ਤਾਂਘ……… ਨਜ਼ਮ/ਕਵਿਤਾ / ਬਲਵਿੰਦਰ ਸਿੰਘ ਮੋਹੀ

ਤਾਂਘ ਓਸਦੀ ਦਿਲ ਮੇਰੇ ‘ਚੋਂ ਮਰਦੀ ਨਹੀਂ,
ਜਿਹਨੂੰ ਮੇਰੇ ਨਾਲ ਕੋਈ ਹਮਦਰਦੀ ਨਹੀਂ,

ਮੇਰੇ ਨੈਣੋਂ ਛਮ ਛਮ ਹੰਝੂ ਵਗਦੇ ਨੇ,
ਅੱਖ ਓਸਦੀ ਦੇਖੀ ਮੈਂ ਕਦੇ ਭਰਦੀ ਨਹੀਂ,

ਮੰਨਿਆ ਕਿਸ਼ਤੀ ਡੁੱਬਦੀ ਕਾਰਨ ਪਾਣੀ ਦੇ,
ਪਰ ਪਾਣੀ ਬਿਨ ਦੇਖੀ ਕਿਸ਼ਤੀ ਤਰਦੀ ਨਹੀਂ,

ਹੱਕ ਕਿਸੇ ਦਾ ਖੋਹਕੇ ਜਦ ਕੋਈ ਖਾਂਦਾ ਹੈ,
ਉਸ ਨੂੰ ਲਗਦੈ ਇਹ ਕੋਈ ਗੁੰਡਾਗਰਦੀ ਨਹੀਂ,

ਜਿਹੜੀ ਗੱਲ ਜ਼ੁਬਾਨ ਆਖਣੋਂ ਡਰਦੀ ਹੈ ,
ਓਸੇ ਗੱਲ ਨੂੰ ਕਲਮ ਲਿਖਣ ਤੋਂ ਡਰਦੀ ਨਹੀਂ,

ਹੁਣ ਤਾਂ ਇਹ ਗੱਲ ਕੋਰਟ ਕਚਹਿਰੀ ਜਾਵੇਗੀ,
ਉਹ ਕਹਿੰਦਾ ਗੱਲ ਰਹੀ ਆਪਣੇ ਘਰਦੀ ਨਹੀਂ,

ਹਾਰ ਗਿਆ ਮੈਂ ਭਾਵੇਂ ਅੱਜ ਹਾਲਾਤਾਂ ਤੋਂ,
ਪਰ ਜੂਝਣ ਦੀ ਹਿੰਮਤ ਟਾਲਾ ਕਰਦੀ ਨਹੀਂ।

****


No comments: