ਦਰੀ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ

ਪੰਜਾਬੀ ਸੱਭਿਆਚਾਰ ਵਿੱਚ ਹੋਰ ਕਈ ਚੀਜ਼ਾਂ ਦੇ ਨਾਲ਼ ਨਾਲ਼ ਦਰੀ ਦਾ ਬੜਾ ਢੁਕਵਾਂ ਤੇ ਡੂੰਘਾ ਸਥਾਨ ਰਿਹਾ ਹੈ ਅਤੇ ਕਿਸੇ ਹੱਦ ਤੱਕ ਅੱਜ ਵੀ ਹੈ । ਦਰੀ ਵਿੱਚੋਂ  ਪੰਜਾਬੀ ਸੱਭਿਆਚਾਰ ਦੀ ਝਲਕ ਬੜੀ ਡੁੱਲ੍ਹ ਡੁੱਲ੍ਹ ਕੇ ਪਿਆ ਕਰਦੀ ਸੀ । ਇਸ ‘ਤੇ ਪਾਏ ਫੁੱਲ, ਵੇਲ ਬੂਟੇ,  ਘੁੱਗੀਆਂ ਬਟੇਰ, ਸ਼ੇਰ ਚੀਤੇ  ਤੇ ਹੋਰ ਕਈ ਕਿਸਮ ਦੇ ਨਮੂਨੇ ਮੁਟਿਆਰਾਂ ਦੇ ਦਿਲਾਂ ਦੀਆਂ ਰੀਝਾਂ ਵਾਲੀ ਗੱਲ ਆਪ ਮੁਹਾਰੇ ਹੀ ਕਰ ਜਾਇਆ ਕਰਦੇ ਸਨ । ਉਣੀ ਹੋਈ ਦਰੀ ਜਿੱਥੇ ਮੁਟਿਆਰ ਦੇ ਦਿਲ ਦੀ ਗੱਲ ਕਰਦੀ ਸੀ ਉੱਥੇ ਇਹ ਘਰ ਦੀਆਂ ਸੁਆਣੀਆਂ ਵਲੋਂ ਕੀਤੀ ਗਈ ਮਿਹਨਤ ਅਤੇ ਕਾਰੀਗਰੀ ਨੂੰ ਉਘਾੜ ਕੇ ਉਭਾਰਿਆ ਕਰਦੀ ਸੀ ।  ਭਾਵ ਕਪਾਹ ਚੁੱਗ ਕੇ, ਸੁਕਾ ਕੇ ਪਿੰਜਣੀ, ਫਿਰ ਇਸ ਦਾ  ਸੂਤ ਕੱਤਕੇ ਰੰਗਣਾ ਅਤੇ ਬਾਅਦ ਵਿੱਚ ਇਸ ਨੂੰ ਦਰੀ ਦਾ ਰੂਪ ਦੇਣਾ ਆਦਿ ਕੰਮ ਬੜੀ ਮਿਹਨਤ ਤੇ ਲਗਨ ਦੀ ਮੰਗ ਕਰਦੇ ਹਨ । ਦਰੀ ਜਿੱਥੇ ਪੰਜਾਬ ਦੇ ਪੇਂਡੂ ਜੀਵਨ ਦੀ ਤਰਜਮਾਨੀ ਕਰਦੀ ਹੈ ਉੱਥੇ ਇਹ ਪੰਜਾਬੀ ਹਸਤ ਕਲਾ ਦੇ ਰੂਪ ਨੂੰ ੳਜਾਗਰ ਕਰਕੇ ਲੋਕਾਂ ਦੀ ਕਲਾ ਨੂੰ ਸਿਖਰ ਤੇ ਵੀ ਲੈ ਕੇ ਜਾਂਦੀ ਹੈ । ਬੇਸ਼ੱਕ  ਦਰੀ ਉਣਨਾ ਪੰਜਾਬੀ ਔਰਤਾਂ ਦੀ ਜ਼ਰੂਰਤ ਸੀ ਅਤੇ ਇੱਕ  ਸ਼ੌਂਕ ਦੇ ਤੌਰ ਤੇ ਵੀ ਪ੍ਰਚਲਿਤ ਹੋਈ ਪਰ ਇਸ ਤੋਂ ਅੱਗੇ ਇਹ ਇੱਕ ਰੁਜ਼ਗਾਰ ਦੇ ਤੌਰ ਤੇ ਵੀ ਪ੍ਰਸਿੱਧ ਹੋਇਆ ਕੰਮ  ਸੀ। ਮੁਟਿਆਰਾਂ ਆਪਣੇ ਤਿਆਰ ਕੀਤੇ ਜਾਣ ਵਾਲੇ ਦਾਜ ਵਿੱਚ ਬੜੀ ਰੀਝ ਨਾਲ ਦਰੀਆਂ ਉਣ ਕੇ ਰੱਖਿਆ ਕਰਦੀਆਂ ਸਨ । ਹਰ ਮੁਟਿਆਰ ਦੀ ਇਹ ਕੋਸਿ਼ਸ਼ ਹੁੰਦੀ ਸੀ ਕਿ ਉਸਦੇ ਸਹੁਰੇ ਘਰ ਵਿੱਚ ਉਸ ਵਲੋਂ ਲਿਆਂਦੇ ਦਾਜ ਦੀਆਂ ਗੱਲਾਂ ਹਰ ਮੂੰਹ ਤੇ ਹੋਣ । ਇਸ ਲਈ ਉਹ ਆਪਣੇ ਦਾਜ ਨੂੰ ਬੜੇ ਉਤਸ਼ਾਹ ਨਾਲ ਤਿਆਰ ਕਰਿਆ ਕਰਦੀ ਸੀ ਤੇ ਦਰੀ ਦਾਜ ਦਾ ਇੱਕ ਪ੍ਰਮੁੱਖ ਹਿੱਸਾ ਹੋਣ ਕਰਕੇ ਮੁਟਿਆਰ ਦਾ ਦਰੀ ਤੇ ਵੀ ਪੂਰਾ ਤਾਣ ਲੱਗ ਜਾਂਦਾ ਸੀ ।  



ਅੱਜ ਕੱਲ ਅਸੀਂ ਗੱਦਿਆਂ ਤੇ ਸੌਂਦੇ ਹਾਂ ਅਤੇ ਬੜੀ ਅਰਾਮਦਾਇਕ ਜਿ਼ੰਦਗੀ ਬਸਰ ਕਰਦੇ ਹਾਂ ਪਰ ਕਿਸੇ ਵੇਲੇ ਸਾਡਾ ਬਿਸਤਰਾ ਹੁੰਦਾ ਸੀ ਦਰੀ ਜਾਂ ਤਲਾਈ ਦਾ । ਸਮੇਂ ਦੇ ਨਾਲ ਨਾਲ ਮੰਜਿਆਂ ਦੀ  ਥਾਂ ਬੈੱਡ ਆ ਗਏ ਅਤੇ ਦਰੀਆਂ-ਤਲਾਈਆਂ ਦੀ ਥਾਂ ਗੱਦੇ । ਇਸ ਸਮੇਂ ਦੀ ਬਦਲਦੀ ਨੁਹਾਰ ਨੇ ਸਾਡੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਖੋਹ ਲਈਆਂ ਹਨ । ਦਰੀ ਵਾਲਾ ਬਿਸਤਰਾ ਗਰਮੀ ਦੇ ਦਿਨਾਂ ਵਿੱਚ ਜਿੱਥੇ ਹਲਕਾ ਫੁਲਕਾ ਹੁੰਦਾ ਸੀ, ਉੱਥੇ ਇਹ ਸੌਣ ਲਈ ਵੀ ਵਧੀਆ ਹੁੰਦਾ ਸੀ । ਕਿਸਾਨ ਆਪਣੇ ਖੇਤਾਂ ਵਿੱਚ ਫਸਲ ਦੀ ਰਾਖੀ ਲਈ ਜਾਂ ਸਾਂਭ ਸੰਭਾਲ ਲਈ ਦਰੀ ਵਾਲਾ ਬਿਸਤਰਾ ਆਪਣੇ ਖੇਤੀ ਲੈ ਜਾਇਆ ਕਰਦੇ ਸਨ, ਜਿਸ ਨੂੰ ਚੁੱਕਣਾ ਥੱਲਣਾ ਸੌਖਾ ਹੁੰਦਾ ਸੀ । 

ਦਰੀ ਜਿੱਥੇ ਬਿਸਤਰੇ ਤੇ ਵਿਛਾਈ ਜਾਂਦੀ ਹੈ ਉੱਥੇ ਇਹ ਫਰਸ਼ ਤੇ ਭੁੰਜੇ ਵੀ ਵਿਛਾਈ ਜਾਂਦੀ ਹੈ । ਆਮ ਹੀ ਗੁਰੂ ਘਰਾਂ ਵਿੱਚ, ਮੰਦਰਾਂ ਵਿੱਚ ਸੰਗਤਾਂ ਦੇ ਬਹਿਣ ਲਈ ਦਰੀਆਂ ਵਿਛਾਈਆਂ ਜਾਂਦੀਆਂ ਹਨ । ਆਮ ਹੀ ਘਰਾਂ ਵਿੱਚ ਦਰੀਆਂ ਬੁਣਨ (ਉਣਨ) ਲਈ ਅੱਡਾ ਰੱਖਿਆ ਹੁੰਦਾ ਸੀ । ਇਸ ਨੂੰ ਘਰ ਦੇ ਦਲਾਨ ਵਿੱਚ ਜਾਂ ਵਰਾਂਡੇ ਵਿੱਚ ਰੱਖ ਕੇ ਮੁਟਿਆਰਾਂ ਦਰੀ ਉਣਿਆ ਕਰਦੀਆਂ ਸਨ । ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ  ਪਹਿਲਾਂ ਸਾਡੇ ਘਰਾਂ  ਦੇ ਵਿਹੜੇ ਅਤੇ ਦਲਾਨ  ਕੱਚੇ ਹੀ ਹੋਇਆ ਕਰਦੇ ਸਨ ਇਸ ਕਰਕੇ ਕਈ ਲੋਕ ਚਾਰ ਕਿੱਲੇ ਗੱਡ ਕੇ ਵੀ ਅੱਡਾ ਬਣਾ ਲਿਆ ਕਰਦੇ ਸਨ । ਫਿਰ ਇਸ ਤੇ ਤਾਣਾ ਤਣ ਕੇ ਇਸਨੂੰ ਕੱਸ ਕੇ ਬੰਨਿਆ ਜਾਂਦਾ ਹੈ । ਫਿਰ ਰੰਗ ਬਰੰਗੇ ਸੂਤ ਨਾਲ ਨਾਲ ਇਸ ਨੂੰ ਉਣਿਆ ਜਾਂਦਾ ਹੈ । ਦਰੀ ਦੇ ਦੋਵੇਂ ਪਾਸੇ ਪਾਏ ਹੋਏ ਤਾਣੇ ਨੂੰ ਥੋੜਾ ਜਿਹਾ ਵੱਧ ਛੱਡ ਕੇ ਬੰਬਲ ਬਣਾਏ ਜਾਂਦੇ ਹਨ ਜੋ ਕਿ ਦਰੀ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹਨ । ਦਰੀ ਨੂੰ ਬਣਾਉਣ ਲਈ ਦੋ ਜਣੇ ਹੋਣੇ ਜ਼ਰੂਰੀ ਹਨ ਨਹੀਂ ਤਾਂ ਇੱਕ ਜਣੇ ਵਾਸਤੇ ਵਾਰ ਵਾਰ ਇੱਧਰ ਉੱਧਰ ਹੋਣਾ ਔਖਾ ਹੈ । ਇਸੇ ਕਰਕੇ ਘਰ ਦੀ ਇੱਕ ਸੁਆਣੀ ਜੋ ਦਰੀ ਬਣਾਉਣ ਦੀ ਮਾਹਰ ਹੁੰਦੀ ਸੀ ਉਹ ਆਪਣੇ ਨਾਲ ਕਿਸੇ ਸਿਖਾਂਦਰੂ ਮੁਟਿਆਰ ਨੂੰ ਨਾਲ ਲੈ ਕੇ ਦਰੀ ਬਣਾ ਲਿਆ ਕਰਦੀ ਸੀ । ਆਮ ਕਰਕੇ ਦਰੀਆਂ ਬਣਾਉਣਾ ਮਾਂਵਾ ਧੀਆਂ ਦਾ ਕੰਮ ਸੀ ਜਾਂ ਦੋ ਭੈਣਾਂ ਦਾ ਕੰਮ ਜਾਂ ਫਿਰ ਨਣਦ ਭਰਜਾਈ ਮਿਲ ਕੇ ਵੀ ਦਰੀ ਬਣਾ ਲਿਆ ਕਰਦੀਆਂ ਸਨ । ਇੱਥੇ ਇੱਕ ਗੱਲ ਹੋਰ ਜਿੱਥੇ ਮਾਂ ਆਪਣੀ ਧੀ ਲਈ ਦਾਜ ਤਿਆਰ ਕਰ ਲੈਂਦੀ ਸੀ ਜਾਂ ਫਿਰ ਘਰ ਦੀ ਸਿਆਣੀ ਨੂੰਹ ਆਪਣੀ ਨਣਦ ਵਾਸਤੇ ਵੀ ਦਾਜ ਤਿਆਰ ਕਰਵਾਇਆ ਕਰਦੀ ਸੀ, ਉੱਥੇ ਉਹ ਆਪਣੀ ਧੀ ਜਾਂ ਨਣਦ ਨੂੰ ਇਸ ਕਾਰੀਗਰੀ ਵਿੱਚ ਨਿਪੁੰਨ ਕਰਕੇ ਸਹੁਰੇ ਤੋਰਿਆ ਕਰਦੀ ਸੀ। ਮੁਟਿਆਰਾਂ ਦਰੀ ਤੇ ਕਈ ਪ੍ਰਕਾਰ ਦੇ ਪੰਛੀਆਂ ਜਿਵੇਂ ਘੁੱਗੀਆਂ, ਤੋਤੇ, ਮੋਰ, ਬੱਤਖਾਂ, ਕੁੱਕੜ, ਤਿੱਤਲੀ ਅਤੇ ਜਾਨਵਰਾਂ ਵਿੱਚ ਹਾਥੀ, ਸ਼ੇਰ, ਹਿਰਨ, ਕੁੱਤਾ, ਘੋੜਾ, ਖਰਗੋਸ਼ ਆਦਿ ਅਤੇ ਕਈ ਤਰਾਂ ਦੇ  ਫੁੱਲ ਆਦਿ ਪਾ ਕੇ ਦਰੀ ਨੂੰ ਸਿ਼ੰਗਾਰਿਆ ਕਰਦੀਆਂ  ਸਨ । ਕਈ ਵਾਰ ਸਾਦੀ ਧਾਰੀਦਾਰ ਦਰੀ ਵੀ ਤਿਆਰ ਕੀਤੀ ਜਾਂਦੀ ਸੀ । ਅੱਜਕੱਲ ਦਰੀ ਸਿਰਫ਼ ਮਾਰਕਿਟ ਵਿੱਚੋਂ ਖਰੀਦੀ ਜਾਂਦੀ ਹੈ ਅਤੇ ਘਰ ਦੀ ਬਣਾਈ ਦਰੀ ਇੱਕ ਸੁਪਨਾ ਬਣ ਕੇ ਰਹਿ ਗਈ ਹੈ । ਮੇਰੇ ਖਿਆਲ ਮੁਤਾਬਿਕ ਪੰਜਾਬ ਦੇ ਕਿਸੇ ਘਰ ਵਿੱਚ ਦਰੀ ਬਣਾਉਣ ਵਾਲਾ ਅੱਡਾ ਨਹੀਂ ਹੈ ਸਗੋਂ ਜੇ ਕਿਸੇ ਘਰ ਹੋਵੇਗਾ ਵੀ ਤਾਂ ਅਸੀਂ ਉਸ ਘਰ ਨੂੰ ਪਿਛੜਿਆ ਹੋ ਕਹਿ  ਕੇ  ਉਸਦਾ ਮਜ਼ਾਕ ਹੀ ਉਡਾਵਾਂਗੇ, ਨਾ ਕਿ ਉਸਦਾ ਹੌਂਸਲਾ ਵਧਾਵਾਂਗੇ । ਦਰੀ ਦੀ ਕੀਮਤ ਦਰੀ ਦੀ ਬੁਣਾਈ ਅਤੇ ਉਸ ਨੂੰ ਲਾਏ  ਜਾਣ ਵਾਲੇ ਸੂਤ ਦੇ ਅਧਾਰ ਤੇ ਨਿਰਧਾਰਤ ਹੁੰਦੀ ਹੈ । ਦਰੀਆਂ ਮੁਲਾਇਮ ਵੀ ਹੁੰਦੀਆਂ ਹਨ ਤੇ ਸਖ਼ਤ ਵੀ । ਅੱਜ ਕੱਲ੍ਹ ਦਰੀਆਂ ਪੋਲੀਥੀਨ ਦੇ ਲਿਫਾਫਿਆਂ ਅਤੇ ਲੀਰਾਂ ਨਾਲ ਵੀ ਬਣਾਈਆਂ ਜਾਂਦੀਆਂ ਹਨ । ਜਿਸ ਬਾਰੇ ਕਹਿ ਸਕਦੇ ਹਾਂ ਕਿ ਲੋੜ ਕਾਢ ਦੀ ਮਾਂ ਹੈ ਜਾਂ ਇੰਝ ਕਹਿ ਲਉ ਕਿ ਰੂੰ ਖਰੀਦਣਾ ਜਾਂ ਸੂਤ ਖਰੀਦਣਾ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ ਹੈ ਇਸ ਕਰਕੇ ਗਰੀਬ ਲੋਕਾਂ ਨੇ ਆਪਣੇ ਗੁਜ਼ਾਰੇ ਲਈ ਇਨਾਂ ਚੀਜ਼ਾਂ ਦੀ ਦਰੀ ਬਣਾ ਕੇ ਆਪਣੇ ਸੌਣ ਦਾ ਬੰਦੋਬਸਤ ਕਰਨ ਦੀ ਕੋਸਿ਼ਸ਼ ਕੀਤੀ ਹੈ । 

ਦਰੀ ਤੇ ਗੀਤ, ਬੋਲੀਆਂ ਜਾਂ ਟੱਪੇ ਸਾਡੇ ਸੱਭਿਆਚਾਰ ਵਿੱਚ ਬਹੁਤ ਘੱਟ ਮਿਲਦੇ ਹਨ । ਸ਼ਾਇਦ ਪੰਜਾਬੀ ਮੁਟਿਆਰਾਂ ਨੇ ਆਪਣੇ ਗੀਤਾਂ ਵਿੱਚ ਦਰੀ ਨੂੰ ਬੜੀ ਘੱਟ ਅਹਿਮੀਅਤ ਦਿੱਤੀ ਹੈ ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਦਰੀ ਆਮ ਹੀ ਘਰੇ ਬਣਾਈ ਜਾਂਦੀ ਸੀ ਅਤੇ ਤ੍ਰਿਝੰਣ ਵਿੱਚ ਕੁੜੀਆਂ ਆਪਣੇ ਹੋਰ ਕੰਮ ਜਿਵੇਂ ਕਢਾਈ, ਬੁਣਾਈ, ਚਰਖਾ ਕੱਤਣਾ ਤੇ ਹੋਰ ਨਿੱਕੇ ਨਿੱਕੇ ਕੰਮ ਕਰਿਆ ਕਰਦੀਆਂ ਸਨ ਅਤੇ ਇਸੇ ਦੇ ਅਧਾਰ ਤੇ ਗੀਤ ਬੋਲੀਆਂ ਤੇ ਟੱਪੇ ਜੋੜ ਲਿਆ ਕਰਦੀਆਂ ਸਨ । ਪਰ ਫਿਰ ਵੀ ਕੁਝ ਨਾ ਕੁਝ ਜ਼ਰੂਰ ਹੈ ਜੋ ਦਰੀ ਬਾਰੇ ਕੁਝ ਆਖ ਰਿਹਾ ਹੈ ਕਿ ਇੱਕ ਮਾਂ ਆਪਣੇ ਜਿਗਰ ਦੇ ਟੁਕੜੇ ਲਈ  ਰੇਸ਼ਮ ਦੀ ਦਰੀ ਜਿਸ ਤੇ ਚਿੜੀਆਂ  ਤੋਤੇ ਬਣਾਉਂਦੀ ਹੈ ਤਾਂ ਬੱਚਾ ਮਾਂ ਵਲੋਂ ਬਣਾਈ ਦਰੀ ਤੇ ਸੌਂ ਕੇ ਸੁਪਨੇ ਵਿੱਚ ਅੰਬਰੀ ਉੱਡਦਾ ਹੈ ਜਿਸ ਨੂੰ ਕਿਸੇ ਸ਼ਾਇਰ ਨੇ ਕਲਮਬੱਧ ਇਸ ਤਰਾਂ ਕੀਤਾ ਹੈ ।

ਮਾਂ ਨੇ ਦਰੀ ਵਿਛਾਈ ਚਿੜੀਆਂ ਤੋਤਿਆਂ ਵਾਲੀ,
ਬੱਚਾ ਸੁਪਨੇ ਅੰਦਰ ਉੱਡੇ।

ਕੋਈ ਮੁਟਿਆਰ ਆਪਣੇ ਮਾਹੀ ਨੂੰ ਬੜੇ ਪਿਆਰ ਨਾਲ ਮੋਹ ਭਰਿਆ ਗੀਤ ਗਾ ਕੇ ਆਪਣਾ ਦਿਲੀ ਪਿਆਰ ਜਤਾਉਂਦੀ ਹੋਈ ਉਸਨੂੰ ਗੁਲਾਬ ਦਾ ਫੁੱਲ ਤੇ ਆਪਣੇ ਆਪ ਨੂੰ ਚੰਬੇ ਦੀ ਕਲੀ ਦੱਸਦੀ ਹੈ। ਅੱਗੇ ਜਾ ਕੇ ਉਸਨੂੰ ਨਵਾਰੀ ਪਲੰਘ ਤੇ ਆਪਣੇ ਆਪ ਨੂੰ ਰੇਸ਼ਮੀ ਦਰੀ ਆਖ ਕੇ ਸੰਬੋਧਨ ਕਰਦੀ ਹੈ । ਹੋਰ ਅੱਗੇ  ਆਪਣੇ ਪਿਆਰੇ ਨੂੰ ਦੁੱਧ ਦਾ ਗਲਾਸ ਤੇ ਆਪਣੇ ਆਪ ਨੂੰ ਮਿਸ਼ਰੀ ਦੀ ਡਲੀ ਦਰਸਾ ਕੇ ਇਕੱਠਿਆਂ ਜੀਣ ਦਾ ਸੁਨੇਹਾ ਦਿੰਦੀ ਹੈ ।
ਜੇ ਤੂੰ ਫੁੱਲ ਗੁਲਾਬ ਦਾ, ਮੈਂ ਚੰਬੇ ਦੀ ਕਲੀ ਵੇ,
ਜੀ ਵੇ ਸੋਹਣਿਆਂ ਜੀ ਵੇ।
ਜੇ ਤੂੰ ਪਲੰਘ ਨਵਾਰ ਦਾ, ਮੈਂ ਵੀ ਰੇਸ਼ਮ ਦੀ ਦਰੀ ਵੇ,
ਜੀ ਵੇ ਸੋਹਣਿਆਂ ਜੀ ਵੇ।
ਜੇ ਤੂੰ ਗਲਾਸ  ਦੁੱਧ ਦਾ,ਮੈਂ ਵੀ ਮਿਸ਼ਰੀ ਦੀ ਡਲੀ ਵੇ,
ਜੀ ਵੇ ਸੋਹਣਿਆਂ ਜੀ ਵੇ।

ਅੱਜ ਦਰੀ ਪੰਜਾਬੀ ਸਭਿਆਚਾਰ ਦਾ ਅਲੋਪ ਹੋ ਰਿਹਾ ਪੱਖ ਹੈ ਜਿਸ ਨੂੰ ਸਾਂਭਣ ਦੀ ਬੜੀ ਜ਼ਰੂਰਤ ਹੈ । ਸਾਡਾ ਸਾਰਿਆਂ ਦਾ ਇਹ ਨੈਤਿਕ ਫਰਜ਼ ਹੈ ਕਿ ਅਸੀਂ ਆਪਣੇ ਇਸ ਲੜਖੜਾਉਂਦੇ ਘਰੇਲੂ ਉਦਯੋਗ ਨੂੰ ਮਰਨ ਤੋਂ ਬਚਾਈਏ । ਗੋਰੇ ਲੋਕ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਬਚਾਉਣ ਦਾ ਹਰ ਹੀਲਾ ਕਰਦੇ ਹਨ । ਇਸ ਪੱਖ ਵਿੱਚ ਸਾਡੇ ਤੋਂ ਬਹੁਤ ਅੱਗੇ ਹਨ ਅਤੇ ਅਸੀਂ ਪੰਜਾਬੀ ਆਪਣੀ ਪੁਰਾਣੀ ਕਿਸੇ ਚੀਜ਼ ਨੂੰ ਸਾਂਭਣ ਪੱਖੋਂ ਕਾਫੀ ਹੱਦ ਤੱਕ ਪਿੱਛੇ ਹਾਂ।   ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਸਾਡੇ ਬੱਚੇ ਸਾਨੂੰ ਇਹ ਸਵਾਲ ਕਰਨ ਕੇ ਤੁਸੀਂ ਤਾਂ ਆਪਣੇ ਵਿਰਸੇ ਨੂੰ ਵੀ ਸਾਂਭ ਨੀ ਸਕੇ...

****

1 comment:

Anonymous said...

ਪੰਜਾਬੀ ਵਿਰਸੇ ਨੂੰ ਸਾਂਭਣ ਦਾ ਸੋਹਣਾ ਉਪਰਾਲਾ ਹੈ ਬਲਵਿੰਦਰ ਭਾਜੀ ..ਬਹੁਤ ਸੋਹਣੀ ਜਾਣਕਾਰੀ ਹੈ । ਦਰੀਆਂ ਦੀ ਵਿਸ਼ੇਸ਼ ਥਾਂ ਸੀ ਸਾਡੇ ਘਰਾਂ 'ਚ .....
ਚਾਹੇ....
ਬਦਲਦੇ ਜ਼ਮਾਨੇ ਨਾਲ਼ ਬਦਲ ਜਾਂਦਾ ਹੈ ਸਭ ਕੁਝ
ਤੇ ਜੇ ਕੁਝ ਨਾ ਬਦਲੇ ਤਾਂ ਮਜਬੂਰਨ ਬਦਲ ਦਿੱਤਾ ਜਾਂਦਾ ਹੈ.....ਪਰ ਏਸ ਲੇਖ ਤੋਂ ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਸਾਡੀਆਂ ਸਿਆਣੀਆਂ ਕਿੰਨੀਆਂ ਸਚਿਆਰੀਆਂ ਤੇ ਮਿਹਨਤੀ ਸਨ....ਸਾਨੂੰ ਓਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ
ਹਰਦੀਪ