ਵਿਛੜਿਆਂ ਨੂੰ ਮੇਲਣਹਾਰ ਪੰਜਾਬੀ ਸੱਥ ਵਾਲੇ.......... ਲੇਖ / ਚਰਨਜੀਤ ਕੌਰ ਧਾਲੀਵਾਲ ਸੈਦੋਕੇ, ਜਰਮਨੀ


ਪ੍ਰਦੇਸਾਂ ਵਿੱਚ ਆਉਣ ਤੋਂ ਬਾਅਦ ਸਾਡੇ ਕੋਈ ਆਪਣੇ ਗੁਆਚ ਗਏ ਸੀ ਜੋ ਤੁਹਾਡੀ ਪੰਜਾਬੀ ਸੱਥ ਵਿੱਚ ਬੈਠੇ ਮਿਲੇ
ਜਾਹ…! ਆਪਣੇ ਪਿਉ ਨੂੰ ਸੱਦ, ਸੱਥ ’ਚ ਬੈਠਾ ਹੋਣੈ…! 

ਭੱਜ ਕੇ ਜਾਣਾਂ ਸੱਥ ਵੱਲ, ਜਿੱਥੇ ਬਜੁਰਗ, ਜੁਆਨ ਸਾਰੇ ਹੀ ਆਪੋ-ਆਪਣੇ ਰੰਗਾਂ ਵਿਚ ਮਸਤ ਹੁੰਦੇ ਸੀ। ਵਿਹਲੇ ਹੋ ਕੇ ਸੱਥਾਂ  ਵਿਚ ਜਾ ਕੇ ਬੈਠ ਜਾਂਦੇ, ਜਿੱਥੋਂ ਸਾਰੇ ਪਿੰਡ ਦੀ ਖ਼ਬਰ ਇੱਕ-ਦੂਜੇ ਕੋਲ ਮੂੰਹੋਂ-ਮੂੰਹ ਪਹੁੰਚ ਜਾਂਦੀ ਸੀ। ਗ਼ਲੀ ਦੇ ਮੋੜਾਂ, ਬੋਹੜਾਂ ਦੇ ਥੱਲੇ ਜਾਂ ਧਰਮਸ਼ਾਲਾਂ ਦੇ ਵਿਚ ਜੁੜ ਕੇ ਬੈਠ ਜਾਂਦੇ ਸੀ ਬਜੁਰਗ ਅਤੇ ਮੁੰਡਿਆਂ ਦੀ ਢਾਣੀ। ਬੰਦੇ ਆਮ ਹੀ ਪਿੰਡਾਂ ਦੀਆਂ ਸੱਥਾਂ ਵਿਚ ’ਕੱਠੇ ਹੋ ਜਾਂਦੇ ਸੀ, ਜਿੱਥੋ ਤਕਰੀਬਨ ਹਰ ਬੰਦੇ ਨੂੰ ਰੋਟੀ ਖਾਣ ਲਈ ਆਵਾਜ਼ਾਂ ਵੀ ਮਾਰਨੀਆਂ ਪੈਂਦੀਆਂ ਸੀ। ਪੰਜਾਬ ਦੇ ਪਿੰਡਾਂ ਵਿੱਚ ਲੱਗਦੀਆਂ ਸੱਥਾਂ ਨੂੰ ਯਾਦ ਰੱਖਣ ਲਈ ਹੀ ਪੰਜਾਬੀ ਸੱਥ ਦੇ ਸੰਚਾਲਕ ਸ੍ਰ:ਨਿਰਮਲ ਸਿੰਘ ਲਾਂਬੜਾ ਜੀ ਨੇ ਇਹ ਨਾਮ ਲਿਆ ਹੋਵੇਗਾ, ਜਿਸ ਨੂੰ ਪੜ੍ਹਦੇ-ਸੁਣਦੇ ਸਾਡਾ ਧਿਆਨ ਆਪਣੇ ਪਿੰਡਾਂ ਦੀਆਂ ਸੱਥਾਂ ਵਿਚ ਚਲਾ ਜਾਂਦਾ ਹੈ, ਇਸ ਪੰਜਾਬੀ ਸੱਥ ਦੀਆਂ ਕਿਤਾਬਾਂ ਨੂੰ ਪੜ੍ਹਦੇ ਵਕਤ ਸੱਥ ਵਿਚ ਖੜ੍ਹੇ ਸਿਆਣੇ ਬਜੁਰਗਾਂ ਦੇ ਚਿਹਰੇ ਹੂਬਹੂ ਨਜ਼ਰ ਆ ਜਾਂਦੇ ਹਨ, ਮੈਂ ਆਪਣੇ ਪਿਤਾ ਜੀੰ ਨੂੰ ਆਖਰੀ ਵਾਰ ਸੱਥ ਵਿਚ  ਬੈਠੇ ਹੀ ਛੱਡ ਕੇ ਆਈ ਸੀ, ਜਿੱਥੇ ਉਹ ਮੇਰਾ ਸਿਰ ਪਲੋਸ ਕੇ ਉਸ ਸੱਥ ਵਿਚੋਂ ਚਲੇ ਗਏ।    

ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ੍ਰ: ਮੋਤਾ ਸਿੰਘ ਸਰਾਏ ਜੀ ਨੇ ਆਪਣੀ ਲਗਨ ਅਤੇ ਮਿਹਨਤ ਦੇ ਨਾਲ ਪੰਜਾਬੀ ਸੱਥ ਦੇ ਬੋਹੜ ਨੂੰ ਬਹੁਤ ਸਾਰੇ ਦੇਸਾਂ ਤੱਕ ਫੈਲਾਇਆ ਹੈ। ਇਨ੍ਹਾਂ ਨੇ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਆਸਟ੍ਰੇਲੀਆਂ ਅਤੇ ਹੋਰ ਬਹੁਤ ਸਾਰੇ ਦੇਸਾਂ ਵਿਚ ਵਸਦੇ ਪੰਜਾਬੀਆਂ ਨੂੰ ਪੰਜਾਬੀ ਸੱਥ ਨਾਲ ਜੋੜਿਆ ਹੈ। ਪ੍ਰਦੇਸਾਂ ਵਿਚ ਵਸਣ ਤੋਂ ਬਾਅਦ, ਰੋਜ਼ੀ-ਰੋਟੀ ਕਮਾਉਂਦੇ, ਪਰਵਾਸ ਦੀ ਜਿ਼ੰਦਗੀ ਹੰਢਾਉਂਦਿਆਂ ਕਦੇ-ਕਦੇ ਇਹੀ ਮਹਿਸੂਸ ਹੁੰਦਾ ਸੀ ਕਿ ਅਸੀਂ ਇਕੱਲੇ ਹਾਂ, ਉੱਠਦੇ-ਬਹਿੰਦੇ ਆਪਣਿਆਂ ਨੂੰ ਤਲਾਸ਼ਦੇ ਸੀ। ਪੰਜਾਬੀ ਸੱਥ ਦੇ ਨਾਲ ਲੋਕਾਂ ਦਾ ਬਹੁਤ ਹੀ ਜਿ਼ਆਦਾ ਤਾਲਮੇਲ, ਜਾਣ-ਪਛਾਣ ਵਧੀ ਹੈ, ਇਸ ਦੀ ਸਾਨੂੰ ਖਾਸ ਅਤੇ ਬਹੁਤ ਹੀ ਜਿ਼ਆਦਾ ਲੋੜ ਵੀ ਸੀ। 

ਮੈਂ ਅਦਾਰਾ ‘ਮੀਡੀਆ ਪੰਜਾਬ’ ਦੇ ਅੰਤਰਰਾਸ਼ਟਰੀ ਸਲਾਨਾ ਕਵੀ ਦਰਬਾਰ ਲਾਈਪਸਿਗ ਵਿਖੇ ਗਈ,  ਉਥੋਂ ਪੰਜਾਬੀ ਸੱਥ ਦੀਆਂ ਕਿਤਾਬਾਂ ਪੜ੍ਹਨ ਲਈ ਲੈ ਕੇ ਆਈ, ਪੜ੍ਹਨ ਦਾ ਮੈਨੂੰ ਬਹੁਤ ਸ਼ੌਕ ਹੈ, ਪਰ ਕਿਤਾਬਾਂ ਦੀ ਘਾਟ ਕਾਰਨ ਮੇਰੇ ਮਨ ਦੀ ਇੱਛਾ ਅਧੂਰੀ ਹੀ ਰਹਿੰਦੀ ਹੈ, ਮੰਜਕੀ ਪੰਜਾਬੀ ਸੱਥ ਭੰਗਾਲਾ, ਤੀਜੀ ਵਰ੍ਹੇਵਾਰ ਪਰ੍ਹਿਆਂ ਪੜ੍ਹ ਰਹੀ ਸੀ। ਉਸ ਵਿਚ ਇਕ ਮਹਾਨ ਹਸਤੀ ਦਾ ਨਾਂ ਪੜ੍ਹਿਆ, “ਡਾ। ਗੁਰਦੇਵ ਸਿੰਘ ਸਿੱਧੂ”…  ਜਿਥੋਂ ਤੱਕ ਮੈ ਜਾਣਦੀ ਹਾਂ ਕਿ ਇਨ੍ਹਾਂ ਦਾ ਸਾਹਿਤਕ ਕਾਰਜ ਵੇਰਵਾ ਬਹੁਤ ਹੀ ਵਿਸ਼ਾਲ ਹੈ, ਸੁਤੰਤਰਤਾ ਅੰਦੋਲਨ ਦੇ ਪ੍ਰਭਾਵ ਹੇਠ ਰਚੀ ਗਈ ਅੰਗਰੇਜ਼ ਵਿਰੋਧੀ ਕਵਿਤਾ-ਖੋਜ ਅਤੇ ਸੰਪਾਦਨ ‘ਪੰਜਾਬ ਦਾ ਸੁਤੰਤਰਤਾ ਸੰਗਰਾਮ’, ‘ਪੰਜਾਬੀ ਕਿੱਸਾ-ਸਾਹਿਤ’ ਅਤੇ ‘ਪੰਜਾਬੀ ਸਭਿਆਚਾਰ’, ‘ਲੇਖਕ ਲੜੀ’, ਪੰਜਾਬ ਇਤਿਹਾਸ ਦੇ ਵਿਚ ਡਾਇਰੈਕਟਰੀ : ‘ਅਕਾਲੀ ਲਹਿਰ’ (1921-25) ਵਿਚ ਸ਼ਾਮਿਲ ਸੈਨਿਕ-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਛਪਾਈ ਅਧੀਨ ਹੈ।

‘ਜੁਗ ਪਲਟਾਊ ਚਿੰਤਕ : ਸ਼ਹੀਦ ਭਗਤ ਸਿੰਘ’ ਪੁਸਤਕ ਆਦਿ ਪੰਜਾਬੀ ਮਾਂ ਬੋਲੀ ਨੂੰ ਬਹੁਤ ਹੀ ਸ਼ਲਾਘਾਯੋਗ ਦੇਣ ਹੈ ਪਰ ਕਿਤਾਬ ਵਿਚ ਪੂਰਾ ਪਤਾ ਨਾ ਮਿਲਣ ਕਰਕੇ ਮੈਂ ਇਹ ਜ਼ਰੂਰੀ ਸਵਾਲ ਆਪਣੇ ਦਿਮਾਗ ਵਿਚ ਸੋਚ ਹੀ ਰਹੀ ਸੀ…ਪਰ ਏਸੇ ਕਿਤਾਬ ਦੇ ਪਿਛਲੇ ਪੰਨੇ ’ਤੇ ਕੁੱਝ ਨਾਂ ਪੜ੍ਹੇ, ਜਿਸ ਦੇ ਵਿਚ ਇੱਕ ਨਾਂ ਸੀ “ਡਾ। ਲਖਵੀਰ ਸਿੰਘ ਨਾਮਧਾਰੀ”… ਜਿਨ੍ਹਾਂ ਦਾ ਨਾਂ ਮੈਂ ਜਰਮਨੀ ਪੰਜਾਬੀ ਸੱਥ ਵੱਲੋ ਛਪੀ “ਘਿਓ ਚੂਰੀ ਦੀਆਂ ਬਾਤਾਂ” ਵਿਚ ਪੜ੍ਹਿਆ ਸੀ, ਜਦੋਂ ਮੈਂ ਉਨ੍ਹਾਂ ਦੇ ਨਾਂ ਮਗਰ ਰਾਮਪੁਰਾ ਫੂਲ ਪੜ੍ਹਿਆ ਤਾਂ ਮਨ ਨੇ ਸੋਚਿਆ ਕਿ ਇਹ ਉਹੀ ਡਾ। ਲਖਵੀਰ ਸਿੰਘ ਹੈ, ਜਿਸ ਨੂੰ ਅਸੀਂ ਬਚਪਨ ਵਿਚ ਰੇਵ ਪਜਾਮਾ, ਕਲੀਆਂ ਵਾਲੇ ਕੁੜਤੇ ਅਤੇ ਗੋਲ ਦਸਤਾਰ ਵਿਚ ਦੇਖਦੇ ਰਹੇ ਹਾਂ…! ਯਕੀਨ ਸੀ, ਪਰ ਮੇਰਾ ਯਕੀਨ ਉਸ ਵਕਤ ਸੰ਼ਕਾਂ ਵਿਚ ਪੈ ਗਿਆ ਜਦੋਂ ਮੈਂ ਤੀਜੀ ਵਰ੍ਹੇਵਾਰ ਪਰ੍ਹਿਆਂ ਵਿੱਚ ਡਾ। ਲਖਵੀਰ ਸਿੰਘ ਨਾਮਧਾਰੀ ਮੰਡੀ ਕਲਾਂ ਪੜ੍ਹਿਆ। ਬੇਸ਼ੱਕ ਮੈਨੂੰ ਪਿਛਲੇ ਪੰਨੇ ਤੋਂ ਟੈਲੀਫ਼ੋਨ ਨੰਬਰ ਮਿਲ ਗਿਆ ਸੀ, ਪਰ ਅਚਾਨਕ ਸ਼ੰਕਾਂ ਦੇ ਨਾਲ ਤਾਂ ਕਿਸੇ ਨੂੰ ਫੋ਼ਨ ਕਰਨਾ ਮੇਰੇ ਲਈ ਮੁਸ਼ਕਲ ਸੀ। ਮੇਰੀ ਤੇ ਰਾਜਪਾਲ ਜੀ ਦੀ ਵਾਰ-ਵਾਰ ਏਸੇ ਗੱਲ ’ਤੇ ਚਰਚਾ ਹੁੰਦੀ। ਸਾਡੇ ਨੇੜੇ ਅਤੇ ਇਸ ਸ਼ੰਕਾਂ ਨੂੰ ਮਿਟਾਉਣ ਵਾਲੇ ਤਾਂ ਇੱਕ ਹੀ ਹੋ ਸਕਦੇ ਹਨ, ਜਿੱਥੋਂ ਪੂਰੀ ਜਾਣਕਾਰੀ ਮਿਲ ਸਕਦੀ ਹੈ, ਉਹ ਹੈ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ੍ਰ: ਮੋਤਾ ਸਿੰਘ ਸਰਾਏ ਜੀ।

ਭਾਵੇਂ ਅਸੀਂ ਮੀਡੀਆ ਪੰਜਾਬ ਦੇ ਕਵੀ ਦਰਬਾਰ ਵਿਚ ਮਿਲ ਚੁੱਕੇ ਸੀ, ਪਰ ਮੇਰੇ ਲਈ ਇੱਕ ਪਹੁੰਚੀ ਹੋਈ ਹਸਤੀ ਨਾਲ ਅਚਾਨਕ ਫ਼ੋਨ ’ਤੇ ਗੱਲ ਕਰਨੀ ਬਹਤ ਹੀ ਔਖੀ ਸੀ। ਇੱਕ ਐਸੀ ਮਹਾਨ ਸ਼ਖ਼ਸੀਅਤ ਜਿਨ੍ਹਾਂ ਦੇ ਸਮੇਂ ਦਾ ਹਰ ਪਲ ਕੀਮਤੀ ਹੈੇ, ਉਨ੍ਹਾਂ ਦੇ ਸਮੇਂ ਵਿਚੋਂ ਮੈਂ ਕੁਝ-ਕੁ ਸਮਾਂ ਲਿਆ, ਉਨ੍ਹਾਂ ਦੀ ਮਿੱਠੀ ਬੋਲੀ, ਨਿਮਰਤਾ ਵਾਲੀ ਆਵਾਜ਼ ਕੰਨਾਂ ਵਿਚ ਇੱਕ ਰੱਬੀ ਬਾਣੀ ਦੀ ਸੁਰ ਬਣਕੇ ਗੂੰਜੀ।  ਆਪਣਾ ਬਣਾ ਲੈਣ ਵਾਲੀ ਅਵਾਜ਼ ਨੂੰ ਸੁਣ ਕੇ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਉਨ੍ਹਾਂ ਨਾਲ ਪਹਿਲੀ ਵਾਰ ਗੱਲ ਕਰ ਰਹੀ ਹਾਂ, ਇਸ ਤਰ੍ਹਾਂ ਲੱਗਿਆ ਕਿ ਜਾਣੀ ਸਾਡੀਆਂ ਰੂਹਾਂ ਦੀ ਸਾਂਝ ਬਹੁਤ ਹੀ ਪੁਰਾਣੀ ਹੋਵੇ। ਜਿੰਨ੍ਹਾਂ ਵੀ ਇਨ੍ਹਾਂ ਬਾਰੇ ਸੁਣਿਆ ਸੀ ਉਸ ਤੋਂ ਵੀ ਕਿਤੇ ਬਹੁਤ ਜਿ਼ਆਦਾ ਅਪਣੱਤ ਵਾਲਾ ਅਤੇ  ਮੋਹ ਭਰਿਆ ਜਾਪਿਆ। ਜਦੋਂ ਮੈਂ ਡਾ। ਗੁਰਦੇਵ ਸਿੰਘ ਸਿੱਧੂ ਜੀ ਬਾਰੇ ਪੁੱਛਿਆਂ, ਤਾਂ ਵੀਰ ਸਰਾਏ ਜੀ ਨੇ ਉਨ੍ਹਾਂ ਦੀ ਰਹਾਇਸ਼ ਬਾਰੇ ਦੱਸ ਕੇ ਮੇਰੇ ਮਨ ਦੀ ਸੰ਼ਕਾਂ ਦੂਰ ਕਰ ਦਿੱਤੀ, ਉਨ੍ਹਾਂ ਨੂੰ ਮਾਮਾ ਜੀ ਬਾਰੇ ਦੱਸ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਮੈਂ ਡਾ। ਲਖਵੀਰ ਸਿੰਘ ਨਾਮਧਾਰੀ ਜੀ ਬਾਰੇ ਵੀ ਪੁੱਛਿਆਂ, ਕਿ ਇਹ ਕੌਣ ਹਨ…? ਕਿੱਥੋ ਦੇ ਰਹਿਣ ਵਾਲੇ ਹਨ…? ਪਰ ਉਨ੍ਹਾਂ ਦੇ ਸਹੀ ਪਿਛੋਕੜ ਦਾ ਵੀਰ ਸਰਾਏ ਜੀ ਨੂੰ ਵੀ ਕੋਈ ਖਾਸ ਪਤਾ ਨਹੀ ਸੀ। ਮੈਂ ਡਾ। ਲਖਵੀਰ ਸਿੰਘ ਨਾਮਧਾਰੀ ਜੀ ਦੇ ਪਿਤਾ ਸਰਦਾਰ ਹਰਦੇਵ ਸਿੰਘ ਜੀ, ਦਾਦਾ ਸਰਦਾਰ ਬੋਹਘਾ ਸਿੰਘ ਜੀ ਅਤੇ ਸਹੀ ਪਿੰਡ ਦਾ ਨਾਂ ਸੈਦੋਕੇ ਦੱਸ ਕੇ ਆਪਣੀ ਸੰ਼ਕਾਂ ਭਰੇ ਸਵਾਲ ਉਨ੍ਹਾਂ ਨਾਲ ਸਾਂਝੇ ਕੀਤੇ, ਸਾਡੇ ਦਿਲ ਦੀ ਤਾਂਘ ਨੂੰ ਪਹਿਚਾਣ ਕੇ, ਸਮੇਂ ਦੇ ਪਲਾਂ ਨੂੰ ਨਸ਼ਟ ਨਾ ਕਰਦੇ ਹੋਏ ਵੀਰ ਸਰਾਏ ਜੀ ਨੇ ਡਾ। ਲਖਵੀਰ ਸਿੰਘ ਨੂੰ ਫ਼ੋਨ ਮਿਲਾ ਕੇ ਸਾਰਾ ਹਵਾਲਾ-ਪਤਾ ਮੇਰੇ ਮੂਹਰੇ ਰੱਖ ਦਿਤਾ। ਐਨੀ ਜਲਦੀ, ਐਨੇ ਪਿਆਰ ਨਾਲ,  ਐਨਾ ਅਪਣਾ-ਪਣ ਸ਼ਾਇਦ ਮੈਨੂੰ ਕਿਤੋਂ ਵੀ ਨਹੀ ਮਿਲਿਆ। ਉਨ੍ਹਾਂ ਨੇ ਡਾਂ:ਲਖਵੀਰ ਸਿੰਘ ਨਾਲ ਗੱਲ ਕਰਨ ਲਈ ਮੇਰਾ ਰਾਹ ਸਾਫ਼ ਕਰ ਦਿੱਤਾ ਅਤੇ ਫ਼ੋਨ ਕਰਨ ਲਈ ਮੇਰੀ ਹੌਸਲਾਂ ਅਫ਼ਜਾਈ ਕੀਤੀ।  ਜਦੋਂ ਪਿਆਸੇ ਕੋਲ ਖੂਹ ਚੱਲ ਕੇ ਆ ਜਾਵੇ ਕਿ ਮੈਨੂੰ ਬੁੱਕ ਭਰ ਕੇ ਪੀ ਲੈ ‘ਤੇ ਫੇਰ ਬਾਕੀ ਜਿ਼ੰਦਗੀ ਦੀ ਹੋਰ ਸਾਰੀ ਤਮੰਨਾਂ ਈ ਖ਼ਤਮ ਹੋ ਜਾਂਦੀ ਹੈ। ਏਸੇ ਖੁਸ਼ੀ ਨੂੰ ਅਸੀਂ ਮਾਮਾ ਜੀ (ਡਾ। ਗੁਰਦੇਵ ਸਿੰਘ ਸਿੱਧੂ ਜੀ) ਨਾਲ ਵੀ ਸ਼ਾਂਝੀ ਕੀਤਾ ਜਿੱਥੇ ਸਾਡੀ ਗੱਲ ਸ੍ਰ: ਮੋਤਾ ਸਿੰਘ ਸਰਾਏ ਜੀ ਤੋਂ ਹੀ ਸੁਰੂ ਹੋ ਕੇ ਖ਼ਤਮ ਹੋਈ।  ਉਨ੍ਹਾਂ ਨੇ ਵੀ ਵੀਰ ਸਰਾਏ ਜੀ ਨੂੰ ਖੁੱਲ੍ਹੀਆਂ ਬਾਂਹਵਾਂ ਦੇ ਨਾਲ ਪਿਆਰ ਅਤੇ ਸ਼ਾਬਾਸ਼ ਭੇਜੀ।

ਗੱਲਬਾਤ ਹੁੰਦੇ ਸਮੇਂ ਇਸ ਜਿ਼ੰਦਗੀ ਦੇ ਚੱਲ ਰਹੇ ਸਾਹਾਂ ਵਿਚੋਂ ਪਤਾ ਨਹੀਂ ਕਿੰਨੇ ਕੁ ਵਾਰੀ ਮੈਂ ਤੇ ਡਾ।  ਲਖਵੀਰ ਸਿੰਘ ਇਸ ਰੱਬੀ ਰੂਹ ਦਾ ਜਿ਼ਕਰ ਕਰ ਗਏ। ਸਾਡੇ ਮਿਲਣ ਦਾ ਸਿਹਰਾ ਹੁਣ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ:ਮੋਤਾ ਸਿੰਘ ਸਰਾਏ ਜੀ ਨੂੰ ਜਾਂਦਾ ਹੈ। ਮੇਰੇ ਵਿਚ ਐਨੀ ਅਕਲ ਨਹੀਂ ਹੈ ਕਿ ਮੈਂ ਇਸ ਰੱਬ ਦੀ ਰੂਹ ਦਾ ਕਿਸੇ ਸ਼ਬਦ ਨਾਲ ਧੰਨਵਾਦ ਕਰ ਸਕਾਂ, ਪਰ ਸ਼ਬਦਾਂ ਦੇ ਉਲਝਾਅ ਵਿਚ ਆ ਕੇ ਮੈਂ ਵੀਰ ਸਰਾਏ ਜੀ ਦਾ ਮਾਣ ਛੋਟਾ ਨਹੀਂ ਕਰਨਾ ਚਾਹੁੰਦੀ। ਇੱਕ ਨਹੀਂ, ਦੋ ਨਹੀਂ, ਸਗੋਂ ਤਿੰਨ-ਤਿੰਨ  ਖੁਸ਼ੀਆ ਪੰਜਾਬੀ ਸੱਥ ਦੇ ਵਿਚੋਂ, ਉਹ ਵੀ ਇੱਕੋ ਪਲ ਵਿਚ ਮਿਲ ਜਾਣ ਨਾਲ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਤਪਦੇ ਮਾਰੂਥਲ ਵਿਚ ਕਾਲੀ ਬੱਦਲੀ ਹਵਾ ਦੇ ਬੁੱਲ੍ਹੇ ਨਾਲ ਕਣੀਆਂ ਦਾ ਛਿੜਕਾਂ ਕਰ ਗਈ ਹੋਵੇ। ਜਾਣ-ਪਹਿਚਾਣ, ਦੂਰ-ਨੇੜੇ ਦੇ ਦੋਸਤਾਂ-ਮਿੱਤਰਾਂ ਤੋ ਇਲਾਵਾ ਜਦੋਂ ਇੱਕ ਪ੍ਰਵਾਰ ਦੀਆਂ ਤਿੰਨ ਕਲਮਾਂ ਪੰਜਾਬੀ ਸੱਥ ਵਿਚ ਮਿਲੀਆਂ ਉਦੋਂ ਏਹੀ ਮਹਿਸੂਸ ਹੋਇਆ ਜਿਵੇਂ ਅਸੀਂ ਆਪਣੇ ਘਰ ਦੇ ਵਿਹੜੇ ਵਿਚ ਸਾਰਾ ਪਰਵਾਰ ਇਕੱਠੇ ਹੋ ਗਏ ਹੋਈਏ। ਵੀਰ ਸਰਾਏ ਜੀ ਨੇ ਇਸ ਗੱਲ ‘ਤੇ ਬਹੁਤ ਮਾਣ ਕੀਤਾ ਏ ਕਿ ਅਜੇ ਵੀ ਦੂਰ-ਦੁਰੇਡੇ ਬੈਠੀਆਂ ਧੀਆਂ-ਭੈਣਾਂ ਦੇ ਦਿਲਾਂ ਵਿਚ ਆਪਣੇ ਪਿੰਡ ਵਾਸੀਆ, ਬਜੁਰਗਾਂ ਅਤੇ ਪਿੰਡਾਂ ਲਈ ਕਿੰਨਾ ਪਿਆਰ, ਮਾਣ ਅਤੇ ਸਤਿਕਾਰ ਹੈ। ਸਾਡਾ ਮੋਹ ਭਰਿਆ ਵਿਰਸਾ ਅਜੇ ਗੁਆਚਿਆਂ ਨਹੀ ਹੈ। ਇਹ ਹਮੇਸ਼ਾਂ ਹੀ ਵੱਧਦਾ ਰਹੇਗਾ, ਜੇ ਏਸੇ ਤਰ੍ਹਾਂ ਸਭ ਦੇ ਦਿਲਾਂ ਵਿਚ ਪਿਆਰ ਜਾਗਦਾ ਰਹੇ। ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਸਾਨੂੰ ਭੂਆ-ਭਤੀਜੇ (ਡਾ। ਲਖਵੀਰ ਸਿੰਘ ਨਾਮਧਾਰੀ) ਨੂੰ ਮਿਲਾਉਣ  ਲਈ ਵੀਰ ਮੋਤਾ ਸਿੰਘ ਸਰਾਏ ਜੀ ਨੇ ਕਿੰਨਾ ਯੋਗਦਾਨ ਪਾਇਆ ਹੈ। ਵਾਕਿਆ ਹੀ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਅਜੇ ਵੀ ਸੱਥਾਂ ਵਿਚ ਤੁਹਾਡੇ ਆਪਣੇ ਬੈਠੇ ਐ। ਪੜ੍ਹੋ, ਪਹਿਚਾਣੋ ਤੇ ਮਿਲੋ।  ਆਓ ਇਸ ਪੰਜਾਬੀ ਸੱਥ ਦੇ ਨਾਲ ਜੁੜੀਏ ਅਤੇ ਹੋਰਨਾਂ ਨੂੰ ਜੁੜਨ ਲਈ ਪ੍ਰੇਰਤ ਕਰੀਏ।

ਪ੍ਰਵਾਰਾਂ ਦੇ ਕੁਝ ਰਿਸ਼ਤਿਆਂ ਵਿਚੋਂ, ਗੂੜ੍ਹਾ ਰਿਸ਼ਤਾਂ ਰੂਹਾਂ ਦਾ
ਵਸਦੇ  ਹਾਂ  ਪ੍ਰਦੇਸੀ  ਭਾਵੇਂ, ਮੋਹ  ਨਹੀ  ਜਾਣਾਂ  ਜੂਹਾਂ  ਦਾ
ਠੰਡਾ ਸ਼ਰਬਤ ਵਰਗਾ ਪੀਂਦੇ, ਨਹੀਂ ਪਾਣੀ ਭੁੱਲਣਾਂ ਖੂਹਾਂ ਦਾ
ਸੈਦੋ ਅਜੇ ਵੀ ਕੰਧਾਂ ਉਡੀਕਣ, ਜਾਹ ਜਿੰਦਰਾ ਖੋਲ ਬਰੂਹਾਂ ਦਾ।

****



No comments: