ਲਿਆ ਬਈ ਕਰ ਪਾਰਟੀ........... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਸੁਰਜਣ ਸਿੰਘ ਨੇ ਨਵਾਂ ਮੋਟਰਸਾਇਕਲ ਲੈ ਉਤਨਾ ਸਮਾਂ ਮੋਟਰਸਾਇਕਲ ਘਰ ਤੋਂ ਬਾਹਰ ਨਾ ਕੱਢਿਆ ਜਿਨ੍ਹਾਂ ਚਿਰ ਮੋਟਰਸਾਇਕਲ ਦੇ ਸਾਰੇ ਕਾਗਜ਼ ਪੱਤਰ ਪੂਰੇ ਨਾ ਹੋਏ। ਕੱਢਦਾ ਵੀ ਕਿਉਂ ? 31 ਮਾਰਚ ਨੇੜੇ ਆਉਣ ਕਰਕੇ ਇੱਕ ਤਾਂ ਠੇਕੇ ਟੁੱਟਣ ਦੀ ਖੁਸ਼ੀ ਵਿੱਚ ਨਵਾਂ ਲਿਆ ਸੀ ਤੇ ਦੂਜਾ ਪੁਲਿਸ ਵਾਲੇ ਥਾਂ ਥਾਂ ਨਾਕੇ ਲਾ ਕੇ ਚਲਾਣ ਕੱਟ ਕੇ ਝੱਟ ਹੱਥ ਫੜਾ ਦਿੰਦੇ ਸਨ। ਉਸਨੇ ਮਨ ਹੀ ਮਨ ਧਾਰ ਲਿਆਂ, “ਲੈ !  ਜੇ ਅਜੇ ਕੁਝ ਸਮਾਂ ਹੋਰ ਨਾ ਲੈਂਦਾ ਤਾਂ ਕਿਹੜਾ ਜਾਨ ਨਿਕਲ ਜਾਣੀ ਸੀ।”

ਕਹਿੰਦੇ ਸਮਾਂ ਚੰਗਾ ਆਉਣ ਨੂੰ ਵੀ ਬਹੁਤੀ ਦੇਰ ਨਹੀਂ ਲਗਦੀ। ਮੋਟਰਸਾਇਕਲ ਏਜੰਸੀ ਵਾਲਿਆਂ ਨੇ ਪੈਂਦੇ ਹੱਥ ਹੀ ਕਾਗਜ਼ ਤਿਆਰ ਕਰਵਾ ਕੇ ਉਸਦੇ ਘਰ ਪੁੱਜਾ ਦਿੱਤੇ। ਹੁਣ ਤਾਂ ਸੁਰਜਣ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। 31 ਮਾਰਚ ਆਉਣ ਚ 2 ਕੁ ਦਿਨ ਹੀ ਹੋਰ ਰਹਿੰਦੇ ਸਨ। ਉਹ ਫੁੱਲਿਆ ਨਹੀਂ ਸਮਾ ਰਿਹਾ ਸੀ ਤੇ ਆਖ ਰਿਹਾ ਸੀ, “ਲਉ ਜੀ ! ਜਦ ਰੱਬ ਦਿੰਦਾ, ਛੱਪੜ ਪਾੜ ਕੇ ਦਿੰਦਾ । ਹੁਣ ਕੋਈ ਡਰ ਨਹੀਂ, ਨਾ ਚਲਾਨ ਦਾ ਤੇ ਨਾ ਜਾਨ ਦਾ, ਆਪਾਂ ਕਿਹੜਾ ਤੇਜ਼ ਚਲਾਉਣਾ” ।

ਉਸਨੇ ਮੋਟਰਸਾਇਕਲ ਚੁੱਕ ਸ਼ਹਿਰ ਨੂੰ ਚਾਲੇ ਪਾ ਦਿੱਤੇ। 50 ਕੁ  ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ‘ਤੇ ਜਾ ਰਿਹਾ ਮੋਟਰਸਾਇਕਲ ਉਸਨੂੰ ਸਵਰਗ ਦੇ ਨਜ਼ਾਰੇ ਦਿਖਾ ਰਿਹਾ ਸੀ। ਆਲੇ ਦੁਆਲੇ ਲੱਗੇ ਦਰਖਤ ਮੰਨੋ ਨਾਲੋ ਨਾਲ ਜਾ ਰਹੇ ਹੋਣ। ਸ਼ਹਿਰ ਤੋਂ ਕੁਝ ਵਿੱਥ ਦੀ ਦੂਰੀ ‘ਤੇ ਪੁਲਿਸ ਵਾਲਿਆਂ ਨਾਕਾ ਲਾਇਆ ਸੀ। ਪੂਰੇ ਕਾਗਜ਼ ਪੱਤਰ ਹੋਣ ਕਾਰਨ ਸੁਰਜਣ ਖੁਸ਼ੀ ਅਨੁਭਵ ਕਰ ਰਿਹਾ ਸੀ ਅਤੇ ਪੁਲਿਸ ਵਾਲਿਆਂ ਦੇ ਕੋਲ ਪੁੱਜਦੇ ਪੁੱਜਦੇ ਛੋਟੀ ਜਹੀ ਧੌਣ ਨੂੰ ਹੋਰ ਅਕੜਾ ਰਿਹਾ ਸੀ। ਇੱਕ ਪੁਲਿਸ ਵਾਲੇ ਨੇ ਮੋਟਰਸਾਇਕਲ ਸਾਈਡ ਤੇ ਕਰਨ ਦਾ ਇਸ਼ਾਰਾ ਕੀਤਾ ਤਾਂ ਸੁਰਜਣ ਨੇ ਮੋਟਰਸਾਇਕਲ ਝੱਟ ਸਾਇਡ ‘ਤੇ ਲਾ ਅੰਦਰੋਂ ਭਰਵੀਂ ਆਵਾਜ ਕੱਢੀ, “ਹਾਂ ਜੀ ਜਨਾਬ” !

“ਜਨਾਬ ਦੇ ਲਗਦਿਆਂ ਕਾਗਜ ਕੱਢ”, ਇੱਕ ਪਾਸੇ ਖੜਾ ਥਾਣੇਦਾਰ ਕੜਕਵੀਂ ਆਵਾਜ਼ ‘ਚ ਬੋਲਿਆ ।

ਸੁਰਜਣ ਨੇ ਝੱਟ ਚਾਬੀ ਲਾ ਕੇ ਕਾਗਜ਼ ਕੱਢ ਕੇ ਥਾਣੇਦਾਰ ਮੂਹਰੇ ਕਰ ਦਿੱਤੇ।

“ਲਗਦਾ ਨਵਾਂ ਲਿਆ”, ਥਾਣੇਦਾਰ ਨੇ ਕਾਗਜ਼ਾਂ ਨੂੰ ਗਹੁ ਨਾਲ ਤੱਕਦਿਆਂ ਕਿਹਾ।

“ਹਾਂ ਜੀ ਹਾਂ... ਜਨਾਬ ! ਬਿਲਕੁੱਲ ਨਵਾਂ ਈ ਐ ਤੇ ਆਹ ਕਾਗਜ਼ ਵੀ ਕੱਲ੍ਹ ਹੀ ਬਣਾਏ ਨੇ।”, ਉਹ ਆਪਣੇ ਮੂੰਹੋਂ ਜਿਵੇਂ ਨਵੇਂ ਮੋਟਰਸਾਇਕਲ ‘ਤੇ ਕਾਗਜਾਂ ਦੀ ਖੁਸ਼ੀ ਚ ਮਿਸ਼ਰੀ ਘੋਲ ਰਿਹਾ ਹੋਵੇ।

“ਉਏ ਵਾਹ ਬਈ, ਅੱਜ ਪਹਿਲਾਂ ਬੰਦਾ ਟਕਰਿਆ ਜਿਸ ਕੋਲ ਕਾਗਜ਼ ਪੂਰੇ ਹੋਣ ਤੇ ਉਹ ਵੀ ਨਵੇਂ । ਕਮਾਲ ਐ ਬਈ ! ਕਮਾਲ ਐ, ਫਿਰ ਤਾਂ ਪਾਰਟੀ ਵਾਲਾ ਕੰਮ ਹੋ ਗਿਆ ਬਈ, ਕਮਾਲ ਐ” ।

“ਹੈਂ ਜੀ ! ਪਾਰਟੀ ਉਹ ਕਾਹਦੀ ...ਹੈ ..”,  ਅਜੇ ਉਹ ਕੁਝ ਬੋਲਣਾ ਚਾਹੁੰਦਾ ਸੀ ਕਿ ਇੱਕ ਸਿਪਾਹੀ ਆਖਣ ਲੱਗਾ;

“ਲਿਆ ਯਾਰ ! ਤੂੰ ਨਾ ਦਈ ਪਾਰਟੀ । ਅਸੀਂ ਆਪੇ ਲਿਆਵਾਂਗੇ ਪਾਰਟੀ ਦਾ ਸਮਾਂ । ਕੱਢ ਸੌ ਦਾ ਨੋਟ । ਚੱਲ ਬਈ ਐਨਾ ਟਾਇਮ ਨਾ ਲਾ.....”

ਪਾਰਟੀ ਲਈ ਸੌ ਦਾ ਨੋਟ ਕੱਢ ਰਿਹਾ ਸੁਰਜਣ ਕਦੇ ਮੋਟਰਸਾਇਕਲ ਵੱਲ ਤੇ ਕਦੇ ਪੂਰੇ ਕਾਗਜ਼ਾਂ ਵੱਲ ਬਿਟਰ ਬਿਟਰ ਝਾਕ ਰਿਹਾ ਸੀ।

****

No comments: