ਪ੍ਰੀਤ ਦੀ ਹੱਦ……… ਨਜ਼ਮ/ਕਵਿਤਾ / ਰਵਿੰਦਰ ਸਿੰਘ ਕੁੰਦਰਾ

ਜਦੋਂ ਸਾਹਾਂ ਦੀ ਇਸ ਮਾਲਾ ਦਾ,
ਇੱਕ ਮਣਕਾ ਕਿਧਰੇ ਟੁੱਟ ਜਾਵੇ।
ਜਦੋਂ ਅਹਿਸਾਸ ਦੇ ਡੂੰਘੇ ਸਰਵਰ ਦਾ,
ਅਣਮਿਣਿਆ ਪਾਣੀ ਸੁੱਕ ਜਾਵੇ।
ਜਦੋਂ ਛੋਹ ਦੀ ਸੂਖਮ ਸ਼ਕਤੀ ਦਾ,
ਸਪਰਸ਼ੀ ਜਾਦੂ ਰੁਕ ਜਾਵੇ।
ਜਦੋਂ ਵਫ਼ਾ ਦੇ ਸੁੱਚੇ ਮਾਇਨੇ ਦਾ,
ਖ਼ਜ਼ਾਨਾ ਜਫ਼ਾ ਆ ਲੁੱਟ ਜਾਵੇ।
ਜਦੋਂ ਇਸ਼ਕ ਦੀਆਂ ਸਭ ਪਰਖਾਂ ਦਾ,
ਇਮਤਿਹਾਨੀ ਪਰਚਾ ਮੁੱਕ ਜਾਵੇ।
ਉਦੋਂ ਪ੍ਰੀਤ ਦੀ ਖੱਟੀ ਦੇ ਮੁੱਲ ਦਾ,
ਭਾਅ ਮੈਥੋਂ ਆਕੇ ਪੁੱਛ ਜਾਵੀਂ।
ਉਦੋਂ ਇਸ਼ਕ ਦੀਆਂ ਪੱਕੀਆਂ ਤੰਦਾਂ ਦਾ,
ਜ਼ੋਰ ਅਜ਼ਮਾ ਕੇ ਰੁਕ ਜਾਵੀਂ।
ਤੇਰੇ ਮਨ ਵਿੱਚ ਉਠੇ ਸਵਾਲਾਂ ਦਾ,
ਜਵਾਬ ਖ਼ੁਦ ਹੀ ਮਿਲ ਜਾਵੇਗਾ।
ਤੇਰੇ ਹੋਂਠ ਸਥਿੱਲ ਹੋ ਜਾਵਣਗੇ,
ਵਜੂਦ ਤੇਰਾ ਹਿੱਲ ਜਾਵੇਗਾ।

****

No comments: