਬੇ ਨੂੰ ਮੁਖ ਰੱਖ ਕੇ ਆਖਿਆ ਕਿ ਪਿਛਲੀ ਵਾਰੀ ਵਾਂਗ ਮੈਨੂੰ ਹਜ਼ਾਰ ਹਜ਼ਾਰ ਦੇ ਨੋਟ ਨਾ ਦੇ ਦਿਓ ਕਿ ਬੱਸ ਵਿਚ ਬੈਠੀਆਂ ਸਵਾਰੀਆਂ ਮੇਰਾ ਮਖੌਲ ਉਡਾਉਣ। ਅੱਗੇ ਗਿਆ ਤਾਂ ਕੁੱਲ਼ੀ ਦੁਆਲ਼ੇ ਹੋ ਗਏ। ਆਪਣੇ ਬੈਗ ਤੋਂ ਇਲਾਵਾ ਕਿਤਾਬਾਂ ਦਾ ਵੀ ਬੰਡਲ਼ ਹੋਣ ਕਰਕੇ ਤੇ ਨਾਲ਼ੇ ਇਹਨਾਂ ਨੇ ਖਹਿੜਾ ਨਹੀ ਛੱਡਣਾ ਵਿਚਾਰ ਕੇ ਇਕ ਕੁੱਲੀ ਨੂੰ ਮੈ ਆਪਣਾ ਕਿਤਾਬਾਂ ਵਾਲ਼ਾ ਬੰਡਲ਼ ਚੁਕਾ ਦਿਤਾ। ਉਹ ਸੱਜਣ ਚਿੱਟੀ ਦਾਹੜੀ ਵਾਲ਼ਾ ਕਿਸੇ ਪਿੰਡ ਦਾ ਸਰਪੰਚ ਸੀ। ਉਸ ਤੋਂ ਇਕ ਪੂਰੀ ਦਾਹੜੀ ਵਾਲ਼ਾ ਨੌਜਵਾਨ ਬੰਡਲ਼ ਖੋਹਣ ਪਿਆ; ਇਹ ਆਖਦਾ ਹੋਇਆ, ''ਤੂੰ ਸਰਪੰਚ ਹੋ ਕੇ ਭਾਰ ਢੋਂਦਾ ਹੈ!'' ਉਸਨੇ ਕਿਹਾ, ''ਮੈ ਮਜ਼ਦੂਰੀ ਹੀ ਕਰਦਾ ਹਾਂ, ਕੋਈ ਚੋਰੀ ਤੇ ਨਹੀ ਕਰ ਰਿਹਾ। ਉਸਨੇ ਬੰਡਲ ਉਸ ਨੌਜਵਾਨ ਨੂੰ ਨਾ ਫੜਾਇਆ ਤੇ ਉਹ ਨੌਜਵਾਨ ਹੱਸਦਾ ਹੱਸਦਾ ਹੱਸਦਾ ਪਰ੍ਹਾਂ ਚਲਿਆ ਗਿਆ। ਇਕ ਕਾਲ਼ੀ ਦਾਹੜੀ ਵਾਲ਼ੇ ਸਿੱਖ ਇਮੀਗ੍ਰੇਸ਼ਨ ਅਫ਼ਸਰ ਨੇ ਮੇਰਾ ਆਸਟ੍ਰੇਲੀਅਨ ਪਾਸਪੋਰਟ ਵੇਖ ਕੇ, ਨਿਮਾਣੇ ਜਿਹੇ ਹੋ ਕੇ ਆਖਿਆ, ''ਸਰਦਾਰ ਜੀ, ਆਸਟ੍ਰੇਲੀਅਨ ਡਾਲਰ ਹੀ ਵਿਖਾ ਦਿਓ, ਕਿਹੋ ਜਿਹੇ ਹੁੰਦੇ ਹਨ!' ਮੇਰੇ ਪਾਸ ਉਸ ਸਮੇ ਡਲਰ ਨਹੀ ਸਨ ਤੇ ਮੈ ਸਹੀ ਗੱਲ ਦੱਸ ਦਿਤੀ। ਅਖੀਰ ਵੇਖ ਵਾਖ ਕੇ ਜਦੋਂ ਉਸਨੂੰ ਮੇਰੇ ਕਾਗਜ਼ਾਂ ਵਿਚੋਂ ਕੁਝ ਵੀ ਰੁਕਾਵਟ ਪਾ ਸਕਣ ਵਾਲ਼ਾ ਨਾ ਦਿਸਿਆ ਤਾਂ ਮੋਹਰ ਲਾਉਣ ਪਿਛੋਂ ਦੰਦੀਆ ਜਿਹੀਆਂ ਕਧ ਕੇ ਜਹੇ ਹੋ ਕੇ ਆਖਿਆ, ''ਸਰਦਾਰ ਜੀ, ਸਾਨੂੰ ਤੁਹਾਡੇ ਵਰਗੇ ਪਰਦੇਸੀਆਂ ਤੋਂ ਹੀ ਤਾਂ ਕੁਝ ਮਿਲ਼ਨ ਦੀ ਆਸ ਹੁੰਦੀ ਹੈ; ਕੁਝ ਦੇ ਜਾਓ!'' ਮੈ ਇਕ ਸੌ ਦਾ ਨੋਟ ਉਸ ਵੱਲ ਕਰ ਦਿਤਾ ਤੇ ਉਸਨੇ ਭੇਦ ਭਰੇ ਜਿਹੇ ਤਰੀਕੇ ਨਾਲ਼ ਆਪਣੇ ਵੱਲ ਖਿਸਕਾ ਲਿਆ।
ਆਪਣੇ ਪਾਸੇ ਵਾਲ਼ੇ ਕੁੱਲੀ ਨੂੰ ਮੈ ਸੌ ਰੁਪਏ ਦਿਤੇ ਤੇ ਉਸਨੇ ਮੈਨੂੰ ਪਾਕਿਸਤਾਨੀ ਕੁੱਲੀ ਦੇ ਹਵਾਲੇ ਕਰ ਦਿਤਾ। ਦੋਹਾਂ ਦੇਸਾਂ ਦੀਆਂ ਇਮੀਗ੍ਰੇਸ਼ਨ ਤੇ ਕਸਟਮ ਦੀਆਂ ਕਾਰਵਾਈਆਂ ਪੂਰੀਆਂ ਕਰਕੇ ਪਾਕਿਸਤਾਨ ਵਾਲ਼ੇ ਪਾਸੇ ਪਹੁੰਚ ਗਿਆ। ੧੯੯੯ ਵਾਲ਼ੇ ਸਮੇ ਤੋਂ ਉਲਟ ਓਧਰ ਵੀ ਵਾਹਵਾ ਚਹਿਲ ਪਹਿਲ ਸੀ। ਵਾਹਵਾ ਸਾਰੀਆਂ ਦੁਕਾਨਾਂ ਖੁਲ੍ਹੀਆਂ ਹੋਈਆਂ ਸਨ। ਦੋਹੀਂ ਪਾਸੀਂ ਮਾਲ ਢੋਣ ਵਾਲ਼ੇ ਟਰੱਕਾਂ ਦੀਆਂ ਲਾਈਨਾਂ ਵੀ ਸਾਮਾਨ ਏਧਰ ਓਧਰ ਪੁਚਾ ਰਹੀਆਂ ਸਨ। ਪਹਿਲਾਂ ਵਾਲ਼ੀ ਵਿੰਗ ਤੜਿੰਗੀ ਜਿਹੀ ਸੜਕ ਦੀ ਥਾਂ ਚਾਰ ਲਾਈਨਾਂ ਵਾਲ਼ੀ ਬੜੀ ਸੋਹਣੀ ਸੜਕ, ਵਾਹਗੇ ਤੋਂ ਸ੍ਰੀ ਨਨਕਾਣਾ ਸਹਿਬ ਤੱਕ, ਬਣੀ ਹੋਈ ਸੀ। ਓਥੇ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁਖ ਗ੍ਰੰਥੀ, ਭਾਈ ਗੋਬਿੰਦ ਸਿੰਘ ਜੀ, ਜੋ ਆਪਣੇ ਛੋਟੇ ਭਰਾ ਸ. ਰਮੇਸ਼ ਸਿੰਘ ਜੀ ਨੂੰ ਉਡੀਕ ਰਹੇ ਸਨ, ਮਿਲ਼ੇ। ਉਹਨਾਂ ਨੂੰ ਪੁਛਿਆ ਕਿ ਕਿੰਨੇ ਪੈਸੇ ਕੁੱਲੀ ਨੂੰ ਦੇ ਦਿਆਂ। ਉਹਨਾਂ ਨੇ ਚਾਲੀ ਪੰਜਾਹ ਤੋਂ ਵਧ ਨਾ ਦੇਣ ਲਈ ਆਖਿਆ। ਮੈ ਇਕ ਸੌ ਦਾ ਨੋਟ ਉਸਨੂੰ ਦੇ ਦਿਤਾ ਪਰ ਉਸਦੇ ਤਰਲੇ ਜਿਹੇ ਨਾਲ਼ ਹੋਰ ਆਖਣ ਤੇ ਇਕ ਹੋਰ ਸੌ ਦਾ ਨੋਟ ਦੇ ਦਿਤਾ। ਭਾਈ ਗੋਬਿੰਦ ਸਿੰਘ ਜੀ ਉਸਨੂੰ ਘੂਰਨ ਕਿ ਉਹ ਕਿਉਂ ਪਰਦੇਸੀ ਨੂੰ ਠੱਗਦਾ ਹੈ! ਪਰ ਉਸਨੇ ਤੇ ਉਸ ਦੇ ਸਾਥੀਆਂ ਨੇ ਆਖਿਆ ਕਿ ਸਰਦਾਰ ਜੀ ਖ਼ੁਸ਼ੀ ਨਾਲ ਦੇ ਰਹੇ ਹਨ। ਮੈ ਵੀ ਆਖਿਆ ਕਿ ਉਸਦੀ ਕਿਸਮਤ ਹੈ, ਉਹ ਲੈ ਗਿਆ; ਕੋਈ ਗੱਲ ਨਹੀ। ਇਉਂ ਮੈ ੧੯੯੯ ਵਿਚ ਇੱਕੀ ਰੁਪਇਆਂ ਵਿਚ ਅੰਮ੍ਰਿਤਸਰੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੱਕ ਪੁੱਜ ਗਿਆ ਸਾਂ ਪਰ ਇਸ ਵਾਰੀਂ ੨੦੦੮ ਵਿਚ ਸਿਰਫ ਬਾਰਡਰ ਪਾਰ ਕਰਕੇ ਦੂਜੇ ਪਾਸੇ ਤੱਕ ਜਾਣ ਲਈ ਹੀ ਮੈਨੂੰ ੪੩੦ ਰੁਪਏ ਖ਼ਰਚਣੇ ਪਏ ਪਰ ਫਿਰ ਵੀ ਪ੍ਰਸੰਨਤਾ ਹੀ ਪ੍ਰਾਪਤ ਹੋਈ ਕਿਉਂਕਿ ਆਪਣੀ ਇਛਾ ਦੇ ਉਲ਼ਟ ਕੋਈ ਕੰਮ ਨਹੀ ਕਰਨਾ ਪਿਆ। ਉਹਨਾਂ ਦੇ ਭਰਾ ਸ. ਰਮੇਸ਼ ਸਿੰਘ ਜੀ ਵੀ ਕੁਝ ਸਮਾ ਉਡੀਕਣ ਪਿਛੋਂ ਭਾਰਤ ਵਾਲ਼ੇ ਪਾਸਿਉਂ ਆ ਗਏ। ਉਹ ਬਹੁਤ ਪੜ੍ਹੇ ਲਿਖੇ ਤੇ ਚੰਗੇ ਉਚੇ ਪਾਕਿਸਤਾਨ ਵਿਚ ਸਰਕਾਰੀ ਅਹੁਦੇ ਉਪਰ ਕੰਮ ਕਰ ਰਹੇ ਹਨ ਪਰ ਹੁਣ ਉਹ ਨੌਕਰੀ ਛੱਡ ਕੇ ਨਾਰੋਵਾਲ਼ ਸ਼ਹਿਰ ਵਿਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਵੱਡਾ ਦਫ਼ਤਰ ਖੋਹਲ ਰਹੇ ਹਨ ਤੇ ਇਕ ਗੈਰ ਸਰਕਾਰੀ ਆਰਗੇਨਾਈਜ਼ੇਸ਼ਨ ਰਾਹੀਂ ਓਥੋਂ ਦੇ ਲੋਕਾਂ ਦਾ ਜੀਵਨ ਪਧਰ ਉਚਾ ਕਰਨ ਲਈ ਯਤਨ ਆਰੰਭ ਰਹੇ ਹਨ। ਇਸ ਕਾਰਜ ਲਈ ਉਹਨਾਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਵੀ ਸਹਾਇਤਾ ਮਿਲ਼ਿਆ ਕਰੇਗੀ। ਮੈ ਵੇਖਿਆ ਕਿ ਅਜੇ ਉਹ ਆਪਣੇ ਦਫ਼ਤਰ ਵਾਲੀ ਬਿਲਡਿੰਗ ਨੂੰ ਢੁਕਵਾਂ ਰੂਪ ਦੇਣ ਲਈ ਇਸਦੀ ਰੈਨੋਵੇਸ਼ਨ ਕਰਵਾ ਰਹੇ ਹਨ। ਵਾਹਗੇ ਤੋਂ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਤੱਕ ਭਾਈ ਗੋਬਿੰਦ ਸਿੰਘ ਜੀ ਆਪਣੀ ਕਾਰ ਤੇ ਲੈ ਗਏ। ਰਸਤੇ ਵਿਚ ਨਾਰੋਵਾਲ਼ ਸ. ਰਮੇਸ਼ ਸਿੰਘ ਜੀ ਦੇ ਬਣ ਰਹੇ ਦਫ਼ਤਰ ਵਿਚ ਵੀ ਰੁਕੇ ਜਿਥੇ ਉਹਨਾਂ ਦੇ ਪਰਵਾਰ ਦੇ ਬਾਕੀ ਜੀਆਂ ਨਾਲ਼ ਵੀ ਮੁਲਕਾਤ ਹੋਈ। ਬੜੇ ਹੀ ਸੂਝਵਾਨ ਸਨ ਸਾਰੇ ਜੀ ਹੀ। ਨਾਰੋਵਾਲ਼ ਤੋਂ ਸ਼ੱਕਰਗੜ੍ਹ ਨੂੰ ਜਾਣ ਵਾਲ਼ੀ ਸੜਕ ਉਪਰ ਸਤਾਰਵੇਂ ਕਿਲੋਮੀਟਰ ਤੇ, ਦਰਬਾਰ ਸਾਹਿਬ ਕਰਤਾਰਪੁਰ ਨੂੰ ਜਾਣ ਵਾਲ਼ੀ ਸੜਕ ਦਾ ਪੱਥਰ ਲੱਗਾ ਹੋਇਆ ਹੈ। ਇਸ ਨਾਰੋਵਾਲ ਸ਼ੱਕਰਗੜ੍ਹ ਸੜਕ ਤੋਂ ਤਿੰਨ ਕਿਲੋ ਮੀਟਰ ਉਤੇ, ਰਾਵੀ ਦਰਿਆ ਦੇ ਕਿਨਾਰੇ ਉਪਰ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ। ਇਹ ਸੜਕ ਵੀ ਸੰਨ ਦੋ ਹਜ਼ਾਰ ਵਿਚ, ਪੱਛਮੀ ਪੰਜਾਬ ਦੇ ਉਸ ਸਮੇ ਦੇ ਮੁਖ ਮੰਤਰੀ ਦੇ ਹੁਕਮ ਨਾਲ਼, ੨੪ ਘੰਟਿਆਂ ਵਿਚ ਬਣੀ ਸੀ।
ਗੁਰਦੁਆਰਾ ਸਾਹਿਬ ਪੁਰਾਣੀ ਤੇ ਮਜਬੂਤ ਇਮਾਰਤ ਦੇ ਰੂਪ ਵਿਚ ਸੁਸ਼ੋਭਤ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਉਪ੍ਰੰਤ, ਹਿੰਦੂਆਂ ਤੋਂ ਬਣੇ ਸਰਧਾਲੂਆਂ ਵੱਲੋਂ ਉਹਨਾਂ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਦੇ ਸਰੀਰ ਦਾ ਸਸਕਾਰ ਕਰਨਾ ਚਾਹਿਆ ਤੇ ਮੁਸਲਮਾਨ ਸ਼ਰਧਾਲੂਆਂ ਨੇ ਆਪਣਾ ਪੀਰ ਮੰਨ ਕੇ ਕਬਰ ਵਿਚ ਦਬਾਉਣਾ ਚਾਹਿਆ। ਠੀਕ ਹੀ ਕਿਸੇ ਸ਼ਰਧਾਲੂ ਵਿਦਵਾਨ ਨੇ ਆਖਿਆ ਹੈ:
ਬਾਬਾ ਨਾਨਕ ਸ਼ਾਹ ਫ਼ਕੀਰ।
ਹਿੰਦੂ ਦਾ ਗੁਰੂ ਤੇ ਮੁਸਲਮਾਨ ਦਾ ਪੀਰ।
ਇਸ ਦੋਵੱਲੀ ਕਸ਼ਮਕਸ਼ ਵਿਚ ਗੁਰੂ ਜੀ ਦਾ ਸਰੀਰ ਅਲੋਪ ਹੋ ਗਿਆ ਤੇ ਸਰੀਰ ਉਪਰਲੀ ਚਾਦਰ ਦੇ ਹੀ ਦੋ ਹਿੱਸੇ ਕਰਕੇ ਦੋਹਾਂ ਧਿਰਾਂ ਨੇ ਇਕ ਹਿੱਸਾ ਸਸਕਾਰ ਕੇ ਮੜ੍ਹੀ ਬਣਾਈ ਤੇ ਦੂਜੀ ਧਿਰ ਨੇ ਦਬਾ ਕੇ ਉਪਰ ਕਬਰ ਬਣਾ ਦਿਤੀ। ਹੁਣ ਸਸਕਾਰ ਵਾਲੀ ਮੜ੍ਹੀ ਜ਼ਮੀਨ ਦੇ ਬਰਾਬਰ ਹੈ ਤੇ ਉਸ ਉਪਰ ਗੁਰਦੁਆਰਾ ਸੁਸ਼ੋਭਤ ਹੈ। ਨਾਲ਼ ਪ੍ਰਕਰਮਾਂ ਵਿਚ ਕਬਰ ਵਾਲ਼ੇ ਥਾਂ ਇਕ ਥੜ੍ਹਾ ਬਣਿਆ ਹੋਇਆ ਹੈ। ਉਸ ਥੜ੍ਹੇ ਉਪਰ ਵੀ ਬੜੀ ਕੀਮਤੀ ਚਾਦਰ ਪਾਈ ਹੋਈ ਹੁੰਦੀ ਹੈ। ਕਰਤਾਰ ਪੁਰ ਨਾਮੀ ਪਿੰਡ ਗੁਰੂ ਜੀ ਦਾ ਵਸਾਇਆ ਓਥੇ ਮੌਜੂਦ ਨਹੀ ਹੈ ਪਰ ਨਜ਼ਦੀਕ ਕੁਝ ਘਰਾਂ ਦਾ ਪਿੰਡ ਕੋਠੇ ਹੈ ਤੇ ਉਸ ਤੋਂ ਕੁਝ ਹਟਵਾਂ ਪਰ ਦੂਜੇ ਪਾਸੇ ਦੋਦਾ ਪਿੰਡ ਹੈ ਜਿਸਦੇ ਜ਼ਿਮੀਦਾਰ ਭਾਈ ਦੋਦੇ ਨੇ, ਗੁਰੂ ਜੀ ਨੂੰ ਪਿੰਡ ਵਸਾਉਣ ਲਈ ਜ਼ਮੀਨ ਭੇਟਾ ਕੀਤੀ ਸੀ। ਇਹ ਸ਼ੁਕਰ ਦੀ ਗੱਲ ਹੈ ਕਿ ਕਾਰ ਸੇਵਾ ਵਾਲ਼ੇ ਬਾਬਿਆਂ ਦੀ ਅਜੇ ਉਸ ਸਥਾਨ ਤੇ 'ਫੁੱਲ ਕਿਰਪਾ' ਨਹੀ ਹੋਈ ਤੇ ਗੁਰੂ ਸਾਹਿਬ ਜੀ ਦੇ ਸਮੇ ਦਾ ਖੂਹ ਵੀ ਮੌਜੂਦ ਹੈ। ਗੁਰੂ ਜੀ ਦੇ ਪਰਵਾਰ ਦੀ ਵਰਤੋਂ ਵਾਸਤੇ ਬਣਵਾਈ ਗਈ ਖੂਹੀ ਵੀ ਅਜੇ ਸ਼ੋਭਾ ਪਾ ਰਹੀ ਹੈ। ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਸ. ਮਨਜੀਤ ਸਿੰਘ ਜੀ ਬਾਖ਼ੂਬੀ ਸਾਰਾ ਪ੍ਰਬੰਧ ਸੰਭਾਲ਼ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸੰਨ ੨੦੦੦ ਵਿਚ, ਸਮਗਤਾਂ ਦੇ ਦਰਸ਼ਨਾਂ ਲਈ ਖੋਹਲਣ ਸਮੇ, ਗੁਰਦੁਆਰੇ ਦੀ ਤਿੰਨ ਕੁ ਏਕੜ ਜ਼ਮੀਨ ਦਾ ਪ੍ਰਬੰਧ ਮਿਲ਼ਿਆ ਸੀ ਪਰ ਉਹਨਾਂ ਨੇ ਪਰਦੇਸੀ ਸੰਗਤ ਦੀ ਸਹਾਇਤਾ, ਗੁਰੂ ਦੀ ਕਿਰਪਾ ਤੇ ਪ੍ਰਬੰਧਕ ਯੋਗਤਾ ਨਾਲ਼ ਬਤਾਲ਼ੀ ਕੁ ਏਕੜ ਜ਼ਮੀਨ ਮੁੱਲ਼ ਖ਼ਰੀਦ ਕੇ ਬਣਾ ਲਈ ਹੈ ਤੇ ਉਸ ਜ਼ਮੀਨ ਤੇ ਖੇਤੀ ਕਰਦੇ/ਕਰਵਾਉਂਦੇ ਹਨ। ਗਾਈਆਂ ਮਝਾਂ ਵੀ ਰੱਖੀਆਂ ਹੋਈਆਂ ਹਨ। ਗੁਰੂ ਕੇ ਲੰਗਰ ਵਾਸਤੇ ਸਾਰੀ ਸਮੱਗਰੀ ਓਥੇ ਹੀ ਪੈਦਾ ਕਰਦੇ ਹਨ। ਇਹ ਸ. ਮਨਜੀਤ ਸਿੰਘ ਜੀ ਭਾਈ ਗੋਬਿੰਦ ਸਿੰਘ ਜੀ ਤੇ ਭਾਈ ਰਾਮੇਸ਼ ਸਿੰਘ ਜੀ ਦੇ ਵੱਡੇ ਭਰਾ ਜੀ ਹਨ। ਮੈ ਇਕ ਰਾਤ ਏਥੇ ਰਿਹਾ ਤੇ ਅਗਲੇ ਦਿਨ ਸ. ਮਨਜੀਤ ਸਿੰਘ ਜੀ ਆਪਣੀ ਕਾਰ ਤੇ ਮੈਨੂੰ ਲਾਹੌਰ ਲੈ ਗਏ ਤੇ ਓਥੇ ਕੁਝ ਜ਼ਿੰਮੇਵਾਰ ਸੱਜਣਾਂ ਨਾਲ਼ ਦੁਪਹਿਰ ਦੇ ਖਾਣੇ ਉਪਰ ਮੇਰੀ ਮੁਲਾਕਾਤ ਕਰਵਾਈ। ਇਸ ਮੁਲਾਕਾਤ ਵਿਚ ਹੋਰ ਵਿਚਾਰਾਂ ਤੋਂ ਇਲਾਵਾ ਆਸਟ੍ਰੇਲੀਆ ਵਿਚੋਂ ਜਥਿਆਂ ਦੇ ਰੂਪ ਵਿਚ, ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ ਹਿਤ ਸਮੇ ਸਮੇ ਸੰਗਤ ਨੂੰ ਲਿਆਉਣ ਦਾ ਉਦਮ ਕਰਨ ਲਈ ਵੀ ਮੈਨੂੰ ਉਹਨਾਂ ਜ਼ਿੰਮੇਵਾਰ ਸੱਜਣਾਂ ਨੇ ਪ੍ਰੇਰਿਆ। ਮੈ ਵਿਤ ਅਨੁਸਾਰ ਇਸ ਪਾਸੇ ਯਤਨ ਕਰਨ ਦਾ ਇਕਰਾਰ ਕੀਤਾ। ਸ਼ਾਮ ਨੂੰ ਉਹ ਮੈਨੂੰ, ਮੇਰੀ ਇਛਾ ਮੁਤਾਬਿਕ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਜੀ ਦੇ ਪ੍ਰਬੰਧਕਾਂ ਦੇ ਹਵਾਲੇ ਕਰ ਗਏ। ਵਕਫ਼ ਬੋਰਡ ਵੱਲੋਂ ਸਥਾਪਤ ਕੇਅਰ ਟੇਕਰ ਜਨਾਬ ਅਜ਼ਹਰ ਜੀ ਨੇ ਮੈਨੂੰ ਰਹਿਣ ਵਾਸਤੇ ਯੋਗ ਕਮਰਾ ਦੇ ਦਿਤਾ ਤੇ ਹੋਰ ਵੀ ਹਰ ਤਰ੍ਹਾਂ ਦੀ ਖ਼ਿਦਮਤ ਲੋੜ ਅਨੁਸਾਰ ਕਰਨ ਦਾ ਭਰੋਸਾ ਦਿਵਾਇਆ। ਲਾਹੌਰ ਵਿਚ ਹੀ ਇਕ ਬਹੁਤ ਹੀ ਉਘੇ ਵਿਦਵਾਨ ਯੋਗ ਪ੍ਰਬੰਧਕ, 'ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮ' ਦੇ ਡਾਇਰੈਕਟਰ, ਡਾ. ਜ਼ਫ਼ਰ ਚੀਮਾ ਜੀ ਮਿਲ਼ੇ। ਓਹਨਾਂ ਨੇ ੧੦ ਨਵੰਬਰ ਨੂੰ ਪਾਕਿਸਤਾਨ ਟੀ. ਵੀ. ਦੇ ਸਟੁਡੀਓ ਵਿਚ ਖੁਲ੍ਹੀ ਗੱਲ ਬਾਤ ਦਾ ਪ੍ਰੋਗਰਾਮ ਬਣਾ ਲਿਆ। ਮੇਰੇ ਪਾਸ ਕੁਝ ਦਿਨ ਸਨ। ਇਹਨਾਂ ਦੇ ਸਦਉਪਯੋਗ ਲਈ ਇਕ ਵਾਰੀਂ ਮੈ ਫਿਰ ਇਕ ਵਿਦਵਾਨ ਸਿੱਖ ਨੌਜਵਾਨ ਸ. ਰਾਜਵੀਰ ਸਿੰਘ ਜੀ ਨਾਲ, ਕਰਤਾਰ ਪੁਰ ਸਾਹਿਬ ਦੀ ਯਾਤਰਾ ਤੇ ਚਲਾ ਗਿਆ। ਵਾਪਸੀ ਤੇ ਇਕ ਦਿਨ ਲਾਹੌਰ ਵਿਚਲਾ ਅਜਾਇਬ ਘਰ ਵੇਖਣ ਗਿਆ। ਸਿੱਖ ਰਾਜ ਦੀਆਂ ਯਾਦਾਂ ਨਾਲ਼ ਸਬੰਧਤ ਹਾਲ ਵੇਖ ਰਿਹਾ ਸਾਂ ਤਾਂ ਬਹੁਤ ਸਾਰੀਆਂ ਸਕੂਲੀ ਬੱਚੀਆਂ ਹੈਰਾਨੀ ਨਾਲ਼ ਆ ਦਵਾਲ਼ੇ ਹੋਈਆਂ। ਪਹਿਲਾਂ ਇਕਾ ਦੁੱਕਾ ਤੇ ਫਿਰ ਥੋਕ ਦੇ ਰੂਪ ਵਿਚ। ਪਹਿਲਾਂ ਤਿੰਨ ਜਣੀਆਂ ਝਕਦੇ ਝਕਦੇ ਆਈਆਂ। ਸ਼ਾਇਦ ਪਹਿਲੀਆਂ ਨੇ ਮੇਰਾ ਪਤਾ ਲਾ ਲਿਆ ਹੋਵੇ ਕਿ ਮੈ ਕਿਤੇ 'ਵਢਦਾ' ਤਾਂ ਨਹੀ। ਜਦੋਂ ਉਹ ਸਹੀ ਸਲਾਮਤ ਹੀ ਵਾਪਸ ਚਲੀਆਂ ਗਈਆਂ ਤਾਂ ਫਿਰ ਬਹੁਤ ਸਾਰੀਆਂ ਬੱਚੀਆਂ, ਸਮੇਤ ਉਹਨਾਂ ਦੀਆਂ ਟੀਚਰਾਂ ਦੇ, ਆ ਦੁਆਲ਼ੇ ਹੋਈਆਂ। ਮੈ ਹੈਰਾਨ ਸਾਂ ਕਿ ਏਥੇ ਸਿੱਖ ਤਾਂ ਆਮ ਹੀ ਆਉਂਦੇ ਜਾਂਦੇ ਰਹਿੰਦੇ ਹਨ ਤੇ ਕੁਝ ਪਾਕਿਸਤਾਨ ਦੇ ਪੱਕੇ ਵਸਨੀਕ ਵੀ ਹਨ ਪਰ ਇਹ ਮੈਨੂੰ ਹੀ ਕਿਉਂ ਅਜੂਬਾ ਸਮਝ ਕੇ ਮੇਰੇ ਦੁਆਲ਼ੇ ਆ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੀਆਂ ਹਨ। ਫਿਰ ਆਪੇ ਹੀ ਖਿਆਲ ਆਇਆ ਕਿ ਆਮ ਤੌਰ ਤੇ ਸਿੱਖ ਜਥਿਆਂ ਦੇ ਰੂਪ ਵਿਚ, ਪੁਲਸ ਦੇ ਪਹਿਰੇ ਹੇਠ, ਸਿਰਫ ਗੁਰਦੁਆਰਿਆਂ ਦੀ ਯਾਤਰਾ ਵਾਸਤੇ ਹੀ ਆਉਂਦੇ ਹਨ। ਮੇਰੇ ਵਾਂਗ ਬੇਮੁਹਾਰੇ ਊਠ ਦੀ ਤਰ੍ਹਾਂ ਐਂ ਇਕੱਲੇ ਨਹੀ ਤੁਰੇ ਫਿਰਦੇ। ਫਿਰ ਉਹ ਬੱਚੀਆਂ ਲੱਗਦੀਆਂ ਵੀ ਕਿਸੇ ਦੂਰ ਦੁਰਾਡੇ ਪੇਂਡੂ ਸਕੂਲ ਦੀਆਂ ਸਨ ਜਿਨ੍ਹਾਂ ਵਾਸਤੇ ਵਾਕਿਆ ਹੀ ਕਿਸੇ ਸਿੱਖ ਦਾ ਵੇਖਣਾ ਕੋਈ ਖਾਸ ਹੀ ਗੱਲ ਸੀ। ਉਹ ਬੜੇ ਅਪਣੱਤ ਭਰੇ ਤਰੀਕੇ ਨਾਲ਼, ਮੈਨੂੰ ਬਜ਼ੁਰਗ ਜਾਣ ਕੇ, ਜੋ ਕਿ ਮੈ ਆਪਣੇ ਲਿਬਾਸ ਤੇ ਦਾਹੜੇ ਕਰਕੇ ਪ੍ਰਤੱਖ ਦਿਸਦਾ ਹੀ ਸਾਂ, ''ਅੰਕਲ ਜੀ, ਅੰਕਲ ਜੀ'' ਆਖ ਕੇ ਸੰਬੋਧਨ ਕਰਦੀਆਂ ਸਨ। ਮੇਰੇ ਪਾਸੋਂ ਸਾਰੀਆਂ ਬੱਚੀਆਂ ਨੇ ਆਟੋਗਰਾਫ਼ ਵੀ ਲਏ। ਇਹ ਕੁਝ ਵੇਖ ਕੇ ਇਕ ਤਰਾਸ਼ ਕੇ ਛੋਟੀ ਕੀਤੀ ਹੋਈ ਪਰ ਚਿੱਟੀ ਦਾਹੜੀ ਵਾਲ਼ਾ ਟੀਚਰ ਘੜੀ ਮੁੜੀ ਆ ਕੇ ਉਹਨਾਂ ਨੂੰ ਤੁਰਨ ਲਈ ਆਖੇ। ਹਰੇਕ ਵਾਰ, ''ਲੇਟ ਹੋ ਗਏ, ਲੇਟ ਹੋ ਗਏ।'' ਦੀ ਮੁਹਾਰਨੀ ਰਟੀ ਜਾਵੇ ਪਰ ਬੱਚੀਆਂ ਮੇਰੇ ਪਾਸੋਂ ਦਸਤਖ਼ਤ ਕਰਵਾਏ ਬਿਨਾ ਨਾ ਜਾਣ। ਅਖੀਰ ਉਸਨੇ ਬੜੇ ਗੁੱਸੇ ਨਾਲ਼ ਆਖਿਆ, ''ਇਹ ਓਹੋ ਈ ਨੇ ਜਿਨ੍ਹਾਂ ਨੇ ਮੁਸਲਮਾਨਾਂ ਦਾ ਕਤਲਾਮ ਕੀਤਾ ਸੀ!'' ਇਕ ਲੜਕੀ ਫੌਰਨ ਬੋਲੀ, ''ਸਰ, ਇਹਨਾਂ ਨੇ ਥੋਹੜਾ ਕੀਤਾ ਸੀ!'' ਉਹ ਬੁੜ ਬੁੜ ਕਰਦਾ ਦੂਰ ਚਲਿਆ ਗਿਆ ਪਰ ਬੱਚੀਆਂ ਅਖੀਰਲੀ ਬੱਚੀ ਤੱਕ ਮੇਰੇ ਦਸਖ਼ਤ ਲੈ ਕੇ ਹੀ ਗਈਆਂ। ਬੱਚੀਆਂ ਵੱਲੋਂ ਵੇਹਲਾ ਹੋ ਕੇ ਮੈ ਉਚੇਚਾ ਉਸ ਸੱਜਣ ਨੂੰ ਲਭਿਆ। ਤੇਜ ਤੇਜ ਤੁਰਿਆ ਜਾਂਦਾ ਜਦੋਂ ਮੇਰੀ ਪਹੁੰਚ ਵਿਚ ਆਇਆ ਤਾਂ ਮੈ ਉਸ ਵੱਲ ਆਪਣਾ ਹੱਥ ਵਧਾਇਆ ਪਰ ਉਸਨੇ ਮੈਨੂੰ ਗਲਵੱਕੜੀ ਪਾ ਲਈ। ਮੈ ਆਖਿਆ, ''ਉਸ ਸਮੇ ਦੋਵੇਂ ਪਾਸੇ ਪਾਗਲ ਹੋ ਗਏ ਸਨ। ਨਾ ਤੁਹਾਡਿਆਂ ਨੇ ਸਾਡਿਆਂ ਨਾਲ਼ ਕੋਈ ਫਰਕ ਰੱਖਿਆ ਸੀ ਤੇ ਨਾ ਹੀ ਸਾਡਿਆਂ ਨੇ ਤੁਹਾਡਿਆਂ ਨਾਲ਼ ਮਾੜਾ ਕਰਨ ਵਿਚ ਕੋਈ ਕਸਰ ਰਹਿਣ ਦਿਤੀ ਸੀ।'' ਉਹ ਕੁਝ ਇਸ ਤਰ੍ਹਾਂ ਦੇ ਲਫ਼ਜ਼ ਆਖਦਾ ਹੋਇਆ, ''ਓਦੋਂ ਤੁਸੀਂ ਗ਼ਲਤ ਸੀ, ਹੁਣ ਠੀਕ ਓ।'' ਕਾਹਲ਼ੀ ਕਾਹਲ਼ੀ ਅੱਗੇ ਨੂੰ ਤੁਰ ਗਿਆ। ਇਹ ਸਾਰਾ ਕੁਝ ਦੋ ਨੌਜਵਾਨਾਂ ਨੇ ਵੀ ਵੇਖਿਆ ਸੀ ਜੋ ਕਿ ਮੇਰੇ ਵਾਂਗ ਹੀ ਅਜਾਇਬਘਰ ਵੇਖ ਰਹੇ ਸਨ। ਉਹ ਦੋਵੇਂ ਨੌਜਵਾਨ ਆਪਸ ਵਿਚ ਰਿਸ਼ਤੇਦਾਰ ਸਨ। ਇਕ ਬਲੋਚੀ ਸੀ ਤੇ ਦੂਸਰਾ ਪੰਜਾਬੀ ਜਿਸ ਦਾ ਨਾਂ ਸਮੀਰ ਹੈ। ਸਮੀਰ ਨੇ ਉਸ ਟੀਚਰ ਦੇ ਰਵੱਈਏ ਦੀ ਮੇਰੇ ਕੋਲ਼ ਯੋਗ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੈਨੂੰ ਮੇਰੇ ਟਿਕਾਣੇ ਤੇ ਆਪਣੇ ਮੋਟਰ ਸਾਈਕਲ ਤੇ ਛੱਡਣ ਲਈ ਆਖਿਆ। ਮੇਰੇ ਬਹੁਤ ਵਾਰੀਂ ਨਾਂਹ ਕਰਨ ਦੇ ਬਾਵਜੂਦ ਵੀ ਉਹ ਮੈਨੂੰ ਆਪਣੇ ਮੋਟਰ ਸਾਈਕਲ ਤੇ ਗੁਰਦੁਆਰਾ ਡੇਹਰਾ ਸਾਹਿਬ ਛੱਡ ਕੇ ਗਿਆ। ਗੁਰਦੁਆਰੇ ਅੱਗੇ ਪੁਲਸ ਦਾ ਪਹਿਰਾ ਹੁੰਦਾ ਹੈ ਤੇ ਉਹ ਆਮ ਮੁਸਲਮਾਨ ਨੂੰ ਅੰਦਰ ਨਹੀ ਜਾਣ ਦਿੰਦੇ। ਪਰ ਮੇਰੇ ਆਖਣ ਤੇ ਉਸਨੂੰ ਮੇਰੇ ਕਮਰੇ ਤੱਕ ਆਉਣ ਦੀ ਆਗਿਆ ਮਿਲ਼ ਗਈ। ਉਸਨੇ ਮੇਰਾ ਅਗਲੇ ਦਿਨ ਦਾ ਪ੍ਰੋਗਰਾਮ ਪੁੱਛਿਆ। ਮੇਰੇ ਵੱਲੋਂ ਚਿੜੀਆ ਘਰ ਜਾਣ ਦਾ ਪ੍ਰੋਗਰਾਮ ਦੱਸਣ ਤੇ ਉਸਨੇ ਆਖਿਆ ਕਿ ਉਹ ਮੈਨੂੰ ਆਪਣੇ ਮੋਟਰ ਸਾਈਕਲ ਤੇ ਲੈ ਕੇ ਜਾਵੇਗਾ ਤਾਂ ਕਿ ਉਸ ਟੀਚਰ ਵਰਗਾ ਕੋਈ ਹੋਰ ਬੰਦਾ ਨਾ ਮੈਨੂੰ ਮਿਲ਼ ਪਏ। ਉਹ ਨੌਜਵਾਨ ਖਾਸਾ ਪੜ੍ਹਿਆ ਲਿਖਿਆ ਤੇ ਕਿਸੇ ਰੱਜੇ ਪੁੱਜੇ ਘਰ ਦਾ ਲੱਗਦਾ ਸੀ। ਅਗਲੇ ਦਿਨ ਮੇਰਾ ਪ੍ਰੋਗਰਾਮ ਬਦਲ ਜਾਣ ਕਰਕੇ ਮੈ ਉਸਨੂੰ ਸਵੱਖਤੇ ਹੀ ਫ਼ੋਨ ਰਾਹੀਂ ਆਉਣ ਤੋਂ ਧੰਨਵਾਦ ਸਹਿਤ ਮਨ੍ਹਾ ਕਰ ਦਿਤਾ।
ਦੋ ਕੁ ਦਿਨ ਪਰਦੇਸਾਂ ਤੋਂ ਆਈਆਂ ਸੰਗਤਾਂ ਦੇ ਨਾਲ਼ ਲਾਹੌਰ ਵਿਚ ਸੁਸ਼ੋਭਤ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕੀਤੀ ਅਤੇ ਸੰਗਤਾਂ ਨਾਲ਼ ਗੁਰਦੁਆਰਾ ਸਾਹਿਬਾਨ ਦੇ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਵੀ ਸਾਂਝੀ ਕੀਤੀ। ੧੦ ਨਵੰਬਰ ਨੂੰ ਪਾਕਿਸਤਾਨ ਟੀ. ਵੀ. ਤੇ ਖੁਲ੍ਹੀ ਗੱਲ ਬਾਤ ਦਾ ਪ੍ਰੋਗਰਾਮ ਸੀ। ਗੁਰਦੁਆਰਾ ਸਾਹਿਬ ਤੋਂ ਸਟੁਡੀਓ ਪੁੱਜਣ ਦਾ ਇੰਤਜ਼ਾਮ ਹੋ ਗਿਆ ਤੇ ਓਥੋਂ ਮੈਨੂੰ ਡਾ. ਜ਼ਫ਼ਰ ਚੀਮਾ ਜੀ ਦਾ ਭੇਜਿਆ ਹੋਇਆ ਸੱਜਣ ਆ ਕੇ ਉਹਨਾਂ ਦੇ ਦਫ਼ਤਰ, ਦਿਆਲ ਸਿੰਘ ਲਾਇਬ੍ਰੇਰੀ ਵਿਚ ਲੈ ਗਿਆ। ਲਾਹੌਰ ਦੇ ਲਛਮੀ ਚੌਕ ਦੇ ਨੇੜੇ ਵਿਸ਼ਾਲ ਬਿਲਡਿੰਗ ਵਿਚ ਇਹ ਲਾਇਬ੍ਰੇਰੀ ਸੁਭਾਇਮਾਨ ਹੈ। ਇਸ ਦੇ ਵਿਚ ਹੀ ਡਾ. ਚੀਮਾ ਜੀ ਦੀ ਡਾਇਰੈਕਟਰਸ਼ਿਪ ਹੇਠ 'ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮ' ਚੱਲਦਾ ਹੈ ਜੋ ਕਿ ਪੰਜਾਬੀ ਸਾਹਿਤ ਤੇ ਸਭਿਆਚਾਰ ਬਾਰੇ ਬੜਾ ਉਦਮ ਕਰ ਰਿਹਾ ਹੈ। ਮੈਨੂੰ ਇਸ ਵਿਸ਼ਾਲ ਲਾਇਬ੍ਰੇਰੀ ਦੀ ਯਾਤਰਾ ਕਰਵਾ ਕੇ ਇਸ ਫ਼ੋਰਮ ਬਾਰੇ ਵੀ ਭਰਪੂਰ ਜਾਣਕਾਰੀ ਦਿਤੀ ਗਈ। ਇਸ ਵਿਸ਼ਾਲ ਲਾਇਬ੍ਰੇਰੀ ਅਤੇ ਕਈ ਹੋਰ ਸੰਸਥਾਵਾਂ ਦੀ ਸਥਾਪਨਾ, ਸਮੇਤ ਟ੍ਰੀਬਿਊਨ ਅਖ਼ਬਾਰ ਦੇ, ਸਰ ਦਿਆਲ ਸਿੰਘ ਮਜੀਠੀਆ ਦੇ ਧਨ ਨਾਲ਼ ਹੀ ਹੋਈ ਸੀ। ਇਹ ਸਰਦਾਰ ਜੀ ਉਘੇ ਸਿੱਖ ਘਰਾਣੇ, ਮਜੀਠੀਆ ਸਰਦਾਰਾਂ ਵਿਚੋਂ ਸਨ। ਇਹਨਾਂ ਦੀ ਸੰਤਾਨ ਨਹੀ ਸੀ। ਇਹ ਚਾਹੁੰਦੇ ਸਨ ਕਿ ਇਹਨਾਂ ਦੇ ਧਨ ਦੀ ਮਨੁਖਤਾ ਦੀ ਭਲਾਈ ਵਾਸਤੇ ਸੁਚੱਜੀ ਵਰਤੋਂ ਹੋਵੇ। ਓਹਨੀਂ ਦਿਨੀਂ ਸਿੱਖ ਖ਼ਾਲਸਾ ਕਾਲਜ ਦੀ ਸਥਾਪਨਾ ਦਾ ਉਦਮ ਕਰ ਰਹੇ ਸਨ ਤੇ ਇਸ ਸਰਦਾਰ ਜੀ ਨੇ ਇਸ ਕਾਰਜ ਲਈ ਸਾਰਾ ਖ਼ਰਚ ਖ਼ੁਦ ਕਰਨ ਦੀ ਪੰਥ ਨੂੰ ਪੇਸ਼ਕਸ਼ ਕੀਤੀ ਸੁਣੀ ਸੀ। ਇਹਨਾਂ ਦੀ ਇਕ ਸ਼ਰਤ ਸੀ ਕਿ ਕਾਲਜ ਦਾ ਨਾਂ 'ਸਰ ਦਿਆਲ ਸਿੰਘ ਖ਼ਾਲਸਾ ਕਾਲਜ' ਰੱਖਿਆ ਜਾਵੇ ਜੋ ਕਿ ਉਸ ਸਮੇ ਦੇ ਪੰਥ ਦੇ ਆਗੂਆਂ ਨੂੰ ਮਨਜ਼ੂਰ ਨਹੀ ਸੀ। ਜਦੋਂ ਅਨਮੱਤੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾ ਨੇ ਸਰਦਾਰ ਜੀ ਤੱਕ ਪਹੁੰਚ ਕਰਕੇ ਉਹਨਾਂ ਦੇ ਵਸੀਲਿਆਂ ਨਾਲ਼ ਵਿਸ਼ਾਲ ਸੰਸਥਾਵਾਂ, ਲਾਇਬ੍ਰੇਰੀ, ਕਾਲਜ, ਅਖ਼ਬਾਰ ਆਦਿ ਉਸਾਰ ਲਈਆਂ। ਫਿਰ ਟੀ. ਵੀ. ਦੇ ਸਟੁਡੀਓ ਵਿਚ ਗਏ। ਡਾ. ਚੀਮਾ ਜੀ ਨੇ ਐਂਕਰ ਵਜੋਂ ਬੜੀ ਯੋਗਤਾ ਨਾਲ਼ ਇਸ ਲੰਮੇ ਪ੍ਰੋਗਰਾਮ ਨੂੰ ਦਿਲਚਸਪ ਬਣਾਈ ਰੱਖਿਆ। ਪੈਨਲ ਵਿਚ ਮੇਰੇ ਤੋਂ ਇਲਾਵਾ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਮੇਜਰ ਜਨਰਲ ਮੁਹੰਮਦ ਜਾਵਿਦ, ਵਲੈਤੋਂ ਸ. ਲਸ਼ਵਿੰਦਰ ਸਿੰਘ ਡਲੇਵਾਲ, ਲਾਹੌਰ ਤੋਂ ਬੀਬੀ ਡਾ. ਦਿਲਸ਼ਾਦ ਚੀਮਾ ਸ਼ਾਮਲ ਸਨ। ਡਾਕਟਰ ਜ਼ਫ਼ਰ ਚੀਮਾ ਜੀ ਦੀ ਵਿਦਵਤਾ, ਯੋਗਤਾ, ਤਤਪਰਤਾ ਦਾ ਸਦਕਾ ਇਹ ਪ੍ਰੋਗਰਾਮ ਬਹੁਤ ਹੀ ਸਫ਼ਲ ਰਿਹਾ। ਬੀਬੀ ਡਾ. ਦਿਲਸ਼ਾਦ ਚੀਮਾ ਜੀ ਨੇ ਮੇਰੀ ਇਕ ਗੱਲ ਨੂੰ ਲੈ ਕੇ ਬਹੁਤ ਹੀ ਦਿਲਚਸਪ ਸਵਾਲ ਕੀਤੇ ਜਿਨ੍ਹਾਂ ਨਾਲ਼ ਪ੍ਰੋਗਰਾਮ ਵਿਚ ਹੋਰ ਵੀ ਚੰਗਾ ਰੰਗ ਭਰ ਗਿਆ। ਟੀ. ਵੀ. ਦੇ ਦਰਸ਼ਕਾਂ ਵੱਲੋਂ ਇਸਦੀ ਸ਼ਲਾਘਾ ਵੀ ਸੁਣਨ ਵਿਚ ਆਈ। ਮੈ ਤਾਂ ਭਾਵੇਂ ਖ਼ੁਦ ਇਹ ਪ੍ਰੋਗਰਾਮ ਨਹੀ ਵੇਖ ਸਕਿਆ।
੧੧ ਨਵੰਬਰ ਨੂੰ ਇਕ ਵਲੈਤੋਂ ਆਏ ਜਥੇ ਨਾਲ਼ ਹੀ ਬੱਸ ਵਿਚ ਸਵਾਰ ਹੋ ਕੇ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚ ਗਿਆ। ਏਥੇ ਮਾਵਾਂ ਪੁੱਤ ਨਹੀ ਸਨ ਸੰਭਾਲ਼ ਰਹੀਆਂ। ਮਾਰ ਚਾਰ ਚੁਫੇਰੇ ਗਹਿਮਾ ਗਹਿਮ ਸੀ। ਏਨੇ ਭੀੜ ਭੜੱਕੇ ਭਰੇ ਮੇਲੇ ਵਿਚ ਚੱਕੀਰਾਹ ਦੀ ਕੌਣ ਸੁਣਦਾ ਹੈ ਦੇ ਅਖਾਣ ਮੁਤਾਬਿਕ ਮੇਰੇ ਓਥੇ ਰਾਤ ਕੱਟਣ ਦਾ ਕੋਈ ਸਬੱਬ ਨਾ ਬਣੇ। ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤਾਂ ਮੇਰੇ ਹੱਥ ਵਿਚ ਲਟੇ ਪਟੇ ਵਾਲ਼ਾ ਬੈਗ ਤੇ ਕਿਤਾਬਾਂ ਵਾਲ਼ਾ ਬੁਚਕਾ ਵੇਖ ਕੇ ਸਿਵਲ ਕੱਪੜਿਆਂ ਵਿਚ ਪਹਿਰਾ ਦੇ ਰਹੇ ਪੁਲਸਵਾਲ਼ੇ ਨੇ ਅੰਦਰ ਜਾਣ ਤੋਂ ਦ੍ਰਿੜ੍ਹਤਾ ਸਹਿਤ ਰੋਕ ਦਿਤਾ। ਏਧਰ ਓਧਰ ਆਲ਼ੇ ਦੁਆਲ਼ੇ ਝਾਕਾਂ। ਠੀਕ ਹੈ, ''ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ ਹੈ।'' ਦੀ ਪੁਰਾਣੀ ਲੋਕੋਕਤੀ ਅਨੁਸਾਰ ਮੇਰੇ ਨਾਲ਼ ਵੀ ਏਹੋ ਹੀ ਹੋਈ। ਮੈ ਸੋਚਿਆ ਕਿ ਰਾਤ ਹੀ ਕੱਟਣੀ ਹੈ। ਓਥੇ ਰਾਜਵੀਰ ਸਿੰਘ ਮਿਲ਼ ਜਾਵੇਗਾ, ਸ਼੍ਰੋਮਣੀ ਕਮੇਟੀ ਦੇ ਜਥੇ ਨਾਲ਼ ਕੱਟ ਲਵਾਂਗਾ ਜਾਂ ਕੋਈ ਹੋਰ ਜੁਗਾੜ ਬਣ ਜਾਵੇਗਾ। ਹਾਲਾਂ ਕਿ ਵਕਫ਼ ਬੋਰਡ ਵਾਲ਼ੇ ਮੇਰੇ ਰੈਣ ਬਸੇਰੇ ਲਈ ਯੋਗ ਪ੍ਰਬੰਧ ਕਰਨ ਵਾਸਤੇ ਤਿਆਰ ਸਨ ਪਰ ਆਪਣੀ ਸੁਭਾਵਿਕ ਲਾਪ੍ਰਵਾਹੀ ਕਰਕੇ ਮੈ ਕਿਸੇ ਨੂੰ ਵੀ ਕੁਝ ਨਾ ਆਖਿਆ। ਇਕ ਥਾਂ ਕੈਨੇਡੀਅਨ ਨੌਜਵਾਨ ਲੰਗਰ ਦਾ ਕੈਂਪ ਲਾਈ ਬੈਠੇ ਸਨ। ਇਹ ਨੌਜਵਾਨ ਲਿਬਾਸ ਤੇ ਬਚਨਾਂ ਤੋਂ ਮਹਿਤੇ ਵਾਲੀ ਦਮਦਮੀ ਟਕਸਾਲ ਤੋਂ ਪ੍ਰਭਾਵਤ ਜਾਪਦੇ ਸਨ। ਜਦੋਂ ਮੈ ਆਖਿਆ ਕਿ ਕੁਝ ਮਿੰਟਾਂ ਲਈ ਮੇਰੀਆਂ ਕਿਤਾਬਾਂ ਰੱਖ ਲਵੋ; ਮੈ ਮੱਥਾ ਟੇਕ ਆਵਾਂ; ਤਾਂ ਇਕ ਨੌਜਵਾਾਨ ਫੱਟ ਬੋਲ ਉਠਿਆ, ''ਇਹ ਕਿਤੇ ਘੱਗੇ ਵਰਗੀਆਂ ਕਿਤਾਬਾਂ ਤੇ ਨਹੀ?'' ਮੈ ਇਕ ਕਿਤਾਬ ਕਢ ਕੇ ਉਹਨਾਂ ਨੂੰ ਪੜ੍ਹਨ ਲਈ ਫੜਾ ਦਿਤੀ। ਖੈਰ, ਉਹਨਾਂ ਨੇ ਮੇਰਾ ਬੰਡਲ਼ ਆਪਣੇ ਕੋਲ਼ ਮੱਥਾ ਟੇਕਣ ਜਿੰਨੇ ਚਿਰ ਲਈ ਰੱਖਣ ਦੀ ਆਗਿਆ ਦੇ ਦਿਤੀ। ਉਹਨਾਂ ਪਾਸ ਆਪਣਾ ਬੁਚਕਾ ਰੱਖ ਕੇ ਮੱਥਾ ਮੈ ਟੇਕ ਆਇਆ। ਓਥੇ ਬਹੁ ਚਰਚਿਤ ਸੋਨੇ ਦੀ ਪਾਲਕੀ ਦੇ ਵੀ ਦਰਸ਼ਨ ਹੋ ਗਏ। ਇਸ ਪਾਲਕੀ ਬਾਰੇ ਜਾਣਕਾਰੀ ਤੇ ਆਪਣੇ ਵਿਚਾਰ ਇਕ ਵੱਖਰੇ ਲੇਖ ਰਾਹੀਂ ਪਾਠਕਾਂ ਨਾਲ਼ ਸਾਂਝੇ ਕਰਾਂਗਾ। ਜਿਨ੍ਹਾਂ ਵਲੈਤੀਆਂ ਦੀ ਬੱਸ ਵਿਚ ਬੈਠ ਕੇ ਮੈ ਲਾਹੌਰੋਂ ਆਇਆ ਸਾਂ ਉਹਨਾਂ ਨੇ ਸੁਲਾਹ ਹੀ ਨਾ ਮਾਰੀ ਕਿ ਮੈ ਉਹਨਾਂ ਦੁ ਕਿਸੇ ਕਮਰੇ ਦੀ ਕਿਸੇ ਨੁੱਕਰ ਵਿਚ ਸਾਮਾਨ ਟਿਕਾ ਕੇ ਕਿਸੇ ਬਰਾਂਡੇ ਵਿਚ ਰਾਤ ਕੱਟ ਲਵਾਂ।
ਫਿਰ ਗੁਰਦੁਆਰਾ ਤੰਬੂ ਸਾਹਿਬ ਜੀ ਵਿਚ ਚਲਿਆ ਗਿਆ। ਇਸ ਗੁਰਦੁਆਰਾ ਸਾਹਿਬ ਜੀ ਦੇ ਵਿਸ਼ਾਲ ਮੈਦਾਨ ਵਿਚ ਹੀ ਅਗਲੇ ਦਿਨ ਸੈਮੀਨਾਰ ਸਜਣਾ ਸੀ ਜਿਸ ਵਿਚ ਮੈ ਵੀ ਬੋਲਣਾ ਸੀ। ਸੋਚਿਆ ਕਿ ਓਥੇ ਵਲੈਤ ਵਿਚ ਰਹਿੰਦੇ ਸ. ਅਵਤਾਰ ਸਿੰਘ ਸੰਘੇੜਾ ਜੀ ਮੈਨੂੰ ਜਾਣਦੇ ਹਨ ਤੇ ਉਹਨਾਂ ਨੇ ਵਿਦੇਸ਼ੀ ਸੰਗਤਾਂ ਤੋਂ ਉਗ੍ਰਾਹੀ ਕਰਕੇ, ਓਥੇ ਸਰਾਵਾਂ ਵੀ ਬਣਵਾਈਆਂ ਹੋਈਆਂ ਹਨ। ਅਸੀਂ ਜੁਲਾਈ, ੨੦੦੪ ਵਿਚ ਇਟਲੀ ਵਿਚ ਮਿਲ਼ੇ ਸੀ। ਸ਼ਾਇਦ ਉਹ ਮੇਰੇ ਰਾਤ ਰਹਿਣ ਦਾ ਕੋਈ ਜੁਗਾੜ ਆਪਣੀ ਕਿਸੇ ਸਰਾਂ ਵਿਚ ਬਣਾ ਦੇਣ! ਉਹਨਾਂ ਮੈਨੂੰ ਪਛਾਣਿਆ ਹੀ ਨਾ। ਗੱਲ ਬਾਤ ਭਾਵੇਂ ਚੰਗੀ ਤਰ੍ਹਾਂ ਕੀਤੀ। ਇਹ ਵੇਖ ਕੇ ਮੈ ਉਹਨਾਂ ਨੂੰ ਆਪਣੇ ਰਾਤਰੀ ਟਿਕਾਣੇ ਬਾਰੇ ਸਵਾਲ ਹੀ ਨਾ ਪਾ ਸਕਿਆ। ਗੁਰਦੁਆਰਾ ਤੰਬੂ ਸਾਹਿਬ ਵਿਖੇ ਅਖੰਡਪਾਠ ਚੱਲ ਰਿਹਾ ਸੀ। ਰਾਤ ਮੈ ਓਥੇ ਇਕ ਨੁੱਕਰ ਵਿਚ ਆਪਣਾ 'ਕੈਂਪ' ਲਾ ਲਿਆ ਤੇ ਨਿਕ ਸੁਕ ਮਹਾਰਾਜ ਜੀ ਦੇ ਸੁਖ ਆਸਣ ਵਾਲ਼ੇ ਪਲੰਘ ਦੇ ਹੇਠਾਂ ਖਿਸਕਾ ਦਿਤਾ। ਇਉਂ ਮੇਰੀ ਰਾਤ ਮਹਾਂਰਾਜ ਜੀ ਦੇ ਚਰਨਾਂ ਵਿਚ ਭਰਪੂਰ ਸੁਖ ਨਾਲ਼ ਬੀਤੀ। ਸਵੇਰੇ ਸੰਘੇੜਾ ਜੀ ਦੁਆਰਾ ਬਣਵਾਈ ਗਈ ਸਰਾਂ ਦੇ ਗੁਸਲਖਾਨੇ ਵਿਚ ਇਸ਼ਨਾਨ ਵੀ ਕਰ ਲਿਆ। ਠੰਡ ਨਾ ਹੋਣ ਕਰਕੇ ਸੌਣ ਦੇ ਸਥਾਨ ਬਾਰੇ ਤਾਂ ਕੋਈ ਫਿਕਰ ਨਹੀ ਸੀ ਪਰ ਸਵੇਰੇ ਨਹੌਣ ਬਾਰੇ ਫਿਕਰ ਮੈਨੂੰ ਜ਼ਰੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵੀ ਫਿਕਰ ਸੀ ਕਿ ਰਾਤ ਨੂੰ ਇਸ ਮੇਲੇ ਵਿਚ ਜੇ ਕੋਈ ਮੇਰਾ ਨਿਕ ਸੁਕ ਜਿਹਾ ਕੱਛੇ ਮਾਰ ਗਿਆ ਤਾਂ ਮੈ ਫਿਰ ਕੀਹਦੀ ਮਾਂ ਨੂੰ ਮਾਸੀ ਆਖੂੰ ਜਾਂ ਫਿਰ ਬੀਬੀਆਂ ਨੂੰ ''ਮੈ ਕੇਹੜੀ ਦਾ ਫੁੱਫੜ ਆਂ ਕੁੜੇ?'' ਪੁਛਦਾ ਫਿਰੂੰ! ਲੰਗਰ ਤਾਂ ਥਾਂ ਥਾਂ ਲੱਗੇ ਹੋਏ ਸਨ। ਹਰ ਪ੍ਰਕਾਰ ਦਾ ਲੰਗਰ ਸੰਗਤਾਂ ਨੂੰ ਖੁਲ੍ਹਾ ਮਿਲ਼ ਰਿਹਾ ਸੀ। ਕਾਰ ਸੇਵਾ ਵਾਲ਼ੇ ਬਾਬਿਆਂ ਵੱਲੋਂ ਵੀ ਇਕ ਤੋਂ ਵਧ ਥਾਂਵਾਂ ਤੇ ਸਨਿਘਦ ਲੰਗਰ ਚੱਲ ਰਹੇ ਸਨ।
ਅਗਲੇ ਦਿਨ ਗੁਰਦੁਆਰਾ ਤੰਬੂ ਸਾਹਿਬ ਜੀ ਦੇ ਮੈਦਾਨ ਵਿਚ ਵਿਸ਼ਾਲ ਸ਼ਾਮਿਆਨੇ ਅੰਦਰ ਵੱਡੇ ਪੈਮਾਨੇ ਤੇ, ਵਕਫ਼ ਬੋਰਡ ਵੱਲੋਂ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਵਿਚ ਤਕਰੀਬਨ ਸਾਰੀ ਦੁਨੀਆ ਤੋਂ ਧਾਰਮਿਕ, ਵਿਦਵਾਨ ਤੇ ਸੂਝਵਾਨ ਸਿੱਖ ਸ਼ਾਮਲ ਸਨ ਤੇ ਨਾਲ਼ ਹੀ ਪਾਕਿਸਤਾਨ ਦੇ ਉਚ ਪਧਰ ਦੇ ਕੁਝ ਲੋਕ ਵੀ ਹਾਜਰ ਸਨ। ਇਹਨਾਂ ਵਿਚ ਬੀਬੀ ਡਾ. ਦਿਲਸ਼ਾਦ ਚੀਮਾ ਜੀ ਵੀ ਸਨ ਤੇ ਉਹਨਾਂ ਨੇ ਲੈਕਚਰ ਵੀ ਬੇਬੇ ਨਾਨਕੀ ਜੀ ਬਾਰੇ ਦਿਤਾ ਤੇ ਦੱਸਿਆ ਕਿ ਉਹਨਾਂ ਨੇ ਬੀਬੀ ਜੀ ਬਾਰੇ ਇਕ ਕਿਤਾਬ ਵੀ ਛਾਪੀ ਹੈ। ਇਹ ਪਹਿਲੀ ਬੀਬੀ ਹੈ ਜਿਸਨੇ ਪਾਕਿਸਤਾਨ ਵਿਚ ਪੰਜਾਬੀ ਵਿਚ ਡਾਕਟਰੇਟ ਕੀਤੀ ਹੈ। ਉਹਨਾਂ ਦਾ ਥੀਸਿਸ ਬਾਬੂ ਫ਼ੀਰੋਜ਼ ਦੀਨ ਸ਼ਰਫ਼ ਦੀ ਜੀਵਨੀ ਅਤੇ ਲਿਖਤਾਂ ਬਾਰੇ ਸੀ। ਇਸ ਸੈਮੀਨਾਰ ਦਾ ਆਰੰਭਕ ਭਾਸ਼ਨ ਮੇਰਾ ਸੀ। ਮੈਨੂੰ ਪ੍ਰਬੰਧਕਾਂ ਵੱਲੋਂ ਆਖਿਆ ਗਿਆ ਸੀ ਕਿ ਮੈ 'ਸਿੱਖ ਸਮਾਜ ਵਿਚ ਇਸਤਰੀ ਦਾ ਸਥਾਨ ਤੇ ਭਰੂਣ ਹੱਤਿਆ' ਬਾਰੇ ਬੋਲਾਂ। ਉਹਨਾਂ ਨੇ ਬੋਲਣ ਤੋਂ ਪਹਿਲਾਂ ਆਪਣਾ ਭਾਸ਼ਨ ਲਿਖ ਕੇ ਦੇਣ ਲਈ ਵੀ ਆਖਿਆ ਤਾਂ ਕਿ ਉਹ ਇਸਨੂੰ 'ਪੰਜ ਰੰਗ' ਨਾਮੀ ਰਸਾਲੇ ਵਿਚ ਛਾਪ ਸਕਣ ਪਰ ਮੈ ਆਪਣੇ ਦਲਿਦਰੀ ਸੁਭਾ ਅਨੁਸਾਰ ਅਜਿਹਾ ਨਾ ਕਰ ਸਕਿਆ ਤੇ ਸਦਾ ਵਾਂਗ ਸਿਧਾ ਸਟੇਜ ਉਪਰ ਹੀ ਬੋਲ ਦਿਤਾ। ਇਸਦੀ ਸ੍ਰੋਤਿਆਂ ਤੇ ਮੀਡੀਆ ਵੱਲੋਂ ਭਰਪੂਰ ਪਰਸੰਸਾ ਹੋਈ। ਸੈਮੀਨਾਰ ਦੇ ਪ੍ਰਧਾਨ, ਵਕਫ਼ ਬੋਰਡ ਦੇ ਚੇਅਰਮੈਨ, ਮੇਜਰ ਜਨਰਲ ਮੁਹੰਮਦ ਜਾਵਿਦ ਜੀ ਨੂੰ ਮੈ ਸਟੇਜ ਉਪਰ ਆਪਣੀਆਂ ਕਿਤਾਬਾਂ ਦਾ ਸੈਟ ਵੀ ਭੇਟ ਕੀਤਾ ਤੇ ਪ੍ਰਬੰਧਕਾਂ ਵੱਲੋਂ ਮੈਨੂੰ ਉਹਨਾਂ ਦੇ ਹੱਥੋਂ ਮੇਮੈਂਟੋ ਤੇ ਕੁਝ ਕਿਤਾਬਾਂ ਦਾ ਸੈਟ ਵੀ ਭੇਟ ਕਰਵਾਇਆ ਗਿਆ।
ਅੰਮ੍ਰਿਤਸਰ ਵਿਚ ਗੁ. ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਪ੍ਰਬੰਧਕਾਂ ਨਾਲ਼ ਇਕਰਾਰ ਕਰ ਆਇਆ ਸਾਂ ਕਿ ੧੪ ਨਵੰਬਰ ਵਾਲ਼ੇ ਬਾਬਾ ਜੀ ਦੇ ਸ਼ਹੀਦੀ ਦੀਵਾਨ ਵਿਚ ਮੈ ਬੋਲਾਂਗਾ। ਇਸ ਲਈ ਸ੍ਰੀ ਨਾਨਕਾਣੇ ਸਾਹਿਬ ਤੋਂ ਬਾਰਾਂ ਦੀ ਰਾਤ ਨੂੰ ਹੀ ਮੈਨੂੰ ਲਾਹੌਰ ਵਿਖੇ ਮੁੜਨਾ ਚਾਹੀਦਾ ਸੀ ਤਾਂ ਕਿ ੧੩ ਨੂੰ ਮੈ ਅੰਮ੍ਰਿਤਸਰ ਪੁੱਜ ਜਾਵਾਂ ਜਿਥੇ ੧੪ ਨੂੰ ਸਵੇਰੇ ਦੇ ਦੀਵਾਨ ਵਿਚ ਹਾਜਰੀ ਭਰ ਸਕਾਂ। ਸੈਮੀਨਾਰ ਤੋਂ ਪਹਿਲਾਂ ਬੱਸ ਅੱਡੇ ਤੇ ਜਾ ਕੇ ਲਾਹੌਰ ਵਾਲੀ ਬੱਸ ਦਾ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਰਕਾਰ ਦਾ ਹੁਕਮ ਹੈ ਕਿ ਕਿਸੇ ਵੀ ਸਿੱਖ ਨੂੰ ੧੪ ਤਰੀਕ ਤੋਂ ਪਹਿਲਾਂ ਨਾਨਕਾਣੇ ਤੋਂ ਬਾਹਰ ਨਹੀ ਜਾਣ ਦੇਣਾ। ਮੇਰੇ ਗੁਪਤੀ ਤੌਰ ਤੇ ਲੈ ਜਾਣ ਦੇ ਸੁਝਾ ਤੇ ਉਹਨਾਂ ਕਿਹਾ ਕਿ ਰਾਹ ਵਿਚ ਪੁਲ਼ਸ ਨੇ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਖੱਜਲ਼ ਕਰਨਾ ਹੈ। ਇਸ ਲਈ ਸਰਦਾਰ ਜੀ, ਅਸੀਂ ਇਹ ਕੰਮ ਨਹੀ ਕਰ ਸਕਦੇ। ਇਹ ਜਾਣ ਕੇ ਮੇਰੀ ਖਾਨਿਓਂ ਗਈ। ਮੈਨੂੰ ਆਪਣੇ ਇਕਰਾਰ ਤੋਂ ਝੂਠੇ ਪੈ ਜਾਣ ਦਾ ਫਿਕਰ ਪੈ ਗਿਆ। ਬੱਸ ਅੱਡੇ ਤੋਂ ਤਾਂ ਮੈ ਮੁੜ ਆਇਆ। ਸੈਮੀਨਾਰ ਵਿਚ ਹੋਰ ਸ੍ਰੋਤਿਆਂ ਤੋਂ ਇਲਾਵਾ ਇਕ ਓਥੇ ਹਾਜਰ ਲੋਕਾਂ ਵਿਚੋਂ ਸਭ ਤੋਂ ਲੰਮਾ ਸਿੱਖ ਨੌਜਵਾਨ ਵੀ ਸੈਮੀਨਾਰ ਦੀ ਸਮਾਪਤੀ ਤੇ ਚਾਹ ਪਾਣੀ ਛਕਦਿਆਂ ਮੇਰੇ ਭਾਸ਼ਨ ਦੇ ਬਾਕੀ ਪ੍ਰਸੰਸਕਾਂ ਵਾਂਗ ਹੀ ਮੇਰੇ ਨਾਲ਼ ਗੱਲੀਂ ਲੱਗ ਪਿਆ। ਉਸ ਵੱਲੋਂ ਮੇਰਾ ਅਗਲਾ ਪ੍ਰੋਗਰਾਮ ਪੁੱਛਣ ਉਤੇ ਜਦੋਂ ਮੈ ਉਸਨੂੰ ਆਪਣੀ ਇਹ ਵਿਥਿਆ ਸੁਣਾਈ ਤਾਂ ਉਸਨੇ ਆਖਿਆ ਕਿ ਉਹ ਮੈਨੂੰ ਆਪਣੀ ਕਾਰ ਤੇ ਓਸੇ ਰਾਤ ਹੀ ਲਾਹੌਰ ਪੁਚਾ ਦੇਵੇਗਾ। ''ਅੰਨ੍ਹਾ ਕੀ ਭਾਲ਼ੇ, ਦੋ ਅੱਖਾਂ!' ਮੇਰੀ ਤਾਂ ਸਾਰੀ ਸਮੱਸਿਆ ਹੀ ਹੱਲ ਹੋ ਗਈ। ਉਸਨੇ ਮੈਨੂੰ ਰਾਤ ਹੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪੁਚਾ ਦਿਤਾ। ਇਸ ਸੁਲਝੇ ਹੋਏ ਚੰਗੇ ਨੌਜਵਾਨ ਦਾ ਨਾਂ ਸ. ਗੁਰਮੀਤ ਸਿੰਘ ਲਾਇਲਪੁਰੀਆ ਹੈ ਤੇ ਇਹ ਫ਼ੈਸਲਾਬਾਦ (ਲਾਇਲਪੁਰ) ਦਾ ਰਹਿਣ ਵਾਲ਼ਾ ਹੈ। ਫ਼ੈਸਲਾਬਾਦ ਵਿਚ ਇਸ ਤੋਂ ਇਲਾਵਾ ਦੋ ਘਰ ਹੋਰ ਵੀ ਸਿੱਖਾਂ ਦੇ ਹਨ। ਕੁੱਲ ਤਿੰਨ ਪਰਵਾਰ ਉਸ ਸ਼ਹਿਰ ਵਿਚ ਵੱਸਦੇ ਹਨ।
ਰਸਤੇ ਵਿਚ ਉਸਨੇ ਆਪਣਾ ਪਰਵਾਰਕ ਪਿਛੋਕੜ ਮੇਰੇ ਪੁੱਛਣ ਤੇ ਇਉਂ ਦੱਸਿਆ:
੧੯੦੧ ਵਿਚ ਸਾਡੇ ਬਜ਼ੁਰਗਾਂ ਨੇ ਜ਼ਿਲਾ ਗੁਰਦਾਸਪੁਰ ਦੇ ਕਿਸੇ ਪਿੰਡ ਵਿਚੋਂ ਆ ਕੇ, ਬਾਕੀ ਸਿੱਖਾਂ ਵਾਂਗ ਹੀ ਲਾਇਲਪੁਰ ਵਿਚ ਜ਼ਮੀਨ ਪ੍ਰਾਪਤ ਕਰਕੇ ਖੇਤੀ ਸ਼ੁਰੂ ਕੀਤੀ ਸੀ। ੧੯੪੭ ਦੇ ਰੌਲ਼ਿਆਂ ਵਿਚ ਕਾਤਲ ਤੇ ਲੁਟੇਰਿਆਂ ਦੇ ਹਜੂਮ ਨੇ ਸਾਡੇ ਟੱਬਰ ਤੇ ਹਮਲਾ ਕਰ ਦਿਤਾ। ਮੇਰੇ ਬਾਬੇ ਦੀ ਪੀਹੜੀ ਦੇ ਮਰਦ ਤਾਂ ਸਾਰੇ ਹਮਲਾਵਰਾਂ ਦਾ ਮੁਕਾਬਲਾ ਕਰਦੇ ਹੋਏ ਮਾਰੇ ਗਏ ਪਰ ਬੱਚੇ ਤੇ ਜਨਾਨੀਆਂ ਸਾਰੇ ਭੱਜ ਕੇ ਇਸਾਈਆਂ ਦੇ ਇਕ ਧਾਰਮਿਕ ਸਥਾਨ ਵਿਚ ਜਾ ਵੜੇ। ਓਥੋਂ ਦੇ ਪ੍ਰਬੰਧਕਾਂ ਨੇ ਮੇਰੇ ਪਿਓ ਦੀ ਪੀਹੜੀ ਦੇ ਬੱਚਿਆਂ ਦੇ ਫਟਾ ਫਟ ਕੇਸ ਕੱਟ ਕੇ ਹਮਲਾਵਰਾਂ ਨੂੰ ਦੱਸ ਦਿਤਾ ਕਿ ਇਹ ਸਾਰੇ ਇਸਾਈ ਹਨ। ਇਸ ਤਰ੍ਹਾਂ ਮੇਰੇ ਚਾਚੇ, ਤਾਏ ਤੇ ਪਿਓ ਜੋ ਕਿ ਉਸ ਸਮੇ ਬੱਚੇ ਹੀ ਸਨ, ਈਸਾਈ ਬਣ ਗਏ। ਮੇਰੀ ਦਾਦੀ ਤੇ ਦਾਦੀ ਦੀਆਂ ਦਰਾਣੀਆਂ ਜਿਠਾਣੀਆਂ ਵੀ ਈਸਾਈ ਅਖਵਾ ਕੇ ਬਚ ਗਈਆਂ। ਮੇਰੇ ਪਿਓ ਦੀ ਪੀਹੜੀ ਦੇ ਸਾਰੇ ਮਰਦ ਈਸਾਈ ਹੀ ਬਣ ਗਏ। ਹੁਣ ਮੇਰਾ ਸਾਰਾ ਕੋੜਮਾ ਈਸਾਈ ਹੈ। ਮੈਨੂੰ ਜਦੋਂ ਆਪਣੇ ਪਿਛੋਕੜ ਦਾ ਪਤਾ ਲੱਗਾ ਤਾਂ ਮੈ ਤੇ ਮੇਰੀ ਵਹੁਟੀ ਨੇ ੧੯੯੯ ਦੀ ਵਿਸਾਖੀ ਨੂੰ ਅੰਮ੍ਰਿਤ ਛਕ ਲਿਆ। ਅਸੀਂ ਸਿੰਘ ਸਜ ਗਏ ਹਾਂ। ਮੇਰੀ ਪਤਨੀ ਪੰਜ ਕਕਾਰ ਦੀ ਧਾਰਨੀ ਹੈ; ਕੇਸਕੀ ਵੀ ਸਜਾਉਂਦੀ ਹੈ। ਪਾਕਿਸਤਾਨ ਵਿਚ ਇਹ ਪਹਿਲੀ ਸਿੱਖ ਬੀਬੀ ਹੈ ਜਿਸ ਨੇ ਮਾਸਟਰ ਡਿਗਰੀ ਕੀਤੀ ਹੈ। (ਉਸ ਭਲੀ ਬੀਬੀ ਦੇ ਮੈ ਵੀ ਦਰਸ਼ਨ ਕੀਤੇ ਹਨ। ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ, ਮਿਠ ਬੋਲੜੀ, ਨਿਰਮਾਣ ਤੇ ਸਟੇਜ ਦੀ ਵੀ ਧਨੀ ਹੈ।) ਉਸਨੇ ਇਕਨਾਮਿਕਸ ਦੀ ਐਮ. ਏ. ਕੀਤੀ ਹੋਈ ਹੈ। ਸਾਰੇ ਰਿਸ਼ਤੇਦਾਰਾਂ ਨੇ ਸਾਡਾ ਸਿੰਘ ਸਜਣ ਤੇ ਬਾਈਕਾਟ ਕਰ ਦਿਤਾ ਹੈ। ਚੋਭਾਂ ਲਾਉਂਦੇ ਹਨ। ਮੇਰੇ ਪਿਓ ਨੇ ਮੈਨੂੰ ਜੱਦੀ ਜਾਇਦਾਦ ਤੋਂ ਬੇਦਖ਼ਲ ਕਰ ਦਿਤਾ ਹੈ। ਅਸੀਂ ਗੁਰੂ ਜੀ ਦੇ ਸ਼ੁਕਰ ਗੁਜ਼ਾਰ ਹਾਂ ਕਿ ਉਸਨੇ ਕਿਰਪਾ ਕਰਕੇ ਸਾਨੂੰ ਸਿੱਖੀ ਦਾਨ ਬਖ਼ਸਿਆ ਹੈ। ਮੈ ਪਾਕਿਸਤਾਨੀ ਮੀਡੀਏ ਵਿਚ ਕੰਮ ਕਰਦਾ ਹਾਂ। ਸਿੱਖਾਂ ਦੀ ਭਲਾਈ ਹਿਤ ਅਸੀਂ ਕੁਝ ਨੌਜਵਾਨਾਂ ਨੇ ਮਿਲ਼ ਕੇ, ਸ੍ਰੀ ਨਨਕਾਣਾ ਸਾਹਿਬ ਵਿਚ 'ਲੋਕ ਵਿਹਾਰ' ਨਾਂ ਦੀ ਜਥੇਬੰਦੀ ਵੀ ਬਣਾਈ ਹੋਈ ਹੈ। ਹਾਸੇ ਨਾਲ਼ ਉਸਨੇ ਇਹ ਵੀ ਆਖਿਆ: ਸ਼ੁਕਰ ਹੈ ਕਿ ਸਾਡੇ ਬਜ਼ੁਰਗ ਈਸਾਈ ਹੀ ਬਣੇ ਸਨ ਜੇ ਕਿਤੇ ਉਸ ਸਮੇ ਉਹ ਮੁਸਲਮਾਨ ਬਣ ਜਾਂਦੇ ਤਾਂ ਹੁਣ ਮੇਰੇ ਸਿੱਖ ਬਣਨ ਤੇ ਬਾਈਕਾਟ ਦੀ ਥਾਂ ਮੇਰਾ ਸਿਰ ਕਲਮ ਕੀਤਾ ਜਾਣਾ ਸੀ। ਮੈ ਰਾਵਲਪਿੰਡੀ ਵਿਚ ਹੋ ਰਹੇ ਇੰਟਰਫੇਥ ਸੈਮੀਨਾਰ ਵਿਚ ਭਾਸ਼ਨ ਕਰਨ ਜਾ ਰਿਹਾ ਹਾਂ। ਜੇਕਰ ਤੁਸੀਂ ਮੇਰੇ ਨਾਲ਼ ਚੱਲ ਕੇ ਇਹ ਕਾਰਜ ਕਰੋ ਤਾਂ ਚੰਗੇਰਾ ਹੋਵੇਗਾ।
ਏਨਾ ਚੰਗਾ ਸ਼ੁਭ ਅਵਸਰ ਗਵਾ ਲੈਣ ਦਾ ਅਫ਼ਸੋਸ ਤਾਂ ਮੈਨੂੰ ਹੋਇਆ ਪਰ ਮੈ ਅੰਮ੍ਰਿਤਸਰ ਵਿਚ ਪਹਿਲਾਂ ਕੀਤੇ ਇਕਰਾਰ ਕਰਕੇ ਉਸ ਨਾਲ਼ ਜਾਣੋ ਆਪਣੀ ਅਸਮਰਥਾ ਪ੍ਰਗਟਾ ਦਿਤੀ। ਰਾਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਰਹਿ ਕੇ ਸਵੇਰੇ ਥ੍ਰੀ ਵਹੀਲਰ ਰਾਹੀਂ ਬੱਸ ਅਡੇ ਤੇ ਜਾ ਕੇ ਜਲ੍ਹੋ ਦੀ ਬੱਸ ਫੜੀ ਤੇ ਓਥੋਂ ਥ੍ਰੀ ਵਹੀਲਰ ਰਾਹੀਂ ਵਾਹਗੇ ਜਾ ਅੱਪੜਿਆ। ਏਥੇ ਪਤਾ ਨਹੀ ਕਿਉਂ ਕੁੱਲੀ ਮੇਰੇ ਉਦਾਲ਼ੇ ਨਹੀ ਹੋਏ! ਸ਼ਾਇਦ ਅਜੇ ਬਹੁਤ ਸਵੱਖਤਾ ਹੋਣ ਕਰਕੇ ਅਜਿਹਾ ਹੋ ਗਿਆ ਹੋਵੇਗਾ! ਭਾਰਤੀ ਪਾਸੇ ਇਕ ਸਰਦਾਰ ਕੁੱਲੀ ਜਵਾਨ ਜਿਹਾ ਨੇੜੇ ਆਇਆ। ਮੈ ਖ਼ੁਸ਼ੀ ਨਾਲ਼ ਹੀ ਉਸਨੂੰ ਇਕ ਛੋਟਾ ਨੋਟ ਦਿਤਾ ਤਾਂ ਉਸਦੇ ਮੂਹੋਂ ਨਿਕਲ਼ ਗਿਆ ਕਿ ਉਸ ਰਾਤ ਨੂੰ ਉਹ ਗੁਰਦੁਆਰੇ ਵਿਚ ਗੁਰਪੁਰਬ ਮਨਾ ਰਹੇ ਹਨ। ਓਥੇ ਦੀ ਉਗ੍ਰਾਹੀ ਵਿਚ ਇਹ ਮਾਇਆ ਪਾ ਦੇਣਗੇ। ਇਹ ਸੁਣ ਕੇ ਮੈ ਉਹ ਨੋਟ ਵਾਪਸ ਲੈ ਕੇ ਉਸਨੂੰ ੧੦੧ ਭੇਟ ਕੀਤੇ।
ਭਾਰਤੀ ਪਾਸੇ ਇਮੀਗ੍ਰੇਸ਼ਨ ਵਾਲ਼ਿਆਂ ਨੇ ਵਾਹਵਾ ਚਿਰ ਲਾਇਆ।ਉਹ ਇਉਂ ਅਹਿਸਾਸ ਕਰਵਾ ਰਹੇ ਸਨ ਜਿਵੇਂ ਆਖ ਰਹੇ ਹੋਣ: ਸਾਡੇ ਯੱਕੇ ਨੇ ਮਟਕ ਨਾਲ਼ ਤੁਰਨਾ, ਕਾਹਲ਼ੀ ਏਂ ਤਾਂ ਰੇਲ ਚੜ੍ਹ ਜਾਹ। ਉਹਨਾਂ ਦਾ ਤਾਂ ਸੁਭਾ ਹੈ: ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ਼। ਓਥੋਂ ਵੇਹਲਾ ਹੋ ਕੇ ਬਾਹਰ ਨਿਕਲ਼ਿਆ ਤਾਂ ਮਗਰੇ ਇਕ ਅਫ਼ਸਰ ਵਾਜਾਂ ਮਾਰਦਾ ਭੱਜਾ ਆਇਆ; ਇਹ ਆਖਦਾ, ''ਸਰਦਾਰ ਜੀ, ਆਪਣਾ ਪਾਸਪੋਰਟ ਏਥੇ ਹੀ ਛੱਡ ਚੱਲੇ ਜੇ! ਇਸਦੀ ਲੋੜ ਨਹੀ?'' ਇਹ ਜਾਣ ਕੇ ਇਕ ਵੇਰਾਂ ਤਾਂ ਮੈਨੂੰ ਝੁਣਝੁਣੀ ਜਿਹੀ ਆ ਗਈ ਕਿ ਜੇ ਇਹ ਚੰਗੇ ਸੱਜਣ ਮੇਰੇ ਮਗਰ ਨਾ ਭੱਜਦੇ ਤਾਂ ਮੈਨੂੰ ਮੁੰਬਈ ਜਾ ਕੇ ਹੀ ਪਤਾ ਲੱਗਣਾ ਸੀ ਕਿ ਮੇਰੇ ਪਾਸ ਮੇਰਾ ਪਾਸਪੋਰਟ ਨਹੀ ਹੈ। ੮ ਅਕਤੂਬਰ ਨੂੰ ਲੰਡਨ ਦੇ ਹੀਥਰੋ ਏਅਰਪੋਰਟ ਤੇ ਤਾਂ ਮੈ ਸੈਕਿਉਰਟੀ ਵਾਲ਼ਿਆਂ ਕੋਲ਼ ਸਿਰਫ ਆਪਣਾ ਮੋਬਾਇਲ ਹੀ ਭੁੱਲ ਕੇ ਆਇਆ ਸਾਂ ਜਿਸ ਦਾ ਕੋਈ ਬਹੁਤਾ ਨੁਕਸਾਨ ਨਹੀ ਸੀ ਸਿਵਾਇ ਫ਼ੋਨ ਦੇ ਪਰ ਪਾਸਪੋਰਟ ਗਵਾਚਣ ਕਰਕੇ ਤਾਂ 'ਜਾਹ ਜਾਂਦੀਏ' ਹੋ ਜਾਣੀ ਸੀ।
ਇਹਨਾਂ ਦਫ਼ਤਰਾਂ ਦੀ ਫਾਰਮੈਲਿਟੀ ਵਿਚੋਂ ਅਖੀਰਲੀ ਫਾਰਮੈਲਿਟੀ ਪੂਰੀ ਕਰਨ ਵਾਲ਼ੀ ਲਾਈਨ ਵਿਚ ਇਕ ਜਾਣੀ ਪਛਾਣੀ ਜਿਹੀ ਹਸਤੀ ਖਲੋਤੀ ਦਿਸੀ। ਪਤਲਾ ਸਰੀਰ, ਪੈਂਟ ਬੁਸ਼ਰਟ ਵਾਲ਼ਾ ਸਾਦਾ ਲਿਬਾਸ ਪਾਇਆ ਹੋਇਆ ਤੇ ਪੱਗ ਸਰੀਰ ਦੀ ਬਣਤਰ ਤੇ ਬਾਕੀ ਲਿਬਾਸ ਨਾਲ਼ੋਂ ਕੁਝ ਵਧੇਰੇ ਭਾਰੀ। ਪੁੱਛ ਪੁਛੱਈਏ ਤੋਂ ਪਿਛੋਂ ਸ਼ੱਕ ਸਚਾਈ ਵਿਚ ਹੀ ਪਰਗਟ ਹੋ ਗਿਆ। ਇਸ ਸਨ ਪ੍ਰਸਿਧ ਲੇਖਕ ਸ. ਗੁਰਤੇਜ ਸਿੰਘ ਸਾਬਕ ਡਿਪਟੀ ਕਮਿਸ਼ਨਰ। ਅਸੀਂ ੨੦੦੩ ਵਿਚ ਲੰਡਨ ਵਿਖੇ ਇਕ ਸੈਮੀਨਾਰ ਵਿਚ ਮਿਲ਼ੇ ਸਾਂ। ਪੁਛਿਆ ਕਿ ਤੁਸੀਂ ਸਵੇਰੇ ਸਵੇਰੇ ਏਥੇ ਕਿਵੇਂ? ਕੀ ਮੇਰੇ ਨਾਲ਼ੋਂ ਵੀ ਪਹਿਲਾਂ ਲਾਹੌਰੋਂ ਆ ਗਏ? ਉਹਨਾਂ ਨੇ ਦੱਸਿਆ ਕਿ ਉਹ ਲਾਹੌਰੋਂ ਨਹੀ ਮੁੜ ਰਹੇ ਪਰ ਇਕ ਸਿੱਖ ਅਫ਼ਸਰ ਦੀ 'ਕਿਰਪਾ' ਨਾਲ਼ ਲਾਹੌਰ ਜਾਣ ਤੋਂ ਵਾਪਸ ਮੋੜ ਦਿਤੇ ਗਏ ਹਨ। ਉਹ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਜਾ ਰਹੇ ਸਨ। ਵੱਡੇ ਹਿੰਦੂ ਅਫ਼ਸਰ ਨੇ ਤਾਂ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿਤੀ ਪਰ ਉਸ ਨਾਲ਼ੋਂ ਇਕ ਛੋਟੇ ਸਿੱਖ ਅਫ਼ਸਰ ਨੇ ਬਿਨਾ ਲੋੜੋਂ ਹੀ ਸਰਦਾਰ ਜੀ ਦਾ ਪਾਸਪੋਰਟ ਵੇਖ ਕੇ, ਕਿਸੇ ਕਾਨੂੰਨੀ ਘੁੰਣਤਰਬਾਜੀ ਰਾਹੀਂ ਉਹਨਾਂ ਨੂੰ ਸਰਹੱਦ ਤੋਂ ਵਾਪਸ ਮੋੜ ਦਿਤਾ। ਉਹਨਾਂ ਨੇ ਦੱਸਿਆ ਕਿ ਉਹ ਹੁਣ ਅਗਲੇ ਦਿਨ ਪਾਕਿਸਤਾਨ ਜਾਣ ਦਾ ਫਿਰ ਯਤਨ ਕਰਨਗੇ। ਸ੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਵੀ ਕਰਨਗੇ ਕਿ ਅਗਲੇ ਦਿਨ ਉਹ ਸਿੱਖ ਅਫ਼ਸਰ ਕਿਸੇ ਤਰ੍ਹਾਂ ਓਥੇ ਡਿਊਟੀ ਉਪਰ ਨਾ ਹੋਵੇ ਤੇ ਉਹ ਸ੍ਰੀ ਨਨਕਾਣਾ ਸਾਹਿਬ ਜੀ ਦੀ ਯਾਤਰਾ ਕਰ ਸਕਣ। ਇਹ ਸੁਣ ਕੇ ਮੇਰੇ ਦਹਾਕਿਆਂ ਤੋਂ ਆਪਣੇ ਸਿੱਖ ਅਫ਼ਸਰਾਂ ਨਾਲ਼ ਵਾਹ ਪੈਣ ਤੇ ਹੋਏ ਵਾਰ ਵਾਰ ਕੌੜੇ ਤਜੱਰਬਿਆਂ ਉਪਰ ਮੋਹਰ ਲੱਗ ਗਈ।
ਸਰਦਾਰ ਜੀ ਨੇ ਟੈਕਸੀ ਕੀਤੀ ਤੇ ਮੈਨੂੰ ਵੀ ਆਪਣੇ ਨਾਲ਼ ਹੀ ਬਹਾ ਕੇ ਅੰਮ੍ਰਿਤਸਰ ਦੇ ਕ੍ਰਿਸਟਿਲ ਚੌਂਕ ਵਿਚ ਜਾ ਉਤਾਰਿਅ। ਓਥੇ ਉਹਨਾਂ ਨੇ ਕ੍ਰਿਸਟਿਲ ਹੋਟਲ ਵਿਚ ਆਪਣਾ ਬਸੇਰਾ ਕਰਨਾ ਸੀ। ਵੱਡੇ ਬੰਦਿਆਂ ਦੇ ਦਿਲ ਵੀ ਸ਼ਾਇਦ ਵੱਡੇ ਹੀ ਹੁੰਦੇ ਹੋਣ! ਟੈਕਸੀ ਵਾਲ਼ੇ ਨੇ ਸਾਢੇ ਪੰਜ ਸੌ ਮੰਗਿਆ। ਇਹਨਾਂ ਨੇ ਦੂਜੀ ਗੱਲ ਹੀ ਨਹੀ ਕੀਤੀ। ਟੈਕਸੀ ਤੇ ਬਹਿ ਗਏ ਤੇ ਸਾਢੇ ਪੰਜ ਸੌ ਮਨਜ਼ਲ ਤੇ ਪਹੁੰਚ ਕੇ ਉਸਨੂੰ ਫੜਾ ਦਿਤਾ ਤੇ ਉਤਰ ਗਏ। ਮੈ ਤਾਂ ਪਹਿਲਾਂ ਵਾਂਗ ਬੱਸ ਹੀ ਉਡੀਕਣੀ ਸੀ। ਰਸਤੇ ਵਿਚ ਮੇਰੇ ਵੱਲੋਂ ਇਹ ਆਖਣ ਤੇ ਕਿ ਤੁਸੀਂ ਹੋਟਲ ਵਿਚ ਕਿਉਂ ਠਹਿਰ ਰਹੇ ਹੋ ਜਦੋਂ ਕਿ ਤੁਹਾਡੇ ਪਧਰ ਦੀ ਸਰਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੈ ਜਿਥੇ ਯੋਗ ਕਰਾਇਆ ਦੇ ਕੇ ਤੁਸੀਂ ਰਹਿ ਸਕਦੇ ਹੋ। ਨੇੜੇ ਹੋਣ ਕਰਕੇ ਓਥੋਂ ਸ੍ਰੀ ਦਰਬਾਰ ਸਾਹਿਬ ਵੀ ਜਾਣਾ ਸੌਖਾ ਹੈ। ਫਿਰ ਤੁਹਾਡੇ ਪਧਰ ਦੇ ਵਿਅਕਤੀ ਵਾਸਤੇ ਓਥੇ ਕਮਰਾ ਬੁਕ ਕਰਵਾਉਣ ਦੀ ਵੀ ਕੋਈ ਸਮੱਸਿਆ ਨਹੀ ਹੋਵੇਗੀ ਪਰ ਉਹਨਾਂ ਨੇ ਇਹਨਾਂ 'ਬਖੇੜਿਆਂ' ਵਿਚ ਪੈਣ ਤੋਂ ਟਾਲ਼ਾ ਵੱਟਣਾ ਹੀ ਯੋਗ ਜਾਣਿਆ।
ਮੈ ਕ੍ਰਿਸਟਿਲ ਚੌਕ ਤੋਂ ਰਿਕਸ਼ਾ ਫੜ ਕੇ ਬੱਸ ਅਡੇ ਤੇ ਜਾਣਾ ਚਾਹਿਆ ਪਰ ਰਿਕਸ਼ੇ ਵਾਲ਼ੇ ਨੇ ਦੱਸਿਆ ਕਿ ਗੁਰਪੁਰਬ ਕਰਕੇ ਓਧਰ ਜਾਣਾ ਬੰਦ ਕੀਤਾ ਹੋਇਆ ਹੈ ਤੇ ਉਸਨੇ ਮੈਨੂੰ ਰੇਲਵੇ ਸਟੇਸ਼ਨ ਤੇ ਛੱਡ ਦਿਤਾ। ਓਥੋਂ ਦਰਬਾਰ ਸਾਹਿਬ ਕਮੇਟੀ ਵੱਲੋਂ ਯਾਤਰੂਆਂ ਵਾਸਤੇ ਮੁਫਤ ਬੱਸ ਸੇਵਾ ਜਾਰੀ ਹੈ। ਉਸ ਵਿਚ ਸਵਾਰ ਹੋ ਕੇ ਮੈ ਸਰਾਂ ਵਿਚ ਆ ਗਿਆ ਤੇ ਓਥੋਂ ਰਿਕਸ਼ਾ ਫੜ ਕੇ, ਸ਼ਹੀਦ ਗੰਜ ਨੇੜੇ ਆਪਣੇ ਭਰਾ ਦੇ ਘਰ ਜਾ ਵੜਿਆ। ਇਹ ਯਾਤਰੂਆਂ ਵਾਸਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਸੰਗਤਾਂਾ ਦੀ ਸਹੂਲਤ ਵਾਸਤੇ ਕੁਝ ਸਮੇ ਤੋਂ ਚਾਲੂ ਕੀਤੀ ਗਈ ਹੈ। ਪ੍ਰਬੰਧਕਾਂ ਦਾ ਇਹ ਪ੍ਰਸੰਸਾ ਯੋਗ ਕਾਰਜ ਹੈ। ਹਰੇਕ ਚੰਗੇ ਕਾਰਜ ਵਿਚ ਸਦਾ ਹੀ ਸੁਧਾਰ ਦੀ ਗੁੰਜਾਇਸ਼ ਵੀ ਹੁੰਦੀ ਹੈ। ਮੇਰੀ ਬਜ਼ੁਰਗੀ ਦਾ ਲਿਹਾਜ਼ ਕਰਦਿਆਂ ਇਸ ਬੱਸ ਦੇ ਨੌਜਵਾਨ ਡਰਾਈਵਰ ਸਿੰਘ ਨੇ ਮੈਨੂੰ ਉਚੇਚੇ ਯਤਨ ਨਾਲ਼ ਆਪਣੀ ਖਿੜਕੀ ਰਾਹੀਂ ਬੱਸ ਵਿਚ ਬਿਠਾ ਲਿਆ। ਬੱਸ ਵਿਚ ਲੋਕਾਂ ਦੇ ਸਵਾਰ ਹੋਣ ਸਮੇ ਇਸ ਤੇ ਇਕ ਹੋਰ ਮੁਲਾਜ਼ਮ ਵਰਗੀ ਦਿਖ ਵਾਲ਼ੇ ਨੌਜਵਾਨ ਨੇ ਕਿਸੇ ਨਾਲ਼ ਕੋਈ ਉਚੇਚੀ ਰਿਆਇਤ ਨਹੀ ਕੀਤੀ। ਇਹ ਨਿਰਪੱਖਤਾ ਸ਼ਲਾਘਾਯੋਗ ਹੈ ਪਰ ਇਸ ਨਾਲ਼ ਮੈ ਵੇਖਿਆ ਕਿ ਛੋਕਰਵਾਧਾ, ਜਿਨ੍ਹਾਂ ਵਿਚ ਤਕਰੀਬਨ ਸਾਰੇ ਹੀ ਮੋਨੇ ਸਨ ਤੇ ਕਿਸੇ ਦੇ ਵੀ ਚੇਹਰੇ ਤੋਂ ਕੋਈ ਸ਼ਰਧਾ ਵਾਲ਼ੀ ਗੱਲ ਦਾ ਝਲਕਾਰਾ ਨਹੀ ਸੀ ਪੈਂਦਾ ਬਲਕਿ ਉਹਨਾਂ ਦੀ ਹਰ ਹਕਰਕਤ ਵਿਚੋਂ ਸ਼ਰਾਰਤ ਹੀ ਝਲਕਦੀ ਸੀ। ਉਹਨਾਂ ਨੇ ਬੱਸ ਤੇ ਚੜ੍ਹ ਕੇ ਸਾਰੀ ਬੱਸ ਹੀ ਰੋਕ ਲਈ। ਅਸਲੀ ਯੋਗ ਵਿਆਕਤੀ ਬਾਹਰ ਹੀ ਰਹਿ ਗਏ। ਖਾਸ ਕਰਕੇ ਇਕ ਬੀਬੀ ਆਪਣੇ ਦੋ ਬਚਿਆਂ ਸਮੇਤ ਬੱਸ ਵਿਚ ਸਵਾਾਰ ਹੋਣ ਤੋਂ ਰਹਿ ਗਈ ਜੋ ਕਿ ਮੇਰੇ ਖਿਆਲ ਵਿਚ ਸਭ ਤੋਂ ਵਧ ਲੋੜਵੰਦ ਸੀ। ਮੈ ਬੜੀ ਸ਼ਿੱਦਤ ਨਾਲ਼ ਚਾਹੁਣ ਦੇ ਬਾਵਜੂਦ ਵੀ ਉਸ ਦੀ ਕੋਈ ਸਹਾਇਤਾ ਨਾ ਕਰ ਸਕਿਆ ਕਿਉਂਕਿ ਬੱਸ ਵਿਚ ਖਲੋਣ ਤਾਂ ਕੀ ਕਿਤੇ ਪੈਰ ਧਰਨ ਜਾਂ ਹੱਥ ਪਾ ਕੇ ਲਟਕਣ ਲਈ ਵੀ ਥਾਂ ਨਹੀ ਸੀ। ਮੈ ਅਜਿਹੇ ਥਾਂ ਫਸਿਆ ਹੋਇਆ ਸਾਂ ਕਿ ਆਪਣੀ ਥਾਂ ਵੀ ਉਸ ਲਈ ਨਹੀ ਸਾਂ ਛੱਡ ਸਕਦਾ।
ਮੇਰਾ ਇਹ ਨਿਰਮਾਣ ਸੁਝਾ ਹੈ ਕਿ ਬੱਸ ਦੇ ਡਰਾਈਵਰ ਨੂੰ ਇਹ ਅਧਿਕਾਰ ਦੇ ਕੇ ਹਿਦਾਇਤ ਕੀਤੀ ਜਾਵੇ ਕਿ ਉਹ ਸਵਾਰੀਆਂ ਦੀ ਲਾਈਨ ਲਗਾ ਕੇ, ਉਹਨਾਂ ਨੂੰ ਵਾਰੀ ਸਿਰ ਹੀ ਬੱਸ ਤੇ ਚੜ੍ਹਨ ਦੇਵੇ। ਲੋੜਵੰਦ ਸਵਾਰੀਆਂ, ਜਿਹਾ ਕਿ ਯਾਤਰੂ, ਬੀਬੀਆਂ, ਬੱਚੇ, ਬਜ਼ੁਰਗਾਂ ਆਦਿ ਨੂੰ ਪਹਿਲ ਦਿਤੀ ਜਾਵੇ।
ਅਗਲੇ ਦਿਨ ਪ੍ਰਬੰਧਕਾਂ ਨਾਲ਼ ਕੀਤੇ ਇਕਰਾਰ ਅਨੁਸਾਰ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਦੀਵਾਨ ਵਿਚ ਹਾਜਰੀ ਭਰੀ ਤੇ ਪ੍ਰਬੰਧਕਾਂ ਪਾਸੋਂ ਸਿਰੋਪਾ ਪ੍ਰਾਪਤ ਕੀਤਾ।

No comments: