ਡਬਲਯੂ ਡਬਲਯੂ ਈ – ਸਚਾਈ ਦੀ ਕਸੌਟੀ ਤੇ.......... ਲੇਖ / ਰਿਸ਼ੀ ਗੁਲਾਟੀ

“ਦ ਗਰੇਟ ਖਲੀ” ਉਰਫ਼ ਦਲੀਪ ਸਿੰਘ ਦੇ ਡਬਲਯੂ ਡਬਲਯੂ ਈ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਇਸ ਖੇਡ ਦਾ ਕਰੇਜ਼ ਹਰ ਉਮਰ ਵਰਗ ਦੇ ਨੌਜਵਾਨਾਂ ਦੇ ਦਿਲੋ ਦਿਮਾਗ ਤੇ ਬਹੁਤ ਬੁਰੀ ਤਰਾਂ ਹਾਵੀ ਹੋ ਚੁੱਕਾ ਹੈ । ਜਦ ਵੀ ਕਦੀ ਖਲੀ ਦਾ ਮੈਚ ਹੁੰਦਾ ਹੈ ਉਸਦੇ ਪ੍ਰਸ਼ੰਸਕ ਆਪੋ ਆਪਣੀ ਸ਼ਰਧਾ ਮੁਤਾਬਿਕ ਹਵਨ, ਯੱਗ, ਵਰਤ ਆਦਿ ਸ਼ੁਰੂ ਕਰ ਦਿੰਦੇ ਹਨ । ਸਭ ਇਹੀ ਉਮੀਦ ਕਰਦੇ ਹਨ ਕਿ ਦਿਓ ਕੱਦ ਕਾਠੀ ਵਾਲਾ ਖਲੀ ਸਾਹਮਣੇ ਪਹਿਲਵਾਨ ਨੂੰ ਕੀੜੀ ਵਾਂਗ ਮਸਲ ਕੇ ਰੱਖ ਦੇਵੇ ਪਰ ਆਪਣੇ ਤੋਂ ਬਹੁਤ ਹਲਕੇ ਤੇ ਫੁਰਤੀਲੇ “ਦੁਸ਼ਮਣ” ਤੋਂ ਮਾਤ ਖਾਂਦਾ ਵੇਖਕੇ ਸਭ ਪ੍ਰਸ਼ੰਸਕ ਤਿਲਮਿਲਾ ਜਾਂਦੇ ਹਨ । ਉਸਦੀ ਹਾਰ ਨੂੰ ਸਾਜਿਸ਼ ਜਾਂ ਧੋਖਾਧੜੀ ਦਾ ਨਾਮ ਦੇ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦੇ ਹਨ । ਉਸਦੀ ਹਾਰ ਫਿਨਲੇ ਹੱਥੋਂ ਹੋਈ ਹੋਵੇ ਜਾਂ ਕੇਨ ਹੱਥੋਂ, ਮੁਕਾਬਲਾ ਚਾਹੇ “ਨੋ ਵੇਅ ਆਊਟ” ਹਾਰਿਆ ਹੋਵੇ ਜਾਂ “ਰੈਸਲ ਮੇਨੀਆ”, ਉਸਦੀ ਹਰ ਹਾਰ ਨੂੰ ਸਾਜਿਸ਼ ਦਾ ਨਾਮ ਦੇ ਕੇ ਪ੍ਰਚਾਰਿਤ ਕੀਤਾ ਜਾਂਦਾ ਹੈ ਤੇ ਹਮਦਰਦੀ ਬਟੋਰੀ ਜਾਂਦੀ ਹੈ । ਕੋਈ ਟੀਵੀ ਚੈਨਲ ਉਸਨੂੰ ਹਨੂੰਮਾਨ ਦਾ ਭਗਤ ਕਹਿੰਦਾ ਹੈ ਤੇ ਕੋਈ ਉਸਦੀ ਤੁਲਨਾਂ ਭਗਵਾਨ ਦੇ ਅਵਤਾਰ ਨਾਲ ਕਰਦਾ ਹੈ । ਟੀਵੀ ਚੈਨਲ ਤੇ ਕਦੇ ਕੋਈ ਜੋਤਸ਼ੀ ਉਸਨੂੰ ਨਗ ਪਾਉਣ ਜਾਂ ਨਾਮ ਬਦਲਣ ਦੀ ਸਲਾਹ ਦਿੰਦਾ ਹੈ ਤੇ ਕਦੀ ਕੋਈ ਬਾਬਾ ਉਸਨੂੰ ਕਪਾਲ ਭਾਰਤੀ ਤੇ ਪ੍ਰਾਣਾਯਾਮ ਕਰਨ ਦੀ । ਕੋਈ ਚੈਨਲ ਉਸਨੂੰ ਅੰਗ੍ਰੇਜ਼ੀ ਸਿੱਖਣ ਦੀ ਸਲਾਹ ਦਿੰਦਾ ਹੈ ਤੇ ਕੋਈ ਚੁਸਤੀ ਚਲਾਕੀ ਸਿੱਖਣ ਜਾਂ ਮੈਚ ਦੌਰਾਨ ਲੇਡੀ ਪਾਰਟਨਰ ਰੱਖਣ ਦੀ । ਪਰ ਕੀ ਇਹ ਸਭ ਕੁਝ ਕਰਕੇ ਖਲੀ ਮੈਚ ਜਿੱਤਣ ਲੱਗ ਜਾਏਗਾ ? ਸ਼ਾਇਦ ਨਹੀਂ । ਕਿਉਂਕਿ ਅਜਿਹਾ ਕਰਕੇ ਅਸੀਂ ਖਲੀ ਪ੍ਰਤੀ ਆਪਣੇ ਪਿਆਰ ਜਾਂ ਭਾਵੁਕਤਾ ਦਾ ਪ੍ਰਦਰਸ਼ਨ ਹੀ ਕਰ ਸਕਦੇ ਹਾਂ, ਪਰ ਅਸਲੀਅਤ ਵਿੱਚ ਅਜਿਹੇ ਕਰਮ-ਕਾਂਡਾਂ ਜਾਂ ਸਲਾਹਾਂ ਨਾਲ ਖਲੀ ਜਾਂ ਡਬਲਯੂ ਡਬਲਯੂ ਈ ਦੇ ਕਿਸੇ ਵੀ ਪਹਿਲਵਾਨ ਦੀ ਸਿਹਤ ਤੇ ਕੋਈ ਅਸਰ ਨਹੀਂ ਪਵੇਗਾ । ਅਸਲ ਵਿੱਚ ਸਾਨੂੰ ਡਬਲਯੂ ਡਬਲਯੂ ਈ ਦੀ ਅਸਲੀਅਤ ਦਾ ਗਿਆਨ ਹੀ ਨਹੀਂ ਹੈ, ਸੋ ਅਸੀਂ ਅਜਿਹੇ ਉਪਕਰਮ ਕਰਕੇ ਉਸਦੀ ਸਫ਼ਲਤਾ ਦੀ ਕਾਮਨਾਂ ਕਰਦੇ ਹਾਂ । ਜਿੱਥੋਂ ਤੱਕ ਖਲੀ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣ ਦਾ ਸਵਾਲ ਹੈ, ਹਰ ਕੋਈ ਉਸਦੇ ਨਾਮ ਨਾਲ ਆਪਣਾ ਨਾਮ ਜੋੜ ਕੇ ਸਸਤੀ ਸ਼ੋਹਰਤ ਖੱਟਣ ਦੀ ਫਿਰਾਕ ਵਿੱਚ ਵਿਅਸਤ ਮਹਿਸੂਸ ਹੁੰਦਾ ਹੈ । ਟੀਵੀ ਚੈਨਲਾਂ ਤੇ ਉਸਦੇ ਆਪੂੰ ਬਣੇ ਕਈ ਕੋਚਾਂ ਨੇ ਇੰਟਰਵਿਊ ਦਿੱਤੀਆਂ, ਜੋ ਕਿ ਉਸ ਨਾਲ ਵੇਟ ਟ੍ਰੇਨਿੰਗ ਕਰਦੇ ਹੁੰਦੇ ਸਨ । ਜਲੰਧਰ ਦੇ ਇੱਕ ਹੈਲਥ ਕਲੱਬ ਦੇ ਕੋਚ ਨੇ ਵੀ ਛੋਟੇ ਪਰਦੇ ਤੇ ਆਪਣੇ ਆਪ ਨੂੰ ਖਲੀ ਦਾ ਕੋਚ ਦੱਸਦੇ ਹੋਏ ਉਸਦੀ ਖੁਰਾਕ ਤੇ ਕਸਰਤ ਆਦਿ ਬਾਰੇ ਚਰਚਾ ਕੀਤੀ, ਜਦ ਕਿ ਜਿਸ ਸਮੇਂ ਖਲੀ ਬਾਡੀ ਬਿਲਡਿੰਗ ਕਰਦਾ ਸੀ, ਉਸ ਸਮੇਂ ਇਹ ਹੈਲਥ ਕਲੱਬ ਦਾ ਨਾਮੋ ਨਿਸ਼ਾਨ ਨਹੀਂ ਸੀ ।
ਡਬਲਯੂ ਡਬਲਯੂ ਈ ਭਾਵ ਵਰਲਡ ਰੈਸਲਿੰਗ ਇੰਟਰਟੇਨਮੈਂਟ ਦਾ ਮੁੱਖ ਉਦੇਸ਼ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੈ । ਇਸ ਵਿੱਚ ਖੇਡ ਭਾਵਨਾਂ ਵਾਲੀ ਕੋਈ ਗੱਲ ਨਹੀਂ ਹੁੰਦੀ । ਬਲਕਿ ਇਹ ਹਰ ਮੈਚ ਸਭ ਕੁਝ ਪਹਿਲੋਂ ਹੀ ਨਿਸ਼ਚਿਤ ਕੀਤੀ ਗਈ ਰੂਪ ਰੇਖਾ ਤੇ ਆਧਾਰਿਤ ਹੁੰਦੇ ਹਨ ਤੇ ਹਰ ਮੈਚ ਦਾ ਹਰ ਐਕਸ਼ਨ ਚਾਹੇ ਉਹ ਛਾਲ ਮਾਰਨੀ ਹੈ, ਡਿੱਗਣਾ, ਕੁੱਟਣਾਂ ਜਾਂ ਕੁੱਟ ਖਾਣੀ ਆਦਿ “ਬੂਕਰਜ਼” ਦੁਆਰਾ ਲਿਖੀ ਗਈ ਸਕਰਿਪਟ ਤੇ ਆਧਾਰਿਤ ਹੁੰਦਾ ਹੈ । ਜਿਵੇਂ ਲੇਖਕ ਫਿਲਮਾਂ ਦੀ ਸਕਰੀਨ ਪਲੇਅ ਪਹਿਲਾਂ ਹੀ  ਲਿਖ ਦਿੰਦੇ ਹਨ ਤੇ ਫਿਰ ਫਿਲਮ ਉਸ ਸਕਰੀਨ ਪਲੇਅ ਤੇ ਆਧਾਰਿਤ ਹੁੰਦੀ ਹੈ, ਉਸੇ ਤਰ੍ਹਾਂ ਡਬਲਯੂ ਡਬਲਯੂ ਈ ਦੇ ਮੈਚ ਦੀ ਸਕਰਿਪਟ ਪਹਿਲਾਂ ਹੀ ਲਿਖ ਲਈ ਜਾਂਦੀ ਹੈ ਤੇ ਫਿਰ ਕਾਫ਼ੀ ਜਿ਼ਆਦਾ ਰਹਿਸਲਾਂ ਤੋਂ ਬਾਅਦ ਪਹਿਲਵਾਨ ਇਸ ਮੈਚ ਲਈ ਤਿਆਰ ਹੁੰਦਾ ਹੈ । ਇਹ ਸਕਰਿਪਟ ਲੇਖਕ ਆਪਣੇ ਕੰਮ ਪ੍ਰਤੀ ਇੰਨੇ ਵਫ਼ਾਦਾਰ ਹੁੰਦੇ ਹਨ ਕਿ ਉਹਨਾਂ ਦੇ ਪਰਿਵਾਰ ਨੂੰ ਵੀ ਪਤਾ ਨਹੀਂ ਹੁੰਦਾ ਕਿ ਮੈਚ ਕੌਣ ਜਿੱਤੇਗਾ ? ਇਹ ਵਫ਼ਾਦਾਰੀ ਤੇ ਗੋਪਨੀਅਤਾ ਹੀ ਉਹਨਾਂ ਦੀ ਨੌਕਰੀ ਦੀ ਗਾਰੰਟੀ ਹੁੰਦੀ ਹੈ । ਡਬਲਯੂ ਡਬਲਯੂ ਈ ਵਿੱਚ ਦੋ ਤਰਾਂ ਦੇ ਪਹਿਲਵਾਨ ਹੁੰਦੇ ਹਨ । “ਫੇਸ” ਯਾਨੀ “ਗੁੱਡ ਗੇਅ” ਅਤੇ “ਹੈੱਲ” ਯਾਨਿ “ਬੈਡ ਗੇਅ” । ਅਕਸਰ “ਹੈੱਲ” ਮੈਚ ਦੌਰਾਨ ਪਹਿਲਾਂ ਵਿਰੋਧੀ ਤੇ ਹਾਵੀ ਰਹਿੰਦਾ ਹੈ ਤੇ ਫਿਰ ਮੈਚ ਹਾਰ ਜਾਂਦਾ ਹੈ । ਇਹ ਗੁੱਡ ਜਾਂ ਬੈਡ ਗੇਅ ਪਹਿਲਵਾਨ ਦੀ ਲੋਕਪ੍ਰਿਅਤਾ ਅਨੁਸਾਰ ਬਣਦੇ ਹਨ । ਮੈਚ ਦੌਰਾਨ ਜੋ ਵੀ ਪਹਿਲਵਾਨ ਇੱਕ ਦੂਜੇ ਉੱਪਰ ਛਾਲ ਮਾਰਦੇ ਹਨ, ਇੱਕ ਦੂਜੇ ਨੂੰ ਚੁੱਕ ਕੇ ਸਿੱਟਦੇ ਹਨ ਜਾਂ ਸਿਰ ਜ਼ਮੀਨ ਤੇ ਮਾਰਦੇ ਹਨ ਆਦਿ, ਉਹ ਦੋਹਾਂ ਪਹਿਲਵਾਨਾਂ ਦੀ ਮਿਲੀ ਭੁਗਤ ਨਾਲ ਹੁੰਦਾ ਹੈ ਤੇ ਵਿਰੋਧੀ ਦੁਆਰਾ ਕੀਤੇ ਜਾਣ ਵਾਲੇ ਹਰ ਐਕਸ਼ਨ ਦਾ ਦੂਜੇ ਪਹਿਲਵਾਨ ਨੂੰ ਪਤਾ ਹੁੰਦਾ ਹੈ । ਕੁਝ ਅਜਿਹੇ ਕੇਸ ਵੀ ਦੇਖਣ ਵਿੱਚ ਆਏ ਹਨ ਜਿਨਾਂ ਵਿੱਚ ਪਹਿਲਵਾਨ, ਟਾਈਮਿੰਗ ਜਾਂ ਵਿਰੋਧੀ ਦੇ ਐਕਸ਼ਨ ਦੇ ਗ਼ਲਤ ਅੰਦਾਜੇ਼ ਕਾਰਨ ਚੋਟਿਲ ਵੀ ਹੋਏ ਤੇ ਆਪਣੀ ਜਾਨ ਤੋਂ ਹੱਥ ਵੀ ਧੋ ਬੈਠੇ ।
ਜੇਕਰ ਗੱਲ ਕੀਤੀ ਜਾਵੇ ਕਿ ਡਬਲਯੂ ਡਬਲਯੂ ਈ ਮੁਕਾਬਲੇ ਅਸਲ ਵਿੱਚ ਹੁੰਦੇ ਹਨ ਜਾਂ ਡਰਾਮੇ ਤੌਰ ਤੇ ? ਪੜਚੋਲ ਕੀਤਿਆਂ ਪਤਾ ਲਗਦਾ ਹੈ ਕਿ ਇਹਨਾਂ ਮੁਕਾਬਲਿਆਂ ਵਿੱਚ ਸਿਰਫ਼ ਇੱਕ ਤਿਹਾਈ ਹੀ ਸਚਾਈ ਤੇ ਬਾਕੀ ਸਭ ਡਰਾਮਾ ਹੁੰਦਾ ਹੈ । ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇਹ ਡਰਾਮਾ ਹੁੰਦਾ ਹੈ ਤਾਂ ਲੋਕ / ਦਰਸ਼ਕ ਏਨੀ ਤਾਦਾਦ ਤੇ ਸਿ਼ੱਦਤ ਨਾਲ ਇਹ ਮੁਕਾਬਲੇ / ਡਰਾਮਾ ਦੇਖਣ ਕਿਉਂ ਜਾਂਦੇ ਹਨ । ਅਸਲ ਵਿੱਚ ਪੱਛਮੀ ਲੋਕ ਸਿਰਫ਼ ਮਜ਼ਾ ਲੈਣ ਲਈ ਇਹ ਮੁਕਾਬਲੇ ਦੇਖਦੇ ਹਨ । ਸਾਡੇ ਲੋਕਾਂ ਦੀ ਤਰਾਂ ਉਸਨੂੰ ਜਿ਼ੰਦਗੀ ਜਾਂ ਮੌਤ ਦਾ ਸਵਾਲ ਨਹੀਂ ਬਣਾਉਂਦੇ । ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਖਲੀ ਨੇ ਬਿਆਨ ਦਿੱਤਾ ਕਿ ਡਬਲਯੂ ਡਬਲਯੂ ਈ ਅਸਲ ਵਿੱਚ ਮਨੋਰੰਜਨ ਦਾ ਇੱਕ ਜ਼ਰੀਆ ਹੈ । ਉਹੀ ਪਹਿਲਵਾਨ ਸੁਪਰ ਸਟਾਰ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰ ਸਕੇ । ਖਲੀ ਦੀ ਹਾਰ ਦੇ ਸੁਆਲ ਦੇ ਜੁਆਬ ਵਿੱਚ ਉਸਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਵਿਰੋਧੀ ਨੂੰ ਭੰਨ ਮਰੋੜ ਕਿਉਂ ਨਹੀਂ ਦਿੱਤਾ । ਕਿਸੇ ਦੀ ਭੰਨ ਤੋੜ ਕਰਕੇ “ਅੰਦਰ” ਥੋੜਾ ਹੋਣਾ ਹੈ । ਇਹ ਤਾਂ ਮਨੋਰੰਜਨ ਦਾ ਇੱਕ ਸਾਧਨ ਹੈ ਤੇ ਮਨੋਰੰਜਨ ਹੀ ਕਰਨਾ ਚਾਹੀਦਾ ਹੈ । 1980 ਤੱਕ ਡਬਲਯੂ ਡਬਲਯੂ ਈ ਨੂੰ ਨਕਲੀ ਕੁਸ਼ਤੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ । ਬਾਅਦ ਵਿੱਚ ਮੈਕਮੈਹਨ ਨੇ ਇਸਨੂੰ “ਸਪੋਰਟਸ ਇੰਟਰਟੇਨਮੈਂਟ” ਦਾ ਨਾਮ ਦਿੱਤਾ । ਇਸ ਖੇਡ ਵਿੱਚ ਪਹਿਲਵਾਨ ਕਈ ਵਾਰ ਜ਼ਖ਼ਮੀ ਵੀ ਹੋ ਜਾਂਦੇ ਹਨ । ਜੇਕਰ ਕੋਈ ਪਹਿਲਵਾਨ ਸੱਚਮੁੱਚ ਗੁੱਸੇ ਵਿੱਚ ਆ ਕੇ ਮਾਰੇ ਜਾਂ ਕੋਈ ਗ਼ਲਤ ਐਕਸ਼ਨ ਹੋ ਜਾਵੇ ਜਿਵੇਂ ਥੱਲੇ ਡਿੱਗਣਾ ਜਾਂ ਛਾਲ ਮਾਰਨਾ ਆਦਿ । ਪਰ ਜਿਹੜਾ ਇਹਨਾਂ ਦੇ ਖੂਨ ਨਿੱਕਲਦਾ ਹੈ, ਉਸਦੇ ਦੋ ਤਰੀਕੇ ਮੁੱਖ ਹਨ । ਪਹਿਲਾ ਇਹ ਕਿ ਪਹਿਲਵਾਨ ਖੁਦ ਹੀ ਛੁਪੇ ਹੋਏ ਬਲੇਡ ਨਾਲ ਕੱਟ ਲਗਾ ਲੈਂਦੇ ਹਨ ਤੇ ਦੂਸਰਾ ਰੈਫ਼ਰੀ ਖੁਦ ਹੀ ਉਹਨਾਂ ਨੂੰ ਖੂਨ ਦੇ ਕੈਪਸੂਲ ਦੇ ਦਿੰਦਾ ਹੈ । ਉਦਾਹਰਣ ਦੇ ਤੌਰ ਤੇ ਜੇਕਰ ਮੱਥੇ ਤੇ ਖੂਨ ਵਗਦਾ ਦਿਖਾਉਣਾ ਹੋਵੇ ਤਾਂ ਪਹਿਲਵਾਨ ਨੀਚੇ ਤੋਂ ਉੱਪਰ ਵੱਲ ਮੂੰਹ ਕਰਦਿਆਂ ਚਲਾਕੀ ਨਾਲ ਮੱਥੇ ਤੇ ਖੂਨ ਵਾਲਾ ਕੈਪਸੂਲ ਰਗੜ ਲੈਂਦਾ ਹੈ ਤੇ ਖੂਨ ਦੀ ਤਤੀਰੀ ਚੱਲ ਪੈਂਦੀ ਹੈ । ਜੇਕਰ ਖੁਦ ਬਲੇਡ ਨਾਲ ਕੱਟ ਲਗਾਉਣਾ ਹੋਵੇ ਤਾਂ ਪਹਿਲਵਾਨ ਪਹਿਲਾਂ ਐਸਪ੍ਰੀਨ ਦੀ ਗੋਲੀ ਖਾ ਲੈਂਦਾ ਹੈ ਤਾਂ ਜੋ ਖ਼ੂਨ ਪਤਲਾ ਹੋ ਜਾਵੇ । ਛੋਟੇ ਜਿਹੇ ਕੱਟ ਨਾਲ ਨਿੱਕਲਿਆ ਪਤਲਾ ਖੂਨ ਪਹਿਲਵਾਨ ਨੂੰ “ਲਹੂ-ਲੁਹਾਨ” ਕਰ ਦਿੰਦਾ ਹੈ । ਏਡਜ਼ ਨੂੰ ਮੱਦੇ-ਨਜ਼ਰ ਰੱਖਦਿਆਂ ਅੱਜਕੱਲ ਬਲੇਡ ਦੇ ਕੱਟ ਨਾਲ਼ ਖੂਨ ਕੱਢਣ ਦੀ ਟਰਿਕ ਦਾ ਘੱਟ ਇਸਤੇਮਾਲ ਹੋ ਰਿਹਾ ਹੈ । ਰਿੰਗ ਵਿੱਚ ਪਹਿਲਵਾਨ ਬਹੁਤ ਜਿ਼ਆਦਾ ਬੁਰੇ ਤਰੀਕੇ ਨਾਲ ਡਿੱਗਦੇ ਹਨ ਪਰ ਚੋਟ ਨਾਂ ਲੱਗਣ ਦਾ ਕਾਰਨ ਹੈ ਕਿ ਰਿੰਗ ਦਾ ਫਰਸ਼ ਗੱਦੇਦਾਰ ਹੁੰਦਾ ਹੈ ਤੇ ਥੱਲੇ ਸ਼ੌਕਰ ਵੀ ਫਿੱਟ ਕੀਤੇ ਹੁੰਦੇ ਹਨ । ਰਿੰਗ ਤੋਂ ਬਾਹਰ ਜਿੱਥੇ ਪਹਿਲਵਾਨ ਇੱਕ ਦੂਜੇ ਨੂੰ ਸਿੱਟਦੇ ਹਨ, ਉਸ ਜਗ੍ਹਾ ਤੇ ਵੀ ਗੱਦੇ ਵਿਛੇ ਹੁੰਦੇ ਹਨ । ਮੈਚ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਰਿੰਗ ਦੇ ਥੱਲੇ ਮਾਈਕ ਫਿੱਟ ਕੀਤੇ ਹੁੰਦੇ ਹਨ । ਕੰਮੈਂਟੇਟਰ ਦੇ ਟੇਬਲ ਉੱਪਰ ਵਿਰੋਧੀ ਨੂੰ ਸਿੱਟਣਾ ਜਾਂ ਕੁਰਸੀ ਆਦਿ ਮਾਰਨਾਂ ਇਹ ਸਭ ਸੁਨਿਸ਼ਚਿਤ ਹੁੰਦਾ ਹੈ ਤੇ ਮੈਚ ਦਾ ਰੋਮਾਂਚ ਵਧਾਉਣ ਲਈ ਇਹ ਸਭ ਕੀਤਾ ਜਾਂਦਾ ਹੈ । ਬਾਕੀ ਰਹੀ ਸਹੀ ਕਸਰ ਵੀਡੀਓ ਐਡੀਟਿੰਗ ਵੇਲੇ ਪੂਰੀ ਹੋ ਜਾਂਦੀ ਹੈ । ਜੇਕਰ ਕੋਈ ਕੈਮਰਾ ਇਹ ਚਲਾਕੀਆਂ ਫੜ ਵੀ ਲਏ ਤਾਂ ਉਹ ਸੀਨ ਕਿਸੇ ਹੋਰ ਕੋਣ ਤੋਂ ਅਜਿਹੇ ਢੰਗ ਨਾਲ ਦਿਖਾਇਆ ਜਾਂਦਾ ਹੈ ਕਿ ਸਭ ਸੱਚ ਲਗਦਾ ਹੈ । ਅਸਲ ਵਿੱਚ ਸਭ ਆਪੋ ਵਿੱਚ ਰਲੇ ਹੁੰਦੇ ਹਨ, ਚਾਹੇ ਉਹ ਖਿਡਾਰੀ ਹੋਣ, ਰੈਫਰੀ ਜਾਂ ਕੁਮੈਂਟੇਟਰ ।
ਉਪਰੋਕਤ ਦਾ ਮਤਲਬ ਇਹ ਵੀ ਨਹੀਂ ਹੈ ਕਿ ਡਬਲਯੂ ਡਬਲਯੂ ਈ 100% ਹੀ ਜਾਅਲੀ ਹੁੰਦੀ ਹੈ । ਡਬਲਯੂ ਡਬਲਯੂ ਈ ਦਾ  ਪਹਿਲਵਾਨ ਐਥਲੀਟ, ਖਿਡਾਰੀ ਤੇ ਚੰਗੇ ਐਕਟਰ ਤਿੰਨਾਂ ਦਾ ਸੁਮੇਲ ਹੁੰਦਾ ਹੈ । ਮੈਚ ਦੌਰਾਨ ਜੇਕਰ ਕਿਸੇ ਪਹਿਲਵਾਨ ਦੇ ਚੋਟ ਲੱਗ ਵੀ ਜਾਵੇ ਤਾਂ ਦਰਸ਼ਕਾਂ ਦੇ ਮਨੋਰੰਜਨ ਲਈ ਉਹ ਉਸਨੂੰ ਵੀ ਛੁਪਾ ਲੈਂਦਾ ਹੈ । ਮੈਚ ਦੇ ਰਿੰਗ ਵਿੱਚ ਉਤਰਨ ਤੋਂ ਪਹਿਲਾਂ ਪਹਿਲਵਾਨ ਨੂੰ ਇਸਦੀ ਟ੍ਰੇਨਿੰਗ ਲੈਣੀ ਪੈਂਦੀ ਹੈ ਤੇ ਬਹੁਤ ਜਿ਼ਆਦਾ ਸਖ਼ਤ ਮਿਹਨਤ ਕਰਨੀ ਪੈਂਦੀ ਹੈ । ਇਸ ਟ੍ਰੇਨਿੰਗ ਦੌਰਾਨ ਪਹਿਲਵਾਨ ਉਹ ਸਭ ਮੂਵਮੈਂਟਸ ਦੀ ਟ੍ਰੇਨਿੰਗ ਲੈਂਦਾ ਹੈ, ਜਿਸਦਾ ਪ੍ਰਦਰਸ਼ਨ ਉਹ ਮੈਚ ਦੇ ਦੌਰਾਨ ਕਰਦਾ ਹੈ । ਕਈ ਵਾਰ ਪੂਰੇ ਮੈਚ ਵਿੱਚ ਪਹਿਲਵਾਨ ਬੁਰੀ ਤਰਾਂ ਭਿੜਦੇ ਰਹਿੰਦੇ ਹਨ ਤੇ ਰੈਫਰੀ ਉਹਨਾਂ ਨੂੰ ਮੈਚ ਖਤਮ ਕਰਨ ਦਾ ਇਸ਼ਾਰਾ ਦਿੰਦਾ ਹੈ । ਜਿਥੋਂ ਤੱਕ ਕੁਮੈਂਟਰੀ ਦਾ ਸੁਆਲ ਹੈ, ਚਲਦੇ ਮੈਚ ਵਿੱਚ ਪਿੱਛੋਂ / ਉੱਤੋਂ ਹਦਾਇਤਾਂ ਲਈ ਕੰਮੈਂਟੇਟਰ ਦੇ ਹੈਡ-ਫੋਨ ਲੱਗੇ ਹੁੰਦੇ ਹਨ । ਪਹਿਲਵਾਨ ਦੀ ਹਾਰ-ਜਿੱਤ, ਡਾਇਲਾਗ ਜਾਂ ਐਕਸ਼ਨ ਸਭ ਕੁਝ ਪਹਿਲਾਂ ਤੋਂ ਹੀ ਨਿਸ਼ਚਿਤ ਪ੍ਰੋਗਰਾਮ ਦੇ ਅਧੀਨ ਚੱਲਦਾ ਹੈ ਪਰ ਅਸੀਂ ਇਸਨੂੰ ਸੱਚ ਸਮਝ ਬੈਠਦੇ ਹਾਂ । ਜੇਕਰ ਪਹਿਲਵਾਨੀ ਦੇ ਅਸਲੀ ਹੀਰੋ ਦੀ ਗੱਲ ਕਰਨੀ ਹੋਵੇ ਤਾਂ ਉਹ ਵੀ ਭਾਰਤ ਵਿੱਚ ਹੀ ਮੌਜੂਦ ਹੈ । ਪੰਜਾਬ ਦਾ ਕਰਤਾਰ ਸਿੰਘ ਪਹਿਲਵਾਨ ਜੋ ਕਿ ਲਗਾਤਾਰ ਇੱਕ ਦਰਜਨ ਵਾਰ ਤੋਂ ਵੱਧ ਵਾਰ ਵੈਟਰਨ ਵਿਸ਼ਵ ਚੈਂਪੀਅਨ ਬਣ ਚੁੱਕਾ ਹੈ ਤੇ ਅਜੇ ਇਸ ਪਹਿਲਵਾਨ ਦੇ ਰੁਕਣ ਦਾ ਕੋਈ ਚਾਂਸ ਨਜ਼ਰ ਨਹੀਂ ਆ ਰਿਹਾ, ਅਫ਼ਸੋਸ ਇਸ ਅਸਲੀ ਚੈਂਪੀਅਨ ਬਾਰੇ ਬਹੁਤ ਜਿ਼ਆਦਾ ਲੋਕ ਜਾਣਦੇ ਵੀ ਨਹੀਂ । ਅਸਲ ਵਿੱਚ ਡਬਲਯੂ ਡਬਲਯੂ ਦੇ ਖਿਡਾਰੀ / ਐਕਟਰ, ਪਹਿਲਵਾਨ ਹੁੰਦੇ ਹੀ ਨਹੀਂ ਹਨ, ਜੇਕਰ ਇਹਨਾਂ ਨੂੰ ਸਟੰਟਮੈਨ ਕਿਹਾ ਜਾਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਕਈ ਵਾਰ ਬੱਚੇ ਵੀ ਅਸਲੀਅਤ ਦੀ ਜਾਣਕਾਰੀ ਦੀ ਅਣਹੋਂਦ ਵਿੱਚ ਇਹਨਾਂ ਪਹਿਲਵਾਨਾਂ ਦੀ ਨਕਲ ਕਰਦਿਆਂ ਸੱਟ-ਫੇਟਾਂ ਖਾ ਬੈਠਦੇ ਹਨ । ਇਸੇ ਲਈ ਹੀ ਤਾਂ ਡਬਲਯੂ ਡਬਲਯੂ ਈ ਦੇ ਸੁਪਰਸਟਾਰ ਗਾਹੇ ਬਗਾਹੇ ਸਾਨੂੰ ਚੌਕੰਨਾਂ ਕਰਦੇ ਹਨ ਕਿ “ਡੌਂਟ ਟਰਾਈ ਐਟ ਹੋਮ” ।
(2008)
****

No comments: