ਰਾਜ ਬੇਦੀ ‘ਵਾਈਟ ਰੀਬਨ’ ਸੰਸਥਾ ਦੇ ਬਣੇ ਪਹਿਲੇ ਪਗੜੀਧਾਰ ਅੰਬੈਸਡਰ.......... ਹਰਜਿੰਦਰ ਸਿੰਘ ਬਸਿਆਲਾ


ਆਕਲੈਂਡ : ਵਿਸ਼ਵ ਭਰ ਵਿਚ ਇਸਤਰੀਆਂ ਨਾਲ ਹੁੰਦੇ ਉਪੱਦਰ ਵਿਵਹਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਸ਼ਵ ਵਿਆਪੀ ਸ਼ੁਰੂ ਹੋਈ ਸੰਸਥਾ ‘ਵਾਈਟ ਰੀਬਨ’ ਦੀ ਨਿਊਜ਼ੀਲੈਂਡ ਇਕਾਈ ਵੱਲੋਂ ਸਾਲ 2012 ਦੇ ਲਈ ਚੁਣੇ ਗਏ ਆਪਣੇ ਭਾਰਤੀ ਰਾਜਦੂਤਾਂ ਦੇ ਵਿਚ ਪਹਿਲੀ ਵਾਰ ਇਕ ਪਗੜੀਧਾਰੀ ਪੰਜਾਬੀ ਵੀਰ ਸ. ਟਿੱਕਾ ਰਜਿੰਦਰ ਪ੍ਰਕਾਸ਼ ਬੇਦੀ ਉਰਫ ਰਾਜ ਬੇਦੀ ਨੂੰ ਵੀ ਚੁਣਿਆ ਗਿਆ ਹੈ। ‘ਵਾਈਟ ਰੀਬਨ’ ਸੰਸਥਾ ਇਸਤਰੀਆਂ ਨਾਲ ਘਰਾਂ ਵਿਚ ਹੁੰਦੇ ਦੁਰਵਿਵਹਾਰ, ਗਾਲੀ ਗਲੋਚ, ਲੜਾਈ-ਝਗੜੇ ਅਤੇ ਅਭੱਦਰ ਵਤੀਰੇ ਨੂੰ ਰੋਕਣ ਵਾਸਤੇ ਉਪਰਾਲੇ ਕਰਦੀ ਹੈ। ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਾਲੀ ਇਹ ਸੰਸਥਾ ਹਰ ਸਾਲ ਨਿਊਜ਼ੀਲੈਂਡ ਦੇ ਵਿਚ ਆਪਣੇ ਵੱਖ-ਵੱਖ ਕੌਮਾਂ ਦੇ ਲੋਕਾਂ ਨੂੰ ਰਾਜਦੂਤ (ਅੰਬੈਸਡਰ) ਨਿਯੁਕਤ ਕਰਦੀ ਹੈ। ਸ. ਰਾਜ ਬੇਦੀ ਦਾ ਚੁਣਿਆ ਜਾਣਾ ਇਥੇ ਦੇ ਭਾਰਤੀ ਭਾਈਚਾਰੇ ਲਈ ਵੀ ਬੜੇ ਮਾਣ ਵਾਲੀ ਗੱਲ ਸਮਝੀ ਜਾ ਰਹੀ ਹੈ। ਸ. ਰਾਜ ਬੇਦੀ ਮਾਸਟਰ ਇਨ ਸਸ਼ੋਲੋਜੀ ਅਤੇ ਐਲ. ਐਲ. ਬੀ. ਦੀ ਡਿਗਰੀ ਰੱਖਦੇ ਹਨ ਅਤੇ 2002 ਦੇ ਵਿਚ ਲੁਧਿਆਣਾ ਤੋਂ ਨਿਊਜ਼ੀਲੈਂਡ ਆਏ ਸਨ। ਨਿਊਜ਼ੀਲੈਂਡ ਦੇ ਵਿਚ ਉਹ ਇਸ ਵੇਲੇ ਆਕਲੈਂਡ ਸਿੱਖ ਸੁਸਾਇਟੀ ਦੇ ਸਕੱਤਰ ਹਨ, ਸਾਊਥ ਏਸ਼ੀਅਨ ਲਾਈਫ਼ ਸਟਾਇਲ ਕੋਆਰਡੀਨੇਟਰ-ਪ੍ਰੋਕੇਅਰ, ਪ੍ਰੋਗਰਾਮ ਮਾਈਗ੍ਰਾਂਟ/ਅਡੱਲਟ ਐਜੂਕੇਟਰ ਓਰਾ ਲਿਮਟਿਡ ਨਿਊਜ਼ੀਲੈਂਡ ਰਹੇ ਹਨ। ਇਸ ਵੇਲੇ ਉਹ ਇਕ ਮਾਹਿਰ ਇੰਟਰਪ੍ਰੇਟਰ, ਜਸਟਿਸ ਆਫ ਪੀਸ ਅਤੇ ਨਿਊਜ਼ੀਲੈਂਡ ਇੰਡੀਅਨ ਸੈਂਟਰਲ ਐਸੋਸੀਏਸ਼ਨ ਦੇ ਸਹਾਇਕ ਸਕੱਤਰ  ਦੇ ਤੌਰ ’ਤੇ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਆਪਣੀ ਨਵੀਂ ਜਿੰਮੇਵਾਰੀ ਦੇ ਚਲਦਿਆਂ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਉਨ੍ਹਾਂ ਦੇ ਕਿਸੀ ਕੰਮ ਆ ਸਕਦੇ ਹਨ ਤਾਂ ਜਰੂਰ ਸੇਵਾ ਦਾ ਮੌਕਾ ਦੇਣ। ਇਨ੍ਹਾਂ ਤੋਂ ਇਲਾਵਾ ਇਥੇ ਭਾਰਤੀ ਮੂਲ ਦੇ ਪਹਿਲੇ ਜੱਜ ਡਾ ਅਜੀਤ ਸਵਰਨ ਸਿੰਘ ਅਤੇ ਇਕ ਹੋਰ ਭਾਰਤੀ ਸ੍ਰੀ ਰੱਤੀ ਲਾਲ ਚੰਪਨਰੀ ਨੂੰ ਵੀ ਵਾਈਟ ਰੀਬਨ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ।
 
****

No comments: