ਇਕ ਬੂਟਾ ਕਿਕਰ ਦਾ........... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ

ਸਾਡੇ ਵਿਹੜੇ ਵਿਚ ਇੱਕ ਬੂਟਾ ਕਿਕਰ ਦਾ
ਉਹ ਆਪੇ ਲੱਗਾ ਏ ਜਾਂ ਕਿਸੇ ਨੇ ਲਾਇਆ ਏ
ਜਾਂ ਵਾਵਰੋਲਾ ਕੋਈ ਇਸਦਾ ਬੀਜ ਲਿਆਇਆ ਏ
ਜਾਂ ਕੁਰਸੀ ਦੇ ਭੁੱਖਿਆਂ ਨੇ ਚੌਧਰ ਦੇ ਭੁੱਖਿਆਂ ਨੇ
ਖੁਦਗਰਜ਼ ਆਗੂਆਂ ਨੇ ਇਸ ਨੂੰ ਚਾ ਲਾਇਆ ਏ
ਇਹ ਵਧਦਾ ਹੀ ਜਾਂਦਾ ਏ ਫਲਦਾ ਹੀ ਜਾਂਦਾ ਏ
ਵਿਹੜੇ ਦਾ ਸਾਰਾ ਥਾਂ ਮੱਲਦਾ ਹੀ ਜਾਂਦਾ ਏ
ਇਹਦੀਆਂ ਜੜ੍ਹਾਂ ਨੇ ਵੱਧ ਵੱਧ ਕੇ ਨੀਹਾਂ ਨੂੰ ਹਿਲਾ ਦਿਤਾ
ਕੰਧਾਂ ਨੇ ਪਾਟ ਰਹੀਆਂ ਛੱਤਾਂ ਨੂੰ ਕੰਬਾ ਦਿਤਾ
ਇਸ ਬੂਟੇ ਥੱਲੇ ਹੁਣ ਸੂਲਾਂ ਹੀ ਸੂਲਾਂ ਨੇ
ਇਹ ਤਿੱਖੀਆਂ ਬੜੀਆਂ ਨੇ ਨਿਰੀਆਂ ਧਮਸੂਲਾਂ ਨੇ
ਇਹਨਾਂ ਸਾਡੇ ਪੈਰਾਂ ਨੂੰ ਥਾਂ ਥਾਂ ਤੋਂ  ਸੱਲ੍ਹ ਦਿੱਤਾ
ਚਾਵਾਂ ਤੇ ਖੇੜਿਆਂ ਨੂੰ ਹੈ ਗਮ’ਚ ਬਦਲ ਦਿਤਾ
ਸਾਡੇ ਵਿਹੜੇ ਹੁਣ ਤ੍ਰਿੰਝਣ ਨਹੀਂ ਜੁੜ ਸਕਦਾ
ਗਿੱਧਾ ਨਹੀਂ ਪੈ ਸਕਦਾ ਭੰਗੜਾ ਨਹੀਂ ਪੈ ਸਕਦਾ
ਇਸ ਔਂਤੜ ਰੁੱਖੜੇ ਤੇ ਬੁਲਬੁਲ ਕੋਈ ਆਉਂਦੀ ਨਹੀਂ
ਮਿੱਠਾ ਜਿਹਾ ਕੂ ਕਹਿਕੇ ਕੋਈ ਕੋਇਲ ਗਾਉਂਦੀ ਨਹੀਂ
ਇਥੇ ਕਾਂ ਹੀ ਬਹਿੰਦੇ ਨੇ, ਕਾਂ ਕਾਂ  ਹੀ ਕਹਿੰਦੇ ਨੇ
ਪਾ ਪਾ ਕੇ ਝੁਰਮਟ ਉਹ ਆ ਵਿਹੜੇ ਬਹਿੰਦੇ ਨੇ
ਸਾਡੇ ਮਾਲ ਢਾਂਡੇ ‘ਤੇ ਆ ਛਾਉਣੀ ਪਾਉਂਦੇ ਨੇ
ਬੱਚਿਆਂ ਤੋਂ ਰੋਟੀ ਵੀ ਖੋਹ ਕੇ ਲੈ ਜਾਂਦੇ ਨੇ
ਇਹਦੇ ਛਾਪੇ ਕੰਡਿਆਲੇ ਪੱਗਾਂ ਵੀ ਲਾਹ ਲੈਂਦੇ
ਹਾਂ ਪੱਗ ਲੁਹਾ ਕੇ ਵੀ ਅਸੀਂ ਖੁਸ਼ੀ ਮਨਾ ਲੈਂਦੇ
ਇਹਦੇ ਤਿੱਖਿਆਂ ਕੰਡਿਆਂ ਨੂੰ ਹਸ ਹਸ ਕੇ ਜਰਦੇ ਹਾਂ
ਕਿਤੇ ਰੁਸ ਹੀ ਜਾਵੇ ਨਾ ਅਸੀਂ ਇਸ ਤੋਂ ਡਰਦੇ ਹਾਂ
ਲੀਡਰ ਦੀ ਹਉਮੈ ਨਾਲ ਇਹ ਵੱਧਦਾ ਫੁਲਦਾ ਹੈ
ਖੁਦਗਰਜ਼ ਜਾਂ ਹੁੰਦੇ ਹਾਂ ਇਹਨੂੰ ਪਾਣੀ ਮਿਲਦਾ ਹੈ
ਕਈਆਂ ਨੇ ਸੂਲਾਂ ਦੀਆਂ ਕਲਮਾਂ ਚਾ ਬਣਾਈਆਂ ਨੇ
ਕਾਗਜ਼ ਦੀ ਹਿੱਕ ਉਤੇ ਫੇਰ ਤਿੱਖੇ ਕੰਡਿਆਂ ਨਾਲ
ਤਿੱਖੇ ਜਿਹੇ ਬੋਲਾਂ ਦੀਆਂ ਲੀਕਾਂ ਵੀ ਵਾਹੀਆਂ ਨੇ
ਇਹ ਸਾਨੂੰ ਮਾਰਦਾ ਹੈ ਅਸੀਂ ਇਸ ਤੇ ਮਰਦੇ ਹਾਂ
ਕੋਈ ਪੁੱਟ ਹੀ ਦੇਵੇ ਨਾ ਅਸੀਂ ਰਾਖੀ ਕਰਦੇ ਹਾਂ
ਆ ਗੱਭਰੂਆ ਦੇਸ਼ ਦਿਆ ਇਹਦੀ ਅਲ਼ਖ ਮੁਕਾ ਦੇਈਏ
ਇਹਦੇ ਛਾਪੇ ਵੱਢ ਵੱਢ ਕੇ ਇਕ ਵਾੜ ਲਗਾ ਦੇਈਏ
ਫੇਰੀ ਖੇਤੀ ਸਾਡੀ ਨਾ ਆ ਗਿੱਦੜ ਖਾਵਣਗੇ
ਸਾਡੇ ਅਰਮਾਨਾਂ ਦਾ ਨਾ ਖੂਨ ਵਹਾਵਣਗੇ

****
Post a Comment