ਮੰਜਾ.......... ਅਭੁੱਲ ਯਾਦਾਂ / ਰਾਜਪਾਲ ਸੰਧੂ

ਇਹ ਉਦੋਂ ਦੀ ਗੱਲ ਹੈ, ਜਦੋਂ ਸਾਡੇ ਪਿੰਡ ਦੀਆਂ ਗਲੀਆਂ ਕੱਚੀਆਂ ਤੇ ਜ਼ੁਬਾਨਾਂ ਪੱਕੀਆਂ ਹੁੰਦੀਆਂ ਸਨ ।

ਹਾਂ ਇਹ ਉਦੋਂ ਕੁ ਦੀ ਗੱਲ ਹੈ ਜਦੋਂ ਅਸੀਂ ਰਾਤਾਂ ਨੂੰ ਵਿਹੜੇ ਵਿਚ ਮੰਜੇ ਡਾਹ, ਖੱਡੀ ਦੀਆਂ ਦਰੀਆਂ ਵਿਛਾ ਕੇ ਆਸਮਾਨ ਵਿਚ ਤਾਰੇ ਵੇਖ ਵੇਖ ਹੈਰਾਨ ਹੁੰਦੇ ਸਾਂ।

ਫਿਰ ਇਕ ਦਿਨ ਇਹ ਹੋਇਆ ਕਿ ਅਸੀਂ ਸ਼ਹਿਰ ਆ ਗਏ ਤੇ ਮੰਜਾ ਪਿੰਡ ਰਹਿ ਗਿਆ । ਭਾਰਾ ਸੀ, ਵੱਡਾ ਵੀ ਤੇ ਸ਼ਹਿਰ ਉਸ ਦੀ ਲੋੜ ਨਹੀਂ ਸੀ। ਸ਼ਹਿਰ ਥਾਂ ਜੋ ਘੱਟ ਸੀ। ਸ਼ਹਿਰ ਹਮੇਸ਼ਾ ਛੋਟਾ ਛੋਟਾ ਜਿਹਾ ਹੁੰਦਾ ਹੈ ਜਿੰਨਾ ਮਰਜ਼ੀ ਵੱਡਾ ਹੋ ਜਾਵੇ। ਪਿੰਡ ਛੋਟਾ ਜਿਹਾ ਵੀ ਖੁੱਲ੍ਹਾ ਖੁੱਲ੍ਹਾ ਹੁੰਦਾ ਹੈ।

ਮੈਨੂੰ ਪੂਰੀ ਸੰਭਾਲ ਸੀ, ਜਦੋਂ ਅਸੀਂ ਉਹ ਮੰਜਾ ਉਣਿਆ। ਜਿਵੇਂ ਮੱਝਾਂ ਦੇ ਨਾਂ ਸਨ; ਬੂਰੀ, ਬੋਲੀ, ਢੇਹਲੀ ,ਮੰਜੇ ਦਾ ਵੀ ਨਾਂ ਸੀ। ਵੱਡਾ ਮੰਜਾ ।ਬਾਕੀ ਸਾਰੀਆਂ ਤਾਂ ਮੰਜੀਆਂ ਸਨ । ਇਹ ਮੰਜਾ ਸੀ ।ਸਾਡੀ ਦੋਹਾਂ ਦੀ ਉਮਰ ਵਿਚ 8-10 ਸਾਲ ਦਾ ਫ਼ਰਕ ਹੋਣਾ। ਮੇਰਾ ਨਾਂ ਵੀ ਵੱਡਾ ਸੀ। ਬਾਕੀ ਦੋਵੇਂ ਮੇਰੇ ਤੋਂ ਛੋਟੇ ਸਨ।

ਇਹ ਕੋਈ ਬਹੁਤੀ ਪੁਰਾਣੀ ਗਲ ਨਹੀਂ ਹੈ। ਇਹ ਉਦੋਂ ਦੀ ਗਲ ਹੈ ਜਦੋਂ ਐਤਵਾਰ ਸਵੇਰੇ ਸਾਢੇ ਨੌਂ ਵਜੇ ਦੂਰਦਰਸ਼ਨ ਤੇ ਰਾਮਾਇਣ ਆਉਂਦੀ ਹੁੰਦੀ ਸੀ।

ਕਾਲ਼ੀ ਟਾਹਲੀ ਦੀਆਂ ਬਾਹੀਆਂ ਤੇ ਸੇਰੂ, ਮੈਂ ਤੇ ਬਾਪੂ ਸ਼ਹਿਰੋਂ ਲੈ ਕੇ ਆਏ ਸਾਂ। ਪਾਵਿਆਂ ਤੇ ਹੱਥ ਨਾਲ ਨਕਾਸ਼ੀ ਕੀਤੀ ਸੀ। ਦੁਕਾਨਦਾਰ ਨੇ ਕਿਹਾ ਕਾਲੀ ਟਾਹਲੀ ਹੈ ਪਰ ਬਾਪੂ ਕਹਿੰਦਾ ਸੀ ਟਾਹਲੀ ਕਾਲੀ ਨਹੀਂ ਹੈ ।ਗੁਰੀਏ ਤਰਖਾਣ ਨੇ ਜਿਸ ਸਫ਼ਾਈ ਨਾਲ ਚੂਲਾਂ ਬਣਾ ਕੇ ਮੰਜਾ ਜੋੜਿਆ, ਲਗਦਾ ਨਹੀਂ ਸੀ ਇਹ ਹੱਥ ਦਾ ਕੰਮ ਸੀ। ਕਿਸੇ ਪਾਸਿਉਂ ਕਾਣ ਨਹੀਂ ਸੀ ,ਕੋਈ ਪਾਸਾ ਹਿਲਦਾ ਨਹੀਂ ਸੀ। ਫਰੇਮ, ਢਾਂਚਾ ਇਕਦਮ ਤਿਆਰ ਸੀ, ਬਿਲਕੁਲ ਮੇਰੇ ਤਰ੍ਹਾਂ ਪਰ ਮੈਨੂੰ ਤਾਂ ਸਕੂਲੇ ਵੀ ਜਾਣਾ ਪੈਂਦਾ ਸੀ।

ਫਿਰ ਸੂਤ ਆਇਆ, ਰੰਗ ਆਇਆ, ਉਨਾਬੀ ਰੰਗ। ਸਿਲਵਰ ਦੇ ਵੱਡੇ ਪਤੀਲੇ ਵਿਚ ਰੰਗ ਉਬਾਲਿਆ। ਜਦੋਂ ਪੱਕ ਗਿਆ ਤੇ ਵਿਚ ਸੂਤ ਦੀਆਂ ਛੱਲੀਆਂ ਸੁੱਟੀਆਂ ਗਈਆਂ ।ਉਨਾਬੀ ਰੰਗ ਦਾ ਸੂਤ ਹੁਣ ਸਾਰੇ ਘਰ ਵਿਚ ਫੈਲਿਆ ਸੁੱਕ ਰਿਹਾ ਸੀ ।ਮੈਂ ਸੂਤ ਹੱਥ ਵਿਚ ਵਿਚ ਲੈ ਕੇ ਘਰੇ ਘਰੇ ਭੱਜਾ ਫਿਰਦਾ ਸਾਂ।

ਮੇਰੇ ‘ਤੇ ਵੀ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਸੀ। ਪੜ੍ਹਾਈ ਦਾ, ਘਸਮੈਲ਼ਾ ਜਿਹਾ ਰੰਗ। ਬਸਤਾ ਭਾਰੀ ਹੋਣ ਲਗ ਪਿਆ ਸੀ। ਬਸਤਾ ਤਾਂ ਹੁਣ ਵੀ ਮੇਰੇ ਕੋਲ ਹੁੰਦਾ ਹੈ ਪਰ ਇਸ ਵਿਚ ਹੁਣ ਕਿਤਾਬਾਂ ਮੇਰੀ ਮਰਜ਼ੀ ਦੀਆਂ ਹੁੰਦੀਆਂ ਨੇ ਤੇ ਇਹ ਹੁਣ ਭਾਰਾ ਵੀ ਨਹੀਂ ਲਗਦਾ ਤੇ ਹੁਣ ਕਿਤਾਬ ਚੁਕਦਿਆਂ ਹੀ ਨੀਂਦ ਵੀ ਨਹੀਂ ਆਉਂਦੀ।

ਫਿਰ ਇਕ ਦਿਨ ਗਿਆਰਾਂ ਵਾਲੀ ਬਸ ਤੇ ਵੱਡੀ ਭੂਆ ਆਈ ।ਜਿਵੇਂ ਹਮੇਸ਼ਾ ਗਰਮੀ ਦੀਆਂ ਛੁੱਟਿਆਂ ਵਿਚ ਆਉਂਦੀ ਸੀ। ਜਾਮਨੂ ਲੈ ਕੇ। ਝੋਲਾ ਭਰ ਕੇ ।ਉਹਦੇ ਘਰ ਜਾਮਨੂ ਦਾ ਬਹੁਤ ਵੱਡਾ ਰੁੱਖ ਸੀ ।ਸਾਡੇ ਖੇਤਾਂ ਵਿਚ ਵੀ ਸੀ।ਪਰ ਇਹਨੂੰ ਜਾਮਨੂ ਨਹੀਂ ਲਗਦੇ ਸਨ।ਇਹ ਇਕ ਲੰਬੀ ਕਹਾਣੀ ਹੈ। ੲਿੱਕ ਦਿਨ ਦਾਦੀ ਨੇ ਘਰ ਦੇ ਸਾਰੇ ਮੁੰਡਿਆਂ ਨੂੰ ਇਕੱਠਾ ਕੀਤਾ ਤੇ ਖੇਤ ਵਿਚ ਜਾਮਨੂ ਕੋਲ ਲੈ ਗਈ ।

ਪਹਿਲਾਂ ਉਸਨੇ ਸਾਨੂੰ ਇਕ ਕਹਾਣੀ ਸੁਨਾਈ ।ਉਹ ਕਹਾਣੀ ਇਕ ਬਹੁਤ ਸੁੰਦਰ ਕੁੜੀ ਬਾਲੋ ਦੀ ਸੀ । ਜੋ ਇਕ ਜੰਗਲ ਵਿਚ ਰਹਿੰਦੀ ਸੀ ।ਕਹਾਣੀ ਮੈਨੂੰ ਪੂਰੀ ਯਾਦ ਨ੍ਹੀਂ ਪਰ ਬਾਲੋ ਤਾਂ ਪੂਰੀ ਯਾਦ ਹੈ । ਫਿਰ ਦਾਦੀ ਨੇ ਸਾਨੂੰ ਕਿਹਾ ਕਿ ਹੁਣ ਇਸ ਜਾਮਨੂ ਦੇ ਟੱਕ ਲਾਉਣਾ ਹੈ । ਪੂਰਣ ਨੰਗੇ ਹੋ ਕੇ । ਅਸੀਂ ਤਾਂ ਕੱਛੇ ਹੀ ਪਾਏ ਸਨ। ਪਰ ਸਾਰੇ ਮੁੰਡੇ ਸ਼ਰਮਾ ਕੇ ਇਕ ਦੂਜੇ ਦੇ ਪਿੱਛੇ ਲੁਕ ਗਏ ।ਦਾਦੀ ਨੇ ਸਾਰਿਆਂ ਨੂੰ ਵਾਰੀ ਵਾਰੀ ਕਿਹਾ। ਕੋਈ ਨਾ ਮੰਨਿਆਂ । ਮੈਂ ਵੀ ਸ਼ਰਮਾ ਕੇ ਦੂਰ ਭੱਜ ਗਿਆ। ਬੜੀ ਦੇਰ ਦਾਦੀ ਸਾਡੀਆਂ ਮਿੰਨਤਾਂ ਕਰਦੀ ਰਹੀ । ਫਿਰ ਹਾਰ ਕੇ ਉਹ ਗੁੱਸੇ ਵਿਚ ਵਾਪਿਸ ਤੁਰ ਗਈ । ਟੱਕ ਨਾ ਲੱਗਾ। ਜਾਮਨੂ ਵੀ ਨਾ ਲੱਗੇ। ਮੈਂ ਬਹੁਤ ਦੁਖੀ ਸੀ।

ਪਰ ਅੱਜ ਭੂਆ ਦੇ ਲਿਆਂਦੇ ਜਾਮਨੂ ਖਾ ਖਾ ਕੇ ਹੱਥ, ਮੂੰਹ, ਜ਼ੁਬਾਨ ਲਾਲ ਹੋ ਗਈ। ਨਹੀਂ ਉਨਾਬੀ ਹੋ ਗਈ। ਸੂਤ ਵਰਗੀ ਉਨਾਬੀ। ਭੂਆ ਦੇ ਆਉਣ ਦੀ ਖੁਸ਼ੀ ਵਿਚ ਉਸ ਦਿਨ ਮੈਂ ਦੁਪਹਿਰੇ ਸੁੱਤਾ ਵੀ ਨਾ।

“ਭੂਆ ਤੁਹਾਡੇ ਜਾਮਨੂ ਬਹੁਤ ਲਗਦੇ ਆ, ਟੱਕ ਕਿਹਨੇ ਲਾਇਆ ਸੀ”। ਭੂਆ ਨੇ ਮੁਸਕਰਾ ਕੇ ਕਿਹਾ ਤੇਰੇ ਵੱਡੇ ਵੀਰ ਨੇ। ਬਹੁਤ ਚਿਰ ਪਹਿਲਾਂ।

ਲਹੁਡੇ ਵੇਲੇ ਕੰਧ ਦੇ ਪਰਛਾਵੇਂ ਹੇਠ ਬੈਠੇ, ਚਾਹ ਪੀਂਦੇ ਭੂਆ ਨੇ ਕਿਹਾ “ਲਿਆ ਭਾਈ ਸੰਘਾ ਬੰਨ੍ਹ ਜਾਵਾਂ, ਮੁੜ ਕੇ ਉਣਦੇ ਰਿਹੋ ਹੌਲ਼ੀ ਹੌਲ਼ੀ। ਸੰਘਾ ਚੰਗੀ ਤਰਾਂ ਨਾਂ ਬੱਝਾ ਜਾਵੇ ਤਾਂ ਮੰਜੇ ਵਿਚ ਕਾਣ ਪੈ ਜਾਂਦੀ ਆ”। ਮੈਨੂੰ ਨਹੀਂ ਪਤਾ ਸੀ ਸੰਘਾ ਕੀ ਹੁੰਦਾ ਹੈ । ਬਾਪੂ ਨੇ ਮੈਨੂੰ ਇਕ ਵਾਰੀ ਦੱਸਿਆ ਕਿ ਮੈਨੂੰ ਗੁੜ੍ਹਤੀ ਵੱਡੀ ਭੂਆ ਨੇ ਦਿੱਤੀ ਸੀ। ਸ਼ਹਿਦ ਚਟਾ ਕੇ। ਹੁਣ ਮੈਂ ਸੋਚਦਾ ਹਾਂ ਮੇਰਾ ਸੰਘਾ ਉਸੇ ਨੇ ਬੰਨ੍ਹਿਆ ਸੀ। ਅੱਜ ਤਕ ਕੋਈ ਕਾਣ ਨਹੀਂ ਪਈ। ਭੂਆ ਦੀ ਮੁਸਕਾਨ ਵਿਚ ਕੋਈ ਦੁਆ ਸੀ।

ਬਾਪੂ ਤੇ ਮੈਂ ਮੰਜੇ ਦਾ ਸਮਾਨ ਬਾਹਰ ਲਿਆ ਰੱਖਿਆ। ਅਜੇ ਇਹ ਮੰਜਾ ਨਹੀਂ ਸੀ। ਸਿਰਫ਼ ਬਾਹੀਆ ਤੇ ਸੇਰੂ ਸਨ । ਫਰੇਮ ਸੀ ਅਜੇ। “ਸ਼ਿੰਦੋ ਕਿਹੜੇ ਪਾਸੇ ਬੰਨੇ ਸੰਘਾ?” ਬਾਪੂ ਨੇ ਮੰਜੇ ਦੇ ਅੱਧ ਵਿਚ ਬਾਹੀਆਂ ਦੇ ਆਲ਼ੇ ਦੁਆਲ਼ੇ ਸੂਤ ਦੇ ਕਈ ਵਲ਼ਾਵੇਂ ਦਿੰਦੇ ਕਿਹਾ । “ਐਧਰ ਐਸ ਪਾਸੇ” ਚਾਹ ਦਾ ਲੰਬਾ ਸੁਰਕੜਾ ਮਾਰਦੇ ਭੂਆ ਨੇ ਕਿਹਾ। ਪਤਾ ਨਹੀਂ ਭੂਆ ਨੇ ਉਸ ਪਾਸੇ ਕਿਉਂ ਕਿਹਾ । ਦੋਵੇਂ ਪਾਸੇ ਇਕੋ ਜਿਹੇ ਸਨ ਮੰਜੇ ਦੇ। ਸ਼ਾਇਦ ਭੂਆ ਨੂੰ ਪਤਾ ਸੀ ਕਿਹੜਾ ਪਾਸੇ ਪੈਂਦ ਬਣੇਗੀ ਤੇ ਕਿਹੜੇ ਪਾਸੇ ਸਿਰ। ਕਈ ਗੱਲਾਂ ਸਿਰਫ਼ ਵੱਡਿਆਂ ਨੂੰ ਪਤਾ ਹੁੰਦੀਆਂ ਨੇ।

ਅਗਲੇ ਦਿਨ ਪਹਿਲੀ ਬੱਸੇ ਭੂਆ ਚਲੀ ਗਈ। ਮੰਜੇ ਦਾ ਮੁੱਢ ਬੰਨ੍ਹਿਆ ਗਿਆ ਸੀ। ਰੋਜ਼ ਦਰ ਰੋਜ਼ ਸੂਤ ਨਾਲ ਖਾਲੀ ਥਾਂ ਭਰਦਾ ਰਿਹਾ । ਇਕ ਪਾਸੇ ਮੈਂ ਤੇ ਬੀਬੀ ਸਾਂ । ਦੂਜੇ ਪਾਸੇ ਬਾਪੂ ।ਇਕ ਪਾਸੇ ਤੋਂ ਸੂਤ ਦੀ ਦੋਹਰੀ ਸਾਰ, ਤੰਦਾਂ ਦੇ ਵਿਚੋਂ ਨਿਕਲਦੀ ਦੂਜੇ ਪਾਸੇ ਜਾਂਦੀ ਸੀ ਤੇ ਪਾਵਾ ਚੁੱਕ ਮੈਂ ਥੱਲਿਉਂ ਟਪਾ ਕੇ ਵਾਪਿਸ ਬਾਪੂ ਨੂੰ ਫੜਾ ਦਿੰਦਾ ਸੀ।

ਸਕੂਲ ਵਿਚ ਹੋਈਆਂ ਚਾਲ਼ੀ ਛੁੱਟੀਆਂ ਮੁੱਕ ਗਈਆਂ ।ਕੰਮ ਵਾਲੀਆਂ ਕਾਪੀਆਂ ਖਾਲੀ ਸਨ। ਜਿਹੜਾ ਕੰਮ ਮਿਲਿਆ ਸੀ ਉਹਦਾ ਮੈਨੂੰ ਚੇਤਾ ਭੁੱਲ ਗਿਆ। ਮੈਂ ਸੰਘੇ ਵਿਚ ਅੜੇ ਤੂਤ ਦੀ ਸੋਟੀ ਨੂੰ ਛੂਹ ਕੇ ਵੇਖਿਆ, ਤੇ ਫਿਰ ਆਪਣੇ ਗੁਲਾਬੀ ਹੱਥਾਂ ਨੂੰ ਵੇਖਿਆ। ਪਰ ਮੰਜਾ ਪੂਰਾ ਉਣਿਆ ਗਿਆ ਸੀ। ਪੈਂਦ ਵੀ ਬੀਬੀ ਤੇ ਬਾਪੂ ਨੂੰ ਪੂਰੀ ਖਿਚ ਕੇ ਬੰਨ੍ਹ ਦਿਤੀ । ਪਹਿਲੀ ਰਾਤ ਮੈਂ ਹੱਥ ਦੀ ਉਣੀ ਦਰੀ ਵਿਛਾ ਕੇ ਕੱਲਾ ਸੁੱਤਾ ਸਾਂ। ਵੱਡਾ ਸਾਂ, ਵੱਡੇ ਮੰਜੇ ਤੇ ਸੌਣਾ ਸੀ । ਉਸ ਰਾਤ ਮੈਨੂੰ ਡਰ ਵੀ ਨਾ ਲੱਗਿਆ। ਅਗਲੇ ਦਿਨ ਸਕੂਲੇ ਉਹੀ ਹੋਇਆ ਜੋ ਮਾਸਟਰ ਨੇ ਕਿਹਾ ਸੀ । ਮੈਨੂੰ ਉਸ ਦਿਨ ਤੋਂ ਬਾਅਦ ਸਕੂਲ ਕਦੀ ਚੰਗਾ ਨਹੀਂ ਲੱਗਿਆ।

ਐਪਰ ਮੰਜਾ ਮੇਰੀ ਜਿੰਦਗੀ ਦਾ ਹੁਸੀਨ ਹਿੱਸਾ ਬਣ ਗਿਆ। ਜਦੋਂ ਕਣਕ ਕੱਢਦੇ ਸੀ,ਖੇਤਾਂ ਵਿਚ ਨਾਲ ਹੀ ਲੈ ਗਏ। ਬਾਪੂ ਨੇ ੳੁਤੇ ਪੱਲੀ ਸਿਉਂ ਦਿੱਤੀ। ਕਿ ਸੂਤ ਖ਼ਰਾਬ ਨਾ ਹੋਵੇ। ਇਕ ਪਾਸੇ ਡਾਂਗ ਨਾਲ ਸਹਾਰਾ ਦੇ ਖੜ੍ਹਾ ਕਰ ਦਿੰਦੇ। ਥੱਲੇ ਛਾਂ ਬਣ ਜਾਂਦੀ। ਰਾਤੀਂ ਕਣਕ ਦੀ ਢੇਰੀ ਲਾਗੇ ਡਾਹ ਕੇ ਤਾਰਿਆਂ ਨੂੰ ਤੱਕਦੇ ਸੌਂ ਜਾਂਦੇ। ਘਰੇ ਬੀਬੀ ਨੇ ਮੰਜੇ ਤੇ ਮਿਰਚਾਂ ਸੁਕਾਈਆਂ। ਸੇਵੀਆਂ ਵਾਲੀ ਮਸ਼ੀਨ ਬਾਹੀ ਨਾਲ ਬੰਨ੍ਹ ਕੇ ਸੇਵੀਆਂ ਕੱਢੀਆਂ। ਕਣਕ ਵੀ ਧੋ ਕੇ ਸੁਕਾਈ। ਗਵਾਂਢ ਦੀ ਸੀਰਾਂ ਨੇ ਜਵਾਕਾਂ ਲਈ ਝੱਲੀਆਂ ਬੰਨ੍ਹ ਕੇ ਝੂਟੇ ਦਿਤੇ।

ਮੰਜਾ ਡਾਇਨਿੰਗ ਟੇਬਲ ਸੀ, ਕਾਫ਼ੀ ਟੇਬਲ ਸੀ, ਡਰੈਸਿੰਗ ਟੇਬਲ ਵੀ ਤੇ ਮੇਰਾ ਸਟੱਡੀ ਟੇਬਲ ਵੀ। ਕੱਪੜੇ ਸੁਕਾਉਣ ਵਾਲਾ ਡਰਾਇਰ ਸੀ, ਆਲੂ ਛਿੱਲਣ ਵਾਲੀ ਮਸ਼ੀਨ ਸੀ। ਪਾਵੇ ਤੇ ਰੱਖ ਕੇ ਗੰਢੇ ਤੇ ਮੁੱਕੀ ਮਾਰੀ ਦੀ ਸੀ। ਗਰਮੀਆਂ ਵਿਚ ਛੱਤ ਤੇ ਲੈ ਜਾਈਦਾ ਸੀ। ਸਰਦੀਆਂ ਵਿਚ ਪਿਛਲੇ ਅੰਦਰ ਨਰਮੇ ਕੋਲ ਢਾਹ ਕੇ ਤਲਾਈ ਵਿਛਾ ਕੇ ਖੁਭ ਕੇ ਸੌਵੀਂ ਦਾ ਸੀ । ਜਦੋਂ ਮਾਹਟੇ ਦਾ ਵਿਆਹ ਹੋਇਆ ਸੀ ਉਹ ਮੰਗਣ ਆਏ ਮੰਜਾ । ਮੇਰਾ ਜੀ ਨਹੀਂ ਕਰਦਾ ਸੀ ਦੇਣ ਨੂੰ । ਬਾਪੂ ਵੀ ਕਹਿੰਦਾ ਕਿ ਵਿਆਹ ਵਿਚ ਮੰਜੇ ਟੁੱਟ ਜਾਂਦੇ ਨੇ। ਫਿਰ ਉਹਨਾਂ ਨੇ ਇੱਕੀ ਨੰਬਰ ਲਿਖਿਆ ਸੀ ਪਾਵੇ’ ਤੇ ਕਾਪੀ ਤੇ ਬਾਪੂ ਦਾ ਨਾਂ ਅਤੇ ਨੰਬਰ ਲਿਖ ਦਿੱਤਾ। ਤੀਜੇ ਦਿਨ ਮੁੜਿਆ ਸੀ ਮੰਜਾ । ਤਿੰਨ ਦਿਨ ਮੈਂ ਪੁਰਾਣੇ ਮੰਜੇ ਤੇ ਸੁਤਾ ਆਪਣੇ ਪਿਆਰੇ ਮੰਜੇ ਨੂੰ ਯਾਦ ਕਰਦਾ ਰਿਹਾ।

ਫਿਰ ਇਕ ਦਿਨ ਅਸੀਂ ਸ਼ਹਿਰ ਆ ਗਏ। ਮੰਜਾ ਪਿੰਡ ਰਹਿ ਗਿਆ। ਸਮਾਂ ਲੰਘਦਾ ਗਿਆ। ਮੈਂ ਪਰਦੇਸ ਆ ਗਿਆ। ਇਕ ਦਿਨ ਪਤਾ ਲਗਾ ਉਸ ਦਾ ਇਕ ਸੇਰੂ ਟੁੱਟ ਗਿਆ ਸੀ, ਸੂਤ ਵੀ ਪੁਰਾਣਾ ਹੋ ਗਿਆ ਸੀ। ਉਨਾਬੀ ਸੂਤ ਵਾਲੇ ਮੰਜੇ ਦਾ ਮੋਹ ਅੱਜ ਵੀ ਉਸੇ ਤਰ੍ਹਾਂ ਜ਼ਿਹਨ ਵਿਚ ਵਸਿਆ ਹੋਇਆ ਹੈ।

ਅਾਸਟ੍ਰੇਲੀਆ ਦੇ ਜੰਗਲਾਂ ਵਿਚ ਇਕੱਲਾ ਘੁੰਮਦਾ ਕਈ ਵਾਰੀ ਸੋਚਦਾ ਹਾਂ ਕਿ ਇਨਸਾਨ ਵੀ ਮੰਜਾ ਹੀ ਹੈ ਪਹਿਲੋਂ ਲੱਕੜ ਕੱਠੀ ਹੁੰਦੀ ਹੈ, ਫਿਰ ਫਰੇਮ ਬਣਦਾ ਹੈ, ਗੁੜ੍ਹਤੀ ਦਾ ਸੰਘਾ ਬੱਝਦਾ ਹੈ, ਦੁਨਿਆਵੀ ਸੂਤ ਨਾਲ ਉਣਿਆ ਜਾਂਦਾ ਹੈ, ਜ਼ਿੰਮੇਵਾਰੀਆਂ ਦੀ ਪੈਂਦ ਖਿੱਚੀ ਰੱਖਦੀ ਹੈ। ਫਿਰ ਇਕ ਦਿਨ ਉੱਧੜ ਜਾਂਦਾ ਹੈ। ਸਭ ਕੁਝ ਵੱਖ ਵੱਖ ਹੋ ਜਾਂਦਾ ਹੈ ।

ਇਕ ਦਿਨ ਜਦੋਂ ਸਾਲਮਨ ਮੱਛੀ ਵਾਂਗ ਮੁੜ ਕੇ ਜੰਮਣ ਭੋਂ ‘ਤੇ ਜਾਵਾਂਗਾ, ਮੇਰੇ ਬਚਪਨ ਦਾ ਬੇਲੀ ਨਹੀਂ ਹੋਵੇਗਾ।

****
Post a Comment