ਕਾਮਯਾਬ ਆਗੂ ਦਾ ਕਬਿੱਤ........... ਕਾਵਿ ਵਿਅੰਗ / ਤਰਲੋਚਨ ਸਿੰਘ 'ਦੁਪਾਲਪੁਰ'

ਸਿਰੇ ਦਾ ਪਖੰਡੀ ਹੋਵੇ ਅੰਦਰੋਂ ਘੁਮੰਡੀ ਹੋਵੇ
ਬਾਹਰੋਂ ਹੋਵੇ ਦੇਖਣੇ ਨੂੰ ਬੀਬਾ  ਰਾਣਾ ਲੱਗਦਾ ।

ਲੱਗਦਾ ਸ਼ਰੀਫ ਹੋਵੇ ਵਿੱਚੋਂ ਪੂਰਾ ਢੀਠ ਹੋਵੇ
ਹੱਥ  ਜੋੜ  ਜੋੜ  ਫਿਰੇ  ਦੁਨੀਆਂ ਨੂੰ  ਠੱਗਦਾ ।

ਠੱਗਦਾ ਨਾ ਚੋਰ ਨਾ ਲੱਗੇ ਸਾਧਾਂ ਵਾਲੀ ਤੋਰ ਲੱਗੇ
ਹੋ ਕੇ ਪੂਰਾ ਮੀਸਣਾ   ਚਹੇਤਾ    ਰਹੇ  ਜੱਗ ਦਾ ।

ਜੱਗ ਦਾ ਉਲ੍ਹਾਮਾਂ ਤਜੇ ਆਪਦੇ ਖਜਾਨੇ ਭਰੇ
ਮੱਖਣ  ਬਣਾਵੇ ਗੱਲੀਂ ਪਾਣੀ ਵਾਲੀ ਝੱਗ ਦਾ ।

ਝੱਗ ਦਾ ਦਿਖਾਲੇ਼  ਦੁੱਧ ਮਾਰ ਦੇਵੇ ਸੁੱਧ ਬੁੱਧ
ਅੱਖੀਂ ਘੱਟਾ ਪਾ ਕੇ ਮੇਲ਼ ਕਰੇ  ਪਾਣੀ ਅੱਗ  ਦਾ ।

ਅੱਗ ਦਾ ਫਲੂਹਾ ਸੁੱਟੇ ਕੌਮੀ ਕਾਰਜਾਂ ਦੇ ਉੱਤੇ
ਪੰਥ ਆਪਣੇ  'ਚ ਯਾਰੋ  ਐਸਾ  ਆਗੂ   ਤੱਗਦਾ ।       

****                         

Post a Comment