ਆਇਆ ਨੰਦ ਕਿਸ਼ੋਰ......... ਨਜ਼ਮ/ਕਵਿਤਾ / ਡਾ. ਸੁਰਜੀਤ ਪਾਤਰ

(ਸ਼ਾਇਦ ਸਾਡੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਦੀ ਇਹ ਨਜ਼ਮ ਤੀਂਘੜ ਤੀਂਘੜ ਕੇ ਔਖੀ ਨਜ਼ਮ ਲਿਖਣ ਵਾਲਿ਼ਆਂ ਲਈ ਪ੍ਰੇਰਣਾ ਸ੍ਰੋਤ ਹੋ ਸਕੇ )

ਪਿੱਛੇ ਪਿੱਛੇ ਰਿਜ਼ਕ ਦੇ, ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ, ਗੱਡੀ ਬੈਠ ਸਿਆਲਦਾ
ਨਾਲ਼ ਬਥੇਰੇ ਹੋਰ, ਰਾਮਕਲੀ ਵੀ ਨਾਲ਼ ਸੀ
ਸੁਘੜ ਲੁਗਾਈ ਓਸ ਦੀ...

ਲੁਧਿਆਣੇ ਦੇ ਕੋਲ਼ ਹੀ, ਇੱਕ ਪਿੰਡ ਬਾੜੇਵਾਲ਼ ਵਿੱਚ
ਜੜ੍ਹ ਲੱਗੀ ਤੇ ਪੁੰਗਰੀ, ਰਾਮਕਲੀ ਦੀ ਕੁੱਖ 'ਚੋਂ
ਜਨਮੀ ਬੇਟੀ ਓਸ ਦੀ, ਨਾਂ ਧਰਿਆ ਸੀ ਮਾਧੁਰੀ...

ਕੱਲ੍ਹ ਮੈਂ ਦੇਖੀ ਮਾਧੁਰੀ, ਓਸੇ ਪਿੰਡ ਸਕੂਲ ਵਿੱਚ
ਗੁੱਤਾਂ ਬੰਨ੍ਹ ਕੇ ਰਿਬਨ ਵਿੱਚ, ਸੁਹਣੀ ਪੱਟੀ ਪੋਚ ਕੇ
ਊੜਾ ਐੜਾ ਲਿਖ ਰਹੀ...

ਊੜਾ ਐੜਾ ਲਿਖ ਰਹੀ, ਬੇਟੀ ਨੰਦ ਕਿਸ਼ੋਰ ਦੀ
ਕਿੰਨਾ ਗੂੜ੍ਹਾ ਸਾਕ ਹੈ, ਅੱਖਰਾਂ ਤੇ ਰਿਜ਼ਕ ਦਾ...

ਏਸੇ ਪਿੰਡ ਦੇ ਲਾਡਲੇ, ਪੋਤੇ ਅੱਛਰ ਸਿੰਘ ਦੇ
ਆਪਣੇ ਪਿਉ ਦੀ ਕਾਰ ਵਿੱਚ
ਬਹਿ ਲੁਧਿਆਣੇ ਆਂਵਦੇ
ਕੌਨਵੈਂਟ ਵਿੱਚ ਪੜ੍ਹ ਰਹੇ, ਏ.ਬੀ.ਸੀ.ਡੀ. ਸਿੱਖਦੇ...

ਏ.ਬੀ.ਸੀ.ਡੀ. ਸਿੱਖਦੇ, ਪੋਤੇ ਅੱਛਰ ਸਿੰਘ ਦੇ

ਕਿੰਨਾ ਗੂੜ੍ਹਾ ਸਾਕ ਹੈ, ਅੱਖਰ ਅਤੇ ਅਕਾਂਖਿਆ...
ਪਿੱਛੇ ਪਿੱਛੇ ਰਿਜ਼ਕ ਦੇ, ਆਇਆ ਨੰਦ ਕਿਸ਼ੋਰ...
****


No comments: