ਕਾਲਾ ਲੇਖਾ.......... ਨਜ਼ਮ/ਕਵਿਤਾ / ‌‌ਦ‌ਿਲਜੋਧ ਸਿੰਘ

ਇਸ ਜੀਵਨ  ਦਾ ਕੀ ਸੀ ਆਦ‌ਿ
ਇਸ ਜੀਵਨ ਦਾ ਅੰਤ ਭਲਾ  ਕੀ
ਸੁਭਾ ਸ਼ਾਮ ਦੇ ਗਮ ਨੂੰ ਚੱਟਦਾ
ਜੀਉਣ ਦਾ ਯਤਨ ਕਰੇ  ਇਨਸਾਨ

ਕੱਲ ਦਾ ਜੀਵਨ ਕਿਸ ਦੇ ਲੇਖੇ
ਅੱਜ ਦਾ ਜੀਵਨ ਕਿਸ ਨੂੰ ਅਰਪਨ
ਇਹ ਬੇਮਕਸਦ ਉਮਰ ਦਾ ਲੇਖਾ
ਕੌਣ ਕਰੇਗਾ ਕੱਲ ਪਰਵਾਣ

ਜਨਮਾਂ  ਤੋਂ  ਇਕ ਪਿਆ  ਭੁਲੇਖਾ
ਅੱਜ ਤੱਕ ਜਿੰਦਗੀ  ਭੁੱਲੀ  ਫਿਰਦੀ
ਇਹ ਦਿਨ ਰਾਤ ਦੀ ਉਲਝੀ  ਤਾਣੀ
ਕਿਹੜੇ  ਗਿਆਨੀ ਅੱਜ  ਸੁਲਝਾਣ

ਚਿਣੀਆਂ ਕਿਸਨੇ  ਇਹ ਦੀਵਾਰਾਂ
ਕਿਸਨੇ ਪਾਈਆਂ ਨੇ ਇਹ ਵੰਡੀਆਂ
ਨੀਝ, ਨਫਰਤ ਨੇ ਧੁੰਧਲੀ  ਕੀਤੀ
ਦੋਸ਼ੀ ਕੋਈ ਨਾ ਸਕੇ ‌‌ ‌ਸ‌ਿੰਞਾਣ

ਮਨੁੱਖਤਾ ਦੇ ਚੇਹਰੇ ਉਤੇ
ਵਿੰਗੀਆਂ ਟੇਡੀਆਂ ਗਮ ਦੀਆਂ ਲੀਕਾਂ
ਹਰ ਚੜ੍ਹਦੇ  ਸੂਰਜ ਦੇ ਨਾਲ
ਹੋਰ ਵੀ ਗੂੜੀਆਂ  ਹੁੰਦੀਆਂ ਜਾਣ

ਸਾਰੇ ਦਿਨ ਦੇ ਕੰਮਾਂ ਪ‌ਿੱਛੋਂ
ਦਿਲ ਨੇ ਇਕ  ਸਵਾਲ ਜੁ ਕੀਤਾ
ਕੀ ਇਹ ਜੀਵ ਕਈਂ ਕਰੋੜਾਂ
ਜੰਮੇ ਨੇ ਬਸ ਗਮ ਹੰਢਾਣ
ਵਰਤਮਾਨ  ਦਾ ਕਾਲਾ ਲੇਖਾ
ਕਿੰਝ ਹੋਵੇਗਾ ਕੱਲ ਪਰਵਾਣ 

****

No comments: