ਨੌ-ਜਵਾਨ ਭਗਤ ਸਿੰਘ..........ਨਜ਼ਮ/ਕਵਿਤਾ/ ਜਸਵੰਤ ਜ਼ਫ਼ਰ

ਮੇਰੇ ਦਾਦੇ ਦੇ ਜਨਮ ਵੇਲੇ ਤੂੰ ਬਾਰਾਂ ਵਰ੍ਹਿਆਂ ਦਾ ਸੀ
ਸ਼ਹੀਦੀ ਖੂਨ ਨਾਲ਼ ਭਿੱਜੀ
ਜਲ੍ਹਿਆਂ ਵਾਲ਼ੇ ਬਾਗ਼ ਦੀ ਮਿੱਟੀ ਨਮਸਕਾਰਦਾ

ਦਾਦਾ ਬਾਰਾਂ ਵਰ੍ਹਿਆਂ ਦਾ ਹੋਇਆ

ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ
ਤੇਰਾ ਸ਼ਹੀਦੀ ਵੇਲਾ ਸੀ
ਦਾਦਾ ਗੱਭਰੂ ਹੋਇਆ ਤਾਂ ਵੀ ਤੂੰ
24 ਸਾਲਾ ਭਰ ਜਵਾਨ ਗੱਭਰੂ ਸੀ
ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ
ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ

ਮੈਂ 24 ਸਾਲ ਦਾ ਹੋਇਆ
ਤਾਂ ਵੀ ਤੂੰ
24 ਸਾਲਾ ਭਰ ਜਵਾਨ ਗੱਭਰੂ ਸੀ
ਮੈਂ24,26,27.......37 ਸਾਲ ਦਾ ਹੋਇਆ
ਤੂੰ 24 ਸਾਲ ਦਾ ਭਰ ਜਵਾਨ ਗੱਭਰੂ ਹੀ ਰਿਹਾ
ਮੈਂ ਹਰ ਜਨਮ ਦਿਨ ‘ਤੇ
ਬੁਢਾਪੇ ਵਲ ਇਕ ਕਦਮ ਵਧਦਾ ਹਾਂ
ਤੂੰ ਹਰ ਸ਼ਹੀਦੀ ਦਿਨ ‘ਤੇ
24 ਸਾਲਾ ਭਰ ਜਵਾਨ ਗੱਭਰੂ ਹੁੰਦਾ ਹੈਂ

ਉਂਜ ਅਸੀਸ ਤਾਂ ਸਾਰੀਆਂ ਮਾਂਵਾਂ ਦਿੰਦੀਆਂ ਨੇ
“ਜਿਉਂਦਾ ਰਹੇਂ ਸਦਾ ਜਵਾਨੀਆਂ ਮਾਣੇ”
ਪਰ ਤੂੰ ਸੱਚਮੁੱਚ ਜਿਉਂਦਾ ਹੈਂ ਭਰ ਜਵਾਨ ਗੱਭਰੂ
ਸਦਾ ਜਵਾਨੀਆਂ ਮਾਣਦਾ ਹੈਂ
ਜਿਨ੍ਹਾਂ ਅਜੇ ਵੀ ਪੈਦਾ ਹੋਣਾ ਹੈ
ਉਨ੍ਹਾਂ ਗੱਭਰੂਆਂ ਦੇ ਵੀ ਹਾਣਦਾ ਹੈਂ.........

1 comment:

PETER PARDESI said...

ਬਾ-ਕਮਾਲ ਹੈ ਹੈ ਜਨਾਬ... ਬਾ-ਕਮਾਲ.... (ਪੀਟਰ ਪ੍ਰਦੇਸੀ)