ਹਰਿਆਣਾ ਸੂਬੇ ਵਿਚ ਪੰਜਾਬੀ ਜੁਬਾਨ ਦਾ ਸਰਤਾਜ ਸੀ, ਡਾ: ਅਮਰਜੀਤ ਸਿੰਘ ਕਾਂਗ.......... ਸ਼ਰਧਾਂਜਲੀ / ਹਰਪ੍ਰੀਤ ਸਿੰਘ

ਸੂਬੇ ਵਿਚ ਜੇਕਰ ਪੰਜਾਬੀ ਜੁਬਾਨ ਦੇ ਪ੍ਰਸਾਰ/ਪ੍ਰਚਾਰ ਦੀ ਗੱਲ ਕਰੀਏ, ਤਾਂ ਸਭ ਤੋਂ ਵੱਧ ਹਰਮਨ ਪਿਆਰਾ ਨਾਂਅ ਆਉਂਦਾ ਹੈ, ਪੰਜਾਬੀ ਭਾਸ਼ਾ ਦੇ ਹਰਿਆਣਾ ਪ੍ਰਾਂਤ ਦੇ ਬਾਬਾ ਬੋਹੜ ਮਹਿਰੂਮ ਡਾ: ਅਮਰਜੀਤ ਸਿੰਘ ਕਾਂਗ ਦਾ, ਜਿਹੜੇ ਕਿ ਸਾਨੂੰ ਬੀਤੇ ਸਾਲ ਭਾਵੇਂ ਸਰੀਰਕ ਰੂਪ ਵਿਚ ਵਿਛੋੜਾ ਦੇ ਗਏ ਹਨ, ਪਰ ਉਨ੍ਹਾਂ ਤੋਂ ਸਿੱਖਿਆ ਲੈ ਚੁਕੇ ਵਿਦਿਆਰਥੀ ਸੱਜਣ, ਮਿੱਤਰ, ਸਾਹਿਤਕ ਪ੍ਰੇਮੀ ਅਤੇ ਪਾਠਕਾਂ ਦੇ ਜਿਹਨ ਵਿਚ ਅੱਜ ਵੀ ਉਹ ਹਸਮੁੱਖ ਚਿਹਰਾ ਰਹਿੰਦਾ ਹੈ। ਪੰਜਾਬੀ ਸਾਹਿਤਕ ਦੇ ਖੇਤਰ ਵਿਚ ਡਾ: ਕਾਂਗ ਨੂੰ ਇਕ ਚੰਗੇ ਆਲੋਚਕ ਵੱਜੋਂ ਜਾਣਿਆ ਜਾਂਦਾ ਸੀ, ਪਰ ਅਸਲ ਵਿਚ ਉਹ ਇਕ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸਨ। ਪੰਜਾਬੀ ਜੁਬਾਨ ਲਈ ਹਰ ਵਕਤ ਤਿਆਰ ਬਰ ਤਿਆਰ ਡਾ: ਅਮਰਜੀਤ ਸਿੰਘ ਕਾਂਗ ਦਾ ਜਨਮ ਸੰਨ 1952 ਵਿਚ ਗਿ: ਗੁਰਚਰਨ ਸਿੰਘ ਜੀ ਦੇ ਘਰ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਮੁਢਲੀ ਪੜ੍ਹਾਈ ਤੋਂ ਬਾਅਦ ਡਾ: ਕਾਂਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਐਮ।ਏ। ਪੰਜਾਬੀ ਵਿਸ਼ੇ ਦੇ ਪਹਿਲੇ ਬੈਚ ਦੇ ਵਿਦਿਆਰਥੀ ਰਹੇ ਅਤੇ ਗੋਲਡ ਮੈਡਲ ਹਾਸਿਲ ਕੀਤਾ। ਸੰਨ 1979 ਵਿਚ ਡਾ: ਅਮਰਜੀਤ ਸਿੰਘ ਕਾਂਗ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਵਿਚ ਬਤੌਰ ਪੰਜਾਬੀ ਅਧਿਆਪਕ ਦੀ ਸੇਵਾਵਾਂ ਨਿਭਾਈਆਂ ਅਤੇ ਆਪਣੇ ਹੱਥੀਂ ਪੰਜਾਬੀ ਵਿਭਾਗ ਦੀ ਸਥਾਪਨਾ ਕੀਤੀ ਅਤੇ ਬਾਅਦ ਵਿਚ ਪੰਜਾਬੀ ਵਿਭਾਗ ਦੇ ਮੁਖੀ ਰਹਿਣ ਦਾ ਮਾਣ ਹਾਸਿਲ ਹੋਇਆ।

ਡਾ: ਕਾਂਗ ਜੀ ਨੇ ਲਗਪਗ ਢਾਈ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ। ਉਨ੍ਹਾਂ ਵੱਲੋਂ ਸੰਪਾਦਤ ਪੁਸਤਕਾਂ ਵਿਚ ‘ਹਰਿਆਣਾ ਦਾ ਪੰਜਾਬੀ ਨੂੰ ਯੋਗਦਾਨ’ ਤੇ ‘ਹਰਿਆਣਾ ਦਾ ਪੰਜਾਬੀ ਸਾਹਿਤ’ ਸ਼ਾਮਿਲ ਹਨ। ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਉਨ੍ਹਾਂ ਨੂੰ ਸੰਨ 2005 ਵਿਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਭਾਈ ਸੰਤੋਖ ਸਿੰਘ ਅੈਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਾਬਾ ਫਰੀਦ ਅੈਵਾਰਡ, ਸਰਵੋਤਮ ਆਲੋਚਕ ਅੈਵਾਰਡ ਤੇ ਉਤਰੀ ਪਾਰਤ ਦੇ ਵੱਖੋ ਵੱਖ ਸੂਬਿਆਂ ਵਿਚ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਆਪਣੇ ਲਗਭੱਗ 32 ਸਾਲ ਦੇ ਕਾਰਜਕਾਲ ਦੌਰਾਨ ਡਾ: ਕਾਂਗ ਨੂੰ ਲਗਪਗ 50 ਵਿਦਿਆਰਥੀਆਂ ਨੂੰ ਪੀ।ਐਚ।ਡੀ। ਤੇ 2009 ਵਿਦਿਆਰਥੀਆਂ ਨੂੰ ਐਮ।ਫਿਲ ਕਰਵਾਉਣ ਦਾ ਮਾਣ ਹਾਸਿਲ ਹੈ, ਜਿਨ੍ਹਾਂ ਵਿਚੋਂ ਕਈ ਅੱਜਕਲ੍ਹ ਪ੍ਰੋਫੈਸਰ ਅਤੇ ਪਿੰ੍ਰਸੀਪਲ ਦੀਆਂ ਸੇਵਾਵਾਂ ਨਿਭਾ ਰਹੇ ਹਨ।

ਡਾ: ਅਮਰਜੀਤ ਸਿੰਘ ਕਾਂਗ ਲਗਪਗ 13 ਸਾਲ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਇਲਾਵਾ, ਡੀਨ ਆਰਟ ਐਂਡ ਲੈਂਗੁਏਜ ਰਹਿ ਚੁਕੇ ਹਨ। ਹਰਿਆਣਾ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਸਨ ਅਤੇ ਆਪਣੇ ਅੰਤਿਮ ਸਮੇਂ ਦੌਰਾਨ ਡੀਨ ਅਕਾਦਮਿਕ ਅਫੇਅਰਜ ਦੀ ਸੇਵਾ ਨਿਭਾ ਰਹੇ ਸਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ਵਿਚ ਡਾ: ਕਾਂਗ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਬਤੌਰ ਵੀ।ਸੀ। (ਵਾਇਸ ਚਾਂਸਲਰ) ਬਨਣ ਦੇ ਲਾਇਕ ਸਨ, ਪਰ ਹੋਣੀ ਨੂੰ ਕੁਝ ਹੋਰ ਹੀ ਮੰਜੂਰ ਸੀ। ਡਾ: ਕਾਂਗ ਸੂਬੇ ਵਿਚ ਪੰਜਾਬੀ ਸਾਹਿਤ ਦੇ ਪ੍ਰਚਾਰ/ਪ੍ਰਸਾਰ ਲਈ ਜਿੱਥੇ ਪੰਜਾਬੀ ਸਾਹਿਤ ਸਭਾ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਿਚ ਵੱਧਚੜ੍ਹ ਕੇ ਹਿੱਸਾ ਲੈਂਦੇ ਰਹੇ ਸਨ, ਉਥੇ ਨਵੀਂ ਪਨੀਰੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ‘ਦੀਵਾ ਬਲੇ ਸਾਰੀ ਰਾਤ’ ਸਾਹਿਤਕ ਸਰਗਰਮੀਆਂ ਹਰ ਮਹੀਨੇ ਪੂਰੇ ਜੋਬਨ ’ਤੇ ਕਰਦੇ ਹੁੰਦੇ ਸੀ। ਜੇਕਰ ਕਿਧਰੇ ਕੋਈ ਕਮੀ ਰਹਿ ਜਾਂਦੀ ਸੀ, ਤਾਂ ਉਹ ਖੁਦ ਆਪ ਆਪਣੇ ਘਰ ਪ੍ਰੋਗਰਾਮ ਉਲੀਕ ਦਿੰਦੇ ਸਨ। ਆਸ ਹੈ ਕਿ ਉਨ੍ਹਾਂ ਵੱਲੋਂ ਅਰੰਭੇ ਹੋਏ ਕਾਰਜ ਉਨ੍ਹਾਂ ਦੇ ਦੁੱਖ ਸੁੱਖ ਦੇ ਸਾਥੀ ਬਖੂਬੀ ਨਿਭਾਉਣਗੇ ਅਤੇ ਪੰਜਾਬੀ ਸਾਹਿਤ ਨਾਲ ਪਿਆਰ ਕਰਨ ਵਾਲੇ ਨਵੇਂ ਕਰੁੰਬਲਾ ਨੂੰ ਡਾ: ਕਾਂਗ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਰਹਿਣਗੇ।

ਨੋਟ : ਇਹ ਲੇਖਣੀ ਜੋ ਕਿ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ, ਇਹ ਬੀਤੇ ਵਰ੍ਹੇ ਦੌਰਾਨ ਲਿਖੀ ਜਾ ਰਹੀ ਸੀ ਅਤੇ ਇਸ ਸਬੰਧ ਵਿਚ ਮੈਂ (ਲੇਖਕ) ਮਹਿਰੂਮ ਡਾ: ਅਮਰਜੀਤ ਸਿੰਘ ਕਾਂਗ ਜੀ ਪਾਸੋਂ ਉਨ੍ਹਾਂ ਦੇ ਜੀਵਨ ’ਤੇ ਝਾਤ ਪਾਉਣ ਲਈ ਸਮਾਂ ਮੰਗਦਾ ਰਿਹਾ, ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜੂਰ ਸੀ। ਮੈਨੂੰ ਅਜੇ ਵੀ ਉਹ ਦਿਨ ਯਾਦ ਹਨ, ਜਦੋਂ ਡਾ: ਕਾਂਗ ਜੀ ਮੈਂਨੂੰ ਪੰਜਾਬੀ ਜੁਬਾਨ ਦੇ ਸਿਰਕੱਢ ਯੋਧਿਆਂ ਦੇ ਜੀਵਨ ਸਬੰਧੀ ਲੇਖ ਲਿਖਣ ਲਈ ਪ੍ਰੇਰਿਤ ਕੀਤਾ ਸੀ, ਤਾਂ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਸਬੰਧੀ ਲਿਖਣ ਦਾ ਉਪਰਾਲਾ ਕਰਨਾ ਚਾਹਿਆ, ਪਰ ਕੁਝ ਕੁ ਸੰਸਾਰਿਕ ਰੁਝੇਵਿਆਂ ਕਰਕੇ ਜਨਵਰੀ, 2011 ਵਿਚ ਗੁਰਪੁਰਬ ਤੋਂ ਬਾਅਦ ਮਿਲਣ ਦਾ ਵਾਅਦਾ ਸੁਪਨਾ ਬਣ ਕੇ ਹੀ ਰਹਿ ਗਿਆ। ਅੱਜ ਇਕ ਸਾਲ ਬਾਅਦ ਉਨ੍ਹਾਂ ਦੇ ਜੀਵਨ ਰੂਪੀ ਸਮੁੰਦਰ ਵਿਚ ਇਕੱਤਰ ਕੀਤੇ ਹੀਰੇ/ਮੋਤੀਆਂ ਵਿਚੋਂ ਅੰਸ ਮਾਤਰ ਜੀਵਨ ਝਾਤ ਛੁਹਣ ਦਾ ਉਪਰਾਲਾ ਕੀਤਾ ਹੈ, ਜੋ ਕਿ ਪਾਠਕਾਂ ਦੇ ਰੂਬਰੂ ਕਰਕੇ ਉਨ੍ਹਾਂ ਨਮਿੱਤ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਹੀਆ ਕੀਤਾ ਹੈ।
-    ਲੇਖਕ   
****

No comments: