ਪਾਪਾ ਕਿਤੇ ਨੇੜੇ-ਤੇੜੇ ਹੀ ਹੈ (2)............ ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ


ਸਾਰਾ ਪਿੰਡ ਕਹਿੰਦੈ, “ਬਿੱਲੂ ਸੇਠਾ, (ਪਾਪਾ ਦਾ ਕੱਚਾ ਨਾਂ ਬਿੱਲੂ ਤੇ ਪੱਕਾ ਨਾਂ ਰੋਸ਼ਨ ਲਾਲ ਸੀ) ਬਾਹਲੀ ਛੋਟੀ ਉਮਰ ਵਿੱਚ ਚਲਾ ਗਿਆ ਐਂ...ਸੱਠ-ਬਾਹਟ ਸਾਲ ਕੀ ਉਮਰ ਹੁੰਦੀ ਆ...ਤੇਰੀਆਂ ਦਿਲ-ਲਗੀਆਂ ਤੇ ਮਖੌਲ-ਵਾਣੀ ਨੂੰ ਤਰਸਾਂਗੇ।” ਪਾਪਾ ਮਖੌਲੀ ਬਹੁਤ ਸੀ। ਇੱਕ ਗੱਲ ਹੋਰ-ਪਿੰਡ ਵਿੱਚ ਜੇ ਕਿਸੇ ਦੇ ਧਰਨ (ਢਿੱਡ ‘ਚ ਪੀੜ) ਪੈਣੀ ਤਾਂ ਅਗਲੇ ਨੇ ਪਾਪੇ ਵੱਲ ਭੱਜਣਾ। ਇਹਨੇ ਅਗਲੇ ਨੂੰ ਭੁੰਜੇ ਪਾ ਕੇ ਰੱਸੀ ਨਾਲ ਢਿੱਡ ਦੀ ਉਚਾਈ-ਨੀਵਾਈ ਮਿਣਨੀ ਤੇ ਫਿਰ ਡੌਲਿਓਂ ਹੇਠਾਂ ਦੀ ਨਾੜ ਨੱਪਕੇ ਧਰਨ ਕੱਢ ਦੇਣੀ। ਨਾ ਟੀਕਾ ਲਵਾਉਣ ਦੀ ਲੋੜ, ਨਾ ਗੋਲੀ ਖਾਣ ਦੀ। ਪਾਪਾ ਕਿਸੇ ਦਾ ਦੁੱਖ ਨਹੀਂ ਸੀ ਜਰ ਸਕਦਾ। ਉਹ ਰਤਾ ਨਹੀਂ ਸੀ ਜਾਣਦਾ ਕਿ ਉਸਨੂੰ ਵੀ ਇੱਕ ਦਿਨ ਅਜਿਹਾ ਦੁੱਖ ਲੱਗ ਜਾਏਗਾ ਕਿ ਉਹ ਮੁੜ ਮੰਜੇ ਉਤੋਂ ਨਹੀਂ ਉੱਠੇਗਾ।

ਲੰਘੇ ਸਾਲ ਨਵੰਬਰ ਮਹੀਨੇ ਮੈਂ ਆਸਟਰੇਲੀਆਂ ਤੋਂ ਆਇਆ ਸੀ। ਪਾਪਾ ਨੇ ਦੱਸਿਆ ਕਿ ਉਹਦੇ ਸੱਜੇ ਮੋਢੇ ਵਿੱਚ ਕਦੇ-ਕਦੇ ਪੀੜ ਹੁੰਦੀ ਐ, ਗੋਲੀ ਖਾਣ ਨਾਲ ਹਟ ਜਾਂਦੀ ਐ। ਸੋ, ਗੋਲੀ ਖਾ ਕੇ ਵੇਲਾ ਟਪਾਉਂਦੇ ਰਹੇ। ਮੈਂ ਕਿਸੇ ਡਾਕਟਰ ਕੋਲ ਲਿਜਾਣਾ ਨੂੰ ਕਹਿੰਦਾ ਤਾਂ ਆਖਦੇ, “ਮੈਨੂੰ ਕੁਝ ਨੀ ਹੋਇਆ...ਥੋਡੇ ਸਭ ਤੋਂ ਤਕੜਾ ਐਂ।” ਛੇ ਫੁੱਟ ਇੱਕ ਇੰਚ ਕੱਦ ਸੀ ਤੇ ਪੂਰੇ ਹੱਟੇ ਕੱਟੇ। ਸਾਰੀ ਉਮਰ ਕਹੀ ਚਲਾਈ ਖੇਤਾਂ ਵਿੱਚ ਤੇ ਡੂੰਘਾ ਹਲ ਵਾਹਿਆ ਸੀ। ਕਦੇ ਤਾਪ ਨਹੀਂ ਸੀ ਚੜ੍ਹਿਆ। ਦੱਸਦੇ ਹੁੰਦੇ ਸੀ ਕਿ ਜੇ ਕਦੇ ਤਾਪ ਚੜ੍ਹ ਵੀ ਜਾਣਾ ਤਾਂ ਆਪੇ ਲੱਥ ਜਾਣਾ...ਕਦੇ ਗੋਲੀ ਖਾਣਾ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।

ਸੋ ਮੋਢੇ ਦੀ ਦਰਦ ਨਾ ਹਟੀ। ਹੁਣ ਗੋਲੀ ਤੋਂ ਟੀਕੇ ‘ਤੇ ਆ ਗਏ। ਕਦੇ-ਕਦੇ ਟੀਕਾ ਲਵਾ ਲੈਂਦੇ ਤੇ ਪੀੜ ਥੰਮ ਜਾਂਦੀ। ਦਿਨ ਪੈਂਦੇ ਗਏ ਤੇ ਪੀੜ ਵਧਣ ਲੱਗੀ। ਇੱਕ ਦਿਨ ਪਾਪਾ ਕਹਿਣ ਲੱਗੇ ਕਿ ਸਾਲ ਕੁ ਹੋ ਗਿਆ ਐ, ਮੈਂ ਖੇਤ ਡਿੱਗ ਪਿਆ ਸੀ...ਏਸ (ਸੱਜੇ) ਮੋਢੇ ‘ਤੇ ਭਾਰ  ਆ ਗਿਆ ਸੀ...ਏਸੇ ਕਰਕੇ ਹੁੰਦੀ ਹੋਣੀ ਐਂ ਪੀੜ..ਹੋ ਸਕਦੈ ਹੱਡੀ ਹਿੱਲ ਗਈ ਹੋਵੇ।” ਪਾਪਾ ਜੀ ਦੀ ਗੱਲ ਸੁਣ ਕੇ ਅਸੀਂ ਪੱਟੇ ਲਾਉਣ ਵਾਲੇ (ਦੇਸੀ) ਕੋਲ ਚਲੇ ਗਏ।  ਉਸਨੇ ਹੱਡੀ ਟੋਹ ਕੇ ਆਖਿਆ, “ਆਹ ਦੇਖੋ ਕਿੰਨਾ ਫਰਕ ਪਿਆ ਹੋਇਆ...ਹੱਡੀ ਤਾਂ ਹਿੱਲੀ ਹੋਈ ਆ... ਪੱਟੇ ਲਾ ਕੇ ਜੋੜ ਦਿੰਨੇ ਆਂ...ਪੰਦਰਾਂ ਦਿਨਾਂ ‘ਚ ਅਰਾਮ ਆਜੂ।” ਪੱਟੇ ਲੱਗਣ ਲੱਗੇ। ਪਰ ਪੀੜ ਸਗੋਂ ਵਧਣ ਲੱਗੀ। ਕਿਸੇ ਨੇ ਕਿਹਾ ਕਿ ਪੱਟੇ ਲਾਉਣ ਵਾਲਾ ਕੋਈ ਹੋਰ ਸਿਆਣਾ ਲੱਭੋ...ਪੱਟਿਆਂ ਨਾਲ ਹੀ ਅਰਾਮ ਆ ਜਾਣੈ। ਫਿਰ ਇੱਕ ਹੋਰ ਪੱਟੇ ਲਾਉਣ ਵਾਲਾ ਲੱਭਿਆ ਗਿਆ। ਉਹਦੇ ਪੱਟਿਆਂ ਨਾਲ ਸਾਰਾ ਸਰੀਰ ਆਕੜ ਗਿਆ। ਪੱਟੇ ਲਵਾਉਣੇ ਬੰਦ ਕਰ ਦਿੱਤੇ।

ਇਸ ਬਾਅਦ ਕਈ ਹਸਪਤਾਲਾਂ ਵਿੱਚ ਗਏ। ਐਕਸਰੇ ਤੇ ਟੈਸਟਾਂ ਦਾ ਸਿਲਸਿਲਾ ਅਰੰਭ ਹੋਇਆ। ਕੋਈ ਡਾਕਟਰ ਕਹਿੰਦਾ ਸੀ, “ਮੋਢੇ ਦੀ ਹੱਡੀ ਨੂੰ ਟੀ.ਬੀ. ਐ ।” ਕੋਈ ਕਹਿੰਦਾ, “ਮੋਢਿਆਂ ਦੇ ਮਣਕਿਆਂ ਵਿੱਚ ਇਨਫੈਕਸ਼ਨ ਆਂ।” ਕੁਝ ਥਾਵਾਂ ‘ਤੇ ਕੁਝ ਦਿਨਾਂ ਵਾਸਤੇ ਦਾਖਲ ਵੀ ਕਰ ਲਿਆ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਸ਼ਵਿੰਦਰ ਸਿੰਘ ਗਿੱਲ, ਆਪ ਖ਼ੁਦ ਜੁ ਹੱਡੀਆਂ ਦੇ ਮਾਹਰ ਹਨ, ਆਖਣ ਲੱਗੇ ਕਿ ਮੈਡੀਕਲ ਕਾਲਜ ਵਿੱਚ ਦਾਖਲ ਕਰਦੇ ਹਾਂ। ਸਪੈਸ਼ਲ ਵਾਰਡ ਵਿੱਚ ਲੈ ਆਏ। ਉਹ ਆਪ ਨਿਗਰਾਨੀ ਕਰ ਰਹੇ ਸਨ। ਡਾ.ਗਿੱਲ ਪਾਪਾ ਦੇ ਕਮਰੇ ਵਿੱਚ ਆਉਂਦੇ, ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਦੇ। ਸਰਜਰੀ ਵਿਭਾਗ ਦੇ ਮੁਖੀ ਡਾ.ਹਰਿੰਦਰਪਾਲ ਸੰਧੂ ਵੀ ਦਿਨ ਵਿੱਚ ਤਿੰਨ-ਤਿੰਨ ਗੇੜੇ ਮਾਰਦੇ। ਪਰ ਚਾਰਾ ਕੋਈ ਨਹੀਂ ਸੀ ਚਲਦਾ। ਹੁਣ ਉਹ ਉਠਣੋ-ਬਹਿਣੋ ਵੀ ਗਏ। ਪਾਸਾ ਵੀ ਅਸੀਂ ਹੀ ਦਿਵਾਉਂਦੇ। ਫਿਰ ਕੁਝ ਦਿਨ ਲੰਘੇ ਤਾਂ ਉਹ ਵਿੱਚੋਂ ਦੀ ਪਾਸਾ ਆਪ ਲੈਣ ਲੱਗ ਪਏ ਤਾਂ ਸਾਨੂੰ ਕੁਝ ਹੌਸਲਾ ਜਿਹਾ ਹੋਇਆ ਕਿ ਲਗਦੈ ਹੁਣ ਸ਼ਾਇਦ ਉੱਠਕੇ ਮੰਜੇ ‘ਤੇ ਬਹਿ ਜਿਆ ਕਰਨਗੇ। ਡਾਕਟਰਾਂ ਨੇ ਕਿਹਾ ਕਿ ਘਰ ਲਿਜਾ ਕੇ ਸੇਵਾ ਕਰੋ।

ਪੀੜ ਮੋਢੇ ਵਿੱਚੋਂ ਹੁੰਦੀ ਹੋਈ ਵੱਖੀ ਤੀਕ ਆ ਗਈ ਸੀ। ਕੁਝ ਦਿਨਾਂ ਬਾਅਦ ਵੱਖੀ ਤੋਂ ਹੁੰਦੀ ਹੁਣ ਰੀੜ ਦੀ ਹੱਡੀ ਵਿੱਚ ਆ ਗਈ ਸੀ ਪੀੜ! ਪੀੜ ਕਾਹਦੀ? ਜਾਨ ਕਢਦੀ ਜਾਂਦੀ। ਲੋਹੜਿਆਂ ਦਾ ਦਰਦ ਹੁੰਦਾ। ਸਾਥੋਂ ਸਹਿ ਨਾ ਹੁੰਦਾ। ਨਸ਼ੇ ਦਾ ਟੀਕਾ ਲਾਇਆ ਜਾਂਦਾ, ਜਿੰਨਾ ਚਿਰ ਨਸ਼ੇ ਦਾ ਅਸਰ ਰਹਿੰਦਾ, ਪੀੜ ਟਿਕੀ ਰਹਿੰਦੀ। ਫਿਰ ਉਹ ਸਾਡੇ ਨਾਲ ਤੇ ਆਏ ਗਏ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲਗਦੇ। ਉਹਨਾਂ ਦਾ ਗੜ੍ਹਕਾ (ੳੁੱਚੀ ਆਵਾਜ਼)  ਕਿਤੇ ਦੂਰ ਡੂੰਘੀ ਉਤਰਦੀ ਜਾਂਦੀ ਸੀ। ਹੁਣ ਪਾਪਾ ਨੇ ਖਾਣਾ-ਪੀਣਾ ਵੀ ਘੱਟ ਕਰ ਦਿੱਤਾ ਸੀ। ਸਰੀਰ ਖੁਰਦਾ ਜਾਂਦਾ ਸੀ। ਟੈਸਟ ਹੋ ਰਹੇ ਸਨ। ਆਖਰੀ ਟੈਸਟ ਡੀ. ਐਮ. ਸੀ. ਤੋਂ ਆਇਆ। ਕੈਂਸਰ ਰੀੜ ਦੀ ਹੱਡੀ ਵਿੱਚ ਚਲਾ ਗਿਆ ਸੀ। ਕਿਹਾ ਗਿਆ ਕਿ ਹੁਣ ਤਾਂ ਸੇਵਾ ਹੀ ਕਰੋ।

ਪੀੜ ਹਟਾਉਣ ਲਈ ਪੰਜ ਰੇਡੀਏਸ਼ਨ (ਸੇਕੇ) ਲਗਾਏ ਗਏ। ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਹੀ ਸੇਕੇ ਲਗਦੇ ਸਨ। ਪੰਜ ਦਿਨ ਲਗਾਤਾਰ ਜਾਣਾ ਸੀ, ਇੱਕ ਐਂਬੂਲੈਂਸ ਪੱਕੇ ਤੌਰ ‘ਤੇ ਹੀ ਲੈ ਲਈ। ਸਵੇਰੇ ਐਂਬੂਲੈਂਸ ਆਉਂਦੀ। ਅੱਧੇ ਘੰਟੇ ਵਿੱਚ ਸੇਕੇ ਲਵਾ ਕੇ ਘਰ ਆ ਜਾਂਦੇ। ਦਰਦ ਹਟਣ ਲੱਗੀ। ਪਰ ਜਦ ਸਰੀਰ ਨੂੰ ਤੋੜਾ-ਖੋਹੀ ਲਗਦੀ ਤਾਂ ਉੱਚੀ-ਉੱਚੀ ਰੋਂਦੇ। ਅੱਧੀ ਰਾਤ ਹੁੰਦੀ। ਆਂਢ-ਗੁਆਂਢ ਆ ਆਸਰਾ ਦਿੰਦੇ। ਜੁਆਕ ਉਠਕੇ ਸਿਰਹਾਣੇ ਬੈਠੇ ਰੋਂਦੇ ਕਿ ਸਾਡੇ ਦਾਦੇ ਦੇ ਪੀੜ ਕਾਹਤੋਂ ਹੁੰਦੀ ਆ? ਅਸੀਂ ਵੀ ਰੋਣ ਲਗਦੇ। ਟੀਕਾ ਲਾਉਂਦੇ। ਟਿਕ ਜਾਂਦੇ। ਸਵੇਰੇ ਨੂੰ ਫਿਰ ਉਹੀ ਹਾਲ। ਇੱਕ ਦਿਨ ਮੈਂ ਕੰਮ ਤੋਂ ਘਰ ਆਇਆ ਤਾਂ ਉਹਨਾਂ ਦੇ ਕੋਲ ਬਹਿ ਗਿਆ। ਮੇਰੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ, ਸ਼ਾਇਦ ਸੋਚਦੇ ਹੋਣ ਕਿ ਮੇਰੇ ਨਿੱਕੇ-ਨਿੱਕੇ ਨਿਆਣੇ ਇਕੱਲੇ ਕੀ ਕਰਨਗੇ? ਉਹਨਾਂ ਨੂੰ ਚੋਰ ਅੱਖ ਨਾਲ ਦੇਖਕੇ ਮੈਂ ਉਹਨਾਂ ਤੋਂ ਆਪਣੀਆਂ ਨਜ਼ਰਾਂ ਚੁਰਾ ਲਈਆਂ। ਉਹ ਬੋਲੇ,“ਆਪਣੀ ਮਾਂ ਦੀ ਸੇਵਾ ਕਰਿਆ ਕਰੀਂ।” ਮੇਰੀ ਧਾਹ ਨਿਕਲਣ ਲੱਗੀ। ਅੱਥਰੂ ਅੰਦਰੇ-ਅੰਦਰ ਡੱਕ ਲਏ ਕਿ ਕਿਤੇ ਪਾਪਾ ਨਾ ਦੇਖ ਲਵੇ। ਮੈਥੋਂ ਬੋਲਿਆ ਨਹੀ ਗਿਆ ਤੇ ਉਹਨਾਂ ਕੋਲੋਂ ਉਠ ਪਿਆ। ਆਪਣੇ ਕਮਰੇ ਵਿੱਚ ਗਿਆ, ਬੂਹਾ ਬੰਦ ਕਰਕੇ ਬਹੁਤ ਰੋਇਆ।

ਮੈਡੀਕਲ ਕਾਲਜ ਦੇ ਹੀ ਕੈਂਸਰ ਵਿਭਾਗ ਵਿੱਚ ਮੁੱਦਕੀ ਦਾ ਇੱਕ ਮੁੰਡਾ ਮਿਲਿਆ ਤੇ ਦੱਸਣ ਲੱਗਾ ਕਿ ਜ਼ੀਰੇ ਕੋਲ ਫਲਾਣਾ ਪਿੰਡ ਆ...ਉਥੇ ਇੱਕ ਬਾਬਾ ਏ...ਬੜੀ ਦੁਨੀਆਂ ਠੀਕ ਕੀਤੀ ਏ ਉਸਨੇ...(ਉਸ ਮੁੰਡੇ ਦੀ ਮਾਂ ਨੂੰ ਵੀ ਕੈਂਸਰ ਸੀ, ਤੇ ਉਹ ਉਸ ਲਈ ਉਸ ਤੋਂ ਦਵਾਈ ਲੈਣ ਦੇ ਯਤਨ ਵਿੱਚ ਸੀ, ਗੱਲੀਂ-ਗੱਲੀਂ ਉਸਨੇ ਬਾਬੇ ਦੀ ਮੈਨੂੰ ਦੱਸ ਪਾ ਦਿੱਤੀ ਸੀ ਤੇ ਬਾਬੇ ਦਾ ਫੋਨ ਨੰਬਰ ਵੀ ਲੱਭ ਦਿੱਤਾ ਸੀ)। ਡੁੱਬਦਾ ਬੰਦਾ ਜਿਵੇਂ ਤਿਣਕੇ ਦਾ ਆਸਰਾ ਲਭਦਾ ਹੈ, ਮੈਂ ਹਰ ਹਾਲਤ ਵਿੱਚ ਆਪਣੇ ਪਾਪਾ ਨੂੰ ਕਿਸੇ ਕੀਮਤ ‘ਤੇ ਵੀ ਨਹੀਂ ਗੁਆਉਣਾ ਚਾਹੁੰਦਾ ਸਾਂ। ਆਖਰ ਅਰਾਮ ਆਵੇ, ਚਾਹੇ ਕਿਤੋਂ ਆਵੇ, ਚਾਹੇ ਕਿੰਜ ਆਵੇ। ਕੋਈ ਆਖਦਾ, “ਭਾਈ ਕੁਦਰਤ ਦੇ ਰੰਗਾਂ ਦਾ ਕੋਈ ਭੇਤ ਨਹੀਂ...ਜੇ ਕਿਸੇ ਨੇ ਤੰਦਰੁਸਤ ਹੋਣਾ ਹੋਵੇ ਤਾਂ ਸੁਆਹ ਦੀ ਪੁੜੀ ਤੋਂ ਵੀ ਹੋ ਜਾਂਦਾ ਐ...।” ਸੋ, ਮੈਂ ਬੜੀ ਆਸ-ਉਮੀਦ ਨਾਲ ਬਾਬੇ ਨੂੰ ਫੋਨ ਕੀਤਾ। ਬਾਬਾ ਜੀ ਆਖਣ ਲੱਗੇ ਕਿ ਮੇਰੇ ਕੋਲ ਲਿਆਓ। ਮੈਂ ਦੱਸਿਆ, “ਲਿਉਣ ਜੋਗੇ ਨਹੀਂ...ਤਕਲੀਫ਼ ਜਿ਼ਆਦਾ ਐ ਤੇ ਜਦ ਵੀ ਕਿਤੇ ਲਿਜਾਨੇ ਆਂ ਤਾਂ ਐਂਬੂਲੈਂਸ ‘ਤੇ ਹੀ ਲਿਜਾਨੇ ਆਂ।” ਬਾਬਾ ਜੀ ਆਖਣ ਲੱਗੇ ਕਿ ਮੈਂ ਆ ਜਾਦਾ ਹਾਂ ਪਰ ਮੇਰਾ ਕਿਰਾਇਆ ਭਾੜਾ ਦੇ ਦੇਣਾ। ਮੈਂ ਆਖਿਆ, “ਜ਼ਰੂਰ ਬਾਬਾ ਜੀ, ਆਓ ਤਾਂ ਸਹੀ ਤੁਸੀਂ...ਤੁਹਾਡੀ ਸੇਵਾ-ਪਾਣੀ ਪੂਰੀ ਕਰਾਂਗੇ ਬਾਬਾ ਜੀ।”  ਸਵੇਰ-ਸਾਰ ਬਾਬਾ ਜੀ ਆਪਣੇ ਬੇਟੇ ਨਾਲ, ਆਪ ਡਰਾਈਵ ਕਰਕੇ ਮਹਿੰਗੀ ਏ.ਸੀ. ਕਾਰ ‘ਤੇ ਆਣ ਪਧਾਰੇ। ਉਤਰਦੇ ਸਾਰ ਹੀ ਬੋਲੇ, “ਮੈਨੂੰ ਕਾਹਲ ਬਹੁਤ ਆ...ਬਹੁਤ ਸਾਰੇ ਲੋਕ ਮੇਰੇ ਘਰ ਆਏ ਬੈਠੇ ਨੇ ਤੇ ਉਹਨਾਂ ਸਾਰਿਆਂ ਨੂੰ ਛੱਡ ਕੇ ਆਪਦਾ ਮਰੀਜ਼ ਦੇਖਣ ਆਇਆ ਵਾਂ।” ਬਾਬਾ ਜੀ ਨੇ ਸਾਰੇ ਟੈਸਟ ਦੇਖੇ ਤੇ ਆਖਿਆ, “ਤੁਸੀਂ ਤਾਂ ਆਬਦਾ ਘਰ ਪੱਟ ਲਿਆ...ਪਹਿਲਾਂ ਕਿਉਂ ਂਨਾ ਆਏ ਮੇਰੇ ਕੋਲ?” ਸੇਕਿਆਂ ਵਾਲਾ ਕਾਗਜ਼ ਦੇਖਕੇ ਕਹਿੰਦੇ ਕਿ ਆਹ ਸੇਕੇ ਕਾਹਤੋਂ ਲੁਆਏ ਆ...ਏਹਦੀ ਕੀ ਲੋੜ ਸੀ...ਮੇਰੇ ਕੋਲ ਆਉਣਾ ਸੀ। ਮੈਂ ਬੇਨਤੀ ਕੀਤੀ, “ਬਾਬਾ ਜੀ ਇਸ ਤੋਂ ਪਹਿਲਾਂ ਆਪ ਜੀ ਦਾ ਮੈਨੂੰ ਪਤਾ ਈ ਨਹੀਂ ਸੀ...ਨਹੀਂ ਤਾਂ ਮੈਂ ਆਪਣੇ ਪਾਪਾ ਜੀ ਨੂੰ ਆਪ ਕੋਲ ਫੋਰਨ ਤੇ ਅਵੱਸ਼ ਲੈ ਕੇ ਆਉਣਾ ਸੀ ਪਰ ਪਲੀਜ਼ ਤੁਸੀਂ ਹੁਣ ਇਲਾਜ ਸ਼ੁਰੂ ਕਰ ਦਿਓ।” ਪਾਪਾ ਕਦੇ ਬਾਬੇ ਵੱਲ ਤੇ ਕਦੇ ਮੇਰੇ ਵੱਲ ਦੇਖਦਾ। ਬੋਲ ਕੁਝ ਨਹੀਂ ਸੀ ਰਿਹਾ।  ਮੈਂ ਦੱਸਿਆ ਕਿ ਪਾਪਾ ਹੁਣ ਰੋਟੀ ਵੀ ਨਹੀਂ ਖਾਂਦੇ...ਲੰਘਦੀ ਈ ਨਹੀਂ ਰੋਟੀ।” ਬਾਬਾ ਜੀ ਬੋਲੇ, “ਮੇਰੀ ਦਵਾਈ ਦਿਓ...ਰੋਟੀ ਤਾਂ ਕੀ ਲੱਕੜਾਂ ਖਾਣਾ ਲਾਦੂੰਗਾ ਮੈਂ।” ਇਹ ਸੁਣ ਮੈਨੂੰ ਤੇ ਕੋਲ ਖਲੋਤੇ ਘਰ ਦੇ ਸਾਰੇ ਜੀਆਂ ਨੂੰ ਬੜਾ ਹੌਸਲਾ ਮਿਲਿਆ। ਨਿਆਣਿਆਂ ਦੇ ਚਿਹਰੇ ਚਮਕ ਪਏ। ਕੋਲ ਖਲੋਤੇ ਭਰਾ ਤੇ ਮਾਂ ਦੇ ਚਿਹਰੇ ਉੱਤੇ ਵੀ ਆਸ ਦੀ ਕਿਰਨ ਝਲਕਣ ਲੱਗੀ। ਬਾਬਾ ਜੀ ਨੇ ਕਿਹਾ ਕਿ ਕੱਚੀ (ਸਾਦੀ) ਦਵਾਈ ਮੇਰੇ ਕੋਲ ਤਿਆਰ ਆ...ਪੱਕੀ ਕਰਨ ਲਈ ਬਜ਼ਾਰ ਵਿੱਚੋਂ ਸੋਨਾ-ਚਾਂਦੀ (ਭਸਮ ਕੀਤਾ ਹੋਇਆ) ਲੈਣਾ ਪਊ...ਤੁਸੀਂ ਆਪ ਲੈ ਕੇ ਪਾ ਲਉਂਗੇ ਜਾਂ ਮੈਂ ਪਾਵਾਂ? ਮੈਂ ਬੇਨਤੀ ਕੀਤੀ, “ਬਾਬਾ ਜੀ ਜਿਵੇਂ ਆਪ ਦੀ ਮਰਜ਼ੀ।” ਬਾਬਾ ਜੀ ਕਹਿੰਦੇ, “ਆਹ ਲਓ ਪੰਜ ਦਿਨਾਂ ਦੀ ਦਵਾਈ...ਹੁਣੇ ਦਿਓ ਇੱਕ ਪੁੜੀ...ਇੱਕ ਦੁਪਹਿਰੇ ਤੇ ਇੱਕ ਸ਼ਾਮਾਂ ਨੂੰ ਦੇਣੀ ਆਂ।” ਬਾਬਾ ਜੀ ਨੇ ਕਾਰ ਦੀ ਡਿੱਕੀ ਖੋਲ੍ਹੀ ਤੇ ਮਗਰ ਪਏ ਸਟਾਕ ਵਿੱਚੋਂ ਪੁੜੀਆਂ ਬੰਨ੍ਹ ਦਿੱਤੀਆਂ। ਕਾਹਲ ਬਹੁਤ ਸੀ ਉਹਨਾਂ ਨੂੰ। ਜਾਂਦੇ-ਜਾਂਦੇ ਆਖਣ ਲੱਗੇ, “ ਮੇਰੇ ਕੋਲ ਤਾਂ ਨਿੱਤ ਆਈ. ਏ. ਐਸ. ਤੇ ਆਈ. ਪੀ. ਐਸ. ਅਫ਼ਸਰ ਦਵਾਈ ਲੈਣ ਆਉਂਦੇ ਨੇ...ਮੀਡੀਆ ਵਾਲਿਆਂ ਨੂੰ ਤਾਂ ਮੈਂ ਨੇੜੇ ਨਹੀਂ ਫਟਕਣ ਦਿੰਦਾ...ਏਹ ਚੰਦਰੇ ਗੱਲ ਦੀ ਵਲੱਲ ਬੜੀ ਬਣਾਉਂਦੇ ਆ...ਜਦ ਮੇਰੇ ਕੋਲ ਦਲਾਈਲਾਮਾ ਆਇਆ ਸੀ ਤਾਂ ਮੀਡੀਆ ਨੂੰ ਮੈਂ ਭਿਣਕ ਨਾ ਪੈਣ ਦਿੱਤੀ।”

ਇਹ ਕਹਿ ਕੇ ਬਾਬਾ ਜੀ ਨੇ ਕਾਰ ਦਬੱਲ ਦਿੱਤੀ। ਮੈਂ ਬਾਬਾ ਜੀ ਦੀ ‘ਸੇਵਾ ਪਾਣੀ’ (ਪੈਸੇ) ਚੰਗੀ ਕਰ ਦਿੱਤੀ ਸੀ। ਉਹ ਖੁਸ਼ ਗਏ ਸਨ। ਉਹਨਾਂ ਦੇ ਚਲੇ ਜਾਣ ਬਾਅਦ ਜਦ ਪਾਪਾ ਨੂੰ ਇੱਕ ਪੁੜੀ ਪਾਣੀ ਨਾਲ ਦਿੱਤੀ ਤਾਂ ਉਹ ਝਟ ‘ਚ ਬਾਹਰ ਆ ਗਈ। ਉਹ ਹੋਰ ਔਖੇ ਹੋ ਗਏ। ਉਹਨਾਂ ਦੀ ਔਖ ਦੇਖੀ ਨਾ ਜਾਏ। ਘਰ ਦੇ ਸਾਰੇ ਜੀਅ ਮੈਨੂੰ ਲੜਨ ਲੱਗੇ ਕਿ ਕਿੱਥੋ ਬੁਲਾ ਲਿਆ ਏਹ ਬਾਬਾ? ਸੁੱਟ੍ਹੋ ਇਸਦੀ ਦਵਾਈ ਪਰ੍ਹੇ। ਖ਼ੈਰ, ਪਾਪਾ ਆਥਣ ਤੀਕ ਮਸਾਂ ਟਿਕੇ। ਪਤਾ ਨਹੀਂ ਉਸ ਪੁੜੀ ਵਿੱਚ ਕੀ ਸੀ, ਕੀ ਨਹੀਂ। ਸੋ, ਸਾਡੀ ਇਹ ਇੱਕ ਆਸ ਵੀ ਟੁੱਟ ਗਈ, ਜਿਹੜੀ ਬਾਬੇ ਤੋਂ ਬੱਝੀ ਸੀ।

ਅੱਧੀ-ਅੱਧੀ ਰਾਤ ਨੂੰ ਜਾਗ ਟੁਟਦੀ, ਮੈਂ ਉਠ ਕੇ ਦੇਖਦਾ ਕਿ ਕਿਤੇ ਪਾਪਾ ਦੇ ਪੀੜ ਨਾ ਹੁੰਦੀ ਹੋਵੇ! ਉਹ ਟਿਕੇ ਹੁੰਦੇ ਪਰ ਮੈਨੂੰ ਟੇਕ ਨਾ ਆਉਂਦੀ। ਚੋਬਾਰੇ ਵਿੱਚੋਂ ਖਲੋ ਕੇ ਗਲੀ ਵਿੱਚ ਝਾਕਦਾ। ਕਾਲੀ ਸੁੰਨੀ ਗਲੀ ਖਾਣ ਨੂੰ ਆਉਂਦੀ।

ਚਲਦਾ…

No comments: