ਮੀਮੂ........... ਕਹਾਣੀ / ਜਸ ਸੈਣੀ, ਪਰਥ


ਪਿੰਡ ਵਿੱਚ ਹਮੀਦ ਨਾਈ ਪਰਿਵਾਰ ਸਮੇਤ ਰਹਿੰਦਾ ਸੀ । ਪਰਿਵਾਰ ਵਿੱਚ ਉਸ ਦੀ ਪਤਨੀ ਸਮੀਨਾ ਤੇ ਪੰਜ 'ਕੁ ਸਾਲ ਦਾ ਮੁੰਡਾ ਸ਼ੇਖੂ ਸੀ । ਹਮੀਦ ਨਾਈ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ । ਉਹਨਾਂ ਨੇ ਘਰ ਵਿੱਚ ਇਕ ਬੱਕਰੀ ਪਾਲੀ ਹੋਈ ਸੀ, ਜਿਸ ਦਾ ਕੁਝ ਦੁੱਧ ਉਹ ਆਪ ਪੀ ਲੈਂਦੇ ਤੇ ਕੁਝ ਗਵਾਢੀਆਂ ਨੂੰ ਵੇਚ ਦਿੰਦੇ । ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ । ਮਾਲੀ ਹਾਲਤ ਕਮਜ਼ੋਰ ਹੋਣ ਕਰਕੇ ਹਮੀਦ ਸ਼ੇਖੂ ਨੂੰ ਸਕੂਲ ਨਹੀਂ ਭੇਜ ਸਕਿਆ । ਸ਼ੇਖੂ ਸਾਰਾ ਦਿਨ ਖੇਡਦਾ ਰਹਿੰਦਾ ਜਾਂ ਹਮੀਦ ਨੂੰ ਦੁਕਾਨ ਤੇ ਚਾਹ ਦੇਣ ਚਲਾ ਜਾਂਦਾ । ਇਕ ਦਿਨ ਘਰ ਪਾਲੀ ਹੋਈ ਬੱਕਰੀ ਨੇ ਬੜੇ ਹੀ ਸੋਹਣੇ ਮੇਮਣੇ ਨੂੰ ਜਨਮ ਦਿੱਤਾ । ਡੱਬ ਖੜੱਬਾ ਮੇਮਨਾ ਦੇਖ ਕੇ ਸ਼ੇਖੂ ਬਹੁਤ ਖੁਸ਼ ਸੀ । ਉਸ ਨੂੰ ਲੱਗ ਰਿਹਾ ਸੀ ਕਿ ਜਿਵੇ ਉਸ ਨੂੰ ਕੋਈ ਖੇਡਣ ਵਾਲਾ ਹਾਣੀ ਮਿਲ ਗਿਆ ਹੋਵੇ । ਉਹ ਆਪਣੀ ਤੋਤਲੀ ਜੁਬਾਨ ਨਾਲ ਉਸਨੂੰ ਮੇਮਣਾ ਕਹਿਣ ਦੀ ਵਜਾਏ  "ਮੀਮੂ- ਮੀਮੂ" ਕਹਿੰਦਾ । ਘਰ ਵਾਲੇ ਵੀ ਉਸ ਨੂੰ ਮੀਮੂ ਕਹਿਣ ਲੱਗੇ । ਸ਼ੇਖੂ ਹਰ ਰੋਜ ਉਸ ਨਾਲ ਖੇਡਦਾ, ਮੇਮਣੇ ਦੇ ਗਲ ਵਿੱਚ ਰੱਸੀ ਪਾ ਕੇ ਦੌੜਦਾ, ਸ਼ੇਖੂ ਮੀਮੂ ਦੇ ਕੰਨ ਪੁੱਟਦਾ ਰਹਿੰਦਾ ਤੇ ਮੀਮੂ ਉਸਦਾ ਮੂੰਹ ਚੱਟਦਾ ਰਹਿੰਦਾ । ਖੇਡਦਾ ਖੇਡਦਾ ਸ਼ੇਖੂ ਅਕਸਰ ਇਹ ਨਾਅਰਾ ਲਗਾਇਆ ਕਰਦਾ, "ਸਾਡਾ ਮੀਮੂ ਜਿੰਦਾਬਾਦ ... ਸਾਡਾ ਮੀਮੂ ਜਿੰਦਾਬਾਦ"। ਉਹ ਜਦ ਵੀ ਹਮੀਦ ਨੂੰ ਦੁਕਾਨ ਤੇ ਚਾਹ ਦੇਣ ਜਾਂਦਾ ਤੇ ਮੇਮੂ ਨੂੰ ਵੀ ਨਾਲ ਲੈ ਜਾਂਦਾ । ਦੋਵੇ ਜਣੇ ਹੁਣ ਪੱਕੇ ਦੋਸਤ ਬਣ ਗਏ ਸਨ ।



ਇਕ ਦਿਨ ਐਸਾ ਆਇਆ ਕਿ ਬੱਕਰੀ ਬਿਮਾਰ ਹੋ ਗਈ । ਸਮੀਨਾ ਨੇ ਬੜੇ ਉਹੜ ਪੋਹੜ ਕੀਤੇ ਪਰ ਬੱਕਰੀ ਮਰ ਗਈ । ਘਰ ਵਿੱਚ ਉਦਾਸੀ ਛਾ ਗਈ ਪਰ ਜਿ਼ਆਦਾ ਉਦਾਸ ਮੀਮੂ ਤੇ ਸ਼ੇਖੂ ਸਨ । ਸ਼ੇਖੂ ਹੁਣ ਮੀਮੂ ਦਾ ਬਹੁਤ ਧਿਆਨ ਰੱਖਦਾ । ਉਹ ਆਪਣੇ ਹੱਥੀਂ ਮੀਮੂ ਨੂੰ ਗੁੜ ਖਿਲਾਉਂਦਾ ਤੇ ਕਦੇ-ਕਦੇ ਆਪਣੇ ਹਿੱਸੇ ਦੀ ਰੋਟੀ ਵੀ ਉਸ ਨੂੰ ਖਿਲਾ ਦਿੰਦਾ । ਮੀਮੂ ਕੁਝ ਹੀ ਦਿਨਾਂ ਵਿੱਚ ਸ਼ੇਖੂ ਦੀ ਸੇਵਾ ਨਾਲ ਬੜਾ ਤਕੜਾ ਹੋ ਗਿਆ ਪਰ ਹਮੀਦ ਦੀ ਦੁਕਾਨਦਾਰੀ ਅੱਗੇ ਨਾਲੋਂ ਥੋੜੀ ਘਟ ਗਈ ਸੀ । ਬੱਕਰੀ ਦੇ ਦੁੱਧ ਨਾਲੋਂ ਹੋਣ ਵਾਲੀ ਆਮਦਨ ਵੀ ਨਹੀਂ ਸੀ ਹੁਣ ਤੇ ਚਾਹ ਵੀ ਮੁੱਲ ਦੇ ਦੁੱਧ ਦੀ ਬਣਦੀ ਸੀ ।

ਇਕ ਦਿਨ ਪਿੰਡ ਦਾ ਚੌਧਰੀ ਹਮੀਦ ਦੀ ਦੁਕਾਨ ਤੇ ਹਜਾਮਤ ਕਰਵਾਉਣ ਆਇਆ ਤੇ ਹਮੀਦ ਨੂੰ ਥੱਕਿਆ ਹੋਇਆ ਦੇਖ ਕੇ ਪੁੱਛਣ ਲੱਗਾ "ਉਹ ਹਮੀਦਿਆ..  ਬੜਾ ਥੱਕਿਆ ਲੱਗਦਾ.. ਚਾਹ-ਚੂਹ ਨੀ ਪੀਤੀ ?"

“ਨਾ ਚੌਧਰੀ ਜੀ ! ਜਦੋਂ ਦੀ ਬੱਕਰੀ ਮਰੀ ਆ.. ਮੁੱਲ ਦੇ ਦੁੱਧ ਦੀ ਚਾਹ ਬਣਦੀ ਆ.. ਮਸੀਂ ਦਿਹਾੜੀ ਵਿੱਚ ਇਕ ਵਾਰ ਪੀਈਦੀ ਆ ।"

"ਹਮੀਦਿਆ ਕੋਈ ਹੋਰ ਬੱਕਰੀ ਲੈ ਛੱਡ "।

"ਕਿਥੋਂ ਲੈ ਲਾਂ ਚੌਧਰੀ ਜੀ.. ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਚਲਦਾ ਹੈ ਤੇ ਦੁਕਾਨ ਦੀ ਹਾਲਤ ਵੀ ਮਾੜੀ ਆ.. ਉਤੋਂ ਇਨੀ ਮਹਿੰਗਾਈ ਕਿ ਜ਼ਹਿਰ ਖਾਣ ਨੂੰ ਵੀ ਪੈਸੇ ਹੈ ਨੀ  ।"

ਤਦ ਸ਼ੇਖੂ ਮੀਮੂ ਨਾਲ ਖੇਡਦਾ-ਖੇਡਦਾ ਦੁਕਾਨ ਤੇ ਆ ਗਿਆ । ਦੁਕਾਨ ਤੇ ਪਈ ਚਾਹ ਵਾਲੀ ਕੇਤਲੀ ‘ਤੇ ਖਾਲੀ ਗਿਲਾਸ ਲੈ ਕੇ “ਸਾਡਾ ਮੀਮੂ ਜਿੰਦਾਬਾਦ” ਕਹਿੰਦਾ ਦੁਬਾਰਾ ਫਿਰ ਘਰ ਨੂੰ ਦੌੜ ਗਿਆ । ਚੌਧਰੀ ਦੀ ਨਜ਼ਰ ਉਸ ਲੈਰੇ ਜਿਹੇ ਮੇਮਣੇ ‘ਤੇ ਪਈ ਤੇ ਚੌਧਰੀ ਲਲਚਾ ਕੇ ਬੋਲਿਆ, “ਉਏ ਹਮੀਦ.. ਉਏ ਹਮੀਦਿਆ ! ਤੇਰੇ ਫਾਇਦੇ ਦੀ ਗੱਲ ਆ.. ਦੋ 'ਕੁ ਮਹੀਨੇ ਤੱਕ ਵੱਡੀ ਈਦ ਆ ਰਹੀ ਆ, ਤੇ ਇਹ ਮੇਮਣਾ ਮੈਨੂੰ ਬੜਾ ਪਿਆਰਾ ਲੱਗਾ । ਜੇ ਕਿਤੇ ਮੈਨੂੰ ਇਹ ਤੂੰ ਕੁਰਬਾਨੀ ਵਾਸਤੇ ਦੇ ਦੇਵੇ ਤੇ... ।" ਚੌਧਰੀ ਦੀ ਗੱਲ ਹਾਲੇ ਮੂੰਹ ਵਿੱਚ ਹੀ ਸੀ ਤੇ ਹਮੀਦ ਬੋਲਿਆ "ਨਹੀਂ ਚੌਧਰੀ ਜੀ, ਇਹ ਮੇਮਣਾ ਸ਼ੇਖੂ ਨੂੰ ਬੜਾ ਪਿਆਰਾ  ਆ .. ਉਸ ਨੇ ਨਹੀ ਦੇਣਾ, ਉਹ ਤਾਂ ਕਹਿੰਦਾ ਮੈ ਤਾਂ ਸੌਣਾ ਵੀ ਮੀਮੂ ਨਾਲ ਆ ।"

"ਦੇਖ ਲਾ ਹਮੀਦ ਜਿੰਨੇ ਪੈਸੇ ਮੈਂ ਤੈਨੂੰ ਦਿਉਗਾ ਇੰਨੇ ਨਾਲ ਤੂੰ ਭਾਵੇ ਇੱਕ ਬੱਕਰੀ ਮੁੱਲ ਲੈ ਲਵੀਂ ... ਇਹਨਾਂ ਮੇਮਣਿਆ ਦਾ ਕੀ ਆ ? ਇਹ ਤਾਂ ਆਉਂਦੇ  ਜਾਂਦੇ ਰਹਿੰਦੇ ਆ .. ਨਾਲੇ ਬੱਚੇ ਦੋ-ਤਿੰਨ ਦਿਨ ਜਿੱਦ ਕਰਦੇ ਹੁੰਦੇ ਆ, ਸੋਚ ਲੈ ਤੇਰੇ ਫਾਇਦੇ ਦੀ ਗੱਲ ਆ ।"

ਹਮੀਦ ਨੂੰ ਚੌਧਰੀ ਦੀ ਗੱਲ ਚੰਗੀ ਲੱਗੀ । "ਠੀਕ ਆ ਚੌਧਰੀ ਜੀ ! ਇਸ ਜੁੰਮੇ ਵਾਲੀ ਸ਼ਾਮ ਘਰ ਆ ਕੇ ਮੇਮਣਾ ਲੈ ਜਾਇਉ"। ਚੌਧਰੀ ਹਮੀਦ ਦੀ ਗੱਲ ਸੁਣ ਕੇ ਮੁਸਕੁਰਾਇਆ ਤੇ ਕਿਹਾ "ਠੀਕ ਆ ਹਮੀਦਿਆ ਹੁਣ ਮਿਲਾਂਗੇ ਜੁੰਮੇ ਦੀ ਸ਼ਾਮ ਨੂੰ" ।  ਉਸ ਨੇ ਹਮੀਦ ਦੇ ਮੋਢੇ ਤੇ ਥਾਪੀ ਦਿੱਤੀ ਤੇ ਹੱਸਦਾ ਹੱਸਦਾ ਦੁਕਾਨ ਤੋਂ ਬਾਹਰ ਚਲਾ ਗਿਆ ।

ਹਮੀਦ ਨੇ ਘਰ ਜਾ ਕੇ ਸਮੀਨਾ ਨਾਲ ਮੀਮੂ ਬਾਰੇ ਮਸ਼ਵਰਾ ਕੀਤਾ ।  ਸ਼ੁਰੂ ਵਿੱਚ ਸਮੀਨਾ ਨੇ ਮੀਮੂ ਨੂੰ ਵੇਚਣ ਵਾਸਤੇ ਨਾਂਹ ਨੁਕਰ ਕੀਤੀ ਪਰ ਘਰ ਦੇ ਹਾਲਾਤ ਦੇਖ ਕੇ ਉਹ ਇਸ ਗੱਲ ਵਾਸਤੇ ਰਾਜ਼ੀ ਹੋ ਗਈ । ਦਿਨ ਗੁਜ਼ਰੇ ਆਖਰ ਜੁੰਮੇ ਦੀ ਸ਼ਾਮ ਆ ਗਈ । ਹਮੀਦ ਘਰ ਆਇਆ ਤੇ ਸਮੀਨਾ ਨੂੰ ਪੁੱਛਣ ਲੱਗਾ, "ਸਮੀਨਾ ! ਸ਼ੇਖੂ ਕਿਥੇ ਆ” ?

“ਜੀ ਉਹ ਤਾਂ ਪਾਣੀ ਲੈਣ ਗਿਆ ਆ ਖੂਹ ਤੋਂ” ।

"ਤੇ ਮੀਮੂ ?"

"ਉਹ ਖੁੰਡੇ ਨਾਲ ਬੱਝਾ ਪਿਆ .. ਕੀ ਹੋਇਆ” ? ਸਮੀਨਾ ਨੇ ਹੈਰਾਨ ਹੋ ਕੇ ਪੁਛਿਆ, “ਕਿਤੇ ਚੌਧਰੀ ਤਾਂ ਨੀ ਆ ਰਿਹਾ” ?

"ਆਹੋ .. ਚੌਧਰੀ ਆ ਰਿਹਾ .. ਮੀਮੂ ਨੂੰ ਲੈਣ । "

ਤਦ ਦਰਵਾਜਾ ਖੜਕਿਆ, ਚੌਧਰੀ ਨੇ ਖੰਗੂਰਾ ਜਿਹਾ ਮਰਿਆ, "ਹਮੀਦਿਆ ਘਰੇ ਹੀ ਆ ਉਏ....”?

"ਹਾਂਜੀ .. ਚੌਧਰੀ ਜੀ ਲੰਘ ਆਉ" । ਹਮੀਦ ਚੌਧਰੀ ਵਾਸਤੇ ਵਿਹੜੇ ਵਿੱਚ ਮੰਜਾ ਖਿੱਚਦਾ ਹੈ ।

"ਨਹੀ ਬਈ ਮੈਂ ਬਹਿਣਾ ਨੀ ....ਮੈਨੂੰ ਮੇਮਣਾ ਫੜਾਉ ਤੇ ਆਪਣੇ ਪੈਸੇ ਲਉ ਮੈ ਜਾਂਵਾ"।
 
"ਠੀਕ ਹੈ ਚੌਧਰੀ ਜੀ" । ਹਮੀਦ ਹੱਥ ਬੰਨ ਕੇ ਖੜਾ ਚੌਧਰੀ ਨਾਲ ਗੱਲਬਾਤ ਕਰ ਰਿਹਾ ਸੀ। "ਚੌਧਰੀ ਜੀ ਸਹੀ ਟਾਇਮ ਤੇ ਆਏ, ਸ਼ੁਕਰ ਆ ਸ਼ੇਖੂ ਅੱਜ ਦੂਰੋਂ ਪਾਣੀ ਲੈਣ ਗਿਆ, ਇਸ ਤੋ ਪਹਿਲਾਂ ਕਿ ਉਹ ਆ ਜਾਵੇ ਤੁਸੀਂ ਮੇਮਣਾ ਲੈ ਜਾਵੋ "।

ਚੌਧਰੀ ਦੀਆਂ ਅੱਖਾਂ ਉਸ ਮੈਅਅ-ਮੈਅ ਅਅਅਅ ਕਰਦੇ ਮੇਮਣੇ ਤੇ ਗੱਡੀਆਂ ਸਨ । ਹਮੀਦ ਨੇ ਮੀਮੂ ਦੀ ਰੱਸੀ ਖੋਲ ਕੇ ਚੌਧਰੀ ਨੂੰ ਫੜਾ ਦਿੱਤੀ ਤੇ ਚੌਧਰੀ ਨੇ ਹਮੀਦ ਨੂੰ ਤੈਅਸ਼ੁਦਾ ਰਕਮ । ਚੌਧਰੀ ਬੜੇ ਜ਼ੋਰ ਨਾਲ ਮੀਮੂ ਦੀ ਰੱਸੀ ਨੂੰ ਖਿੱਚਿਆ ਪਰ ਮੀਮੂ ਇਕ ਕਦਮ ਨੀ ਸੀ ਤੁਰ ਰਿਹਾ, ਮੀਮੂ ਤਾਂ ਆਪਣੇ ਦੋਸਤ ਸ਼ੇਖੂ ਦੀ ਰਾਹ ਤੱਕ ਰਿਹਾ ਸੀ । ਚੌਧਰੀ ਨੇ ਲਾਗੇ ਪਈ ਇਕ ਤੂਤ ਦੀ ਛਿੱਟੀ ਮੀਮੂ  ਦੀਆਂ ਲੱਤਾਂ ‘ਤੇ ਮਾਰੀ ਤੇ ਗੁੱਸੇ ਨਾਲ ਗਾਲ ਕੱਢੀ, " ਸਾਲਿਆ... ਨਾਈਆਂ ਦੀਆ ਰੋਟੀਆਂ ਖਾ-ਖਾ ਕੇ ਫਿੱਟਿਆਂ... ਚੱਲ ਤੈਨੂੰ ਚੌਧਰੀ ਲੈਣ ਆਇਆ.. ਤੁਰ ਪਾ ਹੁਣ"।

ਚੌਧਰੀ ਛਿੱਟੀਆਂ ਮਾਰਦਾ ਹੋਇਆ ਮੀਮਣੇ ਨੂੰ ਘਸੀਟਦਾ ਰਿਹਾ ਤੇ ਮੇਮਨਾ ਦਰਦ ਨਾਲ ਮੈਅਅ ਮੈਅ ਅ ਅਅ  ਦੀ ਆਵਾਜ਼ ਕੱਢ ਰਿਹਾ ਸੀ । ਦੂਜੇ ਪਾਸੇ  ਹਮੀਦ ਤੇ ਸਮੀਨਾ ਬੇਬਸ ਹੋ ਕੇ ਇਹ ਸਭ ਕੁਝ ਦੇਖ ਰਹੇ ਸਨ । ਤਦ ਬੂਹੇ ਵਿੱਚ ਸ਼ੇਖੂ ਆ ਜਾਂਦਾ ਹੈ ।  ਚੌਧਰੀ ਹੱਥ ਮੀਮੂ ਦੀ ਰੱਸੀ ਦੇਖ ਕੇ ਸ਼ੇਖੂ ਚੀਖ ਮਾਰਦਾ ਹੈ ਤੇ ਛਲਕਦਾ ਆਉਂਦਾ ਪਾਣੀ ਵਾਲਾ ਡੋਲੂ ਡੋਲ ਦਿੰਦਾ ਹੈ । ਸ਼ੇਖੂ ਦੌੜ ਕੇ ਮੀਮੂ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦਾ ਹੈ ।

"ਅਤੀ ਮੀਮੂ ਨੂੰ ਨੀ ਦੇਣਾਂ.. ਸ਼ੇਖੂ ਤੋਤਲੀ ਅਵਾਜ਼ ਵਿੱਚ ਮਿੰਨਤਾ ਪਾ ਰਿਹਾ ਸੀ, " ਮੈਨੂੰ ਪਤਾ ਤੁਤੀ ਇਹਨੂੰ ਮਾਰ ਦੇਣਾ ਆ, ਮੈਂ ਫਿਰ ਕਿਤ ਨਾਲ ਖੇਡਿਆ ਕਰੂੰਗਾ" ।  ਮੀਮੂ ਰੋ ਰਹੇ ਸ਼ੇਖੂ ਦੇ ਹੰਝੂ ਚੱਟ ਰਿਹਾ ਸੀ ।

ਚੌਧਰੀ ਗੁੱਸੇ ਵਿਚ ਆ ਗਿਆ, " ਉਹ ਹਮੀਦੇ ਸਮਝਾ ਇਹਨੂੰ, ਮੈਂ ਹੁਣ ਤੇਰੇ ਨਾਲ ਸੌਦਾ ਕਰ ਲਿਆ ਆ ।"

ਹਮੀਦ ਨੇ ਸ਼ੇਖੂ ਦੇ ਵਾਲਾਂ ਵਿੱਚ ਹੱਥ ਫੇਰਿਆ ਤੇ ਪਿਆਰ ਨਾਲ ਕਿਹਾ "ਸ਼ੇਖੂ ਪੁੱਤ ਦੇਖ ਇਸ ਤਰ੍ਹਾਂ ਨੀ ਕਰੀਦਾ । ਅਸੀਂ ਗਰੀਬ ਆਂ,  ਅਸੀਂ ਮੀਮੂ ਨੂੰ ਵੇਚ ਕੇ ਇਕ ਬੱਕਰੀ ਹੋਰ ਲੈ ਲਵਾਂਗੇ... ਨਾਲੇ ਦੁੱਧ ਪੀਵਾਂਗੇ ਤੇ ਮੀਮੂ ਦਾ ਕੀ ਆ ਮੀਮੂ ਹੋਰ ਆਜੂ” ।

"ਨਹੀਂ ਮੈਂ ਆਪਣਾ ਮੀਮੂ ਨੀਂ ਦੇਣਾ.. ਨੀ ਦੇਣਾ" ਸ਼ੇਖੂ ਆਪਣੀ ਜਿੱਦ ਤੇ ਅੜਿਆ ਸੀ । ਚੌਧਰੀ ਦੀ ਵੱਟੀ ਘੂਰੀ ਦੇਖ ਕੇ ਹਮੀਦ ਨੇ ਗੁਸੇ ਵਿੱਚ ਆ ਕੇ ਸ਼ੇਖੂ ਦੇ ਕੰਨ ਤੇ ਇਕ ਚਪੇੜ ਜੜ ਦਿੱਤੀ । ਸ਼ੇਖੂ ਨੇ ਹੋਰ ਰੋਣਾ ਸ਼ੁਰੂ ਕਰ ਦਿੱਤਾ ।

"ਮੈਂ ਮੀਮੂ ਨੀ ਦੇਣਾ .... ਨੀ ਦੇਣਾ” ।
"ਮੀਮੂ ਨੂੰ ਛੱਡ ਦੇ ’’ ਹਮੀਦ ਗੁਸੇ ਨਾਲ ਸ਼ੇਖੂ ਨੂੰ ਕਹਿ ਰਿਹਾ ਸੀ, "ਦੇਖ ਅਸੀ ਗਰੀਬ ਹਾਂ । ਸਾਨੂੰ ਪੈਸਿਆਂ ਦੀ ਲੋੜ ਆ ।"

ਤਾਂ ਰੋਂਦੇ ਰੋਂਦੇ ਸ਼ੇਖੂ ਨੇ ਤੋਤਲੀ ਅਵਾਜ਼ ਵਿੱਚ ਕਿਹਾ "ਅੱਬਾ .. ਕੱਲ ਨੂੰ ਜੇ ਤਾਨੂੰ  ਪੈਸਿਆਂ ਦੀ ਫਿਰ ਲੋੜ ਪੈ ਗਈ ਤੇ  ਤੁਤੀ ਤਾਂ ਮੈਨੂੰ ਵੀ ਵੇਚ ਦੇਣਾ .. ਇਹ ਮੇਰਾ ਪੱਤਾ ਦੋਸਤ ਆ ਇਸਦੀ ਤਾਂ ਅੰਮੀ ਵੀ ਮਰ ਗਈ ।" ਸ਼ੇਖੂ ਦੀ ਗੱਲ ਸੁਣ ਕੇ ਹਮੀਦ ਦਾ ਦਿਲ ਕੰਬ ਗਿਆ । ਉਸ ਨੂੰ ਇਸ ਤਰਾਂ ਲੱਗਾ ਕਿ ਉਹ ਮੀਮੂ ਦੇ ਨਾਲ-ਨਾਲ ਸ਼ੇਖੂ ਤੇ ਉਸਦੀਆਂ ਖੁਸ਼ੀਆਂ ਨੂੰ ਸਿਰਫ ਚੰਦ ਪੈਸਿਆਂ ਲਈ ਵੇਚ ਰਿਹਾ ਹੋਵੇ । ਹਮੀਦ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ । ਉਸ ਨੇ ਘੁੱਟ ਕੇ ਸ਼ੇਖੂ ਨੂੰ ਕਲਾਵੇ ਵਿੱਚ ਲੈ ਲਿਆ ਤੇ ਕਿਹਾ "ਨਹੀਂ ਮੇਰੇ ਪੁੱਤਰਾ ! ਮੈ ਤੈਨੂੰ ਕਦੇ ਨਹੀ ਵੇਚਾਂਗਾ । ਮੈ ਪੈਸਿਆਂ ਦੀ ਖਾਤਿਰ ਤੇਰੇ ਦੋਸਤ ਨੂੰ ਵੀ ਨੀ ਵੇਚਾਂਗਾ । ਮੇਰੇ ਕੋਲੋਂ ਭੁੱਲ ਹੋ ਗਈ ਮੇਰੇ ਬੱਚਿਆ" । ਹਮੀਦ ਨੇ ਚੌਧਰੀ ਦੇ ਹੱਥੋਂ ਮੇਮਣੇ ਦੀ ਰੱਸੀ ਖਿੱਚ ਲਈ ਤੇ ਸ਼ੇਖੂ ਨੂੰ ਫੜਾ ਦਿੱਤੀ "ਜਾ ਪੁੱਤਰਾ ਖੇਡ ਹੁਣ" ।

ਚੌਧਰੀ ਹੱਕਾ ਬੱਕਾ ਹੋ ਕੇ ਕਹਿਣ ਲੱਗਾ "ਹਮੀਦੇ ਇਹ ਕੀ ਯਾਰ .. ਮੈ ਤੈਨੂੰ ਰਕਮ ਦਿੱਤੀ ਆ, ਇਹ ਸਰਾ ਸਰ ਧੋਖਾ ਆ” ।

"ਚੌਧਰੀ ਜੀ .. ਆਹ ਚੱਕੋ ਆਪਣੀ ਰਕਮ, ਅਸੀਂ ਆਪਣੇ ਬੱਚਿਆਂ ਦਾ ਸੌਦਾ ਨਹੀਂ ਕਰਦੇ" । ਹਮੀਦ ਨੇ ਪੈਸੇ ਚੌਧਰੀ ਨੂੰ ਪੈਸੇ ਵਾਪਿਸ ਕਰ ਦਿੱਤੇ ।

"ਕੋਈ ਗੱਲ ਨੀ ਹਮੀਦਿਆ ! ਘਰ ਬੁਲਾ ਕੇ ਬੇਇੱਜ਼ਤੀ ਕੀਤੀ ਤੂੰ ਮੇਰੀ.... ਦੇਖ ਲਊ ਤੈਨੂੰ ਵੱਡੇ ਗੈਰਤਮੰਦ ਨੂੰ ।" ਚੌਧਰੀ ਬੁੜ-ਬੁੜ ਕਰਦਾ ਹਮੀਦ ਦੇ ਦਰਵਾਜਿਉ ਬਾਹਰ ਹੋਇਆ । ਸੇਖੂ ਖੁਸ਼ੀ ਵਿਚ ਮੀਮੂ ਦੀ ਰੱਸੀ ਫੜ੍ਹ ਕੇ ਨੱਚ ਰਿਹਾ ਸੀ । ਮੀਮੂ ਵੀ ਉਸਦੇ ਨਾਲ ਦੜੰਗੇ ਲਾ ਰਿਹਾ ਸੀ, ਹਮੀਦ ਤੇ ਸਮੀਨਾ ਉਸ ਨੂੰ ਦੇਖ ਕੇ ਬਹੁਤ ਹੱਸੇ । ਨੱਚਦਾ ਨੱਚਦਾ ਸ਼ੇਖੂ ਮੀਮੂ ਨੂੰ ਲੈ ਕੇ ਘਰੋਂ ਬਾਹਰ ਨਿੱਕਲ ਗਿਆ । ਗਲੀ ਵਿੱਚ ਅਾਵਾਜ਼ ਗੂੰਜ ਰਹੀ ਰਹੀ ਸੀ  “ਸਾਡਾ ਮੀਮੂ ਜਿੰਦਾਬਾਦ.. ਸਾਡਾ ਮੀਮੂ ਜਿੰਦਾਬਾਦ” ।

****

No comments: