ਉੱਚੇ ਰੁੱਖਾਂ ਦੀ ਛਾਂ.......... ਕਹਾਣੀ / ਲਾਲ ਸਿੰਘ ਦਸੂਹਾ

ਪੋਹ ਮਹੀਨਾ, ਲੋਹੜੇ ਦੀ ਠੰਡ ਸੀ, ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ ਹੋ ਚੱਲੇ ਸਨ, ਨਾ ਸੀਮਿੰਟ, ਨਾ ਇੱਟਾਂ, ਨਾ ਲੋਹਾ । ਬਲੈਕ ਵਿੱਚ ਮਿਲਦੀਆਂ ਚੀਜ਼ਾਂ ਅੱਗ ਦੇ ਭਾਅ ਲੱਭਦੀਆਂ ਸਨ । ਦੋ ਮਹੀਨੇ ਦੀ ਹੋਰ ਛੁੱਟੀ ਦੀ ਟੇਲੈਕਸ ਕੀਤੀ ਸੀ ਪਰ ਮਨਜ਼ੂਰ ਇਕੋ ਦੀ ਹੋਈ ਸੀ ।
ਕੁਝ ਆਟਾ ਦਲੀਆ ਕਰ ਕੇ ਸੋਚਿਆ, ਚੱਠ ਕਰ ਲੈਣੀ ਚਾਹੀਦੀ ਹੈ । ਡੇਰੇ ਵਾਲੇ ਸੰਤਾਂ ਤੋਂ ਮਹੂਰਤ ਕਢਵਾਉਣ ਗਏ ਸ਼ਿਵਚਰਨ ਨੂੰ ‘ਮਾਤਾ ਜੀ’  ਨੇ ਰਾਤੀਂ ਰੋਕ ਲਿਆ, ਉਨ੍ਹਾਂ ਨੂੰ ‘ਵੱਡੇ ਸੰਤਾਂ’ ਦੇ ਵਲੈਤੋਂ ਮੁੜ ਆਉਣ ਦੀ ਤਾਰ ਜੁ ਅੱਜ ਹੀ ਆਈ ਸੀ ।
ਅਗਲੇ ਦਿਨ ਸਵੇਰੇ-ਸਵੇਰੇ ਹੀ ਵੱਡੇ ਸੰਤ ਡੇਰੇ ਪਹੁੰਚ ਗਏ । ਲੋਹੜੀਓਂ ਤੀਜੇ ਦਿਨ ਤੇ ਮਾਘੀਓਂ ਦੂਜੇ ‘ਅਖੰਡ ਪਾਠ’ ਦਾ ਭੋਗ ਪਾਉਣ ਦਾ ਹੁਕਮ ਹੋਇਆ । ਸ਼ਿਵਚਰਨ ਨੇ ਪੰਜ ਦਿਨਾਂ ਵਿਚ ਹੀ ਸਾਰੀ ਸਮੱਗਰੀ ਇਕੱਠੀ ਕੀਤੀ; ਆਟਾ,  ਚੌਲ, ਘਿਉ, ਦਾਲਾਂ, ਵੇਸਣ, ਸਬਜ਼ੀਆਂ, ਚਾਦਰਾਂ, ਪੱਗਾਂ, ਤੌਲੀਏ, ਤੇਲ, ਸਾਬਣ, ਸਭ ਕੁਝ । ਪਾਠੀ ਸਿੰਘਾਂ ਲਈ ਤੇ ਵੱਡੇ ਸੰਤਾਂ ਲਈ ਵੱਖ ਵੱਖ ਸਾਬਣ ਚਾਕੀਆਂ । ਤੌਲੀਆ ਜਿਸ ਨਾਲ ਵੱਡੇ ਸੰਤਾਂ ਇਸ਼ਨਾਨ ਕਰਨਾ ਸੀ, ਉਸ ਨੂੰ ਹੋਰ ਕੋਈ ਨਹੀਂ ਸੀ ਵਰਤ ਸਕਦਾ । ਪਰ ਨਵ-ਵਿਆਹੀਆਂ ਸੰਤਾਂ ਦਾ ਦੁੱਧ-ਚਿੱਟਾ ਕਛੈਹਰਾ ਧੋਣ ਲਈ ਭੱਜ ਭੱਜ ਕੇ ਇੱਕ ਦੂਜੀ ਤੋਂ ਵਾਰੀ ਲੈਂਦੀਆਂ, ਕਿਉਂਕਿ ਸ਼ਿਵਚਰਨ ਦੇ ਘਰੋਂ ਸੁਰਜੀਤ ਦੀ ਬਾਂਝ ਇਸੇ ਹੀ ‘ਸੇਵਾ’ ਨਾਲ ਕਿਤੇ ਸੱਤੀ ਸਾਲੀਂ ਜਾ ਕੇ ਹਰੀ ਹੋਈ ਸੀ । ਜਦੋਂ ਵੱਡੇ ਸੰਤ ਵਲੈਤ ਦੇ ਦੌਰੇ ‘ਤੇ ਜਾਂਦੇ, ਕੁੱਖੋਂ ਸੁੰਞੀ ਸੁਰਜੀਤ ‘ਕਛੈਰਾ-ਸਾਹਬ’ ਧੋਣ ਦੀ ਸੇਵਾ ਆਪ ਸੰਭਾਲਦੀ ।
ਉਹਦੇ ਲੱਕੀ ਨੂੰ ਗੋਦੀ ਬਿਠਾ, ਵੱਡੇ ਸੰਤਾਂ ਨੇ ਕਈ ਵਾਰ ਉਹਨੂੰ ਦੱਸਿਆ ਸੀ ਕਿ ‘ਉਨ੍ਹਾਂ’ ਲੱਕੀ ਨੂੰ ਇੱਕ ਸ਼ੇਰਨੀ ਦੀ ਕੁੱਖੋਂ ਸੁਰਜੀਤ ਦੇ ਗਰਭ ਵਿਚ ਲਿਆਂਦਾ ਸੀ । ਵੱਡੇ ਸੰਤਾਂ ਨੇ ਮਹਾਰਾਜੇ ਪਟਿਆਲੇ ਨਾਲ ਪਿਛਲੇ ਜਨਮ ਵਿਚ ਕੀਤੀ ਤਪੱਸਿਆ ਦੀ ਕਥਾ ਵੀ ਕਈ ਵਾਰ ਉਹਨੂੰ ਸੁਣਾਈ ਸੀ, ਜਿਸ ਸਦਕਾ ‘ਉਸ ਨੂੰ ਰਾਜ ਤੇ ਸਾਨੂੰ ਸਾਧ ਮੱਤ’ ਆਪਣੇ ਮੂੰਹੋਂ ਮੰਗ ਕੇ ਮਿਲੇ ਸਨ । ਵਲੈਤ ਬੈਠੀ ਸੁਰਜੀਤ ਅਜਿਹੀਆਂ ਅਲੋਕਾਰ ਕਥਾਵਾਂ ਸੁਣਦੀ ਮੁਗਧ ਹੋ ਜਾਂਦੀ ਸੀ ਤੇ ਕਈ ਕਈ ਰਾਤਾਂ ‘ਵੱਡੇ ਸੰਤਾਂ’ ਦੇ ਘੁਰਾੜੇ ਮਾਰਨ ਤੱਕ ਮੁੱਠੀਆਂ ਭਰਦੀ ਰਹਿੰਦੀ ।
ਹੁਣ ਤਾਂ ਸੁਰਜੀਤ ਦੇ ਵੱਡੇ ਭਾਗ ਸਨ, ਆਪਣਾ ਪਿੰਡ, ਆਪਣੀ ਕੋਠੀ ਦੀ ਚੱਠ ਕਰਨ ਲਈ ਉਨ੍ਹਾਂ ਹੀ ਸੰਤਾਂ ਦੇ ਚਰਨ ਪੁਆ, ਆਪਣਾ ਜਨਮ ਸਫਲਾ ਕਰ ਕੇ, ਉਨ੍ਹਾਂ ਹੋਰ ਕਈਆਂ ਦਾ ‘ਪਾਰਾ-ਉਤਾਰਾ’ ਕਰਨ ਦੀ ਵਿਧੀ ਬਣਾਈ ਸੀ ।
ਲੋਹੜੀਓਂ ਪਹਿਲੀ ਰਾਤ, ਵੱਡੇ ਸੰਤਾਂ ਦੀ ਸਟੇਸ਼ਨ ਵੈਗਨ ਸਮੇਤ ਅਮਲਾ ਪਿੰਡ ਪਹੁੰਚ ਗਿਆ । ਗੁਰਦੁਆਰੇ ਵਿੱਚ ਲੱਗੇ ਸਪੀਕਰ ‘ਤੇ ਭਾਈ ਹੋਰੀਂ ਸ਼ਿਵਚਰਨ ਸਿੰਘ ਦੇ ਘਰ ਸੰਤਾਂ ਦੇ ਪਹੁੰਚਣ ਦੀ ਖ਼ਬਰ “ਆਪ ਅਕਾਲ ਪੁਰਖ, ਲੋਕ ਪ੍ਰਲੋਕ ਦੇ ਸਹਾਈ, ਦੀਨ ਦੁਖੀ ਦੇ ਮਾਲਕ” ਆਦਿ ਵਿਸ਼ਲੇਸ਼ਣਾਂ ਨਾਲ, ਸਾਰੇ ਨਗਰ ਨੂੰ ਬਹੁਤ ਵੱਡਿਆਂ ਭਾਗਾਂ ਵਾਲਾ ਗਰਦਾਨ ਕੇ, ਨਸ਼ਰ ਕੀਤੀ । ਉਸ ਆਥਣ ਗੁਰਦਵਾਰਿਓਂ ਟੇਪ ਕੀਤਾ ਰਹਿਰਾਸ ਦਾ ਪਾਠ ਵੀ ਨਾ ਵਜਿਆ ।
ਸ਼ਿਵਚਰਨ ਦੀ ਨਵੀਂ ਕੋਠੀ ਵਿਚ ਦੀਵਾਨ ਸਜਿਆ । ਅਤਿ-ਵੈਰਾਗ ਭਰੀ ਸੁਰ ਵਿਚ ਵੱਡੇ ਸੰਤਾਂ ਨੇ ਕਥਾ ਕੀਤੀ ਤੇ ਰਾਗੀ ਸਿੰਘਾਂ ਨੇ ਕੀਰਤਨ । ਆਰਤੀ ਹੋਈ । ਆਟੇ ਦੇ ਤੇਰ੍ਹਾਂ ਦੀਵਿਆਂ ਵਾਲੀ ਥਾਲੀ ਘਿਉ ਨਾਲ ਭਰੀ, ਲੰਮੀਆਂ ਲਾਟਾਂ ਨਾਲ ਜਗਦੀ ਇੱਕ ਵੱਡੀ ਥਾਲੀ ਨੇ, ਵੱਡੇ ਸੰਤਾਂ ਦੇ ਸਿਰ ਉਪਰੋਂ ਦੀ ਘੁ਼ੰਮਣੀ ਨੇ,  ਆਈਆਂ ਸੰਗਤਾਂ ਨੂੰ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਕਸ਼ਾਤ ਪ੍ਰਤੱਖ ਦਿਖਾਈ । ਅਰਦਾਸ ਪਿਛੋਂ ਸੰਤਾਂ ਨੂੰ, ਮੱਥਾ ਟੇਕ ਕੇ ਪੁੱਛਾਂ ਪੁੱਛਣ ਵਾਲਿਆਂ ਮਾਈਆਂ ਭਾਈਆਂ ਕੋਲੋਂ ਵਿਹਲ ਉਦੋਂ ਮਿਲੀ, ਜਦੋਂ ਡਾਈਨਿੰਗ ਰੂਮ ਵਿੱਚ ਪਰੋਸਿਆ ਪ੍ਰਸ਼ਾਦਾ ਇੱਕ ਵਾਰ ਠੰਡਾ ਹੋ ਕੇ ਮੁੜ ਰਸੋਈ ਵਿਚ ਨਾ ਚਲਾ ਗਿਆ ।
ਵੱਡੇ ਸੰਤਾਂ ਨੇ,  ਵਿਸ਼ਰਾਮ ਕਮਰੇ ਵਿਚੋਂ ਇੱਕ ਸੇਵਾਦਾਰ ਤੋਂ ਬਿਨ੍ਹਾਂ ਸਭ ਚਲੇ ਜਾਣ ਪਿਛੋਂ, ਸੁਰਜੀਤ ਨੂੰ ਆਪਣੀ ਹੁਣੇ ਮੁਕਾਈ ਵਲੈਤ ਫੇਰੀ ਦਾ ਸਾਰਾ ਹਾਲ ਦੱਸਿਆ । ਡਬਲ-ਬੈਡ ਦੇ ਡਨਲਪ ਪਿੱਲੋ ਤੇ ਪੱਸਰੇ,  ਉਪਰ ਨੂੰ ਉਭਰੇ ਘੜੇ ਵਰਗੇ ਢਿੱਡ ਨੂੰ ਹਲਕਾ ਕਰਦਿਆਂ, ਵੱਡੇ ਸੰਤਾਂ ਨੇ ਸੰਖ ਵੱਜਣ ਵਰਗੀ ਉੱਚੀ ਤੇ ਲੰਮੀ ਗੰਦੀ ਹਵਾ ਸਰਕਾਈ ਤੇ ਘੁਰਾੜੇ ਮਾਰਨ ਲੱਗ ਪਏ ।
ਅਗਲੇ ਦਿਨ ਤੜਕਸਾਰ ਹੀ ਕੋਠੀ ਅੰਦਰ ਚਹਿਲ-ਪਹਿਲ ਸ਼ੁਰੂ ਹੋ ਗਈ । ਮੋਟਰ ਚਲਾ ਕੇ ਭਰੀ ਟੈਂਕੀ ‘ਤੇ ਇਸ਼ਨਾਨ ਕਰਨ ਵਾਲਿਆਂ ਦੀ ਵਾਰੀ ਵੱਡੇ ਸੰਤਾਂ ਤੋਂ ਪਿਛੋਂ ਲੱਗੀ । ਸਵੇਰ ਦੀ ਦੀਵਾਨ ਪਿਛੋਂ ਅਖੰਡ-ਪਾਠ ਦਾ ਪਾਠ ਅਰੰਭ ਕੇ ‘ਵੱਡੇ ਸੰਤ’ ਡੇਰੇ ਕਾਹਦੇ ਮੁੜ ਗਏ,  ਸਾਰਾ ਕੁਝ ਹੀ ਮੁਰਝਾ ਗਿਆ ।
ਨਾ ਘਰ ਵਾਲਿਆਂ ਅੰਦਰ ਉਤਸ਼ਾਹ,  ਨਾ ਰਸੋਈ ਵਿਚ ਚਹਿਲ-ਪਹਿਲ, ਪਾਠੀ ਸਿੰਘ ਚਾਹ ਮੰਗ ਮੰਗ ਵਾਰੀਆਂ ਲਾਉਂਦੇ ਗਏ । ਇਕੋ ਇੱਕ ਬਿਰਧ ਬਾਬੇ ਤੋਂ ਬਿਨਾ ਸਾਰਾ ਦਿਨ ਕੋਈ ਦਰਬਾਰ ਸਾਹਿਬ ਵਾਲੇ ਕਮਰੇ ਵਿਚ ਨਾ ਵੜਿਆ । ਰਾਤ ਦੀ ਰੋਟੀ ਵੀ ‘ਛੋਟੇ ਸੰਤਾਂ’ ਨੂੰ ਖਿਝਦਿਆਂ ਕਰਿਝਦਿਆਂ ਹੀ ਮਿਲੀ । ਵਿਹੜੇ ਵਿਚ ਇੱਕ ਵੱਡੇ ਸਾਰੇ ਮੁੱਢ ਦੁਆਲੇ ਪਾਥੀਆਂ ਚਿਣ ਕੇ ਬਾਲੀ ਧੂਣੀ ਦੁਆਲੇ ਬੈਠੀਆਂ,  ਰੇੜੀਆਂ-ਚਿੜਵੇ ਖਾਂਦੀਆਂ ਤੇ ਅੱਗ ਵਿਚ ਸੁੱਟਦੀਆਂ ਸੁਵਾਣੀਆਂ ਨੂੰ ਇਹ ਸ਼ਾਇਦ ਭੁਲ ਹੀ ਗਿਆ ਸੀ ਕਿ ਘਰ ਵਿਚ ਅਖੰਡ-ਪਾਠ ਵੀ ਰੱਖਿਆ ਹੋਇਆ ਹੈ ।
ਇਹੋ ਹਾਲ ਸ਼ਿਵਚਰਨ ਦਾ ਸੀ । ਪੰਦਰੀਂ ਸਾਲੀਂ ਯਾਰਾਂ-ਮਿੱਤਰਾਂ ਨੂੰ ਮਿਲਿਆ ਸੀ,  ਫਿਰ ਅੱਠੀਂ ਸਾਲੀਂ ਕਾਕਾ ਹੋਇਆ ਸੀ, ਫਿਰ ਲੱਕੀ ਪਹਿਲੀ ਲੋਹੜੀ ਇੰਡੀਆ ਆਇਆ ਸੀ,  ਫਿਰ ਕੋਠੀ ਨਵੀਂ ਉਸਾਰੀ ਸੀ । ਇੰਝ ਗੱਲਾਂ ਕਈ ਇਕ ‘ਕੱਠੀਆਂ ਹੋ ਗਈਆਂ ।  ਚੀਕਾਂ ਬੁਲਬੁਲੀਆਂ ਦੀ ਉੱਚੀ ਆਵਾਜ਼ ਤਿੰਨ ਕਮਰੇ ਲੰਘ,  ਚੌਥੇ ਕਮਰੇ ਵਿਚ ਹੁੰਦੇ ਪਾਠ ਦੀ ਮੱਧਮ ਆਵਾਜ਼ ‘ਤੇ ਛਾ ਗਈ ।  ‘ਅਖੰਡ-ਪਾਠ’ ਦੇ ਭੋਗ ਪਿਛੋਂ ਵਰਤਣ ਲਈ ਮੰਗਵਾਈ ਰੰਮ ਦੀ ਪੇਟੀ ਚੋਂ ਇੱਕ ਸ਼ੀਸ਼ੀ ਨਿਕਲ ਗਈ । ਦੋ, ਚਾਰ, ਦਸ ਮਿੱਤਰ ਇਕੱਠੇ ਹੋ ਗਏ । ਅੱਧੀ ਪੇਟੀ ਖੁਲ੍ਹ ਗਈ । 
ਸ਼ਿਵਚਰਨ ਦੀ ਸੁਰਤ ਨੂੰ ਇਕ ਝਟਕਾ ਜਿਹਾ ਲੱਗਾ ਜਦ ਵਿਹੜੇ ਵਿਚ ਬਲਦੀ ਧੂਣੀ ਤੋਂ ਸੁਆਣੀਆਂ ਦੇ ਗੀਤਾਂ ਦੀ ਥਾਂ,  “ ਹਾਅ... ਆਹ ਲੈ... ਮੋਮਬੱਤੀ ਟੋਲ ਨੀ ਕੁੜੇ... ” ਦੀਆਂ ਆਵਾਜ਼ਾਂ ਸੁਣੀਆਂ । ਉਸ ਨੂੰ ਜਾਪਿਆ ਉਸ ਦੀਆਂ ਅੱਖਾਂ ਦੀ ਲੋਅ ਚਲੀ ਗਈ ਹੋਵੇ। ਆਲੇ-ਦੁਆਲੇ ਦੀ ਚੀਕ-ਚਿਹਾੜਾ ਉਸ ਨੂੰ ਸੁਣਦਾ ਸੀ ਪਰ ਦਿਸਦਾ ਕੁਝ ਨਹੀਂ ਸੀ । ਉਸ ਦੇ ਜਮਾਤੀ ਸਰਪੰਚ ਕਿਸ਼ਨ ਲਾਲ ਨੇ ਸਿਰਗਟ ਲਾਉਣ ਲਈ ਤੀਲ੍ਹੀ ਬਾਲੀ ਤਾਂ ਉਸ ਨੂੰ ਹੌਸਲਾ ਹੋਇਆ ਕਿ ਉਹਦੀ ਨਿਗਾਹ ਤਾਂ ਠੀਕ ਸੀ । ਪਲ ਕੁ ਪਿਛੋਂ ਉਸ ਦੀ ਕੰਬਦੀ ਸੂਝ ਨੇ ਪੈਰ ਟਿਕਾਏ ਤਾਂ ਪਤਾ ਲੱਗਾ ਕਿ ਬਿਜਲੀ ਚਲੀ ਗਈ ਸੀ । ਵਾਰੀ ‘ਤੇ ਬੈਠੇ ਪਾਠੀ ਸਿੰਘਾਂ ਨੇ ਡੱਬੀ ਦੀਆਂ ਤੀਲਾਂ ਬਾਲ ਬਾਲ ਪਾਠ ਚਾਲੂ ਰਖਿਆ ਹੋਇਆ ਸੀ ਤੇ ਘਰ ਵਾਲਿਆਂ ਨੂੰ ਹਫ਼ੜਾ-ਦਫ਼ੜੀ ਵਿਚ ਅਗਾਊਂ ਖ਼ਰੀਦੀਆਂ ਮੋਮਬੱਤੀਆਂ ਨਹੀਂ ਸੀ ਲੱਭਦੀਆਂ ।
