ਗੰਗੂ......... ਨਜ਼ਮ/ਕਵਿਤਾ / ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

‘ਗੰਗੂ’ ਕੋਈ ਇਨਸਾਨ ਨਹੀਂ ਹੁੰਦਾ,
‘ਗੰਗੂ’ ਤਾਂ ਇਕ ਸੋਚ ਹੁੰਦੀ ਹੈ ।
ਅਕ੍ਰਿਤਘਣਾਂ ਦੇ ਲੋਭੀ ਮਨ ਦੀ,
ਸਭ ਤੋਂ ਗੰਦੀ ਲੋਚ ਹੁੰਦੀ ਹੈ ।।
ਇਸ ਧਰਤੀ ਦੇ ਹਰ ਖਿੱਤੇ ਤੇ,
ਲੱਖਾਂ ਹੀ ਅੱਜ ‘ਗੰਗੂ’ ਵਸਦੇ ।
ਜਿਹਨਾਂ ਕਾਰਣ ਖਲਕਤ ਇੱਥੇ,
ਹਰ ਪੱਧਰ ਤੇ ਨੋਚ ਹੁੰਦੀ ਹੈ ।।
ਲਾਲਚ ਦੇ ਵਿੱਚ ਅੰਨ੍ਹਾਂ ਹੋਕੇ,
ਬੰਦਾ ਜਦ ‘ਗੰਗੂ’ ਬਣ ਜਾਂਦਾ ।
ਦੇਰ-ਸਵੇਰੇ ਆਖਿਰ ਨੂੰ ਤਾਂ,
ਪੱਟੀ ਉਸਦੀ ਪੋਚ ਹੁੰਦੀ ਹੈ ।।
ਦੁਸ਼ਮਣ ਲੱਖ ਜਮਾਨਾ ਹੋਵੇ,
ਪੂਰੀ ਕੌਮ ਨਾ ‘ਗੰਗੂ’ ਹੁੰਦੀ ।
ਜੇਕਰ ਏਦਾਂ ਜਾਪੇ ਤਾਂ ਫਿਰ,
ਮਨ ਦੇ ਪੈਰੀਂ ਮੋਚ ਹੁੰਦੀ ਹੈ ।।
ਸਭ ਦੇ ਨਾਲੋਂ ਗਿਰੀ ਘਨਾਉਣੀ,
‘ਗੰਗੂ’ ਤਾਂ ਹੁਣ ਗਾਲ਼ ਬਣ ਗਈ ।
ਮਨ ਵਿੱਚ ‘ਗੰਗੂ’ ਜੇ ਵੜ ਜਾਵੇ,
ਫਿਰ ਨਾ ਇੱਜਤ ਬੋਚ ਹੁੰਦੀ ਹੈ ।।
ਅੰਦਰ ‘ਗੰਗੂ’ ਪਾਲ਼ ਆਪਦੇ,
ਬਾਹਰਲੇ ਨਾਲ਼ ਲੜਨਾ ਚਾਹੇ ।
ਤਾਹੀਓਂ ‘ਗੰਗੂਬਾਦ’ ਤੇ ਭੋਰਾ,
ਅਉਂਦੀ ਨਹੀਂ ਖਰੋਚ ਹੁੰਦੀ ਹੈ ।।

****


Post a Comment