ਕੱਚੇ ਰਿਸ਼ਤੇ.......... ਨਜ਼ਮ/ਕਵਿਤਾ / ਦਿਲਜੋਧ ਸਿੰਘ

(ਇਕ ਕਵਿਤਾ ਆਪਣੀ ਪਤਨੀ ਦੇ ਨਾਂ ਜੋ ਕੈਂਸਰ ਨਾਲ ਲੜਦੀ ਹੋਈ ਕੁਝ ਦਿਨ ਪਹਿਲਾਂ ਦੁਨੀਆਂ  ਛੱਡ ਗਈ – ਦਿਲਜੋਧ ਸਿੰਘ)

ਸੂਰਜ ਮੁਖੀਆ  ਸੂਰਜ  ਕੋਲੋਂ
ਕਿਉਂ  ਪਿਆ  ਮੂੰਹ  ਛੁਪਾਏ ।
ਰਾਤ ਦੇ ਸੁਪਨੇ ਬੜੇ  ਡਰਾਉਣੇ
ਕਿਉਂ ਪਿਆ ਦਿਨੇ ਹੰਢਾਏ ।

ਰੋਜ਼ ਪੂਰਬ ਇਕ ਸੂਰਜ ਜੰਮੇ
ਪੱਛਮ  ਉਹਨੂੰ ਖਾਏ ।
ਉਤਰ  ਦੱਖਣ  ਦੇਖਣ  ਲੀਲਾ
ਕੋਈ ਕੁਝ  ਕਰ ਨਾ ਪਾਏ ।
 
ਬਦਲਾਂ ਨੇ ਜਦ ਪਾਣੀ  ਵੰਡਿਆ
ਕੁਝ ਇੱਥੇ ਕੁਝ ਉੱਥੇ ।
ਕੁਝ ਖੇਤ ਤਾਂ ਜਲ ਥਲ ਹੋਏ
ਕੁਝ ਰਹੇ ਤਿਰਹਾਏ  ।

ਫੁੱਲ ਖਿੜੇ ਖੁਸ਼ਬੋਆਂ ਵੰਡੀਆਂ
ਬਿਨ ਬੰਦਨ ਜਗ ਮਾਣੇਂ ।
ਮਹਿਕਾਂ ਦੇ ਨੇ ਰਿਸ਼ਤੇ ਕੱਚੇ
ਵਕਤ ਆਖਿਰ ਸਮਝਾਏ ।

ਗਗਨਾਂ ਵਿੱਚ ਲਕੀਰ  ਇੱਕ ਪਾਕੇ
ਜਦ  ਕੋਈ ਤਾਰਾ ਟੁੱਟਿਆ ।
ਚੰਨ ਦੇ ਮੂੰਹ ‘ਤੇ ਪਈਆਂ ਝਰੀਟਾਂ
ਦਰਦ  ਉਹ ਸਾਂਭੀ ਜਾਏ ।

ਜਿਸ ਚਿੰਤਾ ਵਿੱਚ ਮਾਹੀ ਨਾ ਵਸਦਾ
ਉਹ ਚਿੰਤਾ ਕਾਹਦੀ ਚਿੰਤਾ ।
ਮਨ ਜਿਹੜਾ ਨਾਂ ਜੋਗ ਕਮਾਵੇ
ਉਹ  ਕਿੰਝ  ਮੁਕਤੀ ਪਾਏ  ।

ਪਵਨ ਕਿਸੇ ਦੀ ਕੀ ਹੋਵੇਗੀ
ਰਿਸ਼ਤੇ ਕਿਤੇ ਨਾ  ਜੋੜੇ ।
ਜਨਮ ਮਰਣ  ਦੀ ਕੌੜੀ ਗਾਥਾ
ਉਸਨੂੰ ਸਮਝ ਨਾ ਆਏ ।
****

Post a Comment