ਯਮਰਾਜ ਦਾ ਫੈਸਲਾ..........ਮਿੰਨੀ ਕਹਾਣੀ / ਰਿੰਕੂ ਸੈਣੀ, ਫਰੀਦਕੋਟ

"ਅਗਲਾ ਬੰਦਾ ਹਾਜਿਰ ਕਰੋ..."
“ਯਮਰਾਜ ਜੀ .. ਇਹ ਹੈ ਬਚਨ ਸਿੰਘ, ਭਾਰਤ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ.... ਅੱਜ ਤੜਕੇ ਹੀ ਇਹਨੇ ਪ੍ਰਾਣ ਤਿਆਗੇ ਨੇ.. ਇਹਦੀ ਫਾਈਲ ਤੁਹਾਡੇ ਟੇਬਲ ‘ਤੇ ਈ ਪਈ ਐ....."
"ਹੂੰ... ਬਚਨੇ ਦੀ ਉਮਰ ਤਾਂ ਹਜੇ ਪੰਦਰਾਂ ਸਾਲ ਹੋਰ ਪਈ ਸੀ... ਫਾਈਲ ‘ਤੇ ਤਾਂ ਦੋ ਹਜ਼ਾਰ ਸਤਾਈ 'ਚ ਇਹਦੀ ਮੌਤ ਹੋਣੀ ਲਿਖੀ ਐ.....?"
"ਹਾਂ ਜੀ.. ਹਾਂ ਜੀ ਯਮਰਾਜ ਜੀ... ਉਮਰ ਤਾਂ ਇਹਦੀ ਉਨੀ ਹੀ ਸੀ... ਪਰ ਇਹਨੇ ਅਾਪਣੇ ਪੁੱਤਾਂ ਦੇ ਤਸੀਹਿਆਂ ਤੋਂ ਤੰਗ ਆ ਕੇ ਖੁਦ ਹੀ ਆਤਮ ਹੱਤਿਆ ਕਰ ਲਈ ਐ ...."
"ਅੋ ਕੇ.. ਅੋ ਕੇ... ਬਹੁਤ ਮਾੜੀ ਗੱਲ ਹੋਈ......  ਬਚਨਿਆਂ ਹੁਣ ਤੇਰੇ ਪੁੰਨ ਅਤੇ ਪਾਪਾਂ ਦਾ ਹਿਸਾਬ ਕਿਤਾਬ ਕਰਨਾ ਹੈ.. ਦੱਸ ਤੈਨੂੰ ਪਹਿਲਾਂ ਤੇਰੇ ਪੁੰਨਾਂ ਬਾਰੇ ਦੱਸਿਆ ਜਾਵੇ ਜਾਂ ਪਾਪਾਂ ਬਾਰੇ......?"
"ਮਹਾਰਾਜ ਜੀ... ਮੈਂ ਤਾਂ ਸਿੱਧਾ ਸਾਧਾ ਬੰਦਾ ਹਾਂ... ਪਾਪ ਤਾਂ ਸ਼ਾਇਦ ਹੀ ਮੇਰੇ ਕੋਈ ਹਿੱਸੇ ਹੋਵੇ... ਚੱਲੋ ਪਹਿਲਾਂ ਮੇਰੇ ਪੁੰਨ ਚੈੱਕ ਕਰ ਲਉ...."
"ਜਿਵੇਂ ਤੇਰੀ ਮਰਜੀ... ਲੈ ਪਹਿਲਾਂ ਆਪਾਂ ਤੇਰੇ ਪੁੰਨ ਚੈੱਕ ਕਰਦੇ ਲ਼ੈਂਦੇ ਆ....... ਵਾਹ ਬਚਨਿਆਂ ਵਾਹ..ਤੇਰਾ ਕ੍ਰਮ ਕਹਿੰਦਾ ਹੈ ਕਿ ਤੂੰ ਗੁਰਦੁਆਰਾ ਘਰ ਬੜੀ ਸੇਵਾ ਕੀਤੀ ਐ... ਪੰਜ ਸਾਲ ਗੁਰਦੁਆਰਾ ਘਰ 'ਚ ਪ੍ਰਧਾਨਗੀ ਵੀ ਕੀਤੀ ਐ..... ਚੰਗਾ ਕੰਮ ਕੀਤਾ ਤੂੰ ਇਹ..."
"ਧੰਨਵਾਦ ਮਹਾਰਾਜ..."
"ਅਗਲਾ ਚੰਗਾ ਕ੍ਰਮ ... ਤੂੰ ਆਪਣੇ ਪਿੰਡ ਦੀ ਤਿੰਨ ਸਾਲ ਸਰਪੰਚੀ ਵੀ ਕੀਤੀ ਐ.. ਪਿੰਡ ਦਾ ਚੰਗਾ ਵਿਕਾਸ ਕੀਤਾ, ਚਾਹੇ ਥੋੜਾ ਬਹੁਤ ਤੂੰ ਪੈਸਾ ਵੀ ਖਾਧਾ.. ਚੱਲ ਕੋਈ ਗੱਲ ਨੀ.. ਭਾਰਤ 'ਚ ਇਹ ਤਾਂ ਆਮ ਈ ਐ..... ਤੇਰਾ ਕ੍ਰਮ ਕਹਿੰਦਾ ਐ.. ਤੂੰ ਕਈ ਤੀਰਥ ਸਥਾਨਾਂ ਦੀਆਂ ਯਾਤਰਾਂ ਵੀ ਕੀਤੀਆਂ ਤੇ ਭੁੱਖਿਆਂ ਨੂੰ ਰੋਟੀ ਵੀ ਖਵਾਈ...... ਬਹੁਤ ਅੱਛੇ .. ਚਾਹੇ ਇਹ ਸਭ ਕੁਝ ਤੂੰ ਮੁੰਡਾ ਜੰਮਣ ਦੀ ਆਸ ਲਈ ਕੀਤਾ..... ਤਾਂ ਜੋ ਰੱਬ ਤੇਰੇ ਤੇ ਖੁਸ਼ ਹੋ ਸਕੇ......"
"ਹਾਂ ਜੀ ਮਹਾਰਾਜ... ਤੁਸੀਂ ਤਾਂ ਅੰਤਰਜਾਮੀ ਹੋ.... ਤੁਹਾਡੇ ਤੋਂ ਕੀ ਲੁਕੋ ਐ... ਅੌਲਾਦ ਲਈ ਤਾਂ ਸਭ ਹੀ ਕਰਦੇ ਨੇ ਇਹ ਸਭ ਕੁਝ...."
"ਹੋਰ ਵੀ ਬਹੁਤ ਚੰਗੇ ਕੰਮ ਨੇ ਬਚਨਿਆਂ... ਬੋਲ ਕੀ ਚਾਹੁੰਣਾ ਇੰਨਾ ਕ੍ਰਮਾਂ ਬਦਲੇ......"
"ਮਹਾਰਾਜ ਤੁਸੀਂ ਆਪ ਈ ਦੇਖ ਲੋ.... ਵੈਸੇ ਮੈਂ ਚਾਹੁੰਣਾ ਮੈਂ ਧੀਰੂ ਭਾਈ ਅੰਬਾਨੀ ਵਰਗਾ ਬਣ ਦੁਨੀਆਂ ਤੇ ਦੁਬਾਰਾ ਜਨਮ ਲਵਾਂ.... ਹਰ ਐਸ਼ੋ ਅਰਾਮ ਦੀ ਚੀਜ਼ ਮੇਰੇ ਕੋਲ ਹੋਵੇ..... ਪਰ ਨਾਲ ਅੌਲਾਦ ਵੀ ਚੰਗੀ ਹੋਵੇ ਅਗਲੇ ਜਨਮ 'ਚ...."
"ਜਰੂਰ...ਤੇਰੀ ਇੱਛਾ ਪੂਰੀ ਹੋਵੇਗੀ....ਪਰ ਪਹਿਲਾਂ ਆਪਾਂ ਤੇਰੇ ਪਾਪਾਂ ਦਾ ਹਿਸਾਬ ਕਿਤਾਬ ਵੀ ਕਰ ਲਈਏ......."
"ਦੇਖ ਲਉ ਮਹਾਰਾਜ ਦੇਖ ਲਉ...ਮੈਨੂੰ ਪਤਾ ਮੈਂ ਕੋਈ ਵੱਡਾ ਪਾਪ ਨਹੀਂ ਕੀਤਾ......."
"ਰੁਕੋ ਮੈਂ ਦੇਖਦਾ....... ਉ ਮਾਈ ਗੋਡ...... ਦੁਸ਼ਟ ! ਪਾਪੀ ! ਹਤਿਆਰੇ !......ਲੈ ਜਾਉ ਉਏ ਇਹਨੂੰ ਮੇਰੀਆਂ ਅੱਖਾਂ ਦੇ ਸਾਹਮਣਿਉ.... ਕਹਿੰਦਾ ਏ ਮੈਂ ਪਾਪ ਨੀ ਕੀਤਾ...."
"ਮਹਾਰਾਜ ਸੱਚੀਂ ਮੈਂ ਕੋਈ ਪਾਪ ਨੀ ਕੀਤਾ ..ਤੁਸੀਂ ਹਤਿਆਰਾ ਕਿਉਂ ਕਿਹਾ ਮੈਂਨੂੰ.....? ਸੋਂਹ ਲੱਗੇ ਮਹਾਰਾਜ ਮੈਂ ਕੋਈ ਕਤਲ ਨੀ ਕੀਤਾ.... ਜ਼ਰੂਰ ਭੁਲੇਖਾ ਲੱਗ ਗਿਆ ਹੋਣਾ ਤੁਹਾਨੂੰ...."
"ਉਏ ਬਕਵਾਸ ਨਾ ਕਰ...ਤੇਰੇ ਸਾਰੇ ਪੁੰਨ ਤੇਰੇ ਇਸ ਕੰਮ ਨੇ ਵਿਅਰਥ ਕਰ ਦਿੱਤੇ ਨੇ...ਤੇਰਾ ਪਹਿਲਾ ਬੱਚਾ ਕਦ ਹੋਇਆ ਸੀ..?"
"ਜੀ ਵਿਆਹ ਤੋਂ ਪੰਜ ਸਾਲ ਬਾਅਦ......"
"ਉਏ ਫਿਰ ਝੂਠ...ਤੇਰੇ ਪਹਿਲਾ ਬੱਚਾ ਵਿਆਹ ਤੋਂ ਇੱਕ ਸਾਲ ਬਾਅਦ ਹੋਣਾ ਸੀ, ਇੱਕ ਵਿਆਹ ਤੋਂ ਦੋ ਸਾਲ ਬਾਅਦ ਤੇ ਇੱਕ ਤਿੰਨ ਸਾਲ ਬਾਅਦ.....ਕਿਉਂਕਿ ਉਹ ਸਭ ਕੁੜੀਆਂ ਸਨ ..ਤਾਹੀਉਂ ਤੂੰ ਸਾਰੇ ਬੱਚੇ ਮਾਂ ਦੀ ਕੁੱਖ ਵਿੱਚ ਈ ਕਤਲ ਕਰਾ ਦਿੱਤੇ ਉਏ...ਸਾਡੀ ਕਚਿਹਰੀ ਵਿੱਚ ਇਸ ਤੋਂ ਵੱਡਾ ਕੋਈ ਪਾਪ ਨਹੀਂ...ਜਿੰਨੇ ਮਰਜੀ ਪੁੰਨ ਕਰ ਲਉ.....ਜੇ ਤੁਸੀਂ ਇਹ ਪਾਪ ਕੀਤਾ ਤਾਂ ਸਾਰੇ ਪੁੰਨ ਫੇਲ ਹੋ ਜਾਂਦੇ ਨੇ...ਜਾਉ ਦੂਤੋ ਹੁਣ ਲੈ ਜਾਉ ਇਹਨੂੰ ਅਪਰੇਸ਼ਨ ਥੀਏਟਰ ਤੇ ਇਸ ਦੀ ਰੂਹ ਦੇ ਵੀ ਇੰਨੇ ਟੋਟੇ ਕਰੋ..ਜਿੰਨੇ ਇੰਨੇ ਆਪਣੀਆਂ ਧੀਆਂ ਦੇ ਕਰਾਏ ਸਨ..ਇਸ ਹੈਵਾਨ ਨੂੰ ਹਮੇਸ਼ਾ ਲਈ ਖਤਮ ਕਰ ਦਵੋ....."
"ਮਹਾਰਾਜ ਮਾਫ ਕਰ ਦਵੋ...ਮਹਾਰਾਜ ਮਹਾਰਾਜ ਮਹਾਰਾਜ...." ਦੂਤ ਬਚਨੇ ਨੂੰ ਫੜ ਅਪਰੇਸ਼ਨ ਥੀਏਟਰ ਲੈ ਗਏ । ਬਚਨੇ ਨੇ ਜਾਂਦੇ ਜਾਂਦੇ ਯਮਰਾਜ ਕੋਲ ਬਹੁਤ ਤਰਲਾ ਕੀਤਾ ਪਰ ਯਮਰਾਜ ਨੇ ਇੱਕ ਨਾ ਸੁਣੀ..ਤੇ ਅਪਣਾ ਫੈਸਲਾ ਬਰਕਰਾਰ ਰੱਖਿਆ।
****


No comments: