ਬੋਲਣ ਵਾਲਾ ਡੱਬਾ ਤੇ ਸਾਡੀ ਕਿਸਮਤ ਦੇ ਫੈਂਸਲੇ ਕਰਨ ਵਾਲੇ........... ਲੇਖ / ਗੁਰਚਰਨ ਨੂਰਪੁਰ

ਧਰਤੀ ਦੇ ਆਲੇ ਦੁਆਲੇ ਹਵਾਵਾਂ ਦਾ ਗਿਲਾਫ ਜਿਹਾ ਚੜ੍ਹਿਆ ਹੋਇਆ ਹੈ ਜਿਸ ਨੂੰ ਅਸੀਂ ਵਾਯੂਮੰਡਲ ਆਖਦੇ ਹਾਂ । ਇਸ ਵਾਯੂਮੰਡਲ ਤੋਂ ਬਾਹਰ ਨਿੱਕਲ ਜਾਈਏ ਤਾਂ ਅੱਗੇ ਜੋ ਖਾਲੀ ਥਾਂ (ਸਪੇਸ) ਹੈ ਉਸ ਨੂੰ ਪੁਲਾੜ ਦਾ ਨਾਮ ਦਿੱਤਾ ਗਿਆ ਹੈ। ਵਾਯੂਮੰਡਲ ਹੋਵੇ ਜਾਂ ਪੁਲਾੜ ਆਮ ਮਨੁੱਖ ਲਈ ਇਹ ਖ਼ਾਲੀ ਥਾਂ ਹੀ ਹੈ। ਸਦੀਆਂ ਤੋਂ ਮਨੁੱਖ ਦੀ ਇਹ ਧਾਰਨਾ ਬਣੀ ਰਹੀ ਕਿ ਸਾਡੇ ਆਲੇ ਦੁਆਲੇ ਹਵਾ ਹੈ, ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ ਤੇ ਇਸ ਸਾਹ ਲੈਣ ਸਦਕਾ ਹੀ ਜਿੰਦਾ ਹਾਂ। ਪੁਲਾੜ ਦਾ ਉਹਨਾਂ ਨੂੰ ਸ਼ਾਇਦ ਚਿੱਤ ਚੇਤਾ ਵੀ ਨਹੀਂ ਸੀ। ਪਰ ਇੱਕ ਖੋਜੀ ਦਿਮਾਗ ਵਾਲਾ ਬੰਦਾ ਇਸ ਧਰਤੀ ਤੇ ਪੈਦਾ ਹੋਇਆ ਉਸ ਨੇ ਇਸ ਆਕਾਸ਼ ਵਿੱਚ ਰੇਡੀਓ ਤਰੰਗਾਂ ਰਾਹੀਂ ਆਵਾਜ ਲੰਘਾ ਕੇ ਰੇਡੀਓ ਬਣਾ ਦਿੱਤਾ। ਜਦੋਂ  ਬੰਦਾ ਕਈ ਕਿਲੋਮੀਟਰ ਦੂਰ ਬੈਠਾ ਬੋਲਦਾ ਸੀ ਤੇ ਰੇਡੀਓ ਜਿਸ ਨੂੰ ਪੁਰਾਣੇ ਲੋਕ ਬੋਲਣ ਵਾਲਾ ਡੱਬਾ ਜਾਂ ਰੇਡਵਾ ਕਹਿੰਦੇ ਸਨ, ਵਿੱਚ ਉਹਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਤਾਂ ਲੋਕ ਹੈਰਾਨ ਹੁੰਦੇ ਸਨ। ਫਿਰ ਕੋਈ ਹੋਰ ਅਕਲਵਾਨ ਬੰਦਾ ਪੈਦਾ ਹੋਇਆ ਤਾਂ ਉਸ ਸੋਚਿਆ ਇਸ ਖਾਲੀ ਥਾਂ ਵਿੱਚੋ ਆਵਾਜ਼ ਤਾਂ ਲੰਘਦੀ ਹੀ ਹੈ, ਇਸ ਵਿੱਚੋ ਤਸਵੀਰ ਵੀ ਲੰਘਾਈ ਜਾ ਸਕਦੀ ਹੈ ਤੇ ਉਸ ਵੱਡੀ ਅਕਲ ਦੇ ਮਾਲਕ ਬੰਦੇ ਨੇ ਟੈਲੀਵਿਜ਼ਨ ਬਣਾ ਦਿੱਤਾ। ਇਸ ਪਿਛੋਂ ਕੋਈ ਹੋਰ ਖੋਜੀ ਦਿਮਾਗ ਵਾਲਾ ਪੈਦਾ ਹੋਇਆ ਤਾਂ ਉਸ ਸੋਚਿਆ ਕਿ ਆਵਾਜ਼ ਤੇ ਤਸਵੀਰ ਤਾਂ ਠੀਕ ਹੈ, ਇਸ ਵਿੱਚ  ਰੰਗਾਂ ਨੂੰ ਘੋਲਿਆ ਜਾ ਸਕਦਾ ਹੈ ਤੇ ਫੜਿਆ ਜਾ ਸਕਦਾ ਹੈ। ਉਸ ਦੀ ਇਸ ਅਕਲ ਦੀ ਕਰਾਮਾਤ ਨਾਲ ਰੰਗੀਨ ਟੈਲੀਵਿਜ਼ਨ ਹੋਂਦ ਵਿੱਚ ਆਇਆ। ਹੁਣ ਬੰਦਾ ਜਲੰਧਰ ਜਾਂ ਦਿੱਲੀ ਬੈਠਾ ਹੈ ਦੂਰਦਰਸ਼ਨ ਤੇ ਬੋਲਦਾ ਤਾਂ ਅਸੀਂ ਆਪਣੇ ਘਰ ਦੇਖ ਲੈਦੇ ਹਾਂ ਕਿ ਉਸ ਨੇ ਕਿਹੜੇ ਰੰਗ ਦੀ ਕਮੀਜ ਪਾਈ ਹੈ ਅਤੇ ਕਿਹੜੇ ਰੰਗ ਦੀ ਟਾਈ ਲਾਈ ਹੋਈ ਹੈ।

ਕੁਝ ਸਮਾਂ ਪਹਿਲਾਂ ਈਜਾਦ ਹੋਏ ਇਸ ਬੋਲਣ ਵਾਲੇ ਡੱਬੇ ਨੇ ਮਨੁੱਖੀ ਜਿੰਦਗੀ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਇਸ ਨੇ ਸਾਡੇ ਰਹਿਣ ਸਹਿਣ, ਖਾਣ ਪੀਣ, ਪਹਿਨਣ ਤੋਂ ਇਲਾਵਾ ਸਾਡੇ ਬੋਲਚਾਲ ਦੇ ਤੌਰ ਤਰੀਕਿਆਂ ਨੂੰ ਇੱਕ ਤਰਾਂ ਨਾਲ ਬਦਲ ਕੇ ਰੱਖ ਦਿੱਤਾ ਹੈ। ਟੀ. ਵੀ. ਸਭਿਆਚਾਰ ਵਿੱਚ ਵੱਡੀ ਤਬਦੀਲੀ ਉਦੋਂ ਵਾਪਰੀ, ਜਦੋਂ ਅਨੇਕਾਂ ਸਰਕਾਰੀ ਅਤੇ ਗੈਰ ਸਰਕਾਰੀ ਚੈਨਲਾਂ ਦੀ ਭਰਮਾਰ ਹੋ ਗਈ ਤੇ ਸਾਡੇ ਪਿੰਡਾਂ ਸ਼ਹਿਰਾਂ ਵਿੱਚ ਲੱਗੇ ਕਬੂਤਰਾਂ ਦੀਆਂ ਛਤਰੀਆਂ ਵਰਗੇ ਐਨਟੀਨੇ ਰਾਤੋ ਰਾਤ ਗਾਇਬ ਹੋ ਗਏ ਜਿਵੇਂ ਖੋਤੇ ਦੇ ਸਿਰ ਤੋਂ ਸਿੰਗ।

ਸਾਡੇ ਮਹਾਨ ਵਿਗਿਆਨੀਆਂ ਵੱਲੋਂ ਈਜਾਦ ਕੀਤੀ ਇਹ ਕਾਢ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਬਿਮਾਰੀਆਂ ਦੁਸ਼ਵਾਰੀਆਂ ਨੂੰ ਦੂਰ ਕਰਨ ਦੀ ਬਜਾਏ ਅੱਜ ਇੱਕ ਕਾਰੋਬਾਰ ਬਣ ਕੇ ਰਹਿ ਗਈ ਹੈ। ਕਿਹਾ ਜਾਂਦਾ ਹੈ ਕਿ ਵਿਗਿਆਨ ਦੀ ਹਰ ਕਾਡ ਮਨੁੱਖਤਾ ਦੇ ਭਲੇ ਲਈ ਹੈ ਅਤੇ ਇਸ ਦੀ ਗਲਤ ਵਰਤੋਂ ਉਦੋਂ ਹੁੰਦੀ ਹੈ, ਜਦੋਂ ਇਹ ਲਾਲਚੀ  ਲੋਕਾਂ ਦੇ ਹੱਥਾਂ ਵਿੱਚ ਚਲੀ ਜਾਂਦੀ ਹੈ। ਇਹਨਾਂ ਸੈਂਕੜਿਆਂ ਦੀ ਗਿਣਤੀ ‘ਚ ਚੱਲ ਰਹੇ ਚੈਨਲਾਂ ਚੋਂ ਬਹੁਤਿਆਂ ਦਾ ਸਮਾਜਿਕ ਮੁਸ਼ਕਲਾਂ, ਮੁਸੀਬਤਾਂ, ਅਨਿਆਂ ਆਦਿ ਨਾਲ ਕੋਈ ਸਰੋਕਾਰ ਨਹੀਂ, ਜੋ ਕਿ ਹੋਣਾ ਚਾਹੀਦਾ ਹੈ। ਇਹਨਾਂ ਨੂੰ ਸਰੋਕਾਰ ਹੈ ਤੇ ਸਿਰਫ ਇਹ ਕਿ ਲੋਕਾਂ ਨੂੰ ਹਰ ਹਰਬਾ ਵਰਤ ਕਿ ਆਪਣੇ ਚੈਨਲ ਦੀ ਟੀ. ਆਰ. ਪੀ. ਕਿਵੇਂ ਵਧਾਉਣੀ ਹੈ ਤਾਂ ਕਿ ਵੱਧ ਮੁਨਾਫਾ ਕਮਾਇਆ ਜਾ ਸਕੇ।

ਅੱਜ ਜਦੋਂ ਇਹ ਸਭ ਕੁਝ ਕਾਰੋਬਾਰ ਬਣ ਗਿਆ ਹੈ ਤਾਂ ਇਹ ਵੀ ਠੀਕ ਹੈ ਕਿ ਕਾਰੋਬਾਰ ਉਸ ਦਾ ਹੀ ਚੱਲਣਾ ਹੈ, ਜਿਸ ਪਾਸ ਪੈਸਾ ਹੈ। ਗੱਲ ਪੈਸੇ ਤੋਂ ਯਾਦ ਆ ਗਈ।  ਸੁਰੈਣ ਸਿਓਂ  ਇੱਕ ਵਾਰ  ਮੇਲਾ ਵੇਖਣ ਚੱਲਿਆ ਸੀ ਤਾਂ ਬੂਹਿਓ ਬਾਹਰ ਨਿਕਲਦੇ ਨੂੰ ਹੀ ਉਸ ਦੀ ਗੁਆਂਢਣ ਆਖਣ ਲੱਗੀ  “ਭਾਅ ਜੀ ਜੇ ਮੇਲੇ ਤੇ ਜਾਣਾਂ ਏਂ ਤਾਂ ਸਾਡੇ ਛਿੰਦੂ ਲਈ ਛਣਕਣਾਂ ਲਈ ਆਇਆ ਜੇ ਜਰੂਰ, ਜਵਾਕ ਛਣਕਣੇ ਨੂੰ ਬੜਾ ਰੋਂਦਾ ਏ।” ਹੁਣ ਅੱਗੋਂ ਸੁਰੈਣਾਂ ਕੁਝ ਖੁਸ਼ਕ ਸੁਭਾ ਦਾ ਏ ਉਸ ਨੇ ਕਿਹਾ “ਗੁਰਦਿਆਲ ਕੁਰੇ ! ਜੇ ਛਣਕਣਾਂ ਮੰਗਵਾਉਣਾ ਏ ਤਾਂ ਕਾਹਲੀ ਨਾਲ ਦੋ ਰੁਪਈਏ ਘਰੋਂ ਫੜ ਲਿਆ ਬੀਬੀ ਬਣ ਕੇ। ਨਾਮੇਂ੍ਹ ਕੀ  ਕਰਤਾਰੋ ਨੇ ਆਪਣੇ ਜਵਾਕ ਲਈ ਛਣਕਣਾਂ ਮੰਗਾਉਣ ਲਈ ਦੋ ਦਾ ਨੋਟ ਸਵੇਰੇ ਈ ਘੱਲਤਾ ਸੀ।” ਗੁਰਦਿਆਲ ਕੁਰ ਜੋ ਕੁਝ ਚੀਹੜੇ ਸੁਭਾ ਦੀ ਸੀ, ਪੈਸਿਆਂ ਦੇ ਨਾਮ ਤੇ ਘੇਸਲ ਮਾਰਨ ਲੱਗੀ ਤਾਂ ਉਸਨੂੰ ਚੁੱਪ ਦੇਖ ਕੇ  ਸੁਰੇਣੈ ਨੇ ਕਰਤਾਰੋ ਦਾ ਦਿੱਤਾ ਦੋ ਦਾ ਨੋਟ ਦਿਖਾਉਦਿਆਂ ਗੁਰਦਿਆਲੋ ਨੂੰ ਕਿਹਾ “ਭਾਈ ਗੁੱਸਾ ਨਾ ਕਰੀਂ ਆਹ ਵੇਖ ਲਾ ਦੋ ਰੁਪਏ ਦਾ ਨੋਟ, ਨਿਆਣਾਂ ਵੀ ਤਾਂ ਫਿਰ ਹੁਣ ਪੈਸੇ ਵਾਲੀ ਦਾ ਹੀ ਖੇਡਣਾ ਏ ਨਾ।”

ਅੱਜ ਕਲ ਮਾਇਆ ਕੀਹਦੇ ਕੋਲ ਹੈ ? ਉਹ ਜਾਂ ਸਾਧਾਂ ਸੰਤਾਂ, ਬਾਬਿਆਂ, ਜੋਤਿਸ਼ੀਆਂ ਕੋਲ ਹੈ ਜਾਂ  ਗਾਇਕਾਂ, ਐਕਟਰਾਂ,  ਕ੍ਰਿਕਟਰਾਂ ਜਾਂ ਯੋਗਾ ਗੁਰੂ ਰਾਮਦੇਵ ਵਰਗਿਆਂ ਕੋਲ ਹੈ ਤੇ  ਫਿਰ ਚੈਨਲਾਂ ਤੇ  ਕਬਜਾ ਵੀ ਤਾਂ ਇਹਨਾਂ ਦਾ ਹੀ ਹੋਣਾਂ ਏ।

ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਜਦੋਂ ਦੁਨੀਆਂ ਭਰ ਵਿੱਚ ਬੇਮਿਸਾਲ ਤਰੱਕੀ ਹੋ ਰਹੀ ਹੈ। ਕੁਦਰਤੀ ਭੇਦਾਂ ਨੂੰ ਖੋਲਣ ਦੀਆਂ ਸਫਲ ਕੋਸਿ਼ਸ਼ਾਂ ਹੋ ਰਹੀਆਂ ਹਨ। ਪੁਲਾੜ ਵਿੱਚ ਬਸਤੀਆਂ ਵਸਾਉਣ ਦੇ ਮਿਸ਼ਨ ਜਾਰੀ ਹਨ। ਮਨੁੱਖ ਅਤੇ ਹੋਰ ਜੀਵਾਂ ਦੇ ਜੀਨਜ਼ ਨੂੰ ਪੜ੍ਹਨ ਅਤੇ ਨਿਖੇੜਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਉਸ ਸਮੇਂ  ਸਾਡੇ ਟੀ. ਵੀ. ਚੈਨਲ ਲੋਕਾਂ ਨੂੰ ਕਰਾਮਾਤੀ ਨਗਾਂ ਅਤੇ ਮਣਕਿਆਂ ਨੂੰ ਗਲਾਂ ਵਿੱਚ ਲਮਕਾਉਣ ਦੀ ਸਲਾਹ ਦੇ ਰਹੇ ਹੁੰਦੇ ਹਨ। ਸਾਡੇ ਬੱਚਿਆਂ ਅਤੇ ਨੌਜੁਆਨ ਪੀੜ੍ਹੀ ਨੂੰ ਸ਼ਨੀ ਦੇ ਕਰੋਪ ਤੋਂ ਬਚਣ ਦੇ ਉਪਾਅ ਦੱਸੇ ਜਾ ਰਹੇ ਹੁੰਦੇ ਹਨ। ਅਖੌਤੀ ਸਾਧ ਗੁਰੂ ਆਪਣੇ ਡੇਰਿਆਂ ਦੀਆਂ ਭੀੜਾਂ ਵਿੱਚ ਵਾਧਾ ਕਰਨ ਲਈ ਪ੍ਰਵਚਨ ਦੇ ਰਹੇ ਹੁੰਦੇ ਹਨ। ਇਸ ਵਿੱਚ ਕੋਈ ਸੱ਼ਕ ਨਹੀਂ ਕਿ ਟੀ. ਵੀ. ਜਿ਼ਆਦਾਤਰ ਬੱਚੇ ਦੇਖਦੇ ਹਨ।  ਉਹਨਾਂ ਨੂੰ ਇਸ ਉਮਰ ਵਿੱਚ ਸਭ ਤੋਂ ਵੱਧ ਲੋੜ ਉਸਾਰੂ ਤੇ ਗਿਆਨ ਵਿਗਿਆਨ ਵਾਲੇ ਪ੍ਰੋਗਰਾਮ ਦਿਖਾਏ ਜਾਣ ਦੀ ਹੁੰਦੀ ਹੈ। ਅੱਜ ਜਦੋਂ ਦੁਨੀਆਂ ਭਰ ਵਿੱਚ ਬੜੀ ਤੇਜ਼ੀ ਨਾਲ ਗਿਆਨ ਵਿਗਿਆਨ ਦਾ ਪਾਸਾਰ ਹੋ ਰਿਹਾ ਹੈ ਤਾਂ ਅਸੀਂ ਮਾਸੂਮ ਬੱਚਿਆਂ ਨੂੰ ਕਿਸਮਤ ਵਾਦ ਦਾ ਪਾਠ ਪੜ੍ਹਾ ਕੇ ਰੂੜੀਵਾਦੀ ਅਤੇ ਅੰਧਵਿਸ਼ਵਾਸ਼ੀ ਬਿਰਤੀ ਦੇ ਧਾਰਨੀ  ਬਣਾ ਰਹੇ ਹਾਂ।

ਇਹਨਾਂ ਅਤੇ ਇਹਨਾਂ ਜੋਤਿਸ਼ੀਆਂ ਸਾਧਾਂ ਸੰਤਾਂ ਨੂੰ ਖਿਆਲ ਕਰਨਾ ਰੱਖਣਾਂ ਚਾਹੀਦਾ ਹੈ, ਉਹ ਆਪਣਾ ਸੌਦਾ ਵੇਚਣ ਲਈ ਜਿਹਨਾਂ ਵਿਗਿਆਨਕ ਸਾਧਨਾਂ ਦਾ ਸਹਾਰਾ ਲੈ ਰਹੇ ਹਨ, ਇਹ  ਕਿਸੇ ਅਖੌਤੀ ਗੁਰੂ ਜਾਂ ਜੋਤਿਸ਼ੀ ਨੇ ਕਰਾਮਾਤੀ ਢੰਗ ਨਾਲ ਤਿਆਰ ਨਹੀਂ ਕੀਤੇ ਸਗੋਂ ਇਹ ਸਾਧਨ ਉਹਨਾਂ ਲੋਕਾਂ ਦੇ ਦਿਮਾਗ ਦੀ ਪੈਦਾਵਾਰ ਹਨ, ਜਿਹਨਾਂ ਨੇ ਅਖੌਤੀ ਪੁਰਾਤਨ  ਰੂੜੀਵਾਦੀ ਧਾਰਨਾਵਾਂ ਅਤੇ ਤੁਹਾਡੇ ਇਸ ਕਿਸਮਤਵਾਦ ਨੂੰ ਨਹੀਂ ਮੰਨਿਆਂ।

ਅੱਜ ਲੋੜ ਹੈ ਚੇਤਨ ਦਿਮਾਗ ਲੋਕ ਆਮ ਲੋਕਾਂ ਨੂੰ ਸੁਚੇਤ ਕਰਨ ਕਿ ਇਹ ਅਖੌਤੀ ਪਾਠ ਪੂਜਾ, ਜੋਤਿਸ਼, ਯੋਗ ਵਿਧੀਆਂ ਅਤੇ ਰੁਦਰਾਸ਼ਕ ਦੇ ਮਣਕੇ ਗਲਾਂ ਵਿੱਚ ਪਾ ਲੈਣ ਨਾਲ ਹੀ ਸਾਡੀਆਂ  ਮੁਸ਼ਕਲਾਂ ਮੁਸੀਬਤਾਂ ਦੁਖਾਂ ਕਲੇਸ਼ਾਂ ਦਾ ਹੱਲ ਨਹੀਂ ਹੋ ਜਾਂਦਾ ਇਹਨਾਂ ਦੇ ਹੱਲ  ਵਾਸਤੇ ਅੱਜ ਸਾਨੂੰ ਇਕ ਵੱਡੀ ਲੜਾਈ  ਲੜਨ ਦੀ ਲੋੜ ਹੈ।

*****

1 comment:

Shabad shabad said...

ਸਾਡੀ ਕਿਸਮਤ ਦ ਫੈਸਲੇ ਹੁਣ ਕੌਣ ਕਰਦਾ ? ਗੁਰਚਰਨ ਨੂਰਪੁਰ ਦਾ ਲੇਖ ਪੜ੍ਹਿਆ। ਬਹੁਤ ਹੀ ਵਧੀਆ ਢੰਗ ਨਾਲ਼ ਗੱਲ ਦੀ ਸ਼ੁਰੂਆਤ ਕੀਤੀ ਜੋ ਹੌਲ਼ੀ-ਹੌਲ਼ੀ ਵੱਧਦੀ...ਪਾਠਕ ਨੂੰ ਨਾਲ਼ ਲੈ ਤੁਰੀ.....ਟੀ.ਵੀ. ਚੈਨਲਾਂ ਵੱਲ। ਸੱਚ ਕਿਹਾ ਅੱਜ ਦੇ ਟੀ.ਵੀ. ਚੈਨਲਾਂ ਬਾਰੇ......ਕਿਸੇ ਵੀ ਚੈਨਲ 'ਤੇ ਕੁਝ ਅਜਿਹਾ ਪ੍ਰਸਾਰਿਤ ਨਹੀਂ ਕੀਤਾ ਜਾਂਦਾ ਜਿਸ ਨੂੰ ਕੋਈ ਘੰਟਾ -ਅੱਧਾ ਘੰਟਾ ਜੀ ਲਾ ਕੇ ਵੇਖ ਲਵੇ। ਬੱਸ ਸਭ ਕਝ ਊਟ-ਪਟਾਂਗ ਜਿਹਾ ਹੁੰਦਾ। ਚੈਨਲ ਬਦਲ -ਬਦਲ ਕੇ, ਹਾਰ ਕੇ ਬੰਦ ਕਰਨਾ ਪੈਂਦਾ ਟੀ.ਵੀ.।
ਪਹਿਲਾਂ-ਪਹਿਲ ਬੋਲਣਾ ਡੱਬਾ, ਜਿਸ ਨੂੰ ਲੋਕ ਰੇੜੂਆ ਵੀ ਕਹਿੰਦੇ ਸੀ....ਨੁੰ ਸੁਨਣ ਦਾ ਬਹੁਤ ਰੁਝਾਨ ਸੀ, ਪ੍ਰੋਗਰਾਮ ਥੋੜੇ ਸਨ ਪਰ ਵਧੀਆ ਸਨ। ਫੇਰ ਟੀ.ਵੀ. ਚੱਲ ਪਿਆ.....ਲੋਕਾਂ ਨੇ ਰੇਡੀਓ ਪਤਾ ਨਹੀਂ ਕਿੱਧਰ ਸੁੱਟ ਦਿੱਤੇ.....ਕੁਝ ਹੱਦ ਤੱਕ ਓਹ ਵੀ ਠੀਕ ਸੀ। ਪਰ ਅੱਜਕੱਲ ਜਿਵੇਂ ਗੁਰਚਰਨ ਭਾਜੀ ਨੇ ਲਿਖਿਆ ਹੈ ਅਣਗਿਣਤ ਚੈਨਲ ਹੋਣ ਕਰਕੇ......ਜੋ 24/7 ਚੱਲਦੇ ਹਨ.........ਪ੍ਰੋਗਰਾਮਾਂ ਦਾ ਮਿਆਰ ਡਿੱਗ ਗਿਆ।
ਲੱਗਦਾ ਲੋਕ ਹੁਣ ਫੇਰ ਰੇਡੀਓ ਵੱਲ ਮੁੜੇ ਹਨ.....ਜਿਸ ਦੀ ਇੱਕ ਤਾਜ਼ਾ ਮਿਸਾਲ...ਹਰਮਨ ਰੇਡੀਓ ਹੈ....ਪੰਜਾਬ 'ਚ ਤਾਂ ਪਤਾ ਨਹੀਂ ....ਪਰ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੇ ਮਨਾਂ 'ਚ ਏਸ ਲਈ ਚੰਗੀ ਥਾਂ ਬਣਦੀ ਜਾਂਦੀ ਹੈ।
ਵਧੀਆ ਲੇਖਣੀ ਲਈ ਲੇਖਕ ਵਧਾਈ ਦਾ ਪਾਤਰ ਹੈ।
ਹਰਦੀਪ
http://punjabivehda.wordpress.com