ਸ਼ਿਵਚਰਨ ਦੀ ਗੁਆਚੀ ਸਾਰੀ ਦੀ ਸਾਰੀ ਸੁਰਤੀ ‘ਚੋਂ ਬਹੁਤੀ ਪਰਤ ਆਈ । ਨੌਕਰਾਂ ਦੀ ਪ੍ਰਵਾਹ ਨਾ ਕੀਤੇ ਬਿਨਾਂ ਉਹ ਆਪਣੇ ਏਅਰ-ਬੈਗ ‘ਚੋਂ ਇਲੈਕਟਰਾਨਿਕ ਬੈਟਰੀ ਕੱਢ ਸਿੱਧਾ ਦਰਬਾਰ ਸਾਹਿਬ ਵਾਲੇ ਕਮਰੇ ਵਲ ਦੌੜਿਆ । ਅੰਦਰ ਪੈਰ ਰੱਖਣ ਤੋਂ ਪਹਿਲਾਂ ਉਸ ਨੂੰ ਆਪਣੀ ਅਤਿ ਸ਼ਰਾਬੀ ਹਾਲਤ ਦਾ ਧਿਆਨ ਆਇਆ,  ਪਰ ਤੀਲ੍ਹੀ ਮੁੱਕਣ ‘ਤੇ ਪੋਟਿਆਂ ਨੂੰ ਸੇਕ ਲੱਗਣ ਨਾਲ ਨਿਕਲੀ ਪਾਠੀ ਸਿੰਘ ਦੀ ਸੀਅ ।।।।ਅ।।।।।।ਦੀ ਆਵਾਜ਼ ਪਾਠ ਦੀ ਸੁਰ ਵਿਚ ਰਲਦੀ ਦੇਖ ਕੇ, ਉਹ ਹਿੰਮਤ ਕਰ ਕੇ ਪ੍ਰਸ਼ਾਦ ਵਾਲੀ ਤਰਪਾਈ ਨਾਲ ਢੋਅ ਲਾ ਕੇ ਬੈਠ ਗਿਆ ਤੇ ਬੈਟਰੀ ਦੀ ਲੋਅ ਵਰਕਿਆਂ ਵੱਲ ਸਿੱਧੀ ਕਰ ਕੇ ਉਹਨੇ ਮੂੰਹ ਦੂਜੇ ਪਾਸੇ ਫੇਰ ਲਿਆ ।
ਕਮਰੇ ਅੰਦਰ ਦਿਨ ਵੇਲੇ ਧੁਖ਼ੀ ਧੂਫ ਦੀ ਸੁਗੰਧ ਵਿਚ ਰੰਮ ਪੀਤੇ ਸਾਹਾਂ ਦੇ ਸੇਕ ਨੂੰ ਇਕ-ਮਿਕ ਹੁੰਦੇ ਕੋਈ ਬਹੁਤੀ ਦੇਰ ਨਾ ਲੱਗੀ । ਬਿਜਲੀ ਨੇ ਪਹਿਲੀ ਜਲੌਅ ਵਿਚ ਮੁੜ ਆ ਕੇ ਕਮਰਾ ਚਿੱਟੇ ਦਿਨ ਵਾਂਗ ਚਮਕਾ ਦਿੱਤਾ ਸੀ । ਇਸ ਦਾ ਸ਼ਿਵਚਰਨ ਨੂੰ ਉਸ ਵੇਲੇ ਪਤਾ ਲੱਗਾ ਜਦ ਪਾਠੀ ਸਿੰਘ ਨੇ ਉਹਨੂੰ ਉਠਾਲਣ ਲਈ ਵਾਰੀ ਬਦਲਣ ਲਈ ਰੱਖੇ ਗਲਾਸ ਵਿਚ ਚਮਚੇ ਨੂੰ ਜ਼ੋਰ ਨਾਲ ਖੜਕਾਇਆ ।ਅਬੜਵਾਹੇ ਸ਼ਿਵਚਰਨ ਉੱਠ ਕੇ ਬਾਹਰ ਚਲਾ ਗਿਆ ਤੇ ਗੁਰਦੁਆਰੇ ਵਾਲੇ ਭਾਈ ਹੋਰਾਂ ਦੀ ਮਿੰਨਤ ਤਰਲਾ ਕਰ ਕੇ ਧੂਪੀਆ ਬਿਠਾ, ਆਪ ਪਿਛਲੇ ਅੰਦਰ ਜਾ ਸੁੱਤਾ ।
ਅਗਲੇ ਦਿਨ ਸ਼ਿਵਚਰਨ ਤੜਕਸਾਰ ਉਠ ਕੇ ਇਸ਼ਨਾਨ ਕਰ ਦੇ ਫਿਰ ਪਾਠੀ ਸਿੰਘਾਂ ਦੀ ਸੇਵਾ ਵਿਚ ਹਾਜ਼ਰ ਹੋ ਗਿਆ । ਅੰਦਰੋਂ ਉਸ ਨੂੰ ਰਾਤ ਵਾਲੀ ਘਟਨਾ ਦਾ ਤੌਖਲਾ ਖਾਈ ਜਾ ਰਿਹਾ ਸੀ ਮਤੇ ਗੱਲ ‘ਵੱਡੇ ਸੰਤਾਂ’ ਦੇ ਕੰਨਾਂ ਤੱਕ ਨਾ ਪਹੁੰਚ ਜਾਵੇ । ਪਰ ‘ਵੱਡੇ ਸੰਤ’ ਏਨੇ ਨਿਆਣੇ ਨਹੀਂ ਸਨ ਕਿ ਵਰ੍ਹੇ ਦਿਨ੍ਹਾਂ ਦੇ ਦਿਨ ਉਹ ਆਪਣੇ ਸੇਵਕਾਂ ਦੇ ਅਨੰਦ-ਮੰਗਲਾਚਾਰ ਵਿਚ ਵਿਘਨ ਪਾਉਣ ਲਈ ਡੇਰਿਓਂ ਬਾਹਰ ਪੈਰ ਪਾਉਣ । ਉਂਝ ਅਖੰਡ-ਪਾਠਾਂ ਦੇ ਉਨ੍ਹਾਂ ਕੋਲ ਤਿੰਨ ਰੇਟ ਸਨ - ਗਿਆਰਾਂ ਸੌ ਵਾਲਾ,  ਇੱਕੀ ਸੌ ਵਾਲਾ ਤੇ ਇਕੱਤੀ ਸੌ ਵਾਲਾ । ਇੱਕਤੀ ਸੌ ਵਾਲੇ ਪਾਠ ਵਿਚ ਉਹ ਆਪ ਸਾਰਾ ਸਮਾਂ ਉਸੇ ਘਰ ਰਹਿੰਦੇ ਸਨ, ਭਾਵੇਂ ਕੋਈ ਦਿਨ ਹੋਵੇ ਭਾਵੇਂ ਤਿਉਹਾਰ ।
ਅਗਲੇ ਦਿਨ ‘ਛੋਟੇ ਸੰਤਾਂ’ ਦੀ ਬੜੀ ਸੇਵਾ ਹੋਈ । ਰਾਤ ਵਾਲੀ ਭੁੱਲ ਬਖ਼ਸ਼ਾਉਣ ਲਈ ਸ਼ਿਵਚਰਨ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਜੋ ਸ਼ਾਮ ਵੇਲੇ ‘ਵੱਡੇ ਸੰਤਾਂ’ ਦੇ ਆਉਣ ਤੋਂ ਪਹਿਲਾਂ ਪਹਿਲਾਂ ‘ਛੋਟੇ ਸੰਤਾਂ’ ਦੀ ਪ੍ਰਸੰਸਾ ਰੱਜ ਕੇ ਪ੍ਰਾਪਤ ਕੀਤੀ ਜਾ ਸਕੇ । ਪਰ ‘ਵੱਡੇ ਸੰਤ’ ਅਗਲੀ ਰਾਤ ਵੀ ਨਾ ਆਏ । ਮਾਘੀ ਵਾਲੇ ਦਿਨ ਡੇਰੇ ਆਈਆਂ ਸੰਗਤਾਂ ਨੂੰ ਉਹ ਕਿਵੇਂ ਨਾਰਾਜ਼ ਕਰਦੇ ? ਦਸਵੰਧ ਵਜੋਂ ਗੁੜ ਦੀਆਂ ਬੋਰੀਆਂ, ਬਾਸਮਤੀ, ਆਲੂ, ਸਬਜ਼ੀਆਂ, ਦਾਲਾਂ, ਆਟਾ, ਦੁੱਧ, ਦੇਸੀ ਘਿਓ ਆਦਿ ਦੇ ਚੜ੍ਹਾਵਿਆਂ ਨਾਲ ਨਵੀਂ ਫ਼ਸਲ ਨੂੰ ਭੋਗ ਲਾ ਕੇ ਸੰਗਤਾਂ ਵਿਚ ਵਰਤਾਉਣ ਦਾ ਕਾਰਜ ਤਿਆਗ ਕੇ, ਇੱਕੀ ਸੌ ਵਾਲੇ ਅਖੰਡ-ਪਾਠ ‘ਤੇ ‘ਵੱਡੇ ਸੰਤਾਂ’ ਦਾ ਪੁੱਜਣਾ ਮੁਸ਼ਕਲ ਹੀ ਨਹੀਂ, ਅਸੰਭਵ ਸੀ ।
ਮਾਘੀਓਂ ਅਗਲੇ ਦਿਨ ਸਵੇਰੇ ਹੀ ‘ਵੱਡੇ ਸੰਤਾਂ’ ਦੀ ਸਟੇਸ਼ਨ ਵੈਗਨ ਫਿਰ ਸ਼ਿਵਚਰਨ ਦੀ ਕੋਠੀ ਆ ਰੁਕੀ । ਪਿੱਛੇ ਨੂੰ ਖੁਲ੍ਹਦੇ ਵੱਡੇ ਦਰਵਾਜ਼ੇ ‘ਚੋਂ ਛਾਲ ਮਾਰ ਕੇ ਸੇਵਾਦਾਰ ਨੇ ਉਤਰ ਕੇ ਅਗਲਾ ਦਰਵਾਜ਼ਾ ਖੋਲ੍ਹ, ਆਸਰਾ ਦੇ ‘ਵੱਡੇ ਸੰਤਾਂ’ ਨੂੰ ਉਤਾਰਿਆ ਹੀ ਸੀ ਕਿ ਮੱਥੇ ਟੇਕਣ ਵਾਲਿਆਂ ਦੀ ਲਾਮਡੋਰੀ ਲੱਗ ਗਈ । ਕਿਸੇ ਤੋਂ ਚਰਨੀਂ ਹੱਥ ਲੁਆ, ਕਿਸੇ ਨੂੰ ਪਰ੍ਹਾਂ ਧੱਕ,  ਕਿਸੇ ਨੂੰ ਲੱਤਾਂ ਨਾਲੋਂ ਛੰਡ, ‘ਵੱਡੇ ਸੰਤ’ ਵਿਸ਼ਰਾਮ ਕਮਰੇ ਵਿਚ ਜਾ ਬਿਰਾਜੇ ਤਾਂ ਮਾਈਆਂ ਬੀਬੀਆਂ ‘ਧੰਨ ਹੋ... ਧੰਨ ਹੋ...’ ਕਰਦੀਆਂ ਠੰਡੇ ਫ਼ਰਸ਼ ‘ਤੇ ਹੀ ਜਾ ਬੈਠੀਆਂ ।
ਦੂਰੋਂ ਨੇੜਿਓਂ ਸੱਦੇ ਰਿਸ਼ਤੇਦਾਰਾਂ ਦੀ ਆਉਂਦਿਆਂ ਦੀ ਚਾਹ ਮਠਿਆਈ ਨਾਲ ਸੇਵਾ ਹੁੰਦੀ ਰਹੀ । ਲਾਊਡ ਸਪੀਕਰ ‘ਤੇ ਨਗਰ ਨਿਵਾਸੀਆਂ ਨੂੰ ਕਾਰਜ ਸੰਤੋਖ ਕੇ ਅਖੰਡ ਪਾਠ ਦੇ ਭੋਗ ਸੁਣਨ ਉਪਰੰਤ ‘ਵੱਡੇ ਸੰਤਾਂ’ ਦੇ ਖੁਲ੍ਹੇ ਦਰਸ਼ਨ ਕਰਨ ਦੀਆਂ ਕਈ ਵਾਰ ਅਪੀਲਾਂ ਕੀਤੀਆਂ ਗਈਆਂ ।
ਨੌਵੇਂ ਪਾਤਸ਼ਾਹ ਦੇ ਸ਼ਲੋਕ ਸ਼ੁਰੂ ਹੋਣ ਉਪਰੰਤ ‘ਵੱਡੇ ਸੰਤ’ ਗੁਰੂ ਗ੍ਰੁੰਥ ਸਾਹਿਬ ਦੇ ਬਿਲਕੁਲ ਬਰਾਬਰ ਰੇਸ਼ਮੀ ਤਲਾਈ ‘ਤੇ ਵਿਛੀ ਚਿੱਟੀ ਚਾਦਰ ‘ਤੇ ਆ ਪਧਾਰੇ । ਸੰਗਤਾਂ ਗੁਰੂ ਗ੍ਰੰਥ ਸਾਹਿਬ ਵਲ ਪੰਜੀ ਦਸੀ ਉਲਾਰ ਕੇ ਸੁੱਟਦੀਆਂ,  ‘ਵੱਡੇ ਸੰਤਾਂ’ ਦੇ ਚਰਨੀਂ ਪੰਜਾਂ ਦਸਾਂ ਦਾ ਨੋਟ ਰੱਖ, ਮੱਥਾ ਟੇਕ ਕੇ ਕੋਠੀ ਦੇ ਖੁਲ੍ਹੇ ਵਿਹੜੇ ਵਿਚ ਦਰੀਆਂ ‘ਤੇ ਪਸਰੀ ਗੁਲਾਬੀ ਧੁੱਪ ਵਿਚ ਜੁੜਦੀਆਂ ਗਈਆਂ ।
ਭੋਗ ਪਿਆ,  ਪ੍ਰੇਮ ਪਟੋਲੇ ਦਾ ਸ਼ਬਦ ਰਾਗੀ ਸਿੰਘ ਨੇ ਮਧੁਰ ਸੁਰ ਵਿਚ ਗਾਇਆ । ਨੋਟਾਂ ਦੀ ਵਰਖਾ ਨਾਲ ਹਰਮੋਨੀਅਮ ਢੱਕਿਆ ਗਿਆ । ਆਰਤੀ ਹੋਈ । ਤੇਰ੍ਹਾਂ ਦੀਵਿਆਂ ਵਾਲੀ ਗੋਕੇ ਘਿਓ ਨਾਲ ਭਰੀ,  ਲੰਮੀਆਂ ਲਾਟਾਂ ਨਾਲ ਜਗਦੀ, ‘ਵੱਡੇ ਸੰਤਾਂ’ ਦੇ ਸਿਰ ਉਪਰੋਂ ਘੁੰਮਦੀ ਇਕ ਵੱਡੀ ਥਾਲੀ ਨੇ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਖ਼ਸ਼ਾਤ ਤਸਵੀਰ ਪ੍ਰਤੱਖ ਕਰ ਦਿਖਾਈ । ਅਰਦਾਸ ‘ਵੱਡੇ ਸੰਤਾਂ’ ਆਪ ਕੀਤੀ,  ਨੇਤਰ ਮੂੰਦ ਕੇ । ਸ਼ਿਵਚਰਨ ਦਾ ਸਾਰਾ ਜੀਵਨ ਫਰੋਲ ਮਾਰਿਆ । ਗੁਰੂ ਦੀ ਹੋਈ ਅਪਾਰ ਕਿਰਪਾ ਦਾ ਇਤਿਹਾਸ ਸੁਣਾ ਘੱਤਿਆ । ਸੁਰਜੀਤ, ਲੱਕੀ,  ਕੋਠੀ,  ਚੱਠ,  ਕੜਾਹ,  ਪ੍ਰਸ਼ਾਦ,  ਲੰਗਰ,  ਬਸਤਰ,  ਮਾਇਆ ਦੇ ਗੱਫੇ,  ਕੀ ਕੁਝ ਨਹੀਂ ਗਿਣਿਆਂ,  ਅਰਦਾਸ ਵਿਚ । ਚੜ੍ਹਦੀਆਂ ਕਲਾਂ ‘ਤੇ ਮਿਹਰ ਭਰਿਆ ਹੱਥ ਰੱਖਣ ਦੀ ਮੰਗ ਕਰ ਕੇ ਸਰਬੱਤ ਦਾ ਭਲਾ ਮੰਗਿਆ ਗਿਆ । ਜੈਕਾਰੇ ਤੇ ਜੈਕਾਰਾ ਗੱਜਿਆ । ‘ਬੋਲੋ... ਸੋ... ਨਿਹਾਲ, ਸਾ... ਸਰੀ... ਕਾਲ’ ਨਾਲ ਸਾਰੀ ਫਿ਼ਜ਼ਾ ਗੂੰਜ ਉੱਠੀ ।
ਵਾਕ ਲੈਣ ਬੈਠਣ ਲੱਗੀ ਸੰਗਤ ਵਿਚੋਂ,  ਅੱਧੇ ਕੁ ਧੀਰੂ ਨਾਈ ਨੂੰ ਬਾਹਰਲੀ ਫਿਰਨੀ ‘ਤੇ ਬਿਠਾ ਬਣਾਈਆਂ ਦਾੜ੍ਹੀਆਂ ਵਾਲੇ ਤਾਂ ਤੰਬੇ ਸਮੇਤ ‘ਵਾਖਰੂ‘ ਬੋਲ ਕੇ ਬੈਠ ਗਏ ਤੇ ਅੱਧੇ ਕੁ ਮੈਕਸੀਆਂ, ਬੈਲਬਾਟਮਾਂ ਦੇ ਵਲ੍ਹ ਕੱਢਣ ਲਈ ਖੜੋਤੇ ਹੀ ਗੱਲਾਂ ਕਰਦੇ ਰਹੇ । ਰਾਗੀ ਸਿੰਘਾਂ ਦੇ ਗਾਏ ਇਕ ਹੋਰ ਸ਼ਬਦ ਨੇ ਫਿਰ ਚੁੱਪ ਵਰਤਾਈ । ਚਿੜੀ ਤੱਕ ਨਾ ਫਰਕੀ । ਪਰ ‘ਵੱਡੇ ਸੰਤਾਂ’ ਦਾ ਵਿਖਿਆਨ ਚਾਲੂ ਹੁੰਦਿਆਂ ਹੀ ਅਸ਼ਾਂਤੀ ਪੱਸਰ ਗਈ,  ਉਂਝ ਚੜ੍ਹਾਵੇ ਵਿਚ ਕੋਈ ਕਸਰ ਨਾ ਰਹੀ । ਲੋਕ ਪ੍ਰਲੋਕ ਦੀ ਕਥਾ ਕਰਨ ਦੀ ਲੜੀ, ਮਾਇਆ ਦੇ ਗੱਫਿਆਂ ਦੀਆਂ ਅਰਦਾਸਾਂ ਕਰਨ ਵਿੱਚ ਕਈ ਕਈ ਚਿਰ ਗੁਆਚੀ ਰਹਿੰਦੀ ।
‘ਵੱਡੇ ਸੰਤਾਂ’ ਨੇ ਸਭ ਕੁਝ ਸੰਖੇਪ ਕਰ ਕੇ,  ਸ਼ਿਵਚਰਨ ਕੋਲੋਂ ਵਿਦਾ ਹੋਣ ਲਈ ਜਾਂ ਸੁਰਜੀਤ ਤੇ ਲੱਕੀ ਨੂੰ ਬੁਲਾਇਆ ਤਾਂ ਸੇਵਾਦਾਰ ਨੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਨੋਟਾਂ ਤੇ ਬਸਤਰਾਂ ਦੀ ਪੰਡ ਗੱਡੀ ਦੀ ਅਗਲੀ ਸੀਟ ‘ਤੇ ਜਾ ਟਿਕਾਈ । ਅਸ਼ੀਰਵਾਦਾਂ ਤੇ ਨਿੱਕੀਆਂ ਲੈਚੀਆਂ ਦਾ ਪ੍ਰਸ਼ਾਦ ਵੰਡ,  ਚੱਠ ਦਾ ਕੰਮ ਮੁਕਾ,  ‘ਵੱਡੇ ਸੰਤਾਂ’ ਦੇ ਸਟੇਸ਼ਨ ਵੈਗਨ ਵਿਚ ਬੈਠਦਿਆਂ ਬੈਠਦਿਆਂ ਦੇ ਵੀ ਸੈਂਕੜੇ ਸੇਵਕਾਂ ਨੇ ਇਕ ਇਕ ਵਾਰ ਫਿਰ ਚਰਨੀਂ ਹੱਥ ਲਾ ‘ਜਨਮ ਸਫਲਾ’ ਕਰ ਹੀ ਲਿਆ ।
****

 

No comments: