ਹੋਲੀ……… ਨਜ਼ਮ/ਕਵਿਤਾ / ਮਲਕੀਅਤ "ਸੁਹਲ"

ਰੰਗਾਂ ਭਰਿਆ ਹਰ ਘਰ ਵਿਹੜਾ,
ਸੱਭ ਨੇ ਖੇਡੀ ਹੋਲੀ ।
ਭੰਗੜਾ ਪਾਉਂਦੇ ਨੱਚਦੇ ਗਾਉਂਦੇ,
ਢੋਲ ਵਜਾਉਂਦੇ ਢੋਲੀ ।

ਖ਼ੁਸ਼ੀਆਂ ਦਾ ਤਿਉਹਾਰ ਪਿਆਰਾ,
ਸਭ ਨੂੰ ਪਿਆਰਾ ਲੱਗੇ।
ਹਰ  ਟੋਲੀ ਦੇ  ਰੰਗ  ਨਿਆਰੇ,
ਨੀਲੇ, ਪੀਲੇ, ਬੱਗੇ ।

ਨਵੀਂ ਵਿਆਹੀ  ਵਹੁਟੀ ਤੇ ਜਦ,
ਭਰ  ਮਾਰੀ  ਪਚਕਾਰੀ।
ਦਿਉਰ  ਬੜਾ  ਟੁੱਟ ਪੈਣਾ  ਮੈਨੂੰ,
ਰੰਗ ਗਿਆ ਕਈ ਵਾਰੀ।

ਮੈਂ  ਵੀ  ਲੁਕਣ-ਮੀਚੀ  ਵਾਂਗਰ,
ਕੀਤਾ  ਉਸਨੂੰ  ਕਾਬੂ ।
ਡੱਬ - ਖੜੱਬਾ   ਦੇਵਰ   ਕੀਤਾ,
ਜਿਉਂ ਕੋਈ ਫਿਲਮੀ ਬਾਬੂ।

ਚੋਰੀ - ਚੋਰੀ  ਨਣਦ  ਮੇਰੀ  ਨੇ ,
ਮੇਰਾ ਭੂਤ ਬਣਾਇਆ ।
ਮੈਂ  ਵੀ  ਉਹਨੂੰ  ਫੜ  ਕੇ ਅੜੀਉ,
ਰੰਗਾਂ ਨਾਲ  ਸਜਾਇਆ।

ਰੰਗਾਂ  ਦੇ  ਨਾਲ  ਸਾਡੇ  ਘਰ  ਦਾ,
ਹੋਇਆ ਰੰਗਲਾ ਵਿਹੜਾ।
ਦਰਾਣੀ  ਅਤੇ   ਜਿਠਾਣੀ   ਰੰਗੀ ,
ਦਸੋ ! ਬਚਿਆ ਕਿਹੜਾ।

ਜੱਟ  ਨਸ਼ੇ   ਵਿਚ   ਝੂਮਣ  ਲਗਾ ,
ਕਹਿੰਦਾ ਆ ਗਈ ਹੋਲੀ।
ਮੈਂ  ਰੱਜ   ਕੇ  ਪਾਊਂਗਾ   ਭੰਗੜਾ ,
ਜੱਟੀ  ਪਾਊਗੀ   ਬੋਲੀ ।

ਚਾਚਾ  ਚਾਚੀ, ਤਾਇਆ  ਤਾਈ,
ਬੰਨ੍ਹਿਆਂ ਰੰਗ ਨਿਆਰਾ ।
ਬੁੱਢੀ   ਭਾਬੀ   ਰੰਗਣ   ਚੜ੍ਹਿਆ,
ਵੇਖੋ  ਛੜਾ  ਵਿਚਾਰਾ ।

ਅੱਜ   ਬਾਪੂ  ਨੇ  ਬੇਬੇ  ਰੰਗ ਕੇ,
ਐਸਾ  ਰੰਗ  ਚੜ੍ਹਾਇਆ।
ਸਾਰਾ   ਟੱਬਰ   ਬਾਪੂ  ਜੀ  ਦਾ,
ਹੋਇਆ ਦੂਣ ਸਵਾਇਆ।

ਸਾਂਝਾਂ ਦਾ   ਤਿਉਹਾਰ  ਹੈ  ਹੋਲੀ,
ਰਲ ਕੇ ਖੁਸ਼ੀ ਮਨਾਈਏ।
ਅੱਜ  ਮਿੱਤਰਤਾ ਦਾ ਰੰਗ ਚੜ੍ਹਾ ਕੇ,
ਸਾਂਝੀਵਾਲ  ਸਦਾਈਏ।

"ਸੁਹਲ"  ਦਿਲਾਂ ਦੇ  ਨੇੜੇ  ਹੋ  ਕੇ,
ਸਾਰੇ  ਖ਼ੁਸ਼ੀ ਮਨਾਓ ।
ਹੋਲੀ  ਦੇ   ਰੰਗ   ਬੜੇ   ਪਿਆਰੇ,
ਗੀਤ ਹੋਲੀ ਦੇ ਗਾਓ।
****

Post a Comment