ਮੁੰਡੇ ਮੇਰੇ ਪਿੰਡ ਦੇ.......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ

ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ
ਮਾਰਦੇ ਨੇ ਬੜ੍ਹਕਾਂ ਤੇ ਸ਼ੇਰ ਹੋਈ ਜਾਂਦੇ ਨੇ

ਪੱਬਾਂ ਤੇ ਕਲੱਬਾਂ ਵਿਚ ਸਮਾਂ ਨੇ ਗੁਜ਼ਾਰਦੇ
ਕਾਲਜਾਂ ਸਕੂਲਾਂ ਵਿੱਚੋਂ ਫਰਲੋ ਉਹ ਮਾਰਦੇ
ਮਾਪਿਆਂ ਦੀ ਕਿਰਤ, ਕੈਸੀਨੋ ਵਿਚ ਹਾਰਦੇ
ਕੰਨਾਂ ਵਿੱਚ ਮੁੰਦੇ, ਬੋਦੇ ਜ਼ੁਲਫਾਂ ਸਵਾਰਦੇ
ਖਾਨਦਾਨੀ ਜੜ੍ਹਾਂ ਵਿਚ ਤੇਲ ਚੋਈ ਜਾਂਦੇ ਨੇ
ਸੱਸੀਆਂ ਤੇ ਹੀਰਾਂ ਪਿੱਛੇ ਢੇਰ ਹੋਈ ਜਾਂਦੇ ਨੇ
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ

ਤੋੜਦੇ ਨਾ ਡੱਕਾ, ਕੰਮੋਂ ਬੜਾ ਕਤਰਾਉਂਦੇ ਨੇ
ਬਾਪੂ ਜੋੜੇ ਝੋਟੇ, ਉਹ ਬੁੱਲਟ ਭਜਾਉਂਦੇ ਨੇ
ਡੋਡੇ ਸਮੈਕ ਬੀੜੀ ਦਾਰੂ ਜਰਦੇ ਲਾਉਂਦੇ ਨੇ
ਮਦਹੋਸ਼ ਹੋ ਕੇ ਨੱਚਦੇ, ਡਮਰੂ ਵਜਾਉਂਦੇ ਨੇ 
ਨਾੜਾ ਵਿਚ ਟੀਕੇ ਲਾ ਕੇ ਢੇਰ ਹੋਈ ਜਾਂਦੇ ਨੇ
ਹਿੱਪੀ ਵੇਸ ਸੂਟ੍ਹੇ ਲਾ, ਲੰਡੇਰ ਹੋਈ ਜਾਦੇ ਨੇ
ਹੈਰੀ ਗੈਰੀ ਸਿੱਧੂ ਤੇ ਕਲੇਰ ਹੋਈ ਜਾਂਦੇ ਨੇ
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ

ਕਾਗਜ਼ੀ ਭਲਵਾਨਾਂ ਦੇ ਗਿੱਟੇ ਵੇਖੋ ਭਿੜਦੇ
ਜਿੰਮ ਤੋਂ ਕਤਰਾਉਂਦੇ, ਨਸਿ਼ਆਂ ’ਚ ਰੁੜ੍ਹਦੇ
ਮੱਥੇ ਹੱਥ ਮਾਰਨ ਮਾਪੇ, ਅੰਦਰੇ ਹੀ ਕੁੜ੍ਹਦੇ
ਭਰਤੀ ਦੇ ਫਿੱਟ ਨਹੀਂ, ਖਾਲੀ ਹੱਥ ਮੁੜਦੇ
ਸਰੀਰਕ ਟੈਸਟ ਵਿਚੋਂ ਫੇਲ੍ਹ ਹੋਈ ਜਾਂਦੇ ਨੇ
ਫੁੱਲ ਸੀ ਗੁਲਾਬ ਦੇ, ਕਨੇਰ ਹੋਈ ਜਾਂਦੇ ਨੇ
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ

ਹੜਤਾਲਾਂ ਕਰਾਉਂਦੇ, ਬੱਸਾਂ ਗੱਡੀਆਂ ਸਾੜਦੇ
ਖਜਾਨੇ ਬੈਂਕ ਲੁੱਟਦੇ ਤੇ ਮਿਲਖਾਂ ਨੂੰ ਤਾੜਦੇ
ਫਿਰੌਤੀਆਂ ਦੀ ਖਾਤਰ, ਬੇਦੋਸ਼ੇ ਗੱਡੀ ਚਾੜ੍ਹਦੇ
ਤਸਕਰੀ ਦੇ ਧੰਦੇ ਪੈ ਕੇ ਜਿ਼ੰਦਗੀ ਉਜਾੜਦੇ
ਕੇਸਾਂ ਤੇ ਕਾਨੂੰਨਾਂ ਵਿਚ ਘੇਰ ਹੋਈ ਜਾਂਦੇ ਨੇ
ਸਮਾਜ ਨਾਲੋਂ ਟੁੱਟ ਕੇ ਮਤੇਰ ਹੋਈ ਜਾਂਦੇ ਨੇ
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ

ਚੌੜੀ ਛਾਤੀ ਡਰੱਗ ਨੇ ਘੁਣ ਵਾਂਗੂੰ ਖਾ ਲਈ
ਸੋਨੇ ਜਿਹੀ ਬਾਡੀ, ਐਬਾਂ ਵੈਲਾਂ ਹਥਿਆ ਲਈ
ਲਾਲੀ ਜਗ੍ਹਾ ਚਿਹਰੇ ਪਿਲੱਤਣ ਪੱਲੇ ਪਾ ਲਈ
ਸਿਹਤਮੰਦ ਸਰੀਰ ਸੀ ਬਿਮਾਰੀ ਪਰਨਾ ਲਈ
ਹਥੌੜੇ ਜਿਹੇ ਜੁੱਸੇ ਜੋ, ਪਥੇਰ ਹੋਈ ਜਾਂਦੇ ਨੇ
ਪੁੰਨਿਆਂ ’ਚ ਬੈਠੇ ਵੀ ਹਨੇਰ ਢੋਈ ਜਾਂਦੇ ਨੇ
ਵੇਖਦੇ ਹੀ ਪੰਨੂ ਨੂੰ ਬਟੇਰ ਹੋਈ ਜਾਂਦੇ ਨੇ
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ

****

No comments: